/* SC_TH_END:4.3.24:fc0ffc30 */ ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ! – Sangrami Lehar
Now Reading
ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ!

ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ!

ਮੰਗਤ ਰਾਮ ਪਾਸਲਾ
ਮੋਦੀ ਸਰਕਾਰ ਦੀ ਕਰੋਨਾ ਮਹਾਮਾਰੀ ਨਾਲ ਨਜਿੱਠਣ ਦੀ ਵਿਧੀ ਤੇ ਸੋਚ ਬਾਰੇ ਭਾਰਤ ਦੀ ਦੁਨੀਆਂ ਭਰ ‘ਚ ਕਿਰਕਿਰੀ ਹੋ ਰਹੀ ਹੈ। ਵੱਡੀ ਗਿਣਤੀ ‘ਚ ਮਰ ਰਹੇ, ਤੜਪ ਰਹੇ ਲੋਕਾਂ ਅਤੇ ਸਿਵਿਆਂ ‘ਚ ਜਲ ਰਹੀਆਂ ਲਾਸ਼ਾਂ ਨੂੰ ਟੀ.ਵੀ. ਉਪਰ ਦੇਖਦਿਆਂ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਜਿਸ ਕਰੋਨਾ ਉਪਰ ਫਤਿਹ ਹਾਸਲ ਕਰਨ ਦਾ ਡੰਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆਂ ਭਰ ‘ਚ ਜ਼ੋਰ-ਸ਼ੋਰ ਨਾਲ ਵਜਾ ਰਹੇ ਸਨ, ਉਨ੍ਹਾਂ ਹੀ ਦੇਸ਼ਾਂ ਵਲੋਂ ਭਾਰਤ ਦੀ ਬਿਆਨੋਂ ਬਾਹਰੀ ਦਰਦਨਾਕ ਸਥਿਤੀ ਨੂੰ ਸੰਭਾਲਣ ਲਈ ਆਕਸੀਜਨ, ਕੰਸਨਟਰੇਟਰ, ਟੀਕੇ ਤੇ ਹੋਰ ਸਿਹਤ ਉਪਕਰਨ ਸਹਾਇਤਾ ਵਜੋਂ ਭੇਜੇ ਜਾਣ ਨਾਲ ਦੇਸ਼ ਨੂੰ ਭਾਰੀ ਸ਼ਰਮਿੰਦਗੀ ਝੱਲਣੀ ਪੈ ਰਹੀ ਹੈ। ਸਭ ਯਤਨਾਂ ਦੇ ਬਾਵਜੂਦ ਅਜੇ ਤੱਕ ਸਮੁੱਚੀ ਸਥਿਤੀ ਚਿੰਤਾਜਨਕ ਘੇਰੇ ‘ਚੋਂ ਬਾਹਰ ਨਹੀਂ ਨਿਕਲ ਸਕੀ। ਕਹਿਰਵਾਨ ਕਰੋਨਾ ਨੇ ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਰੁਖ ਕਰ ਲਿਆ ਹੈ, ਜਿਥੇ ਨਾ ਕੋਈ ਹਸਪਤਾਲ ਹੈ, ਨਾ ਦਵਾਈਆਂ ਤੇ ਨਾ ਹੀ ਆਕਸੀਜਨ ਦਾ ਯੋਗ ਪ੍ਰਬੰਧ। ਬਦਇੰਤਜ਼ਾਮੀ ਦਾ ਆਲਮ ਇਹ ਹੈ ਕਿ ਪਹਿਲਾਂ ਬਿਹਾਰ ਤੇ ਬਾਅਦ ‘ਚ ਯੂ.ਪੀ. ਅੰਦਰ ਸੈਂਕੜੇ ਲਾਸ਼ਾਂ ਗੰਗਾ ਨਦੀ ‘ਚ ਤੈਰਦੀਆਂ ਦੇਖੀਆਂ ਗਈਆਂ ਹਨ। ਜਦੋਂ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਪਿਛਲੇ ਡੇਢ ਸਾਲ ਤੋਂ ਇਸ ਨਾਮੁਰਾਦ ਬਿਮਾਰੀ ਦਾ ਇਲਾਜ ਲੱਭਣ ‘ਚ ਰੁਝੀਆਂ ਹੋਈਆਂ ਹਨ ਤੇ ਇਸ ਰੋਗ ਨਾਲ ਨਜਿੱਠਣ ਲਈ ਚੱਲ ਰਹੇ ਖੋਜ ਕਾਰਜਾਂ ਵਾਸਤੇ ਹਰ ਕਿਸਮ ਦੇ ਯਤਨ ਤੇ ਸਾਧਨ ਜੁਟਾ ਰਹੀਆਂ ਸਨ, ਉਸ ਸਮੇਂ ਮੋਦੀ ਸਰਕਾਰ ਤੇ ਸੰਘ ਪਰਿਵਾਰ ਆਪਣਾ ਜ਼ੋਰ ਧਾਰਮਿਕ ਘੱਟ ਗਿਣਤੀਆਂ, ਖਾਸਕਰ ਮੁਸਲਮਾਨ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣ ‘ਚ ਤੇ ਅਗਾਂਹਵਧੂ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ ਤੇ ਪੱਤਰਕਾਰਾਂ ਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਨੁਕਤਾਚੀਨੀ ਕਰਨ ਦੇ ‘ਦੋਸ਼ਾਂ’ ਅਧੀਨ ਜੇਲ੍ਹਾਂ ਦੀਆਂ ਕਾਲ ਕੋਠੜੀਆਂ ‘ਚ ਡੱਕਣ ਦੇ ‘ਦੇਸ਼ ਭਗਤ’ ਕਾਰਜ ‘ਚ ਰੁਝੇ ਹੋਏ ਸਨ। ਸੜਕਾਂ, ਸ਼ਹਿਰਾਂ, ਰੇਲਵੇ ਸਟੇਸ਼ਨਾਂ ਆਦਿ ਦੇ ਉਹ ਨਾਮ ਬਦਲੇ ਜਾ ਰਹੇ ਸਨ, ਜਿਨ੍ਹਾਂ ਦਾ ਸਬੰਧ ਉਰਦੂ ਜ਼ੁਬਾਨ ਤੇ ਮੁਸਲਿਮ ਭਾਈਚਾਰੇ ਨਾਲ ਜੁੜਿਆ ਹੋਇਆ ਜਾਪਦਾ ਸੀ। ਦੂਸਰੇ ਪਾਸੇ ਪੰਜਾਬ ਸਰਕਾਰ ਵਲੋਂ ਸੰਗਰੂਰ ‘ਚ ਮੁਸਲਮਾਨ ਬਹੁ ਗਿਣਤੀ ਵਾਲੀ ਤਹਿਸੀਲ ਮਲੇਰਕੋਟਲਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਵਿਰੁੱਧ ਯੂ.ਪੀ. ਦਾ ਮੁੱਖਮੰਤਰੀ ਯੋਗੀ ਤਿਲਮਿਲਾ ਉਠਿਆ ਹੈ ਤੇ ਇਸ ਫੈਸਲੇ ਨੂੰ ‘ਫਿਰਕੂ’ ਦਸ ਰਿਹਾ ਹੈ। ਭਾਜਪਾ ਨੇਤਾਵਾਂ ਵਲੋਂ ਇਸ ਤਰ੍ਹਾਂ ਦੀ ਟਿੱਪਣੀ ਕਰਨਾ, ‘ਕਮੀਨਗੀ’ ਦੀ ਇੰਤਹਾ ਹੀ ਕਹੀ ਜਾ ਸਕਦੀ ਹੈ। ਹਿੰਦੂਆਂ ਤੇ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਦੇ ਝਗੜੇ ਇਸ ਢੰਗ ਨਾਲ ਖੜ੍ਹੇ ਕੀਤੇ ਗਏ, ਜਿਸ ਦਾ ਪ੍ਰਭਾਵ ਇਹ ਜਾਵੇ ਕਿ ਮੁਸਲਮਾਨ ਸ਼ਾਸ਼ਕਾਂ ਨੇ ਜਬਰਦਸਤੀ ਹਿੰਦੂਆਂ ਦੇ ਧਰਮ ਅਸਥਾਨਾਂ ਨੂੰ ਢਾਹ ਕੇ ਮਸਜ਼ਿਦਾਂ ਦਾ ਨਿਰਮਾਣ ਕੀਤਾ ਸੀ ਤੇ ਹੁਣ ਸੰਘ ਮਾਰਕਾ ‘ਹਿੰਦੂਆਂ’ ਵਲੋਂ ਇਸ ਦਾ ਬਦਲਾ ਲਿਆ ਜਾ ਰਿਹਾ ਹੈ! ਬਾਬਰੀ ਮਸਜਿੱਦ-ਰਾਮ ਜਨਮ ਭੂਮੀ ਦੇ ਝਗੜੇ ਵਿਚ ਮੁੱਖ ਮੁੱਦਾ ”ਜ਼ਮੀਨੀ ਮਾਲਕੀ ਦੇ ਹੱਕ ਬਾਰੇ ਨਿਰਣੇ” ਤੋਂ ਹਟਾ ਕੇ ਮਸਜਿੱਦ ਤੇ ਮੰਦਰ ਦੇ ਇਮਾਰਤੀ ਝਗੜੇ ‘ਚ ਤਬਦੀਲ ਕਰ ਦਿੱਤਾ ਗਿਆ। ਅਫਸੋਸ ਹੈ ਕਿ ਸਰਵਉਚ ਅਦਾਲਤ ਦੇ ਉਸ ਸਮੇਂ ਦੇ ਚੀਫ ਜਸਟਿਸ ਨੇ ਮੋਦੀ ਸਰਕਾਰ ਤੇ ਸੰਘ ਪਰਿਵਾਰ ਦੇ ਦਬਾਅ ਹੇਠਾਂ, ਇਸ ਧੋਖੇ ਭਰੀ ਦਲੀਲ ਨੂੰ ਸਵੀਕਾਰ ਕਰਕੇ ਝਗੜੇ ਵਾਲੀ ਜਗ੍ਹਾ ‘ਤੇ ਰਾਮ ਮੰਦਿਰ ਦੀ ਉਸਾਰੀ ਦਾ ਫੈਸਲਾ ਸੁਣਾ ਦਿੱਤਾ। ਇਸ ‘ਅਹਿਸਾਨ’ ਦੇ ਇਵਜ਼ ਵਜੋਂ ਮਾਨਯੋਗ ਜੱਜ ਸਾਹਿਬ ਨੂੰ ਰਾਜ ਸਭਾ ਦਾ ਮਨੋਨੀਤ ਮੈਂਬਰ ਥਾਪ ਦਿੱਤਾ ਗਿਆ। ਹੁਣ ਕਈ ਹੋਰ ਧਾਰਮਿਕ ਸਥਾਨਾਂ ਦੇ ਵਿਵਾਦਾਂ ਨੂੰ ਖੜ੍ਹੇ ਕਰਨ ਦੀਆਂ ਕਨਸੋਆਂ ਵੀ ਆ ਰਹੀਆਂ ਹਨ। ਮਸਲਾ ਮਸਜਿੱਦ ਨੂੰ ਡੇਗਣ ਤੇ ਮੰਦਿਰ ਦੀ ਉਸਾਰੀ ਤੱਕ ਸੀਮਤ ਨਹੀਂ ਹੈ, ਬਲਕਿ ਦੇਸ਼ ਦੇ ਕਾਨੂੰਨਾਂ ਸਾਹਮਣੇ ਸਭ ਧਰਮਾਂ, ਜਾਤਾਂ ਤੇ ਕੌਮੀਅਤਾਂ ਨਾਲ ਬਰਾਬਰੀ ਦੇ ਸਲੂਕ ਦਾ ਹੈ। ਸੰਘ ਪਰਿਵਾਰ ਦੇ ਮੈਂਬਰਾਂ ਵਲੋਂ ਗਊ ਰੱਖਿਆ, ਲਵ ਜਿਹਾਦ, ਧਰਮ ਪਰਿਵਰਤਨ, ਅੱਤਵਾਦ ਆਦਿ ਵਰਗੇ ਝੂਠੇ ਬਹਾਨਿਆਂ ਦੇ ਪਰਦੇ ਹੇਠਾਂ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਹਿੰਸਕ ਹਮਲੇ ਰੋਜ਼ਾਨਾ ਦਾ ਵਰਤਾਰਾ ਬਣ ਗਏ ਹਨ, ਜਿਸ ਨੂੰ ਮੋਦੀ ਸਰਕਾਰ ਦਾ ਪ੍ਰਸ਼ਾਸ਼ਨ ਤੇ ਸੂਬਾਈ ਭਾਜਪਾ ਸਰਕਾਰਾਂ ਖੁਲ੍ਹੀ ਹੱਲਾਸ਼ੇਰੀ ਦਿੰਦੀਆਂ ਹਨ। ਸੀ.ਏ.ਏ., ਐਨ.ਪੀ.ਆਰ. ਤੇ ਐਨ.ਆਰ.ਸੀ. ਵਿਰੁੱਧ ਹੱਕੀ ਲੜਾਈ ਨੂੰ ਮੁਸਲਮਾਨਾਂ ਨਾਲ ਨੱਥੀ ਕਰਕੇ ਫਿਰਕੂ ਦੰਗੇ ਭੜਕਾਏ ਗਏ ਤੇ ਬੇਗੁਨਾਹਾਂ ਵਿਰੁੱਧ ‘ਦੇਸ਼ ਧ੍ਰੋਹ’ ਤੇ ਕਤਲਾਂ ਦੇ ਮੁਕੱਦਮੇ ਦਰਜ਼ ਕੀਤੇ ਗਏ। ਉਨਾਵ (ਯੂ.ਪੀ.) ਵਿਖੇ ਕੁਲਦੀਪ ਸੇਂਗਰ ਨਾਮੀ ਭਾਜਪਾ ਐਮ.ਐਲ.ਏ., ਵਲੋਂ ਇਕ ਮੁਟਿਆਰ ਨਾਲ ਬਲਾਤਕਾਰ ਦੀ ਘਟਨਾ (ਜਿਸ ਦੇ ਦੋਸ਼ ‘ਚ ਭਾਜਪਾ ਆਗੂ ਜੇਲ੍ਹ ‘ਚ ਸਜ਼ਾ ਕੱਟ ਰਿਹਾ ਹੈ) ਨੇ ਸਮੁੱਚੇ ਸੰਘੀ-ਭਾਜਪਾਈ ਕੋੜਮੇ ਦਾ ਔਰਤ ਦੋਖੀ ਕਿਰਦਾਰ ਬੇਪਰਦ ਕਰ ਦਿੱਤਾ ਹੈ। ਹਾਥਰਸ ਵਿਖੇ ਦਲਿਤ ਲੜਕੀ ਨਾਲ ਜ਼ਬਰ ਜਨਾਹ ਕਰਕੇ ਉਸ ਦਾ ਅੰਗ-ਅੰਗ ਤੋੜ ਦੇਣ ਵਾਲੇ ਦਰਿੰਦਿਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਪੀੜਤਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਪਹੁੰਚੇ ਲੋਕਾਂ ਨੂੰ ਝੂਠੇ ਮੁਕੱਦਮਿਆਂ ‘ਚ ਫਸਾਇਆ ਗਿਆ ਤੇ ਅੱਜ ਵੀ ਕੇਰਲਾ ਦੇ ਉਘੇ ਪੱਤਰਕਾਰ ਕੱਪਨ ਨੂੰ ਗੰਭੀਰ ਬੀਮਾਰ ਹੋਣ ਦੇ ਬਾਵਜੂਦ ‘ਦੇਸ਼ ਧ੍ਰੋਹ’ ਦੇ ਦੋਸ਼ ਹੇਠਾਂ ਮਥੁਰਾ ਦੀ ਜੇਲ੍ਹ ‘ਚ ਡੱਕਿਆ ਹੋਇਆ ਹੈ। ਗੋਦੀ ਮੀਡੀਆ ਨੇ ਹਾਥਰਸ ਦੀ ਸ਼ਰਮਨਾਕ ਘਟਨਾ ‘ਤੇ ਪਰਦਾ ਪਾਉਣ ਲਈ, ਇਸ ਨੂੰ ਮੋਦੀ ਸਰਕਾਰ ਵਿਰੁੱਧ ਅੰਤਰਰਾਸ਼ਟਰੀ ਸਾਜਿਸ਼ ਦੱਸਿਆ ਜਿਸ ਤਹਿਤ ਕਰੋੜਾਂ ਰੁਪਏ ਵਿਦੇਸ਼ੀ ਧਨ ਭੇਜੇ ਜਾਣ ਦੇ ਝੂਠੇ ਇਲਜ਼ਾਮ ਘੜੇ ਗਏ। ਜਦੋਂ ਇਸ ਘਟਨਾ ਦੀ ਚਰਚਾ ਮੱਠੀ ਪੈ ਗਈ, ਯੋਗੀ ਸਰਕਾਰ ਤੇ ਸੰਘ ਦੀ ‘ਝੂਠ ਮਸ਼ੀਨ’ ਇੰਝ ਚੁੱਪ ਕਰ ਗਏ, ਜਿਵੇਂ ਕੋਈ ਸੱਪ ਸੁੰਘ ਗਿਆ ਹੋਵੇ। ਸੰਘ ਵਾਲੇ ਹਰ ਮੁੱਦੇ ‘ਤੇ ਬੇਝਿਜਕ ਝੂਠ ਬੋਲਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਅਜਿਹੇ ਝੂਠੇ ਸ਼ਰੇ ਬਾਜ਼ਾਰ ਬੇਪਰਦ ਹੋ ਜਾਂਦੇ ਹਨ ਤਾਂ ਇਹ ਬੇਹਯਾ ਸੰਘੀ ਪਸ਼ਚਾਤਾਪ ਕਰਨ ਦੀ ਬਜਾਇ, ਦੂਸਰੇ ਨਵੇਂ ਝੂਠ ਦੀ ਤਿਆਰੀ ਕਰਨ ਲੱਗ ਪੈਂਦੇ ਹਨ। ਇਸ ਨੂੰ ਹੀ ‘ਗੋਇਬਲਜ਼’ ਮਾਰਕਾ ਝੂਠ ਕਿਹਾ ਜਾਂਦਾ ਹੈ।
ਕਰੋਨਾ ਮਹਾਂਮਾਰੀ ਨਾਲ ਵਿਗਿਆਨਕ ਨਜ਼ਰੀਏ ਤੋਂ ਨਜਿੱਠਣ ਦੀ ਥਾਂ ਮੋਦੀ ਸਰਕਾਰ, ਆਰ.ਐਸ.ਐਸ. ਤੇ ਇਸ ਨਾਲ ਜੁੜੇ ਸੰਗਠਨਾਂ ਨੇ ਆਪਣੇ ਅੰਧ ਵਿਸ਼ਵਾਸ਼ੀ ਵਿਚਾਰਾਂ ਦੇ ਪ੍ਰਚਾਰ ‘ਤੇ ਜ਼ਿਆਦਾ ਜ਼ੋਰ ਦਿੱਤਾ। ਘੰਟੀਆਂ ਤੇ ਤਾਲੀਆਂ ਵਜਾ ਕੇ, ਮੋਮਬੱਤੀਆਂ ਜਗ੍ਹਾ ਕੇ ਤੇ ਗਊ ਮੂਤਰ ਤੇ ਗੋਹੇ ਦੇ ਸੇਵਨ ਨਾਲ ਕਰੋਨਾ ਦੇ ਰੋਗ ਦਾ ਟਾਕਰਾ ਕਰਨ ਦੇ ‘ਨੁਸਖੇ’ ਦੱਸੇ ਗਏ। ਇਸ ਕੂੜ ਪ੍ਰਚਾਰ ਲਈ ਭਗਵੇਂ ਕੱਪੜਿਆਂ ‘ਚ ਲੁਕੇ ਹੋਏ ‘ਠੱਗ’ ਰਾਮਦੇਵ ਦੀਆਂ ਸੇਵਾਵਾਂ ਵੀ ਹਾਸਲ ਕੀਤੀਆਂ ਗਈਆਂ। ਇਹ ਕਿਹਾ ਗਿਆ ਕਿ ਕੁੰਭ ਮੇਲੇ ‘ਤੇ ਗੰਗਾ ਇਸ਼ਨਾਨ ਕਰਨ ਨਾਲ ਕਰੋਨਾ ਮਨੁੱਖ ਦੇ ਨੇੜੇ ਵੀ ਨਹੀਂ ਆ ਸਕੇਗਾ! ਜਦਕਿ ਸੱਚਾਈ ਇਹ ਹੈ ਕਿ ਕੁੰਭ ਦਾ ਆਯੋਜਨ ਕਰੋਨਾ ਦੇ ਭਿਆਨਕ ਪਸਾਰ ਦਾ ਜ਼ਰੀਆ ਹੋ ਨਿਬੜਿਆ। ਉਂਝ ਜੇਕਰ ਪ੍ਰਧਾਨ ਮੰਤਰੀ ਮੋਦੀ ਜੀ, ਇਕ ਯੂਨੀਵਰਸਿਟੀ ‘ਚ ਹੋਏ ਸਮਾਗਮ ‘ਚ ਭਾਸ਼ਣ ਝਾੜਦਿਆਂ, ਵੱਡੇ ਸਾਇੰਸਦਾਨਾਂ ਤੇ ਡਾਕਟਰਾਂ ਦੇ ਸਾਹਮਣੇ ਇਹ ਆਖ ਸਕਦੇ ਹਨ ਕਿ ਭਾਰਤ ਵਿਚ ਲੱਖਾਂ ਸਾਲ ਪਹਿਲਾਂ ਬੰਦੇ ਦੇ ਧੜ ‘ਤੇ ਹਾਥੀ ਦਾ ਸਿਰ ਲਗਾ ਕੇ ਜੀਉਂਦਾ ਮਨੁੱਖ ਬਣਾਇਆ ਗਿਆ, ਜੋ ਮੱਧ ਯੁਗ ਦੇ ਹਿੰਦੂ ਸ਼ਾਸ਼ਨ ਕਾਲ ਸਮੇਂ ਸਰਜਰੀ ‘ਚ ਵੱਡੀ ਮਹਾਰਤ ਹਾਸਲ ਕਰਨ ਦੀ ਉਦਾਹਰਣ ਹੈ ਜਾਂ ਫਿਰ ਇਹ ਦਾਅਵਾ ਠੋਕ ਸਕਦੇ ਹਨ ਕਿ ਰਾਜਾ ਕਰਨ ਦਾ ਜਨਮ ਵੀ ‘ਸਟੈਮ ਸੈਲ’ ਦੀ ਸਹਾਇਤਾ ਨਾਲ ਹੋਇਆ ਸੀ (ਭਾਵ ਉਸ ਸਮੇਂ ਵਿਗਿਆਨਕ ਖੋਜਾਂ ਦਾ ਪੱਧਰ ਅਜੋਕੇ ਸਮਿਆਂ ਨਾਲੋਂ ਵੀ ਕਿਤੇ ਉਪਰ ਸੀ), ਤਾਂ ਵਿਚਾਰੇ ਅੰਧ ਮੋਦੀ ਭਗਤਾਂ ਵਲੋਂ ਕਰੋਨਾ ਦਾ ਇਲਾਜ ‘ਗਊ ਗੋਬਰ ਜਾਂ ਮੂਤਰ’ ਨਾਲ ਕਰਨ ਵਰਗੇ ਗਪੌੜ ਮਾਰਨ ਦਾ ਕੀ ਗਿਲਾ ਕੀਤਾ ਜਾ ਸਕਦਾ ਹੈ! ਜਿਸ ਢੰਗ ਨਾਲ ਦੇਸ਼ ਭਰ ਦੇ ਲੋਕਾਂ ਨੂੰ ਮੋਦੀ ਸਰਕਾਰ ਦੀ ਨਾਅਹਿਲੀਅਤ, ਹੰਕਾਰੀ ਵਿਹਾਰ, ਵਿਗਿਆਨੀਆਂ ਤੇ ਡਾਕਟਰਾਂ ਦੀ ਆਵਾਜ਼ ਨੂੰ ਨਾ ਸੁਣਣ ਤੇ ਆਪਣੀ ਪਿੱਠ ਆਪ ਹੀ ਥਾਪੜਨ ਦੀ ਨੋਟੰਕੀ ਨੇ ਮੌਤ ਦੇ ਮੂੰਹ ‘ਚ ਧੱਕ ਦਿੱਤਾ ਹੈ, ਉਹ ਨਾ ਮੁਆਫ ਕਰਨ ਯੋਗ ਗੁਨਾਹ ਹੈ।
ਇਹ ਤਾਂ ਭਾਰਤੀ ਸਭਿਆਚਾਰ ਦੀਆਂ ਮਾਨਵਤਾਵਾਦੀ ਕਦਰਾਂ ਕੀਮਤਾਂ ਦੀ ਹੀ ਦੇਣ ਹੈ ਕਿ ਮੋਦੀ ਸਰਕਾਰ ਤੇ ਸੰਘ ਪਰਿਵਾਰ ਵਲੋਂ ਭਾਰਤੀ ਸਮਾਜ ਅੰਦਰ ਫਿਰਕੂ ਲੀਹਾਂ ਉਪਰ ਧਰੁਵੀਕਰਨ ਕਰਨ ਦੀਆਂ ਸਾਰੀਆਂ ਸਾਜਿਸ਼ਾਂ ਨੂੰ ਫੇਲ੍ਹ ਕਰਕੇ ਕਰੋਨਾ ਮਹਾਮਾਰੀ ਦੇ ਸੰਕਟਮਈ ਦੌਰ ‘ਚ ਹਿੰਦੂ, ਮੁਸਲਮਾਨ, ਸਿੱਖ, ਇਸਾਈ ਸਭ ਇਕੱਠੇ ਹੋ ਕੇ ਇਕ-ਦੂਸਰੇ ਦਾ ਸਹਾਰਾ ਬਣ ਰਹੇ ਹਨ। ਜਦੋਂ ਮੁਸਲਮਾਨ ਭਾਈਚਾਰੇ ਦੇ ਲੋਕ ਕਿਸੇ ਹਿੰਦੂ ਵੀਰ ਦੀ ਲਾਸ਼ ਦਾ ਹਿੰਦੂ ਰਹੁ-ਰੀਤਾਂ ਨਾਲ ਅੰਤਮ ਸੰਸਕਾਰ ਕਰਦੇ ਹਨ ਤੇ ਇਸੇ ਤਰ੍ਹਾਂ ਹਿੰਦੂ ਆਪਣੇ ਮੁਸਲਮਾਨ ਹਮਸਾਏ ਦੇ ਮੁਰਦਾ ਸਰੀਰ ਦਾ ਕਫ਼ਨ-ਦਫਨ ਮੁਸਲਮਾਨ ਰਹੁ ਰੀਤਾਂ ਦੇ ਅਨੁਰੂਪ ਕਰਦੇ ਹਨ, ਤਾਂ ਸੰਘ ਪਰਿਵਾਰ ਦੇ ਮੈਂਬਰਾਂ ਦੇ ਮੱਥੇ ‘ਤੇ ਇਹ ਸਭ ਦੇਖ ਕੇ ਤ੍ਰੇਲੀਆਂ ਜ਼ਰੂਰ ਆਉਂਦੀਆਂ ਹੋਣਗੀਆਂ, ਕਿਉਂਕਿ ਲੋਕਾਂ ਨੂੰ ਵੰਡਣ ਦੇ ਆਪਣੇ ਸਾਰੇ ਛਡਯੰਤਰ ਉਨ੍ਹਾਂ ਨੂੰ ਫੇਲ੍ਹ ਹੁੰਦੇ ਜਾਪਦੇ ਹਨ।
ਦੇਸ਼ ਦਾ ਅਰਥਚਾਰਾ ਪਹਿਲਾਂ ਹੀ ਕਾਫੀ ਸੰਕਟਗ੍ਰਸਤ ਹੈ। ਜਿਸ ਰਫਤਾਰ ਨਾਲ ਮਹਿੰਗਾਈ, ਬੇਕਾਰੀ, ਗਰੀਬੀ ਤੇ ਭੁਖਮਰੀ ਵੱਧ ਰਹੀ ਹੈ ਤੇ ਸਰਕਾਰ ਕੋਲ ਇਨ੍ਹਾਂ ਉਪਰ ਕਾਬੂ ਪਾਉਣ ਦੀ ਨਾ ਕੋਈ ਤਰਕੀਬ ਹੈ ਤੇ ਨਾ ਹੀ ਇੱਛਾ ਸ਼ਕਤੀ, ਉਸ ਤੋਂ ਅੰਦਾਜ਼ਾ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨ ਭਾਰਤੀ ਲੋਕਾਂ ਲਈ ਵੱਡੀਆਂ ਮੁਸ਼ਕਿਲਾਂ ਭਰੇ ਹੋਣਗੇ। ਇਨ੍ਹਾਂ ਮੁਸ਼ਕਿਲਾਂ ਲਈ ਕਰੋਨਾ ਦੇ ਮਹਾਮਾਰੀ ਰੂਪ ‘ਚ ਕੁਦਰਤੀ ਆਫਤ ਇਕ ਕਾਰਨ ਤਾਂ ਹੈ, ਪਰ ਭਾਰਤ ਦੀ ਹਾਕਮ ਧਿਰ, ਭਾਵ ਮੋਦੀ ਸਰਕਾਰ ਦੀ ਗੈਰ ਜ਼ਿੰਮੇਦਰਾਨਾ, ਅਸੰਵੇਦਨਸ਼ੀਲ ਤੇ ਅਣਵਿਗਿਆਨਕ ਪਹੁੰਚ ਦੇ ਨਾਲ-ਨਾਲ ਸੰਘ ਪਰਿਵਾਰ ਦੀ ਫਿਰਕੂ ਤੇ ਫਾਸ਼ੀਵਾਦੀ ਵਿਚਾਰਧਾਰਾ ਅਤੇ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਇਸ ਨਾਲੋਂ ਵੀ ਕਿਤੇ ਜ਼ਿਆਦਾ ਜ਼ਿੰਮੇਵਾਰ ਹਨ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਆਕਸੀਜ਼ਨ ਤੇ ਟੀਕਿਆਂ ਦੀ ਨਾ ਬਰਾਬਰ ਵੰਡ, ਕਾਲਾ ਬਜ਼ਾਰੀ ਤੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਨੀਤੀ ਲਈ ਮੋਦੀ ਸਰਕਾਰ ਨੂੰ ਸੁਪਰੀਮ ਕੋਰਟ ਤੇ ਰਾਜਾਂ ਦੀਆਂ ਉਚ ਅਦਾਲਤਾਂ ਵਾਰ-ਵਾਰ ਸਖ਼ਤ ਫਟਕਾਰ ਪਾ ਰਹੀਆਂ ਹਨ। ਲੋਕਾਂ ਨੂੰ ਨਾ ਤਾਂ ਕਰੋਨਾ ਨਾਲ ਮਰਨ ਵਾਲਿਆਂ ਦੀ ਠੀਕ ਗਿਣਤੀ ਦੱਸੀ ਜਾ ਰਹੀ ਹੈ ਤੇ ਨਾ ਹੀ ਬੀਮਾਰੀ ਤੋਂ ਪੀੜਤ ਲੋਕਾਂ ਦੀ। ਸੰਘੀ ਲਾਣੇ ਤੇ ਗੋਦੀ ਮੀਡੀਆ ਵੱਲੋਂ ਸੱਚ ਨੂੰ ਛੁਪਾਅ ਕੇ ਪ੍ਰਧਾਨ ਮੰਤਰੀ ਮੋਦੀ ਦੀ ਬੱਲੇ-ਬੱਲੇ ਕਰਨਾ ਅਤਿਅੰਤ ਸ਼ਰਮਨਾਕ ਤੇ ਅਣਮਨੁੱਖੀ ਹੈ। ”ਪੀ.ਐਮ.ਕੇਅਰ” ਵਰਗੀ ਪੈਸਾ ਇਕੱਠਾ ਕਰਨ ਹਿਤ ਖੜ੍ਹੀ ਕੀਤੀ ਗਈ ਨਿੱਜੀ, ਪ੍ਰੰਤੂ ਹਰ ਕਿਸਮ ਦੀ ਜੁਆਬਦੇਹੀ ਤੋਂ ਪੂਰੀ ਤਰ੍ਹਾਂ ਮੁਕਤ ਸੰਸਥਾ ਦੀ ਕਾਇਮੀ ਨੇ ਦਰਸਾ ਦਿੱਤਾ ਹੈ ਕਿ ਬਾਕੀ ਦੇ ਅਨੇਕਾ ਗੁਨਾਹਾਂ ਤੋਂ ਬਿਨਾਂ ਮੋਦੀ ਸਰਕਾਰ ਭਰਿਸ਼ਟਾਚਾਰ ਤੇ ਘਪਲਿਆਂ ‘ਚ ਵੀ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ। ਇਸ ਫੰਡ ‘ਚ ਯੋਗਦਾਨ ਕਰਨ ਵਾਲੇ ਕਾਰਪੋਰੇਟ ਘਰਾਣੇ ਤੇ ਧਨੀ ਲੋਕਾਂ ਨੇ ਆਪਣੇ ਕੀਤੇ ਦਾਨ ਦੀ ਕੀਮਤ ਇਕ ਦਿਨ ਜ਼ਰੂਰ ਵਸੂਲਣੀ ਹੈ (ਜੋ ਹੁਣ ਸ਼ੁਰੂ ਹੋ ਚੁੱਕੀ ਹੈ), ਜਿਸਦਾ ਸਰੋਤ ਲੋਕਾਂ ਦੀ ਗਾੜ੍ਹੇ ਪਸੀਨੇ ਦੀ ਕਮਾਈ ਨਾਲ ਭਰਿਆ ਸਰਕਾਰੀ ਖ਼ਜਾਨਾ ਹੋਵੇਗਾ। ਕਈ ਪ੍ਰਾਂਤਾਂ ਅੰਦਰ ਭਾਜਪਾ ਸਰਕਾਰਾਂ ਨੇ ਆਪਣੇ ਮੁਲਾਜ਼ਮਾਂ ਵਲੋਂ ਕਰੋਨਾ ਮਹਾਮਾਰੀ ਲਈ ਦਿੱਤੇ ਪੈਸੇ ‘ਪ੍ਰਧਾਨ ਮੰਤਰੀ ਰੀਲੀਫ ਫੰਡ’ ‘ਚ ਜਮਾਂ ਕਰਨ ਦੀ ਥਾਂ ਧੱਕੇ ਨਾਲ ‘ਪੀ.ਐਮ.ਕੇਅਰ’ ‘ਚ ਭੇਜੇ। ਇਹ ਘੋਰ ਬੇਇਨਸਾਫ਼ੀ, ਬੇਈਮਾਨੀ ਤੇ ਨਿਵੇਕਲੀ ਕਿਸਮ ਦਾ ਸੰਘ ਮਾਰਕਾ ਭਰਿਸ਼ਟਾਚਾਰ ਹੈ।
ਅੰਧ ਰਾਸ਼ਟਰਵਾਦ, ਆਤੰਕਵਾਦ, ਵਿਦੇਸ਼ੀ ਘੁਸਪੈਠ ਤੇ ਵਿਰੋਧੀ ਧਿਰਾਂ ਉਪਰ ਦੇਸ਼ਧ੍ਰੋਹੀ ਵਰਗੇ ਇਲਜ਼ਾਮ ਲਾ ਕੇ ਉਨ੍ਹਾਂ ਖਿਲਾਫ਼ ਮੁਕੱਦਮੇ ਦਰਜ਼ ਕਰਨ ਦੀ ਕਵਾਇਦ ਵਰਗੇ ਸਾਰੇ ਜੁਮਲੇ ਤੇ ਜਾਬਰ ਕਦਮ ਹੌਲੀ-ਹੌਲੀ ਮੋਦੀ ਸਰਕਾਰ ਨੂੰ ਬੇਪਰਦ ਕਰਕੇ ਲੋਕ ਮਨਾਂ ਅੰਦਰ ਇਸ ਸਰਕਾਰ ਪ੍ਰਤੀ ਨਫਰਤ ਤੇ ਬੇਚੈਨੀ ਪੈਦਾ ਕਰ ਰਹੇ ਹਨ। ਪੱਛਮੀ ਬੰਗਾਲ, ਤਾਮਿਲਨਾਡੂ ਤੇ ਕੇਰਲਾ ਅਸੈਂਬਲੀ ਚੋਣਾਂ ਅੰਦਰ ਸਾਰੇ ਹਥਕੰਡਿਆਂ ਦੇ ਬਾਵਜੂਦ ਭਾਜਪਾ ਦੀ ਕਰਾਰੀ ਹਾਰ ਨੇ ਦੇਸ਼ ਪੱਧਰ ‘ਤੇ ਮੋਦੀ ਸਰਕਾਰ ਦੇ ਅੰਤ ਦੀ ਸ਼ੁਰੂਆਤ ਕਰ ਦਿੱਤੀ ਹੈ। ਕਿਸਾਨ ਅੰਦੋਲਨ ਨੇ ਇਸ ਹਾਂ ਪੱਖੀ ਰੁਝਾਨ ਨੂੰ ਜਨਮ ਦੇਣ ‘ਚ ਬਹੁਤ ਹੀ ਕੀਮਤੀ ਤੇ ਸ਼ਾਨਦਾਰ ਹਿੱਸਾ ਪਾਇਆ ਹੈ। ਜਿਸ ਤਰ੍ਹਾਂ ਹਰ ਰੋਜ਼ ਕਿਸਾਨ ਅੰਦੋਲਨ ‘ਚ ਸ਼ਹੀਦੀ ਦਾ ਜਾਮ ਪੀਣ ਵਾਲੇ ਯੋਧਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ, (ਜਿਸ ਬਾਰੇ ਮੋਦੀ ਸਰਕਾਰ ਅਫਸੋਸ ਦਾ ਇਕ ਸ਼ਬਦ ਵੀ ਨਹੀਂ ਬੋਲ ਸਕੀ) ਉਸੇ ਸਪੀਡ ਨਾਲ ਭਾਜਪਾ ਸ਼ਾਸ਼ਨਕਾਲ ਦੀ ਉਮਰ ਵੀ ਲਗਾਤਾਰ ਘਟਦੀ ਜਾ ਰਹੀ ਹੈ।
ਜਿਸ ਤਰ੍ਹਾਂ ਸਮਾਜ ਅੰਦਰ ਇਕ ਦੂਸਰੇ ਨੂੰ ਮਿਲਣ ਲੱਗਿਆਂ ”ਰਾਮ ਰਾਮ” ਵਰਗੇ ਮਾਖਿਓੁਂ ਮਿਠੇ ਸ਼ਬਦ ਨੂੰ ਭਾਜਪਾ ਦੀਆਂ ਸਟੇਜ਼ਾਂ ਉਪਰ ਭਾਜਪਾ ਤੇ ਸੰਘ ਆਗੂਆਂ ਨੇ ‘ਜੈ ਸ਼੍ਰੀ ਰਾਮ’ ਦੇ ਨਾਅਰਿਆਂ ਦਾ ਰੂਪ ਦੇ ਕੇ ਲੋਕਾਂ ਅੰਦਰ ਫਿਰਕੂ ਉਤੇਜਨਾ ਤੇ ਵੰਡ ਪੈਦਾ ਕਰਨ ਲਈ ਵਰਤਿਆ, ਉਸਨੇ ਦਰਸਾ ਦਿੱਤਾ ਹੈ ਕਿ ਸਾਡੇ ਸਮਾਜ ਦੀਆਂ ਇਕ ਦੂਸਰੇ ਪ੍ਰਤੀ ਮਿਲਾਪੜੀਆਂ, ਮੁਹੱਬਤਨੁਮਾ ਤੇ ਭਾਵਨਾਤਮਕ ਸਾਂਝਾਂ ਨੂੰ ਇਹ ਲੋਕ ਕਿਸ ਕਦਰ ਨਫਰਤ ਦੇ ਲਾਬੂੰ ਲਾ ਕੇ ਭਸਮ ਕਰ ਦੇਣ ਦੇ ਰਾਹ ਤੁਰੇ ਹੋਏ ਹਨ। ਪ੍ਰੰਤੂ ਜਿਸ ਢੰਗ ਤੇ ਤੇਜ਼ੀ ਨਾਲ ਜਨ ਸਮੂਹਾਂ ਅੰਦਰ ਨਵੀਂ ਰਾਜਨੀਤਕ ਤੇ ਵਿਚਾਰਧਾਰਕ ਚੇਤਨਾ ਦਾ ਪਸਾਰ ਹੋਣਾ ਸ਼ੁਰੂ ਹੋਇਆ ਹੈ (ਜਿਸਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ ਹੈ), ਉਸ ਤੋਂ ਆਸ ਬੱਝਦੀ ਹੈ ਕਿ ਮਹਾਤਮਾ ਬੁੱਧ, ਗੁਰੂ ਨਾਨਕ, ਕਬੀਰ ਸਾਹਿਬ, ਗੁਰੂ ਰਵੀਦਾਸ ਜੀ, ਵਿਵੇਕਾਨੰਦ, ਗ਼ਦਰੀ ਬਾਬਿਆਂ ਤੇ ਸ਼ਹੀਦ-ਇ-ਆਜ਼ਮ ਸ. ਭਗਤ ਸਿੰਘ ਦਾ ਦੇਸ਼ ਆਪਣੀ ਮਾਨਵਤਾ ਪ੍ਰਤੀ ਜ਼ਿੰਮੇਵਾਰੀ ਨੂੰ ਪੂਰੀ ਸਫਲਤਾ ਨਾਲ ਨਿਭਾ ਸਕਣ ਦੇ ਸਮਰੱਥ ਹੈ ਤੇ ਅੱਗੋਂ ਸਮਾਜਿਕ ਬਦਲਾਅ ਦੀ ਦਹਿਲੀਜ਼ ‘ਤੇ ਪੈਰ ਰੱਖਣ ਦੀ ਤਿਆਰੀ ਕਰ ਰਿਹਾ ਹੈ। ਫਿਰਕੂ ਫਾਸ਼ੀਵਾਦੀ ਮੋਦੀ ਸਰਕਾਰ ਨੂੰ ਵਿਸ਼ਾਲ ਏਕੇ ਦੇ ਬਲਬੂਤੇ ਗੱਦੀ ਤੋਂ ਲਾਹੁਣ ਦੇ ਨਾਲ-ਨਾਲ ਇਸ ਗੱਲ ਵੱਲ ਵੀ ਪੂਰਾ ਧਿਆਨ ਦੇਣ ਦੀ ਲੋੜ ਹੈ ਕਿ ਜਿਨ੍ਹਾਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਨੇ ਦੇਸ਼ ਦੇ ਕਿਰਤੀ ਲੋਕਾਂ ਦੀ ਤਬਾਹੀ ਕੀਤੀ ਹੈ, ਉਨ੍ਹਾਂ ਆਰਥਿਕ ਨੀਤੀਆਂ ਦੇ ਮੁਕਾਬਲੇ ਇਕ ਲੋਕ ਪੱਖੀ ਆਰਥਿਕ ਤੇ ਰਾਜਨੀਤਕ ਮੁਤਬਾਦਲ ਉਸਾਰੇ ਤੋਂ ਬਿਨਾਂ ਮਿਹਨਤਕਸ਼ ਲੋਕਾਂ ਨੂੰ ਸੁਖ ਦਾ ਸਾਹ ਨਹੀਂ ਆਉਣਾ।
ਇਸ ਲਈ ਮੋਦੀ ਸਰਕਾਰ ਨੂੰ ਗੱਦੀਓਂ ਲਾਹੁਣਾ ਅਜੋਕੇ ਸਮੇਂ ਦਾ ਪਹਿਲਾ ਪ੍ਰਮੁੱਖ ਕਾਰਜ ਹੈ, ਜਿਸ ਦਾ ਅਗਲਾ ਪੜਾਅ ਦੇਸ਼ ਨੂੰ ਪੂੰਜੀਵਾਦੀ ਪ੍ਰਬੰਧ ਤੋਂ ਮੁਕਤੀ ਦੁਆ ਕੇ ਇਕ ਸਰਵ ਸਾਂਝੀਵਾਲਤਾ ਦੇ ਅਸੂਲਾਂ ਵਾਲਾ ਲੋਕ ਭਲਾਈ ਦਾ ਢਾਂਚਾ ਉਸਾਰਨਾ ਹੋਵੇਗਾ। ਇਹ ਦੋਨੋਂ ਕਾਰਜ ਇਕ ਦੂਸਰੇ ਨਾਲ ਨੇੜਿਓਂ ਹੋ ਕੇ ਜੁੜੇ ਹੋਏ ਹਨ, ਪ੍ਰੰਤੂ ਜਿਨ੍ਹਾਂ ਅੰਦਰ ਵੱਖ-ਵੱਖ ਰਾਜਸੀ ਧਿਰਾਂ ਤੇ ਜਮਾਤਾਂ ਦੀਆਂ ਅੰਦਰੂਨੀ ਭਿੰਨਤਾਵਾਂ ਤੇ ਵਿਚਾਰਧਾਰਕ ਵਿਰੋਧਤਾਈਆਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।

Scroll To Top