Now Reading
ਸੰਪਾਦਕੀ: ‘ਨਿਵੇਕਲੇ ਮਈ ਦਿਵਸ’ ਨੂੰ ਖੁਸ਼ਆਮਦੀਦ

ਸੰਪਾਦਕੀ: ‘ਨਿਵੇਕਲੇ ਮਈ ਦਿਵਸ’ ਨੂੰ ਖੁਸ਼ਆਮਦੀਦ

‘ਨਿਵੇਕਲਾ’ ਇਸ ਲਈ ਕਿ ਇਸ ਵਾਰ ਮਈ ਦਿਵਸ ਮੌਕੇ, ਲੰਬੇ ਅਰਸੇ ਬਾਅਦ ‘ਮਜ਼ਦੂਰ-ਕਿਸਾਨ-ਏਕਤਾ-ਜ਼ਿੰਦਾਬਾਦ’ ਤੇ ‘ਇਨਕਲਾਬ-ਜ਼ਿੰਦਾਬਾਦ’ ਦੇ ਅਸਮਾਨ ਗੂੰਜਾਊ ਨਾਅਰੇ ਦੇਸ਼ ਦੀ ਸਮੁੱਚੀ ਰਾਜਨੀਤਕ ਫਿਜ਼ਾ ਅੰਦਰ ਬੁਲੰਦ ਆਵਾਜ਼ਾਂ ‘ਚ ਗੂੰਜ ਰਹੇ ਹਨ। ਇਹ ਨਾਅਰੇ, ਜੋ ਕਿਸਾਨ ਅੰਦੋਲਨ ਦੀ ਧਮਕ ਨਾਲ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਏ ਸਨ, ਹੁਣ ਦੇਸ਼ ਦੀ ਹਰ ਨੁੱਕਰ ‘ਚ ਸੁੱਣੇ ਜਾ ਸਕਦੇ ਹਨ। ਏਨਾ ਹੀ ਨਹੀਂ ਇਨ੍ਹਾਂ ਨਾਅਰਿਆਂ ਅੰਦਰ ਤਬਦੀਲੀ ਦਾ ਸੂਚਕ, ਮਿੱਠਾ ਸੰਗੀਤ ਸਰਹੱਦਾਂ ਪਾਰ ਕਰਕੇ ਸੰਸਾਰ ਭਰ ਦੇ ਕਿਰਤੀਆਂ ਦੇ ਕੰਨਾਂ ‘ਚ ਰਸ ਘੋਲਦਾ ਹੋਇਆ ਉਨ੍ਹਾਂ ਦੇ ਜ਼ਿਹਨਾਂ ‘ਤੇ ਦਸਤਕ ਦੇ ਰਿਹਾ ਹੈ। ਕਿਸਾਨਾਂ ਤੇ ਮਜ਼ਦੂਰਾਂ ਦਾ ਆਪਸੀ ਗੂੜ੍ਹਾ ਰਿਸ਼ਤਾ, ਉਨ੍ਹਾਂ ਦੇ ਸਾਂਝੇ ਦੁਸ਼ਮਣ, ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਗਠਜੋੜ ਦੇ ਵਿਰੁੱਧ, ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੇ ਦੂਸਰੀਆਂ ਮੰਗਾਂ ਦੀ ਪ੍ਰਾਪਤੀ ਲਈ ਵਿੱਢੇ ਗਏ ਸੰਘਰਸ਼ ਦੌਰਾਨ ਪੂਰੀ ਤਰ੍ਹਾਂ ਨਿੱਖਰ ਕੇ ਸਾਹਮਣੇ ਆਇਆ ਹੈ। ਮੋਦੀ ਸਰਕਾਰ ਵਲੋਂ ਅਨੇਕਾਂ ਕੁਰਬਾਨੀਆਂ ਭਰੇ ਮਜ਼ਦੂਰ ਸੰਘਰਸ਼ਾਂ ਦੀ ਬਦੌਲਤ ਬਣੇ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਬਣਾਏ ‘ਚਾਰ ਲੇਬਰ ਕੋਰਡਾਂ’ ਤੇ ਨਿੱਜੀਕਰਨ ਤੇ ਠੇਕੇਦਾਰੀ ਪ੍ਰਥਾ ਲਾਗੂ ਕਰਨ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਦੇਸ਼ ਦੀ ਮਜ਼ਦੂਰ ਜਮਾਤ ਵਲੋਂ ਵਿੱਢੇ ਗਏ ਘੋਲਾਂ ਨੇ ਵੀ ਇਨ੍ਹਾਂ ਨਾਅਰਿਆਂ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ‘ਚ ਵੱਡੀ ਭੂਮਿਕਾ ਅਦਾ ਕੀਤੀ ਹੈ। ਇਹ ਕੋਈ ਬਨਾਵਟੀ ਜਾਂ ਦਿਖਾਵੇ ਮਾਤਰ ਨਾਅਰਾ ਨਹੀਂ, ਬਲਕਿ ਸੰਘਰਸ਼ਾਂ ਦੀ ਤੱਪਦੀ ਭੱਠੀ ‘ਚੋਂ ਕੁੰਦਨ ਬਣੀ ਕਿਸਾਨਾਂ-ਮਜ਼ਦੂਰਾਂ ਦੀ ਲਹਿਰ ‘ਚੋਂ ਉਗਮੀ ਬੁਲੰਦ ਆਵਾਜ਼ ਹੈ। ਇਸ ਨਾਅਰੇ ਨਾਲ ਸ਼ਿਕਾਗੋ ਤੇ ਭਾਰਤ ਦੇ ਕਿਰਤੀ-ਕਿਸਾਨਾਂ ਦੀਆਂ ਰਾਜਨੀਤਕ, ਵਿਚਾਰਧਾਰਕ ਤੇ ਜ਼ਜ਼ਬਾਤੀ ਰਿਸ਼ਤਿਆਂ ਦੀਆਂ ਤੰਦਾਂ ਹੋਰ ਮਜ਼ਬੂਤ ਤੇ ਪੀਡੀਆਂ ਹੋਈਆਂ ਹਨ।
2021 ਦਾ ਮਈ ਦਿਵਸ ਭਾਰਤ ਦੇ ਇਨਕਲਾਬੀ ਅੰਦੋਲਨ ਲਈ ਨਵੀਂ ਰੌਸ਼ਨੀਆਂ, ਆਸਾਂ ਤੇ ਉਮੰਗਾਂ ਲੈ ਕੇ ਆਇਆ ਹੈ। ਮਈ ਦਿਵਸ ਸੰਸਾਰ ਭਰ ਦੇ ਲੋਕਾਂ ਲਈ ਇਕ ਖਾਸ ਮਹੱਤਤਾ ਰੱਖਦਾ ਹੈ। ਇਸ ਦਿਹਾੜੇ, ਉਹ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਮੁੜ ਯਾਦ ਕਰਦੇ ਹਨ, ਜਿਨ੍ਹਾਂ ਨੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ 1886 ‘ਚ ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਤੈਅ ਕਰਨ ਤੇ ਕੁਝ ਹੋਰ ਆਰਥਿਕ ਮੰਗਾਂ ਦੀ ਪ੍ਰਾਪਤੀ ਲਈ ਪੁਰਅਮਨ ਰਹਿਕੇ ਮਿਲ ਮਾਲਕਾਂ ਨੂੰ ‘ਮੰਗ ਪੱਤਰ’ ਦੇਣ ਦੀ ‘ਸਜ਼ਾ’ ਵਜੋਂ ਪੁਲਸ ਤੇ ਮਿਲ ਮਾਲਕਾਂ ਦੇ ਗੁੰਡਿਆਂ ਦੀਆਂ ਗੋਲੀਆਂ ਆਪਣੀਆਂ ਹਿੱਕਾਂ ‘ਚ ਖਾਧੀਆਂ ਸਨ। ਕਈ ਮਜ਼ਦੂਰ ਨੇਤਾਵਾਂ ਨੂੰ ਫਾਂਸੀ ਦਿੱਤੀ ਗਈ ਸੀ ਤੇ ਹੋਰ ਅਨੇਕਾਂ ਨੂੰ ਉਮਰ ਕੈਦਾਂ ਭੁਗਤਣ ਲਈ ਕਾਲ ਕੋਠੜੀਆਂ ‘ਚ ਬੰਦ ਕੀਤਾ ਗਿਆ ਸੀ। ਇਹ ਦਿਨ ਸਿਰਫ ਸ਼ਹੀਦਾਂ ਨੂੰ ਯਾਦ ਕਰਨ ਦਾ ਹੀ ਨਹੀਂ, ਸਗੋਂ ਲੁੱਟ ਰਹਿਤ ਸਮਾਜ ਸਿਰਜਣ ਲਈ ਆਪਣੀ ਜੱਦੋਜ਼ਹਿਦ ਨੂੰ ਲਗਾਤਾਰ ਜਾਰੀ ਰੱਖਣ ਤੇ ਇਸ ਕਾਜ਼ ਦੀ ਪ੍ਰਾਪਤੀ ਲਈ ਕੋਈ ਵੀ ਕੁਰਬਾਨੀ ਕਰਨ ਦੀ ਪ੍ਰਤੀਬੱਧਤਾ ਨੂੰ ਦਰਿੜ੍ਹਾਉਣ ਦਾ ਮੌਕਾ ਵੀ ਹੈ। ਮਈ ਦਿਵਸ ਦੇ ਸ਼ਹੀਦਾਂ ਦੇ ਪਦ ਚਿੰਨ੍ਹਾਂ ਉਪਰ ਚਲਦਿਆਂ ਹੋਇਆਂ ਦੁਨੀਆਂ ਭਰ ਦੇ ਮਜ਼ਦੂਰਾਂ ਨੇ ਅਣਗਿਣਤ ਕੁਰਬਾਨੀਆਂ ਕੀਤੀਆਂ ਤੇ ਪੂੰਜੀਪਤੀ ਵਰਗ ਦੇ ਹਿਤਾਂ ਦੀ ਰਾਖੀ ਕਰਨ ਵਾਲੀਆਂ ਸਾਮਰਾਜੀ ਤਾਕਤਾਂ ਨਾਲ ਟੱਕਰਾਂ ਲੈਂਦਿਆਂ ਗੁਲਾਮੀ ਦੀਆਂ ਜ਼ੰਜ਼ੀਰਾਂ ਤੋੜ ਕੇ ਗੁਲਾਮ ਦੇਸ਼ਾਂ ਨੂੰ ਆਜ਼ਾਦੀ ਦੀ ਰੌਸ਼ਨੀ ਵੰਡੀ। 1917 ‘ਚ ਰੂਸ ਅੰਦਰ ਸਮਾਜਵਾਦੀ ਇਨਕਲਾਬ ਦੀ ਸਫਲਤਾ ‘ਚ ਨਿਭਾਈ ਗਈ ਆਗੂ ਭੂਮਿਕਾ, ਦੂਸਰੀ ਸੰਸਾਰ ਜੰਗ ‘ਚ ਫਾਸ਼ੀ ਤਾਕਤਾਂ ਦੀ ਲੱਕ ਤੋੜਵੀਂ ਹਾਰ ‘ਚ ਪਾਏ ਯੋਗਦਾਨ ਦੀ ਤਸਵੀਰ ਸੰਸਾਰ ਭਰ ਦੀ ਮਜ਼ਦੂਰ ਲਹਿਰ ਦੀਆਂ ਕੁਰਬਾਨੀਆਂ ਤੇ ਪ੍ਰਾਪਤੀਆਂ ਦੇ ਅਕਾਸ਼ ‘ਚ ਧਰੁਵ ਤਾਰੇ ਵਾਂਗ ਅੱਜ ਵੀ ਚਮਕ ਰਹੀ ਹੈ। ਪੂੰਜੀਵਾਦੀ ਦੇਸ਼ਾਂ ਅੰਦਰ ਸਰਮਾਏਦਾਰੀ ਸਰਕਾਰਾਂ ਵਲੋਂ ਜਿਹੜੀਆਂ ਕਾਨੂੰਨੀ, ਰਾਜਨੀਤਕ ਤੇ ਆਰਥਿਕ ਸਹੂਲਤਾਂ ਕਿਰਤੀ ਲੋਕਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ (ਜੋ ਹੁਣ ਤੇਜ਼ੀ ਨਾਲ ਖੋਹੀਆਂ ਜਾ ਰਹੀਆਂ ਹਨ) ਉਨ੍ਹਾਂ ਦੀ ਪ੍ਰਾਪਤੀ ਵਿਚ ਵੀ ਮਈ ਦਿਵਸ ਦੇ ਸ਼ਹੀਦਾਂ ਦਾ ਖੂਨ ਟਪਕਦਾ ਹੈ।
ਮਜ਼ਦੂਰ ਲਹਿਰ ਨੂੰ ਦਰਪੇਸ਼ ਬਹੁਤ ਸਾਰੀਆਂ ਚੁਣੌਤੀਆਂ, ਸਿਧਾਂਤਕ ਕਮਜ਼ੋਰੀਆਂ ਤੇ ਦੁਸ਼ਮਣ ਜਮਾਤਾਂ ਦੀਆਂ ਸਾਜਿਸ਼ਾਂ ਦੇ ਸਿੱਟੇ ਵਜੋਂ ਮਜ਼ਦੂਰ ਜਮਾਤ ਦੀ ਸੰਸਾਰ ਪੱਧਰੀ ਲਹਿਰ ਨੂੰ ਵੱਡੀਆਂ ਪਛਾੜਾਂ ਦਾ ਮੂੰਹ ਵੀ ਦੇਖਣਾ ਪਿਆ ਹੈ। ਪ੍ਰੰਤੂ ਸਮਾਜਵਾਦ ਦੀ ਵਿਗਿਆਨਕ ਵਿਚਾਰਧਾਰਾ ਦੇ ਮੋਢੀ ਕਾਰਲ ਮਾਰਕਸ, ਫਰੈਂਡਰਿਕ ਐਂਗਲਜ਼ ਤੇ ਵੀ.ਆਈ.ਲੈਨਿਨ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦਿਆਂ ਹੋਇਆਂ ਹਰ ਦੇਸ਼ ਤੇ ਖਿੱਤੇ ਦੀਆਂ ਠੋਸ ਪ੍ਰਸਥਿਤੀਆਂ ਨੂੰ ਧਿਆਨ ‘ਚ ਰੱਖਦਿਆਂ ਸੰਸਾਰ ਭਰ ਦੀ ਮਜ਼ਦੂਰ ਜਮਾਤ ਆਪਣੇ ਅੰਤਮ ਨਿਸ਼ਾਨੇ ‘ਸਮਾਜਵਾਦ’ ਦੀ ਕਾਇਮੀ ਦੇ ਸੰਘਰਸ਼ ‘ਚ ਕਦਮ ਦਰ ਕਦਮ ਅੱਗੇ ਵੱਧ ਰਹੀ ਹੈ। ਮੌਜੂਦਾ ਸੰਸਾਰ ਵਿਆਪੀ ਪੂੰਜੀਵਾਦੀ ਸੰਕਟ ਦੇ ਮਰਨਾਊ ਦੌਰ ‘ਚ ਸਾਂਝੀਵਾਲਤਾ ਤੇ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਵੱਲ ਹੋਰ ਤੇਜ਼ੀ ਤੇ ਦ੍ਰਿੜ੍ਹਤਾ ਨਾਲ ਅੱਗੇ ਵਧਣਾ ਸਮੁੱਚੀ ਮਨੁੱਖ ਜਾਤੀ ਦੀ ਜ਼ਰੂਰਤ ਬਣ ਗਿਆ ਹੈ। ਪੂੰਜੀਵਾਦ ਦੇ ਸੰਸਾਰ ਵਿਆਪੀ ਸੰਕਟ ਦੇ ਕਾਰਨਾਂ ਨੂੰ ਸਮਝਣ ਤੇ ਇਸ ‘ਮਹਾਂਮਾਰੀ’ ਤੋਂ ਛੁਟਕਾਰਾ ਪਾਉਣ ਲਈ ਲੋੜੀਂਦੀਆਂ ਸ਼ਕਤੀਆਂ ਦੀ ਨਿਸ਼ਾਨਦੇਹੀ ਕਰਨ ਦੀ ਜ਼ਰੂਰਤ ਵਜੋਂ ਕਾਰਲ ਮਾਰਕਸ ਮੁੜ ‘ਜ਼ਿੰਦਾ’ ਹੋ ਗਿਆ ਹੈ ਤੇ ਉਸਦੀਆਂ ਸਿੱਖਿਆਵਾਂ ਪਹਿਲਾਂ ਨਾਲੋਂ ਵੀ ਹੋਰ ਜ਼ਿਆਦਾ ‘ਪ੍ਰਸੰਗਿਕ’ ਬਣ ਗਈਆਂ ਹਨ। ਇਹ ਤੱਥ ਸਥਾਪਤ ਹੋ ਗਿਆ ਹੈ ਕਿ ਮਾਰਕਸਵਾਦ ਤੇ ਲੈਨਿਨਵਾਦ ਦੀ ਵਿਗਿਆਨਕ ਵਿਚਾਰਧਾਰਾ ਤੋਂ ਚੰਗੇਰੀ ਤੇ ਉਤਮ ਵਿਚਾਰਧਾਰਾ ਅਜੇ ਕੋਈ ਹੋਰ ਨਜ਼ਰ ਨਹੀਂ ਆ ਰਹੀ। ‘ਸਮਾਜਵਾਦੀ’ ਵਿਚਾਰਧਾਰਾ ਦੀ ਮਹਿਕ ਦੁਨੀਆਂ ਦੇ ਹਰ ਖਿੱਤੇ ‘ਚ ਮਹਿਸੂਸ ਕੀਤੀ ਜਾ ਸਕਦੀ ਹੈ, ਜਿੱਥੇ ਪੂੰਜੀਵਾਦੀ ਪ੍ਰਬੰਧ ਨੇ ਮਨੁੱਖੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਰਕ ਤੇ ਨਾ ਜੀਣ ਯੋਗ ਬਣਾ ਦਿੱਤਾ ਹੈ। ਇਸ ਲਈ ਸੰਸਾਰ ਭਰ ‘ਚ ਅਜੋਕਾ ਮਈ ਦਿਵਸ ਅੱਤ ਦੀਆਂ ਮੁਸ਼ਕਿਲ ਹਾਲਤਾਂ ਤੇ ਰਾਜਨੀਤੀ ‘ਚ ਸੱਜੇ ਪੱਖੀ ਝੁਕਾਅ ਆਉਣ ਦੇ ਬਾਵਜੂਦ ਇਨਕਲਾਬੀ ਸ਼ਕਤੀਆਂ ਲਈ ਅੱਗੇ ਵੱਧਣ ਦਾ ਇਕ ਸਾਜ਼ਗਾਰ ਮੌਕਾ ਵੀ ਮੁਹੱਈਆ ਕਰਦਾ ਹੈ, ਜੋ ਔਖਾ ਜ਼ਰੂਰ ਹੈ, ਪ੍ਰੰਤੂ ਅਸੰਭਵ ਬਿਲਕੁਲ ਨਹੀਂ।
ਭਾਰਤ ਅੰਦਰ ਆਜ਼ਾਦੀ ਸੰਗਰਾਮ ਦੌਰਾਨ 1947 ਤੋਂ ਬਾਅਦ ਦੇਸ਼ ਦੀਆਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀ ਰਾਜ ਸੱਤਾ ਵਿਰੁੱਧ ਮਜ਼ਦੂਰ ਜਮਾਤ ਤੇ ਦੂਸਰੇ ਲੁੱਟੇ ਜਾਂਦੇ ਵਰਗਾਂ ਨੇ ਵੱਡੇ ਸੰਗਰਾਮ ਕੀਤੇ ਹਨ ਤੇ ਮਹੱਤਵਪੂਰਨ ਜਿੱਤਾਂ ਵੀ ਹਾਸਲ ਕੀਤੀਆਂ ਹਨ। ਜੇਕਰ 74 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਸਰਮਾਏਦਾਰੀ ਜਮਾਤ ਤੇ ਸਾਮਰਾਜ ਵਲੋਂ ਕੀਤੇ ਗਏ ਅਨੰਤ ਹਮਲਿਆਂ ਤੇ ਸਾਜਿਸ਼ਾਂ ਦੇ ਬਾਵਜੂਦ ਅਜੇ ਦੇਸ਼ ਦੇ ਮੌਜੂਦਾ ਸਰੂਪ ‘ਚ ਆਜ਼ਾਦੀ, ਧਰਮ ਨਿਰਪੱਖਤਾ ਤੇ ਲੋਕ ਰਾਜੀ ਵਿਵਸਥਾ (ਸਾਰੀਆਂ ਘਾਟਾਂ ਦੇ ਬਾਵਜੂਦ) ਦੇ ਚਿੰਨ੍ਹ ਕਾਇਮ ਹਨ, ਤਾਂ ਉਸ ਪਿੱਛੇ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਬੁੱਧੀਜੀਵੀਆਂ ਤੇ ਦੂਸਰੇ ਮਿਹਨਤਕਸ਼ ਲੋਕਾਂ ਦੇ ਲਹੂ ਵੀਟਵੇਂ ਬਹੁਪੱਖੀ ਘੋਲਾਂ ਦਾ ਸਭ ਤੋਂ ਵੱਧ ਮਹੱਤਵਪੂਰਨ ਯੋਗਦਾਨ ਹੈ।
ਮਈ ਦਿਵਸ ਦੇ ਮੌਕੇ ‘ਤੇ ਇਸ ਗੱਲ ਨੂੰ ਵੀ ਗੰਭੀਰਤਾ ਨਾਲ ਵਿਚਾਰਨ ਦੀ ਜ਼ਰੂਰਤ ਹੈ ਕਿ ਮਜ਼ਦੂਰ ਵਰਗ ਤੇ ਦੂਸਰੇ ਮਿਹਨਤਕਸ਼ ਲੋਕਾਂ ਵਲੋਂ ਲੜੇ ਗਏ ਸ਼ਾਨਦਾਰ ਸੰਘਰਸ਼ਾਂ ਦੇ ਬਾਵਜੂਦ ਅੱਜ ਦੇਸ਼ ‘ਚ ਰਾਜਨੀਤਕ ਸ਼ਕਤੀਆਂ ਦਾ ਤਵਾਜ਼ਨ ਕਿਰਤੀ ਲੋਕਾਂ ਦੇ ਪੱਖ ‘ਚ ਕਿਉਂ ਨਹੀਂ ਹੈ? ਇਸਦੇ ਵਿਪਰੀਤ, ਪੂੰਜੀਵਾਦੀ ਢਾਂਚਾ, ਜੋ ਕੁਝ ਜਮਹੂਰੀ ਤੇ ਬਰਾਬਰੀ ਦੇ ਨਿਯਮਾਂ ਦੇ ਚੌਖਟੇ ਅੰਦਰ ਚਲ ਰਿਹਾ ਸੀ, ਹੁਣ ਪੂਰੀ ਤਰ੍ਹਾਂ ਸੱਜੇ ਪੱਖੀ ਫਾਸ਼ੀ ਹਾਕਮਾਂ ਦੇ ਹੱਥਾਂ ‘ਚ ਕਿਉਂ ਆ ਗਿਆ ਹੈ? ਆਰ.ਐਸ.ਐਸ. ਦੀ ਵਿਚਾਰਧਾਰਾ ਅਨੁਸਾਰ ਰਾਜ ਕਰ ਰਹੀ ਮੋਦੀ ਸਰਕਾਰ, ਇਕ ਪਾਸੇ ਸੰਕਟਗ੍ਰਸਤ ਪੂੰਜੀਵਾਦੀ ਪ੍ਰਬੰਧ ਨੂੰ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਰਕੇ ਸਾਮਰਾਜੀ ਸ਼ਕਤੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੇ ਜ਼ਿਆਦਾ ਅਨੁਕੂਲ ਤੇ ਲਾਹੇਵੰਦਾਂ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ ਤੇ ਦੂਜੇ ਬੰਨ੍ਹੇ ਪੁਰਾਣੇ ਸਰਮਾਏਦਾਰੀ ਜਮਹੂਰੀਅਤ ਦੇ ਚੌਖਟੇ ਨੂੰ ਤੋੜਕੇ ਇਕ ਧਰਮ ਅਧਾਰਤ ਫਾਸ਼ੀ ਕਿਸਮ ਦੀ ਹਕੂਮਤ ਕਾਇਮ ਕਰਨ ਦੀ ਹੋੜ ‘ਚ ਹੈ। ਇਹ ਫਿਰਕੂ-ਫਾਸ਼ੀ ਕਿਸਮ ਦਾ ਰਾਜ ਪ੍ਰਬੰਧ ਮਜ਼ਦੂਰ ਜਮਾਤ, ਕਿਸਾਨੀ ਤੇ ਦੂਸਰੇ ਮੱਧ ਵਰਗੀ ਤਬਕਿਆਂ ਦੇ ਹਿਤਾਂ ਨੂੰ ਲਤਾੜਦਾ ਹੋਇਆ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਅਗਾਂਹਵਧੂ ਖੱਬੇ ਪੱਖੀ ਲਹਿਰਾਂ ਤੇ ਕਾਰਕੁੰਨਾਂ ਨੂੰ ਕੁਚਲਣ ਵੱਲ ਸੇਧਤ ਹੈ। ਇਸ ਗੰਭੀਰ ਸਥਿਤੀ ਦਾ ਟਾਕਰਾ ਕਰਨ ਲਈ ਢੁਕਵੀਂ ਵਿਧੀ ਤੇ ਦਾਅਪੇਚ ਤਲਾਸ਼ਣੇ ਅਜੋਕੇ ਮਈ ਦਿਵਸ ਦਾ ਪ੍ਰਮੁੱਖ ਏਜੰਡਾ ਹੈ।
ਅਜਿਹੇ ਸਮੇਂ ਜਦੋਂ ਆਮ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਫਾਸ਼ੀ ਤਾਕਤਾਂ ਸੱਤਾ ‘ਚ ਆ ਗਈਆਂ ਹਨ, ਉਸ ਸਮੇਂ ਮੋਦੀ ਸਰਕਾਰ ਦੇ ਚੌਤਰਫ਼ਾ ਹਮਲਿਆਂ ਦੇ ਵਿਰੋਧ ‘ਚ ਪੰਜਾਬ ਦੀ ਧਰਤੀ ਤੋਂ ਕਿਸਾਨੀ ਅੰਦੋਲਨ ਨੇ ਪੈਰ ਪੁਟਿਆ ਹੈ, ਜੋ ਦਿਨ-ਬ-ਦਿਨ, ਕਦਮ-ਦਰ-ਕਦਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰਾਂ ਨੂੰ ਛੂਹ ਰਿਹਾ ਹੈ। ਇਸ ਅੰਦੋਲਨ ਦੀ ਵਿਲੱਖਣਤਾ ਮੋਦੀ ਸਰਕਾਰ ਦੇ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਸ਼ਕਤੀਆਂ ਦੇ ਦਬਾਅ ਹੇਠ ਬਣਾਏ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ, ਖੇਤੀ ਜਿਣਸਾਂ ਦੀਆਂ ਘੱਟੋ ਘੱਟ ਨਿਰਧਾਰਤ ਕੀਮਤਾਂ ਨੂੰ ਕਾਨੂੰਨੀ ਜਾਮਾ ਪਹਿਨਾਉਣ ਤੇ ਸਾਲ 2020 ਦਾ ਬਿਜਲੀ ਸ਼ੰਸ਼ੋਧਨ ਬਿਲ ਵਾਪਸ ਲੈਣ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਸ ਨੇ ਮੋਦੀ ਸਰਕਾਰ ਵਲੋਂ ਲੋਕਾਂ ਸਾਹਮਣੇ ਪ੍ਰੋਸੇ ਜਾ ਰਹੇ ਫਿਰਕੂ-ਫਾਸ਼ੀ ਤੇ ਵੰਡਵਾਦੀ ਏਜੰਡੇ ਨੂੰ ਪਰਾਂਹ ਧੱਕ ਕੇ ਜਨਤਾ ਸਾਹਮਣੇ ਲੋਕਰਾਜੀ ਤੇ ਅਗਾਂਹਵਧੂ ਕਦਰਾਂ-ਕੀਮਤਾਂ ਦੀ ਮਜ਼ਬੂਤੀ ਵਾਲਾ ਤੇ ਉਨ੍ਹਾਂ ਦੀਆਂ ਬੁਨਿਆਦੀ ਮੁਸ਼ਕਿਲਾਂ ਦੇ ਸਵਾਲਾਂ ਨੂੰ ਇੱਕਜੁਟ ਸੰਘਰਸ਼ਾਂ ਰਾਹੀਂ ਹੱਲ ਕਰਨ ਦਾ ਬਦਲਵਾਂ ਏਜੰਡਾ ਪੇਸ਼ ਕਰਕੇ ਇਕ ਸ਼ਾਨਦਾਰ ਕਾਰਨਾਮਾ ਕਰ ਦਿਖਾਇਆ ਹੈ।
ਸਾਨੂੰ ਯਤਨ ਕਰਨਾ ਹੋਵੇਗਾ ਕਿ ‘ਮਈ ਦਿਵਸ’ ਨੂੰ ਮਨਾਉਂਦਿਆਂ ਹੋਇਆਂ ਦੇਸ਼ ਦੀ ਮਜ਼ਦੂਰ ਜਮਾਤ ਸਾਮਰਾਜੀ ਲੁੱਟ ਮੁਕਤ ਭਾਰਤ ਤੇ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀ ਰਾਜ ਸੱਤਾ ਨੂੰ ਪਲਟ ਕੇ ਮਜ਼ਦੂਰਾਂ-ਕਿਸਾਨਾਂ ਤੇ ਦੂਸਰੇ ਮਿਹਨਤਕਸ਼ ਲੋਕਾਂ ਦੇ ਹੱਥ ਸੱਤਾ ਦੀ ਵਾਗਡੋਰ ਸੰਭਾਲਣ ਦੇ ਸੰਘਰਸ਼ ਲਈ ਰਾਜਨੀਤਕ ਤੇ ਵਿਚਾਰਧਾਰਕ ਤੌਰ ‘ਤੇ ਹੋਰ ਸੁਚੇਤ ਹੋਵੇ। ਮੌਜੂਦਾ ਅਵਸਥਾ ਨੂੰ ਮੂਲ ਰੂਪ ‘ਚ ਬਦਲਣ ਤੋਂ ਬਿਨਾਂ ਦੇਸ਼ ਦੀ ਹੋ ਰਹੀ ਆਰਥਿਕ ਬਰਬਾਦੀ, ਵੱਧ ਰਹੀ ਬੇਕਾਰੀ ਤੇ ਮਹਿੰਗਾਈ ‘ਤੇ ਰੋਕ, ਹਰ ਸ਼ਹਿਰੀ ਨੂੰ ਜਿਊਣਯੋਗ ਜ਼ਿੰਦਗੀ ਦੀ ਗਰੰਟੀ ਕਰਦਿਆਂ ਹੋਇਆਂ ਸਿਹਤ, ਵਿੱਦਿਆ ਤੇ ਸਮਾਜਿਕ ਸਹੂਲਤਾਂ ਦੀ ਉਪਲੱਭਧਤਾ ਤੇ ਹਰ ਨਾਗਰਿਕ ਨੂੰ ਬੋਲਣ, ਲਿਖਣ ਤੇ ਸੰਘਰਸ਼ ਕਰਨ ਵਰਗੇ ਮੌਲਿਕ ਅਧਿਕਾਰਾਂ ਦੀ ਗਰੰਟੀ ਸੰਭਵ ਨਹੀਂ ਹੋ ਸਕਦੀ। ਇਹ ਵੀ ਤੈਅ ਹੈ ਕਿ ਸਾਮਰਾਜੀ ਤੇ ਕਾਰਪੋਰੇਟ ਹਿਤਾਂ ਦੇ ਮੇਚਵੇਂ, ਮੌਜੂਦਾ ਨੀਤੀ ਚੌਖਟੇ ਦੇ ਚਲਦਿਆਂ ਦੇਸ਼ ਦਾ ਲੋਕਰਾਜੀ ਤੇ ਧਰਮ ਨਿਰਪੱਖ ਸਮਾਜਕ ਤਾਣਾਬਾਣਾ ਕਾਇਮ ਰੱਖਣਾ ਤਾਂ ਹੋਰ ਵੀ ਕਠਿਨ ਹੋ ਜਾਵੇਗਾ।
ਆਰਥਿਕ ਖੇਤਰ ਦੀ ਉਨਤੀ ਤੇ ‘ਆਤਮ ਨਿਰਭਰ ਭਾਰਤ’ ਦਾ ਸੰਕਲਪ ਪੂਰਾ ਕਰਨ ਲਈ ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ-ਖਸੁੱਟ ਬੰਦ ਕਰਨ ਲਈ ਲੋਕ ਮੁਖੀ ਆਰਥਿਕ ਨੀਤੀਆਂ ਦਾ ਲਾਗੂ ਹੋਣਾ ਜ਼ਰੂਰੀ ਹੈ, ਜੋ ਕਾਰਜ ਰਾਜਨੀਤਕ ਤੇ ਵਿਚਾਰਧਾਰਕ ਤੌਰ ‘ਤੇ ਚੇਤਨ ਹੋਈ ਮਜ਼ਦੂਰ ਜਮਾਤ ਦਾ ਅਗਵਾਨੂੰ ਰੋਲ ਹੀ ਸਿਰੇ ਚਾੜ੍ਹ ਸਕਦਾ ਹੈ। ਜੇਕਰ ਅਸੀਂ ਉਪਰੋਕਤ ਕਾਰਜ ਪੂਰਾ ਕਰਨ ‘ਚ ਕੁਤਾਹੀ ਜਾਂ ਲਾਪਰਵਾਹੀ ਵਰਤਾਂਗੇ, ਤਾਂ ਕਿਸਾਨ ਅੰਦੋਲਨ ਦੇ ਰਣ ‘ਚੋਂ ਪੈਦਾ ਹੋਈ ਰਾਜਸੀ ਚੇਤਨਾ ਤੇ ਸਮਾਜਿਕ ਬਦਲਾਅ ਕਰਨ ਦੀ ਚੇਸ਼ਟਾ ਆਪਣੀ ਮੌਜੂਦਾ ਲੈਅ ਕਾਇਮ ਨਹੀਂ ਰੱਖ ਸਕੇਗੀ ਤੇ ਲੋਕ ਕਿਸੇ ਭਰੋਸੇਯੋਗ ਰਾਜਨੀਤਕ ਤੇ ਆਰਥਿਕ ਮੁਤਬਾਦਲ ਦੀ ਅਣਹੋਂਦ ਦੇ ਸਿੱਟੇ ਵਜੋਂ ਮੁੜ ਤੋਂ ਪਹਿਲਾਂ ਹੀ ਸਥਾਪਤ ਲੁਟੇਰੀਆਂ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਦੀ ਝੋਲੀ ‘ਚ ਜਾ ਪੈਣਗੇ। ਇਨਕਲਾਬੀ ਸ਼ਕਤੀਆਂ ਲਈ ਇਹ ਵਰਤਾਰਾ ਬਹੁਤ ਹੀ ਚਿੰਤਾਜਨਕ ਤੇ ਨਮੋਸ਼ੀ ਵਾਲਾ ਹੋਵੇਗਾ।
ਜੇਕਰ ਸੱਚਮੁੱਚ ਹੀ ਅਸੀਂ ‘ਮਈ ਦਿਵਸ’ 2021 ਨੂੰ ਸਦੀਵੀਂ ਤੌਰ ‘ਤੇ ‘ਨਿਵੇਕਲਾ ਤੇ ਯਾਦਗਾਰੀ’ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਜ਼ਰੂਰ ਉਪਰੋਕਤ ਦਿਸ਼ਾ ਵੱਲ ਅੱਗੇ ਵਧਣਾ ਹੋਵੇਗਾ ਤੇ ‘ਮਜ਼ਦੂਰ-ਕਿਸਾਨ ਏਕਾ-ਜ਼ਿੰਦਾਬਾਦ’, ‘ਪੂੰਜੀਵਾਦ-ਮੁਰਦਾਬਾਦ’, ‘ਸਾਮਰਾਜਵਾਦ-ਮੁਰਦਾਬਾਦ’ ਤੇ ‘ਇਨਕਲਾਬ-ਜ਼ਿੰਦਾਬਾਦ’ ਦਾ ਨਾਅਰਾ ਗਲੀ-ਗਲੀ, ਖੇਤ-ਖੇਤ ਤੇ ਹਰ ਇਕ ਨੁੱਕਰ ‘ਚ ਗੂੰਜਾਉਂਦੇ ਹੋਏ ਕਰੋੜਾਂ ਕਿਰਤੀਆਂ ਦੀ ਚੇਤਨਾ ਦਾ ਅਨਿੱਖੜਵਾਂ ਅੰਗ ਬਨਾਉਣਾ ਹੋਵੇਗਾ।

-ਮੰਗਤ ਰਾਮ ਪਾਸਲਾ

Scroll To Top