ਮੰਗਤ ਰਾਮ ਪਾਸਲਾ

ਦੇਸ਼ ਦੀਆਂ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਜਿਵੇਂ ਰਾਜ ਭਾਗ ਚਲਾ ਰਹੇ ਲੋਕਾਂ ਦੇ ਅੰਦਰਲਾ ਮਨੁੱਖ ਮਰ ਗਿਆ ਹੈ, ਕਿਉਂਕਿ ਮਰੇ ਹੋਏ ਵਿਅਕਤੀ ’ਚ ਹੀ ਹਿਲਜੁਲ, ਸੰਵੇਦਨਾ, ਵਿਆਕੁਲਤਾ, ਮੋਹ, ਤਰਸ ਆਦਿ ਵਰਗੀ ਕੋਈ ਚੀਜ਼ ਨਹੀਂ ਰਹਿੰਦੀ। ਕਰੋਨਾ ਮਹਾਂਮਾਰੀ ਦੇ ਦੌਰ ’ਚ ਆਮ ਲੋਕ ਹਸਪਤਾਲ ’ਚ ਬਿਸਤਰਿਆਂ, ਆਕਸੀਜਨ ਤੇ ਵੈਟੀਂਲੇਟਰ ਦੀ ਉਪਲੱਬਧਤਾ ਨਾ ਹੋਣ ਕਾਰਨ ਰੋਜ਼ਾਨਾ ਹੀ ਸੈਂਕੜਿਆਂ ਦੀ ਗਿਣਤੀ ’ਚ ਦਮ ਤੋੜ ਰਹੇ ਹਨ। ਟੀਕਿਆਂ, ਦੁਆਈਆਂ ਤੇ ਸਿਹਤ ਉਪਕਰਨਾਂ ਦੀ ਬਲੈਕ ਹੋ ਰਹੀ ਹੈ ਤੇ ਪੀੜਤ ਮਰੀਜ਼ ਇਨ੍ਹਾਂ ਦੀ ਥੁੜੋਂ ਤੋਂ ਪ੍ਰੇਸ਼ਾਨ ਸਹਿਕ-ਸਹਿਕ ਕੇ ਦੁਨੀਆਂ ਤੋਂ ਰੁਖ਼ਸਤਗੀ ਪਾ ਰਿਹਾ ਹੈ। ਕਈ ਜਗ੍ਹਾਂ ਮਜ਼ਬੂਰੀ ਬਸ ਕੁਝ ਲੋਕਾਂ ਵਲੋਂ ਆਕਸੀਜਨ ਦੇ ਸਿਲੰਡਰ ‘ਲੁੱਟੇ’ ਜਾ ਰਹੇ ਹਨ, ਤਾਂ ਕਿ ਉਨ੍ਹਾਂ ਦੇ ਮਰੀਜ਼ ਦੀ ਜਾਨ ਬਚ ਜਾਵੇ। ਸਿਹਤ ਸੇਵਾਵਾਂ ਨਿਭਾਉਣ ਵਾਲੇ ਡਾਕਟਰ, ਨਰਸਾਂ ਤੇ ਦੂਸਰੇ ਅਮਲੇ ਦੀ ਘਾਟ ਹੈ ਤੇ ਅੱਤ ਦੇ ਖਤਰੇ ਮੁੱਲ ਲੈ ਕੇ ਡਿਊਟੀ ਨਿਭਾਉਣ ਵਾਲੇ ਇਹਨਾਂ ਲੋਕਾਂ ਦਾ ਵੱਡਾ ਹਿੱਸਾ ਪੱਕੀ ਨੌਕਰੀ ਦੀ ਜਗ੍ਹਾ ਅਸਥਾਈ ਤੌਰ ’ਤੇ ਬਹੁਤ ਹੀ ਨਾਕਾਫ਼ੀ ਉਜਰਤਾਂ ਲੈ ਕੇ ਆਪਣੇ ਫਰਜ਼ ਨਿਭਾਅ ਰਿਹਾ ਹੈ। ਸਿਹਤ ਸੇਵਾਵਾਂ ਵਿਚ ਖਾਲੀ ਅਸਾਮੀਆਂ ਦੀ ਜਗ੍ਹਾ ਨਹੀਂ ਭਰੀ ਜਾ ਰਹੀ, ਨਾਜ਼ੁਕ ਬਣ ਰਹੀ ਸਥਿਤੀ ਵਿਚ ਇਨ੍ਹਾਂ ’ਚ ਵਾਧਾ ਕਰਨਾ ਤਾਂ ਦੂਰ ਦੀ ਗੱਲ ਹੈ। ਅਨੇਕਾਂ ਹਸਪਤਾਲਾਂ ਦੀ ਅਵਸਥਾ ਬਹੁਤ ਹੀ ਗੈਰ ਤਸੱਲੀਬਖਸ਼ ਹੈ। ਗੰਭੀਰ ਮਰੀਜ਼ ਫਰਸ਼ਾਂ ਉਤੇ ਲੇਟ ਕੇ ਮੌਤ ਦੀ ਉਡੀਕ ’ਚ ਟਿਕ-ਟਿਕੀ ਲਗਾਈ ਬੈਠੇ ਹਨ ਤੇ ਬਿਸਤਰਿਆਂ ਦੀ ਕਮੀ ਕਾਰਨ ਇਕ ਬਿਸਤਰੇ ਉਪਰ ਦੋ-ਦੋ ਮਰੀਜ਼ ਵੀ ਗੁਜ਼ਾਰਾ ਕਰ ਰਹੇ ਹਨ। ਮਰੇ ਹੋਏ ਬੱਚੇ ਨੂੰ ਅੰਬੂਲੈਂਸ ਦੀ ਕਮੀ ਕਾਰਨ ਆਟੋ ਰਿਕਸ਼ਾ ’ਤੇ ਲਿਜਾ ਰਹੀ ਮਾਂ ਦਾ ਵਿਰਲਾਪ ਦੇਖਿਆ ਨਹੀਂ ਜਾਂਦਾ। ਲਾਕ ਡਾਊਨ ਦੇ ਡਰ ਕਾਰਨ ਬਿਨਾਂ ਯੋਗ ਸਰਕਾਰੀ ਸਹਾਇਤਾ ਦੇ ਘਰਾਂ ’ਚ ਬੈਠੇ ਬੇਕਾਰ ਮਜ਼ਦੂਰ ਜਾਂ ਤਾਂ ਅੱਧ ਭੁੱਖੇ ਪੇਟ ਦਿਨ ਕਟੀ ਕਰ ਰਹੇ ਹਨ ਤੇ ਜਾਂ ਕੱਪੜਿਆਂ ਦੀ ਪੋਟਲੀ ਸਿਰ ’ਤੇ ਧਰਕੇ ਆਪਣੇ ਪਿਤਰੀ ਘਰਾਂ ਨੂੰ ਜਾਣ ਲਈ ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ਉਪਰ ਧੱਕੇ ਖਾ ਰਹੇ ਹਨ।
ਕਮਾਲ ਇਹ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪੂਰਾ ਸਾਲ ਭਰ ਦੁਨੀਆਂ ਨੂੰ ਇਹ ਦੱਸਣ ’ਚ ਮਸ਼ਰੂਫ ਰਹੀ ਹੈ ਕਿ ਭਾਰਤ ਨੇ ਕਰੋਨਾ ਮਹਾਂਮਾਰੀ ਉਪਰ ਕਾਬੂ ਪਾ ਲਿਆ ਹੈ ਤੇ ਅਸੀਂ ਤਾਂ ਦੂਸਰੇ ਲੋੜਵੰਦ ਦੇਸ਼ਾਂ ਦੀ ਮਦਦ ਕਰ ਰਹੇ ਹਾਂ। ਅਜਿਹੇ ਖੋਖਲੇ ਦਾਅਵੇ ਕਰਕੇ ਦੇਸ਼ ਦੇ ਹੁਕਮਰਾਨ ਅਸੈਂਬਲੀ ਚੋਣਾਂ ਦੌਰਾਨ ਲੱਖਾਂ ਲੋਕਾਂ ਦੀਆਂ ਰੈਲੀਆਂ ਕਰ ਕੇ ਬਾਗੋਬਾਗ ਹੋ ਰਹੇ ਸਨ, ਜਿਨ੍ਹਾਂ ਨੇ ਨਾ ਮੂੰਹ ਤੇ ਮਾਸਕ ਲਾਏ ਹੋਏ ਸਨ ਤੇ ਨਾ ਹੀ 6 ਫੁੱਟ ਦੀ ਦੂਰੀ ਰੱਖ ਰਹੇ ਸਨ। ਮੰਚ ’ਤੇ ਜਦੋਂ ਨੇਤਾ ਜੀ ਬਾਹਾਂ ਚਾੜ੍ਹ ਕੇ ਪ੍ਰਸੰਸਕਾਂ ਦੇ ਝੁੰਡ ’ਚ ਬਿਨਾ ਮਾਸਕ ਤੋਂ ਭਾਸ਼ਣ ਝਾੜ ਰਹੇ ਹੋਣ ਤਾਂ ਵਿਚਾਰੇ ਸਰੋਤਿਆਂ ਨੂੰ ‘ਬਚਾਅ’ ਕਰਨ ਦੀ ਕੀ ਲੋੜ ਸੀ? ਕੁੰਭ ਦੇ ਮੇਲੇ ’ਚ ਲੱਖਾਂ ਸ਼ਰਧਾਲੂਆਂ ਦੀ ਭੀੜ ’ਚੋਂ ਕਿੰਨੇ ਕੁ ਲੋਕ ਕਰੋਨਾ ਵਾਈਰਸ ਦੀ ਮਾਰ ਹੇਠਾਂ ਆ ਗਏ ਹਨ, ਇਸਦਾ ਪੂਰਾ ਪੂਰਾ ਅੰਦਾਜ਼ਾ ਤਾਂ ਆਉਣ ਵਾਲੇ ਕੁਝ ਦਿਨਾਂ ’ਚ ਹੀ ਲੱਗ ਸਕੇਗਾ। ਦੂਸਰੇ ਬੰਨ੍ਹੇ ਸਮਸ਼ਾਨ ਘਾਟਾਂ ਅੰਦਰ ਦਰਜ਼ਨਾਂ ਸਿਵਿਆਂ ਦੀਆਂ ਲਾਟਾਂ ਨਜ਼ਰੀ ਆਉਂਦੀਆਂ ਹਨ ਤੇ ਬਾਕੀ ਅਜੇ ਇਹ ਕਾਰਜ ਪੂਰਾ ਕਰਨ ਲਈ ਲੰਬੀ ਕਤਾਰ ਲਾਈ ਖੜ੍ਹੇ ਦਿਖ ਰਹੇ ਹਨ। ਸਿਰਫ ਲੋਕ ਲੱਜਿਆ ਵਾਸਤੇ ਸ਼ਾਮ ਨੂੰ ਪ੍ਰਧਾਨ ਮੰਤਰੀ ਜੀ ਤੇ ਦੂਸਰੇ ਨੇਤਾ ਟੀ.ਵੀ. ਦੀ ਸਕਰੀਨ ਉਪਰ ਕਰੋਨਾ ਤੋਂ ਬਚਣ ਦੀਆਂ ਹਦਾਇਤਾਂ ਵੰਡ ਰਹੇ ਦੇਖੇ ਜਾ ਸਕਦੇ ਹਨ? ਹਕੀਕਤ ਇਹ ਹੈ ਕਿ ਸਾਡੇ ਦੇਸ਼ ਦੇ ਹਾਕਮਾਂ ਦਾ ਸਾਰਾ ਜ਼ੋਰ ਚੋਣਾਂ ਜਿੱਤ ਕੇ ਜਾਂ ਪ੍ਰਚਾਰ ਦੇ ਜ਼ੋਰ ਨਾਲ ਦੇਸ਼ ਦੇ ਕੁੱਲ ਪ੍ਰਾਂਤਾਂ ਅੰਦਰ ਸੱਤਾ ’ਤੇ ਕਬਜ਼ਾ ਕਰਨ ਵੱਲ ਤੇ ਝੂਠੇ ਅੰਕੜਿਆਂ ਰਾਹੀਂ ਆਪਣੀਆਂ ਪ੍ਰਾਪਤੀਆਂ ਦੇ ਸੋਹਲੇ ਗਾ ਕੇ ਲੋਕਾਂ ਨੂੰ ਮੂਰਖ ਬਣਾਉਣ ’ਚ ਲੱਗਾ ਹੋਇਆ ਹੈ, ਜਿਸਦੀ ਉਦਾਹਰਣ ਕਰੋਨਾ ਮਹਾਂਮਾਰੀ ਤੋਂ ਲੋਕਾਂ ਦੇ ਬਚਾਅ ਲਈ ਲੋੜੀਂਦੇ ਉਪਾਅ ਕਰਨ ਦੀ ਜਗ੍ਹਾ ਪੰਜਾਂ ਰਾਜ ਦੀਆਂ ਅਸੈਂਬਲੀ ਚੋਣਾਂ ਜਿੱਤਣ ਲਈ ਕਰੋਨਾ ਸੰਬੰਧੀ ਸਾਰੀਆਂ ਹਦਾਇਤਾਂ ਦਾ ਉਲੰਘਣ ਕਰਕੇ ਭਾਜਪਾ ਨੇਤਾਵਾਂ ਦੇ ਧੂੰਆਧਾਰ ਪ੍ਰਚਾਰ ਕਰਨ ਤੋਂ ਦੇਖੀ ਜਾ ਸਕਦੀ ਹੈ।
ਸਾਡੇ ਹੁਕਮਰਾਨ ਪਬਲਿਕ ਸੈਕਟਰ ਨੂੰ ਵੇਚ ਕੇ ਸਾਰਾ ਕੁਝ ਨਿੱਜੀ ਹੱਥਾਂ ’ਚ ਦੇਣ ਲਈ ਬਹੁਤ ਤੇਜ਼ੀ ਨਾਲ ਕੰਮ ਕਰ ਰਹੇ ਹਨ। ਇਕ ਸਾਲ ਪਹਿਲਾਂ, ਜਦੋਂ ਇਸ ‘ਕਰੋਨਾ ਮਹਾਂਮਾਰੀ’ ਨੇ ਤੇਜ਼ੀ ਫੜ੍ਹੀ ਸੀ, ਜੇਕਰ ਉਦੋਂ ਤੋਂ ਹੀ ਸਰਕਾਰੀ ਹਸਪਤਾਲਾਂ ਦੀ ਦਸ਼ਾ ਸੁਧਾਰਨ ਅਤੇ ਦੁਆਈਆਂ, ਬਿਸਤਰਿਆਂ, ਵੈਂਟੀਲੇਟਰਜ਼ ਤੇ ਆਕਸੀਜਨ ਵਰਗੀਆਂ ਬੁਨਿਆਦੀ ਚੀਜ਼ਾਂ ਦੇ ਇੰਤਜ਼ਾਮ ਕਰਨ ਉਪਰ ਪੂਰਾ ਧਿਆਨ ਦਿੱਤਾ ਹੁੰਦਾ ਤਾਂ ਕੋਈ ਕਾਰਨ ਨਹੀਂ ਸੀ ਕਿ ਲੋਕਾਂ ਨੂੰ ਇਸ ਸੰਕਟ ਕਾਲ ਅੰਦਰ ਸਿਹਤ ਸੇਵਾਵਾਂ ਦੀ ਮੌਜੂਦਾ ਮੰਦੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ। ਸਿਹਤ ਸੇਵਾਵਾਂ ਨਿਭਾ ਰਹੇ ਸਟਾਫ ਦੀਆਂ ਅਸਥਾਈ ਨੌਕਰੀਆਂ ਨੂੰ ਪੱਕਾ ਕਰਕੇ ਜੀਉਣਯੋਗ ਤਨਖਾਹ ਤੇ ਦੂਸਰੇ ਭੱਤੇ ਦੇਣ ਨਾਲ ਲਾਜ਼ਮੀ ਤੌਰ ’ਤੇ ਸਿਹਤ ਮੁਲਾਜ਼ਮ ਮਰੀਜ਼ਾਂ ਨੂੰ ਵਧੀਆ ਤੇ ਸ਼ਰਧਾ ਭਾਵਨਾ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਮਨੋਵਿਗਿਆਨਕ ਤੌਰ ’ਤੇ ਵਧੇਰੇ ਉਤਸ਼ਾਹਤ ਹੁੰਦੇ। ਪ੍ਰਾਈਵੇਟ ਹਸਪਤਾਲਾਂ ਨੇ ਇਸ ਮਹਾਂਮਾਰੀ ’ਚ ਖੂਬ ਚਾਂਦੀ ਕਮਾਈ ਹੈ ਤੇ ਅਰਬਾਂ ਰੁਪਏ ਆਮ ਲੋਕਾਂ ਦੀਆਂ ਜੇਬਾਂ ਵਿਚੋਂ ਕੱਢ ਕੇ ਆਪਣੇ ਖਾਤਿਆਂ ’ਚ ਪਾ ਲਏ ਹਨ। ਜਦੋਂ ਕਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਸਥਿਤੀ ਨਾਜ਼ੁਕ ਹੋਣ ਲੱਗਦੀ ਹੈ, ਉਸ ਸਮੇਂ ਬਹੁਤ ਸਾਰੇ ਨਿੱਜੀ ਹਸਪਤਾਲਾਂ ਦੇ ਮਾਲਕ ਵੱਡੇ ਵੱਡੇ ਜੰਦਰੇ ਮਾਰ ਕੇ ਭੱਜ ਜਾਂਦੇ ਹਨ। ਮਹਾਂਮਾਰੀਆਂ ਦਾ ਟਾਕਰਾ ਕਰਨ ਤੇ ਲੋਕਾਂ ਲਈ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਸਤੇ ਟੀ.ਵੀ. ਦੇ ਭਾਸ਼ਣ ਤੇ ਝੂਠੇ ਦਾਅਵੇ ਕੰਮ ਨਹੀਂ ਕਰਦੇ ਤੇ ਨਾ ਹੀ ਝੂਠਾ ਪ੍ਰਚਾਰ। ਇਹ ਸਹੂਲਤਾਂ ਬਿਪਤਾ ਮੌਕੇ ਰਾਤੋ ਰਾਤ ਪੈਦਾ ਵੀ ਨਹੀਂ ਕੀਤੀਆਂ ਜਾ ਸਕਦੀਆਂ। ਇਸ ਵਾਸਤੇ ਲੰਬੇ ਸਮੇਂ ਦੀ ਯੋਜਨਾਬੰਦੀ ਤੇ ਵਿੱਤੀ ਸਾਧਨਾਂ ਦਾ ਪ੍ਰਬੰਧ ਕਰਨਾ ਹੁੰਦਾ ਹੈ। ਸਾਲਾਨਾ ਬੱਜਟਾਂ ਅੰਦਰ ਸਿਹਤ ਸੇਵਾਵਾਂ ਉਪਰ ਸਿਰਫ ਇਕ ਪ੍ਰਤੀਸ਼ਤ ਖਰਚਾ ਤਾਂ ‘‘ਥਾਲੀਆਂ ਖੜਕਾਉਣ’’ ‘‘ਮੋਮ ਬੱਤੀਆਂ ਜਗਾਉਣ’’ ਤੇ ‘ਕਰੋਨਾ ਪੁਰਬ ਮਨਾਉਣ’ ਵਰਗੇ ਹਾਸੋ ਹੀਣੇ ਮਨਸੂਬਿਆਂ ਲਈ ਵੀ ਸ਼ਾਇਦ ਕਾਫ਼ੀ ਨਾ ਹੋਵੇ!
ਟੀ.ਵੀ. ਤੇ ਪਿ੍ਰੰਟ ਮੀਡੀਆ ਅੰਦਰ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਅ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਉਪਾਅ ਦੱਸੇ ਤੇ ਆਪਣੀਆਂ ਕਮਜ਼ੋਰੀਆਂ ਨੂੰ ਸਾਂਝਾ ਕਰਕੇ ਮਸੀਬਤਾਂ ’ਤੇ ਕਾਬੂ ਪਾਉਣ ਲਈ ਪ੍ਰਤੀਬੱਧਤਾ ਦਿਖਾਵੇ। ਤੇ ਨਾਲ ਹੀ ਵਿਰੋਧੀ ਧਿਰਾਂ ਨੂੰ ਨਿੰਦਣ ਲਈ ਨਵੇਂ ਨਵੇਂ ‘ਵਿਸ਼ੇਸ਼ਣ’ ਤੇ ‘ਟੋਟਕੇ’ ਲੱਭਣ ਦੀ ਥਾਂ ਸਾਂਝੀ ਕਾਰਵਾਈ ’ਚ ਸ਼ਾਮਿਲ ਕਰਨ ਲਈ ਪਹਿਲ ਕਦਮੀ ਕਰੇ, ਤਾਂ ਸਮਝਿਆ ਜਾ ਸਕਦਾ ਹੈ ਕਿ ਸਰਕਾਰ ਨੂੰ ਲੋਕਾਂ ਦੀਆਂ ਜਾਨਾਂ ਦੀ ਕੋਈ ਚਿੰਤਾ ਹੈ। ਪ੍ਰੰਤੂ ਇੱਥੇ ਤਾਂ ਸਭ ‘ਰਾਮ ਭਰੋਸੇ’ ਹੈ। ਸਰਕਾਰੀ ਸਿਹਤ ਸੇਵਾਵਾਂ ਨੂੰ ਹੋਰ ਕਾਰਗਰ ਬਣਾਉਣ ਲਈ, ਜਿਸਦਾ ਮੁੱਢਲਾ ਤਾਣਾ ਬਾਣਾ ਕਾਫੀ ਹੱਦ ਤੱਕ ਪਹਿਲਾਂ ਹੀ ਮੌਜੂਦ ਹੈ, ਕੇਂਦਰ ਤੇ ਸੂਬਾਈ ਸਰਕਾਰਾਂ ਨੇ ਕੁਝ ਨਹੀਂ ਕੀਤਾ।
ਚੰਗੀਆਂ ਸਿਹਤ ਸੇਵਾਵਾਂ ਲਈ ਕੇਂਦਰੀ ਸਰਕਾਰ ਨੂੰ ਢੁਕਵੇਂ ਮਾਲੀ ਸਾਧਨਾਂ ਦਾ ਇੰਤਜ਼ਾਮ ਕਰਨਾ ਹੋਵੇਗਾ ਤੇ ਸਿਹਤ ਸੇਵਾਵਾਂ ਦੇ ਨਿੱਜੀਕਰਨ ਦੀ ਥਾਂ ਇਨ੍ਹਾਂ ਨੂੰ ਸਰਕਾਰੀ ਕੰਟਰੋਲ ਤੇ ਸਰਕਾਰੀ ਜ਼ਿੰਮੇਵਾਰੀ ਹੇਠ ਚੁਸਤ ਦਰੁਸਤ ਕਰਨ ਦੀ ਜ਼ਰੂਰਤ ਹੈ। ਨਹੀਂ ਤਾਂ ਜਿਸ ਤਰ੍ਹਾਂ ਦੀ ਸਥਿਤੀ ਅੱਜ ਮੌਜੂਦ ਹੈ ਤੇ ਆਉਣ ਵਾਲੇ ਦਿਨਾਂ ਅੰਦਰ ਜਦੋਂ ਕਰੋਨਾ ਵਿਸਫੋਟ ਹੋਰ ਵਧੇਰੇ ਮਾਰੂ ਤੇ ਭਿਅੰਕਰ ਸ਼ਕਲ ਧਾਰਨ ਕਰ ਸਕਦਾ ਹੈ, ਤਦ ਉਸ ਸਮੇਂ ਸਾਡੇ ਲੋਕਾਂ ਦਾ ਕੀ ਹਾਲ ਹੋਵੇਗਾ, ਦਾ ਅੱਜ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ। ਜਨ ਸਧਾਰਣ ਦੀ ਪੀੜਾ ਨੂੰ ਸਮਝ ਕੇ ਹੱਲ ਕਰਨ ਦੀ ਥਾਂ ਕੰਨਾਂ ’ਚ ਕੌੜਾ ਤੇਲ ਪਾ ਕੇ ਸਾਰੀ ਸਥਿਤੀ ਨੂੰ ਅਣਗੌਲਿਆ ਕਰਨ ਦੀ ਕੀਮਤ ਕਿਸੇ ਨਾ ਕਿਸੇ ਸਮੇਂ ਹਾਕਮ ਧਿਰ ਨੂੰ ਜ਼ਰੂਰ ਅਦਾ ਕਰਨੀ ਪਵੇਗੀ। ਲੋਕਾਂ ਦੀ ‘ਚੁੱਪ ਰਹਿਣ ਤੇ ਸਹਿਣ’ ਦੀ ਵੀ ਕੋਈ ਸੀਮਾ ਹੁੰਦੀ ਹੈ, ਜਿਸ ਨੂੰ ਪਰਖਿਆ ਨਹੀਂ ਜਾਣਾ ਚਾਹੀਦਾ।
Thanks to JagBani