21 ਮਾਰਚ 2021 ਦਾ ਦਿਨ ਯਾਦਾਂ ਦੇ ਸੂਹੇ ਫਰੇਮ ਵਿੱਚ ਸਦੀਵੀਂ ਮੜ੍ਹਿਆ ਗਿਆ ਹੈ। ਤਿੰਨੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਔਰਤਾਂ ਦਾ ਟਰੈਕਟਰ ਮਾਰਚ ਅਡਾਨੀ ਦੀ ਖੁਸਕ ਬੰਦਰਗਾਹ ਕਿਲ੍ਹਾ ਰਾਏਪੁਰ ਤੋਂ ਰਵਾਨਾ ਹੋਣ ਤੋਂ ਪਹਿਲਾਂ ਦਾ ਦ੍ਰਿਸ਼ ਇਤਿਹਾਸ ਦਾ ਨਵਾਂ ਪੰਨਾ ਲਿਖ ਰਿਹਾ ਸੀ।ਵੱਖ ਵੱਖ ਪਿੰਡਾਂ ਤੋਂ ਔਰਤਾਂ ਟਰੈਕਟਰ ਲਿਆ ਕੇ ਬੰਦਰਗਾਹ ਦੇ ਸਾਹਮਣੇ ਕਤਾਰ ਵਿੱਚ ਖੜਾਅ ਰਹੀਆਂ ਸਨ ਜਿਵੇਂ ਕਾਰਪੋਰੇਟ ਘਰਾਣਿਆਂ ਅਤੇ ਕੇਂਦਰੀ ਸਰਕਾਰ ਨੂੰ ਸਿੱਧਾ ਵੰਗਾਰ ਰਹੀਆਂ ਹੋਣ ਕਿ ਉਹ ਕਿਰਤੀਆਂ, ਕਿਸਾਨਾਂ ਅਤੇ ਲੋਕਾਂ ਦਾ ਉਜਾੜਾ ਨਹੀਂ ਹੋਣ ਦੇਣਗੀਆਂ। ਆਸ-ਪਾਸ ਕਣਕਾਂ ਦੇ ਖੇਤ ਸਿਰ ਹਿਲਾ ਕੇ ਇਕਜੁੱਟਤਾ ਦਾ ਹੁੰਗਾਰਾ ਭਰ ਰਹੇ ਸਨ। ਪਕੌੜਿਆਂ ਨਾਲ ਚਾਹ ਪੀਣ ਦੇ ਨਾਲ-ਨਾਲ ਕੇਂਦਰ ਸਰਕਾਰ ਦੀ ਢੀਠਤਾਈ, ਬਦਜੁਬਾਨੀ, ਕਾਲੀ ਸਿਆਸਤ ਦੀਆਂ ਅਨੇਕਾਂ ਅਵਾਜਾਂ ਹਰ ਹਾਲਤ ਹੱਕਾਂ ਲਈ ਲੜਨ ਦੇ ਅਹਿਦ ਵਿੱਚ ਤਬਦੀਲ ਹੋ ਰਹੀਆਂ ਸਨ। ਹਰ ਸਖਸ ਮਾਰਚ ਦੇ ਪ੍ਰਬੰਧਾਂ ਵਿੱਚ ਮਸਰੂਫ ਸੀ। ਲੋਕਾਈ ਦੀ ਪਾਲ ‘ਚ ਖਲੋਣ ਵਾਲਾ ਪੱਤਰਕਾਰ ‘ਸੰਗਰਾਮ ਟੀਵੀ’ ਲਈ ਬੀਬੀਆਂ ਦੀ ਇੰਟਰਵਿਊ ਕਰ ਰਿਹਾ ਸੀ। ਤੇ ਉਹ ਅੱਗੇ ਹੋ ਹੋ ਦੱਸ ਰਹੀਆਂ ਸਨ ਕਿ ਉਨ੍ਹਾਂ ਚੌਦਾਂ ਮਾਰਚ ਨੂੰ ਕਿਲ੍ਹਾ ਰਾਏਪੁਰ ਦੀ ਵਿਸ਼ਾਲ ਮੰਡੀ ਵਿੱਚ ਟਰੈਕਟਰ ਚਲਾਉਣ ਦੀ ਸਮੂਹਕ ਸਿਖਲਾਈ ਲਈ ਸੀ। ਲਹਿਰੇ ਦੀ ਪੰਦਰਾਂ ਸਾਲ ਦੀ ਗੁਰਨੂਰ ਅਤੇ ਘੁੰਗਰਾਣੇ ਦੀ ਕਿਰਨਵੀਰ ਅਤੇ ਕਿਸਾਨ ਭਰਾਵਾਂ ਨੇ ਇਸ ਤਰ੍ਹਾਂ ਸਿਖਲਾਈ ਦਿੱਤੀ ਜਿਵੇਂ ਤਬਦੀਲੀ ਦਾ ਹਰਾਵਲ ਦਸਤਾ ਤਿਆਰ ਹੋ ਰਿਹਾ ਹੋਵੇ। ਉਨ੍ਹਾਂ 9 ਮਾਰਚ ਤੋਂ 20 ਮਾਰਚ ਤਕ ਆਪੋ-ਆਪਣੇ ਪਿੰਡਾਂ ਦੇ ਮੈਦਾਨ ਤੇ ਫਿਰਨੀਆਂ ਗਾਹ ਦਿੱਤੀਆਂ। ਮੁੱਖ ਮਹਿਮਾਨ ਡਾ ਇੰਦਰਜੀਤ ਕੌਰ ਕਲਸੀ ਸਾਬਕਾ ਪ੍ਰਿੰਸੀਪਲ ਰਾਮਗੜ੍ਹੀਆ ਗਰਲਜ ਕਾਲਜ ਲੁਧਿਆਣਾ ਹਰੀਆਂ ਚੁੰਨੀਆਂ ਪਹਿਨਾ ਕੇ ਟਰੈਕਟਰਾਂ ਤੇ ਬੈਠੀਆਂ ਚਾਲਕਾਂ ਅਤੇ ਔਰਤਾਂ ਦਾ ਸਨਮਾਨ ਕਰ ਰਹੇ ਸਨ। ਜੜਤੌਲੀ ਤੋਂ ਪਰਮਜੀਤ ਕੌਰ ਤੇ ਕਿਰਨਵੀਰ ਕੌਰ, ਘੁੰਗਰਾਣੇ ਤੋਂ ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਸਵਨੀਤ ਕੌਰ, ਕਰਮਜੀਤ ਕੌਰ ਤੇ ਗੁਰਨੂਰ ਕੌਰ ਸ਼ਾਹ ਨਾਲ ਟਰੈਕਟਰਾਂ ਤੇ ਪੈਰ ਧਰ ਰਹੀਆਂ ਸਨ ਕਿਲ੍ਹਾ ਰਾਏਪੁਰ ਦੀਆਂ ਡਾ ਗਗਨਦੀਪ ਕੌਰ ਲਕਸ਼ਮੀ ਵਰਮਾ ਤੇ ਨਾਰੰਗਵਾਲ ਤੋਂ ਕਰਮਜੀਤ ਕੌਰ, ਸੁਖਵਿੰਦਰ ਕੌਰ ਤੇ ਅਰਸ਼ਦੀਪ ਕੌਰ ਅਤੇ ਰਤਨਾ ਪਿੰਡ ਤੋਂ ਡਾ. ਕਮਲ ਤੇ ਉਨ੍ਹਾਂ ਦੀ ਬਾਰਾਂ ਸਾਲਾ ਬੇਟੀ ਤਰਨਵੀਰ ਕੌਰ ਕਿਹੜਾ ਕਿਸੇ ਤੋਂ ਘੱਟ ਸਨ! ਹਰੀਆਂ ਚੁੰਨੀਆਂ ਸੁਆਰਦੀਆਂ ਸਭ ਔਰਤਾਂ-ਕੁੜੀਆਂ ਬੈਠ ਰਹੀਆਂ ਸਨ। ਸਿਰਫ ਚਾਰਦੀਵਾਰੀ ਵਾਲੀਆਂ ਤੇ ਚੁੱਲ੍ਹੇ ਚੌਂਕੇ ਵਾਲੀਆਂ ਔਰਤਾਂ ਦਾ ਸਮਾਜਿਕ ਬਿੰਬ ਟੁੱਟ ਰਿਹਾ ਸੀ। ‘ਅਸੀਂ ਇਨਕਲਾਬ ਹਾਂ’ ਵਾਲਾ ਰੰਗੀਨ ਪੋਸਟਰ ਪ੍ਰੋ. ਪਰਮਜੀਤ ਕੌਰ ਨੇ ਮੱਡਗਾਰਡ ਤੇ ਬੈਠੀ ਜਨਵਾਦੀ ਇਸਤਰੀ ਸਭਾ ਪੰਜਾਬ ਲੁਧਿਆਣਾ ਦੀ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ ਨੂੰ ਫੜਾਇਆ ਤੇ ਚਾਲਕ ਸੀਟ ‘ਤੇ ਬੈਠੀ ਤਾਂ ਚਿਹਰੇ ਦਾ ਜਲਾਲ ਦੇਖਣ ਵਾਲਾ ਸੀ। ਜਨਵਾਦੀ ਇਸਤਰੀ ਸਭਾ, ਜਮਹੂਰੀ ਕਿਸਾਨ ਸਭਾ ਅਤੇ ਹੋਰ ਸਭਾਵਾਂ ਦੇ ਰੰਗ ਬਰੰਗੇ ਝੰਡਿਆਂ ਦੀ ਫਰ-ਫਰ ਕਾਰਪੋਰੇਟਾਂ ਨੂੰ ਸਖਤ ਸੁਨੇਹਾ ਭੇਜ ਰਹੀ ਸੀ। ਸੱਭ ਤੋਂ ਅੱਗੇ ਕੁੜੀਆਂ ਦੇ ਸਕੂਟਰ, ਕਾਰਾਂ, ਸਪੀਕਰ ਵਾਲੀ ਕਾਰ, ਇਸ ਤੋਂ ਪਿੱਛੇ ਟਰੈਕਟਰਾਂ ਦੀ ਲੰਮੀ ਲਾਈਨ ਤੇ ਅਖੀਰ ਤੇ ਪੁਰਸਾਂ ਦੇ ਵਾਹਨ। ਡਾ.ਇੰਦਰਜੀਤ ਕੌਰ ਕਲਸੀ ਹਰੀ ਝੰਡੀ ਲਹਿਰਾ ਰਹੇ ਸਨ। ਟਰੈਕਟਰਾਂ ਤੇ ਨਾਹਰਿਆਂ ਦੀ ਗੂੰਜ ਸੁੱਤੇ ਵਾਤਾਵਰਨ ਨੂੰ ਜਗਾ ਰਹੀ ਸੀ। ਸੱਭ ਤੋਂ ਪਹਿਲੇ ਟਰੈਕਟਰ ਦੀ ਚਾਲਕ ਸੀਟ ‘ਤੇ ਬੈਠੀ ਬੀਬੀ ਅਤੇ ਨਾਲ ਹੀ ਬੈਠੀ ਉਸ ਦੀ ਛੋਟੀ ਭੈਣ ਨੇ ਦੱਸਿਆ, ”ਸਾਡਾ ਵਿਹੜਾ ਬੜਾ ਖੁੱਲ੍ਹਾ-ਡੁੱਲ੍ਹਾ ਸੀ। ਸਾਡੇ ਬੀਬੀ ਜੀ 10 ਕੁ ਵਜੇ ਖੂਹ ਤੇ ਚਾਹ ਲੈ ਕੇ ਜਾਂਦੇ। ਮੈਂ ਤੇ ਛੋਟੀ ਵਾਰੀ-2 ਫੋਰਡ ਟਰੈਕਟਰ ਵਿਹੜੇ ਵਿੱਚ ਚਲਾ ਕੇ ਸਿੱਖਦੀਆਂ। ਇੱਕ ਵਾਰ ਕੰਧ ਵਿੱਚ ਵੱਜਣ ਤੋਂ ਐਨ ਪਹਿਲਾਂ ਬ੍ਰੇਕ ਲੱਗ ਗਈ ਤੇ ਅਸੀਂ ਚੋਰੀ-2 ਟਰੈਕਟਰ ਚਲਾਉਣ ਅਤੇ ਜੁੱਤੀਆਂ ਖਾਣ ਤੋਂ ਦੋਵੇਂ ਬਚ ਗਈਆਂ। ਅੱਜ ਫਿਰ ਅਸੀਂ ਦੋਵੇਂ ਇੱਕ ਯਾਦਗਾਰੀ ਇਤਿਹਾਸਕ ਰੈਲੀ ਵਿੱਚ ਹਾਂ। ਅਸੀਂ ਪਹਿਲੀ ਵਾਰ ਟਰੈਕਟਰ ‘ਤੇ ਨਹੀਂ ਬੈਠੀਆਂ।” ਮਾਰਚ ਡੇਹਲੋਂ ਬਜਾਰ ਵਿੱਚੋਂ ਹੁੰਦਾ ਹੋਇਆ ਰੰਗੀਆਂ, ਘੁੰਗਰਾਣਾ, ਜੜਤੌਲੀ, ਕਿਲ੍ਹਾ ਰਾਏਪੁਰ ਵਿਚੋਂ, ਹਜਾਰਾਂ ਲੋਕਾਂ ਦੇ ਕੈਮਰਿਆਂ ਵਿਚ ਕੈਦ ਹੁੰਦਾ, ਅਲੋਕਾਰ ਦ੍ਰਿਸ਼ ਸਿਰਜਦਾ, ਅਡਾਨੀਆਂ-ਅੰਬਾਨੀਆਂ ਤੇ ਕੇਂਦਰ ਦੀ ਬੀਜੇਪੀ ਦੀ ਸਰਕਾਰ ਵਿਰੁੱਧ ਰੋਹ ਵੰਡਦਾ, ਏਕਤਾ ਅਤੇ ਸੰਘਰਸ ਦਾ ਹੋਕਾ ਦਿੰਦਾ ਅਡਾਨੀ ਖੁਸਕ ਬੰਦਰਗਾਹ ਅੱਗੇ ਲੱਗੇ ਪੱਕੇ ਮੋਰਚੇ ਪੰਹੁਚ ਚੁੱਕਿਆ ਸੀ। ਪੱਕੇ ਮੋਰਚੇ ਵਿਚ ਹਰ ਰੋਜ ਇਕੱਠੇ ਹੁੰਦੇ ਆਸ ਪਾਸ ਦੇ ਪਿੰਡਾਂ ਦੇ ਸਾਡੇ ਭਰਾ ਜਿਨ੍ਹਾਂ ਆਪਣੀ ਪਤਨੀ, ਭੈਣਾਂ, ਬੇਟੀਆਂ, ਨੂੰਹਾਂ ਨੂੰ ਹੱਲਾਸ਼ੇਰੀ ਦੇ ਕੇ ਟਰੈਕਟਰ ਸਿਖਾਇਆ, ਟਰੈਕਟਰ ਧੋ ਸੰਵਾਰ ਲਿਸ਼ਕਾ ਕੇ, ਡੀਜ਼ਲ ਪੁਆ ਕੇ ਆਪਣੀ ਜਾਨ ਤੋਂ ਪਿਆਰੀ ਲੱਖਾਂ ਦੀ ਮਸ਼ੀਨਰੀ ਇਕ ਵਿਸ਼ਵਾਸ ਨਾਲ ਸਾਡੇ ਹੱਥਾਂ ਵਿਚ ਦਿੱਤੀ। ਮਾਰਚ ਦਾ ਰੂਟ ਤੈਅ ਕੀਤਾ, ਮੋੜਾਂ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ, ਵੀਡੀਓ ਕਲਾਕਾਰੀ ਤੇ ਫੋਟੋਗ੍ਰਾਫੀ ਕੀਤੀ, ਉਨ੍ਹਾਂ ਤੋਂ ਵੀ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਹਰ ਚਿਹਰਾ ਦੱਗ ਉੱਠਿਆ। ਅਡਾਨੀਆਂ, ਅੰਬਾਨੀਆਂ ਤੇ ਬੀ ਜੇ ਪੀ ਦਾ ਸਾਮਰਾਜ ਤੇ ਵੰਡ ਪਾਊ ਨੀਤੀਆਂ ਢਹਿ ਢੇਰੀ ਕਰਨ ਦਾ ਵਿਸ਼ਵਾਸ ‘ਹਮ ਹੋਂਗੇ ਕਾਮਯਾਬ’ ਵੱਲ ਵਧ ਰਿਹਾ ਸੀ। ਅਸੀਂ ਔਰਤਾਂ ਤੇ ਮਰਦ ਨਹੀਂ ਸਾਂ ਅਸੀਂ ਸਭ ਅੰਦੋਲਨਕਾਰੀ ਸਾਂ। ਅੰਦੋਲਨ ਦੀ ਵਾਗਡੋਰ ਤੇ ਟਰੈਕਟਰ ਦਾ ਸਟੇਅਰਿੰਗ ਆਪਣੇ ਹੱਥਾਂ ਵਿੱਚ ਲੈ ਕੇ ਸਾਨੂੰ ਮਹਿਸੂਸ ਹੋਇਆ ਕਿ ‘ਅਸੀਂ ਇਨਕਲਾਬ ਹਾਂ।’
- ਪ੍ਰੋ ਸੁਰਿੰਦਰ ਗਿੱਲ ਜੈਪਾਲ
