ਅਟਾਰੀ : ਕੁਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਬਿਜਲੀ ਘਰ ਅਟਾਰੀ ਵਿਖੇ ਕਿਸਾਨਾਂ ਵਲੋਂ ਧਰਨਾ ਦਿੱਤਾ ਗਿਆ| ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਅਨਾਜ ਮੰਡੀਆਂ ‘ਚ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਤੇ ਹਰ ਸਾਲ ਝੋਨੇ ਦੀ ਖਰੀਦ 15 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ| ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਮੰਗ ਕੀਤੀ ਕਿ ਖਰੀਦ ਏਜੰਸੀਆਂ ਵੱਲੋਂ ਮੋਸਚਰ ਮੀਟਰ ਦੀ ਰੀਡਿੰਗ ਠੀਕ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਖਰੀਦ ਤੋਂ ਬਾਅਦ ਕਿਸਾਨ ਨੂੰ ‘ਜੇ’ ਫਾਰਮ ਲਾਜ਼ਮੀ ਦਿੱਤਾ ਜਾਵੇ | ਉਨ੍ਹਾਂ ਮੰਗ ਕੀਤੀ ਕਿ ਮੰਡੀ ਦੇ ਅਧਿਕਾਰੀ ਕੋਲ ਖਲੋ ਕੇ ਖਰੀਦ ਏਜੰਸੀਆਂ ਕੋਲੋਂ ਖੁੱਲ੍ਹੀ ਬੋਲੀ ਕਰਵਾਉਣ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ | ਇਸ ਮੌਕੇ ਕਿਸਾਨ ਆਗੂਆਂ ਨੇ ਮਾਰਚ ਕਰਦਿਆਂ ਮਾਰਕੀਟ ਕਮੇਟੀ ਅਟਾਰੀ ਦੇ ਸਕੱਤਰ ਨੂੰ ਮੰਗ ਪੱਤਰ ਭੇਟ ਕੀਤਾ | ਇਸ ਮੌਕੇ ਮਾਨ ਸਿੰਘ ਮੁਹਾਵਾ, ਬਲਵਿੰਦਰ ਸਿੰਘ ਝਬਾਲ, ਬੂਟਾ ਸਿੰਘ ਮੋਦੇ ਆਦਿ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ|