ਪਠਾਨਕੋਟ : ਦਿਹਾਤੀ ਮਜ਼ਦੂਰ ਸਭਾ ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ ਦੇ ਇਤਿਹਾਸਕ ਪਿੰਡ ਗੱਗੋਮਾਹਲ ਜ਼ਿਲ੍ਹਾ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਜੱਥਾ ਮਾਰਚ ਅੱਜ ਜ਼ਿਲ੍ਹਾ ਪਠਾਨਕੋਟ ਅੰਦਰ ਪੁੱਜਿਆ। ਇਹ ਮਾਰਚ ਇਕ ਵੱਡੇ ਕਾਫਲੇ ਦੇ ਰੂਪ ਵਿੱਚ ਪਿੰਡ ਪਰਮਾਨੰਦ ਤੋਂ ਸ਼ੁਰੂ ਕਰਕੇ ਪਿੰਡ ਡੱਲਾ ਬਲੀਰਾ, ਸ਼ਾਦੀਪੁਰ, ਤਾਰਾਗੜ੍ਹ ਦੇ ਬਾਜ਼ਾਰਾਂ, ਕਥਲੋਰ, ਸਹੋਤਾ, ਭੋਆ, ਕੋਟਲੀ ਤੋਂ ਹੁੰਦਾ ਹੋਇਆ ਪਿੰਡ ਨਰੋਟ ਮਹਿਰਾ ਵਿੱਚ ਪੁੱਜਿਆ। ਇਨ੍ਹਾਂ ਪਿੰਡ ਵਿੱਚ ਜੱਥੇ ਦਾ ਸਵਾਗਤ ਕੀਤਾ ਗਿਆ। ਇਨ੍ਹਾਂ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਜੱਥੇਬੰਦੀ ਦੇ ਸੂਬਾਈ ਪ੍ਰਧਾਨ ਤੇ ਸੂਬਾ ਸਕੱਤਰ ਕ੍ਰਮਵਾਰ ਦਰਸ਼ਨ ਨਾਹਰ ਤੇ ਗੁਰਨਾਮ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂਆਂ ਕਾਮਰੇਡ ਲਾਲ ਚੰਦ ਕਟਾਰੂਚੱਕ, ਮਾਸਟਰ ਹਜਾਰੀ ਲਾਲ ਤੇ ਅਜੀਤ ਰਾਜ ਨੇ ਸੰਬੋਧਨ ਕੀਤਾ। ਸਮੂਹ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਵਿੱਚ ਮੋਦੀ ਦੀ ਅਗਵਾਈ ਵਾਲੀ ਸਰਕਾਰ ਮਨੂਵਾਦੀ ਵਿਚਾਰਧਾਰਾ ਨੂੰ ਦੁਬਾਰਾ ਲਾਗੂ ਕਰਨਾ ਚਾਹੁੰਦੀ ਹੈ ਜਿਸ ਦਾ ਦਲਿਤਾਂ, ਕਿਰਤੀਆਂ ਅਤੇ ਨਰੋਈ ਸੋਚ ਰੱਖਣ ਵਾਲੇ ਲੋਕਾਂ ਵੱਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਅਤੇ ਕੈਪਟਨ ਸਰਕਾਰ ਵੱਲੋਂ ਜਾਰੀ ਨਿਜੀਕਰਨ ਦੀ ਨੀਤੀ ਦੇ ਮਾਰੇ ਗਰੀਬ ਲੋਕਾਂ ਕੋਲੋਂ ਵਿਦਿਆ ਅਤੇ ਇਲਾਜ ਖੋਹ ਲਏ ਗਏ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਵੇਲੇ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰੇ ਨਹੀਂ ਤਾਂ 6-7-8 ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਰਾਤ ਦਿਨ ਦੇ ਧਰਨੇ ਮਾਰੇ ਜਾਣਗੇ। ਇਸ ਮੌਕੇ ਦੇਵਰਾਜ, ਡਾ. ਪਰਵੀਨ ਕੁਮਾਰ, ਡਾ. ਸੋਮਰਾਜ, ਡਿੰਪਲ ਕੁਮਾਰੀ, ਸ਼ੋਭਾ ਰਾਣੀ, ਰਾਜ ਕੁਮਾਰ, ਸੁਨੀਲ ਕੁਮਾਰ ਮੌਜੂਦ ਸਨ।
ਦਿਹਾਤੀ ਮਜ਼ਦੂਰ ਸਭਾ ਦੇ ਜਥਾ ਮਾਰਚ ਦਾ ਵੱਖ-ਵੱਖ ਥਾਵਾਂ ’ਤੇ ਸਵਾਗਤ