Now Reading
ਬਲਾਤਕਾਰੀਆਂ ਵਿਰੁੱਧ ਜਨਤਕ ਰੋਹ ਪ੍ਰਚੰਡ ਕਰੋ : 25-26 ਅਪ੍ਰੈਲ ਨੂੰ ਵਿਸ਼ਾਲ ਲਾਮਬੰਦੀ ਦਾ ਸੱਦਾ

ਬਲਾਤਕਾਰੀਆਂ ਵਿਰੁੱਧ ਜਨਤਕ ਰੋਹ ਪ੍ਰਚੰਡ ਕਰੋ : 25-26 ਅਪ੍ਰੈਲ ਨੂੰ ਵਿਸ਼ਾਲ ਲਾਮਬੰਦੀ ਦਾ ਸੱਦਾ

ਜਲੰਧਰ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਅੱਜ ਇੱਥੋਂ ਜਾਰੀ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਪਾਰਟੀ ਦੀਆਂ ਸਮੂਹ ਸਫ਼ਾਂ ਅਤੇ ਇਨਸਾਫ ਪਸੰਦ, ਅਗਾਂਹਵਧੂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਅੰਦਰ ਵੱਧ ਰਹੇ ਬਲਾਤਕਾਰ, ਵਿਸ਼ੇਸ਼ ਤੌਰ ‘ਤੇ ਬਾਲੜੀਆਂ ਨਾਲ ਕੀਤੇ ਜਾ ਰਹੇ ਕੁਕਰਮਾਂ ਵਿਰੁੱਧ ਵਿਸ਼ਾਲ ਜਨਤਕ ਰੋਹ ਪ੍ਰਚੰਡ ਕੀਤਾ ਜਾਵੇ। ਇਸ ਮੰਤਵ ਲਈ 25 ਅਤੇ 26 ਅਪ੍ਰੈਲ ਨੂੰ ਹਰ ਪਿੰਡ, ਕਸਬੇ,  ਮੁਹੱਲੇ/ਸ਼ਹਿਰ ਵਿਚ ਰੋਹ ਭਰਪੂਰ ਮੁਜ਼ਾਹਰੇ ਕਰਕੇ ਬਲਾਤਕਾਰੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਜਾਵੇ। ਆਰ.ਐਮ.ਪੀ.ਆਈ. ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਨਿਘਾਰਗ੍ਰਸਤ ਪੂੰਜੀਵਾਦੀ ਸੱਭਿਆਚਾਰ ਨੂੰ ਚੜ੍ਹੀ ਮਨੂੰਵਾਦੀ ਪੁੱਠ ਕਾਰਨ ਦੇਸ਼ ਭਰ ਵਿਚ ਔਰਤਾਂ ਉਪਰ ਅੱਤਿਆਚਾਰ ਤੇਜ਼ੀ ਨਾਲ ਵੱਧੇ ਹਨ। ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਹਾਕਮ ਪਾਰਟੀਆਂ ਦੇ ਆਗੂ ਅਜਿਹੇ ਗੁੰਡੇ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੀ ਥਾਂ ਬਹੁਤੀ ਵਾਰ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੇ ਨਜ਼ਰ ਆਉਂਦੇ ਹਨ। ਜਿਸ ਨਾਲ ਔਰਤਾਂ ਵਿਸ਼ੇਸ਼ ਕਰਕੇ ਗਰੀਬਾਂ, ਘੱਟ ਗਿਣਤੀਆਂ ਅਤੇ ਦਲਿਤਾਂ ਦੀਆਂ ਬੱਚੀਆਂ ਨਾਲ ਹੁੰਦੇ ਕੁਕਰਮਾਂ ਦੀ ਗਿਣਤੀ ਨਿਰੰਤਰ ਵੱਧਦੀ ਜਾ ਰਹੀ ਹੈ।
ਪਾਰਟੀ ਆਗੂਆਂ ਨੇ ਕਿਹਾ ਕਿ ਇਹ ਸਮੇਂ ਦੀ ਮੰਗ ਹੈ ਕਿ ਇਸ ਵਹਿਸ਼ੀ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਸਮੁੱਚੇ ਸਮਾਜ ਦੀ ਮਾਨਸਿਕਤਾ ਉਚਿਆਉਣ ਅਤੇ ਲੋਕ ਰੋਹ ਪ੍ਰਚੰਡ ਕਰਨ ਲਈ ਹਰ ਪ੍ਰਕਾਰ ਦੇ ਉਪਰਾਲੇ ਕੀਤੇ ਜਾਣ। ਇਸ ਮੁਹਿੰਮ ਨੂੰ ਵਿਸ਼ਾਲ ਤੋਂ ਵਿਸ਼ਾਲ ਕਰਨ ਲਈ ਸਮੂਹ ਇਨਸਾਫ ਪਸੰਦ, ਅਗਾਂਹਵਧੂ ਤੇ ਸੰਘਰਸ਼ਸ਼ੀਲ ਲੋਕਾਂ ‘ਤੇ ਜਥੇਬੰਦੀਆਂ ਦੀ ਸ਼ਮੂਲੀਅਤ ਯਕੀਨੀ ਬਨਾਉਣ ਲਈ ਵੀ ਸਿਰਤੋੜ ਯਤਨ ਕੀਤੇ ਜਾਣਗੇ।

Scroll To Top