ਚੋਹਲਾ ਸਾਹਿਬ – ਪੱਟੀ ਇਲਾਕੇ ਦੇ ਪਿੰਡ ਠੱਕਰਪੁਰਾ ਦੇ ਅਕਾਲੀ ਸਰਪੰਚ ਦਿਲਬਾਗ ਸਿੰਘ ਖ਼ਿਲਾਫ਼ ਥਾਣਾ ਚੋਹਲਾ ਸਾਹਿਬ ਦੀ ਪੁਲੀਸ ਵੱਲੋਂ ਕਥਿਤ ਤੌਰ ’ਤੇ ਤਿੰਨ ਕਿਲੋ ਤੋਂ ਜ਼ਿਆਦਾ ਅਫੀਮ ਬਰਾਮਦ ਕੀਤੇ ਜਾਣ ਦਾ ਕੇਸ ਦਰਜ ਕਰਨ ਅਤੇ ਹੋਰ ਪੁਲੀਸ ਜ਼ਿਆਦਤੀਆਂ ਖ਼ਿਲਾਫ਼ ਜਮਹੂਰੀ ਕਿਸਾਨ ਸਭਾ ਵੱਲੋਂ ਅੱਜ ਥਾਣੇ ਸਾਹਮਣੇ ਦਿਨ ਭਰ ਧਰਨਾ ਦੇ ਕੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ|
ਪੁਲੀਸ ਖ਼ਿਲਾਫ਼ ਸ਼ੁਰੂ ਕੀਤੇ ਗਏ ਇਸ ਅੰਦੋਲਨ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਨਿਰਪਾਲ ਸਿੰਘ ਜੌਨੇਕੇ, ਜਨਵਾਦੀ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਠੱਕਰਪੁਰਾ ਅਤੇ ਅੰਗਹੀਣ ਭਲਾਈ ਯੂਨੀਅਨ ਦੇ ਆਗੂ ਨਿਰਮਲ ਸਿੰਘ ਨੇ ਕੀਤੀ| ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਦਿਆਲਪੁਰਾ, ਹਰਭਜਨ ਸਿੰਘ ਚੁਸਲੇਵੜ, ਰੇਸ਼ਮ ਸਿੰਘ ਫੈਲੋਕੇ, ਬਲਵੰਤ ਸਿੰਘ ਜੌਨੇਕੇ, ਧਰਮ ਸਿੰਘ ਪੱਟੀ ਆਦਿ ਨੇ ਸੰਬੋਧਨ ਕਰਦੇ ਹੋਏ ਪੁਲੀਸ ਦੇ ਉਸ ਦਾਅਵੇ ਨੂੰ ਕੋਰਾ ਝੂਠ ਦੱਸਿਆ ਜਿਸ ਵਿੱਚ ਥਾਣਾ ਚੋਹਲਾ ਸਾਹਿਬ ਦੀ ਪੁਲੀਸ ਸਰਪੰਚ ਦਿਲਬਾਗ ਸਿੰਘ ਨੂੰ ਚੋਹਲਾ ਸਾਹਿਬ ਇਲਾਕੇ ਅੰਦਰੋਂ ਕਾਬੂ ਕਰਕੇ ਉਸ ਕੋਲੋਂ ਇਹ ਅਫੀਮ ਬਰਾਮਦ ਕੀਤੇ ਜਾਣਾ ਦੱਸਦੀ ਹੈ|
ਉਨ੍ਹਾਂ ਕਿਹਾ ਕਿ ਇਸ ਸਬੰਧੀ ਜਥੇਬੰਦੀ ਕੋਲ ਅਨੇਕਾਂ ਘਰਾਂ ਦੀਆਂ ਸੀਸੀਟੀਵੀ ਕੈਮਰਿਆਂ ਦੀਆਂ ਫੋਟੋਆਂ ਮੌਜੂਦ ਹਨ ਜਿਨ੍ਹਾਂ ਅਨੁਸਾਰ ਚੋਹਲਾ ਸਾਹਿਬ ਦੀ ਪੁਲੀਸ ਸਰਪੰਚ ਦਿਲਬਾਗ ਸਿੰਘ ਨੂੰ ਘਰੋਂ ਕਾਬੂ ਕਰਕੇ ਆਪਣੇ ਨਾਲ ਲੈ ਕੇ ਜਾ ਰਹੀ ਦਿਖਾਈ ਦਿੰਦੀ ਹੈ| ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਨੇ ਨਾ ਸਿਰਫ ਸਰਪੰਚ ਦੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਹੀ ਕਥਿਤ ਤੌਰ ’ਤੇ ਨਸ਼ਟ ਕਰ ਦਿੱਤਾ ਬਲਕਿ ਪੁਲੀਸ ਨੇ ਘਰ ਦੇ ਹੋਰ ਸਾਮਾਨ ਦਾ ਵੀ ਨੁਕਸਾਨ ਕੀਤਾ| ਜਥੇਬੰਦੀ ਨੇ ਮਾਮਲੇ ਦੀ ਮੁੜ ਤੋਂ ਜਾਂਚ ਕਰਵਾ ਕੇ ਸਰਪੰਚ ਖ਼ਿਲਾਫ਼ ਕਥਿਤ ਝੂਠਾ ਮਾਮਲਾ ਰੱਦ ਨਾ ਕੀਤੇ ਜਾਣ ਤੱਕ ਆਪਣਾ ਅੰਦੋਲਨ ਜਾਰੀ ਰੱਖੇ ਜਾਣ ਦੀ ਚਿਤਾਵਨੀ ਦਿੱਤੀ ਹੈ| ਜਥੇਬੰਦੀ ਦੇ 31 ਮੈਂਬਰੀ ਜਥੇ ਨੇ ਅੱਜ ਥਾਣਾ ਸਾਹਮਣੇ ਲੜੀਵਾਰ ਭੁੱਖ ਹੜਤਾਲ ਦੀ ਵੀ ਸ਼ੁਰੂਆਤ ਕੀਤੀ ਹੈ।