
ਫਿਲੌਰ- ਦਿਹਾਤੀ ਮਜ਼ਦੂਰ ਸਭਾ ਵੱਲੋਂ ਅੱਜ ਬਲਾਕ ਦਫ਼ਤਰ ਰੁੜਕਾ ਕਲਾਂ ਅੱਗੇ ਧਰਨਾ ਦੇਣ ਉਪਰੰਤ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ ਕਿਹਾ ਮਜ਼ਦੂਰਾਂ ਨੂੰ ਮਨਰੇਗਾ ਤਹਿਤ ਕੰਮ ਨਹੀਂ ਦਿੱਤਾ ਜਾ ਰਿਹਾ ਅਤੇ ਉਨ੍ਹਾਂ ਦੇ ਬੰਦ ਕੀਤੇ ਲਾਭ ਪਾਤਰੀ ਕਾਰਡ ਤੁਰੰਤ ਬਹਾਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮਨਰੇਗਾ ਦੀ ਬਕਾਇਆ ਰਾਸ਼ੀ ਵੀ ਦਿੱਤੀ ਜਾਵੇ। ਪੰਜ ਪੰਜ ਮਰਲੇ ਦੇ ਪਲਾਟਾਂ ਸਬੰਧੀ ਅੱਜ ਇਕੱਠੀਆਂ ਹੋਈਆ ਅਰਜ਼ੀਆਂ ਵੀ ਵਿਭਾਗ ਪਾਸ ਜਮ੍ਹਾ ਕਰਵਾਈਆਂ ਗਈਆਂ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਘਰ ਬਣਾਉਣ ਵਾਸਤੇ ਵੀ ਢੁਕਵੀਂ ਗਰਾਂਟ ਦਿੱਤੀ ਜਾਵੇ। ਅਤੇ, ਸ਼ਾਮਲਾਟਾਂ ‘ਤੇ ਲੰਬੇ ਸਮੇਂ ਤੋਂ ਕਾਬਜ਼ਕਾਰੀਆਂ ਨੂੰ ਮਾਲਕੀ ਹੱਕ ਦਿੱਤੇ ਜਾਣ ਤਾਂ ਜੋ ਉਹ ਆਪਣੇ ਜੀਵਨ ਦਾ ਨਿਰਭਾਅ ਕਰ ਸਕਣ। ਧਰਨੇ ਨੂੰ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਤਹਿਸੀਲ ਸਕੱਤਰ ਮੇਜਰ ਫਿਲੌਰ ਬਨਾਰਸੀ ਦਾਸ ਘੁੜਕਾ, ਅਮਿੱਤ ਨੰਗਲ, ਤਰਸੇਮ ਰੁੜਕਾ , ਜੀਤਾ ਰੁੜਕੀ ਪਿਆਰੀ ਅਤੇ ਰਣਜੀਤ ਕੌਰ ਰੁੜਕਾ ਨੇ ਵੀ ਸੰਬੋਧਨ ਕੀਤਾ। ਅੰਤ ‘ਚ ਬੀਡੀਪੀਓ ਰੁੜਕਾ ਕਲਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।