Now Reading
100 ਸਾਲ ਦੇ ਕਮਿਊਨਿਸਟ ਇਤਿਹਾਸ ਤੋਂ ਸਬਕ ਲੈ ਕੇ ਪਾਰਟੀ ਨੇ ਬਣਾਇਆ ਪ੍ਰੋਗਰਾਮ: ਪਾਸਲਾ

100 ਸਾਲ ਦੇ ਕਮਿਊਨਿਸਟ ਇਤਿਹਾਸ ਤੋਂ ਸਬਕ ਲੈ ਕੇ ਪਾਰਟੀ ਨੇ ਬਣਾਇਆ ਪ੍ਰੋਗਰਾਮ: ਪਾਸਲਾ

ਫਿਲੌਰ- ਅੱਜ ਪਿੰਡ ਰੁੜਕਾ ਕਲਾਂ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਤਹਿਸੀਲ ਪੱਧਰੀ ਜਨਰਲ ਬਾਡੀ ਮੀਟਿੰਗ ਹੋਈ, ਜਿਸ ‘ਚ ਤਹਿਸੀਲ ਭਰ ‘ਚੋਂ ਸਰਗਰਮ ਕਾਰਕੁਨਾਂ ਨੇ ਭਾਗ ਲਿਆ। ਇਸ ਦੀ ਪ੍ਰਧਾਨਗੀ ਪਰਮਜੀਤ ਰੰਧਾਵਾ, ਕੁਲਦੀਪ ਫਿਲੌਰ, ਮਨਜਿੰਦਰ ਸਿੰਘ ਢੇਸੀ ਅਤੇ ਸੁਨੀਤਾ ਫਿਲੌਰ ਨੇ ਕੀਤੀ। ਪਾਰਟੀ ਦੀ ਕੁੱਲ ਹਿੰਦ ਕਾਨਫ਼ਰੰਸ ‘ਚ ਪਾਸ ਹੋਇਆ ਪਾਰਟੀ ਪ੍ਰੋਗਰਾਮ, ਵਿਧਾਨ ਅਤੇ ਰਾਜਸੀ ਮਤੇ ਬਾਰੇ ਜਾਣਕਾਰੀ ਦੇਣ ਲਈ ਉਚੇਚੇ ਤੌਰ ‘ਤੇ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਜਮਾਤ ਦੀ ਅਗਵਾਈ ‘ਚ ਕੀਤੇ ਜਾਣ ਵਾਲੇ ਇਨਕਲਾਬ ਲਈ ਪਾਰਟੀ ‘ਚ ਇਰਾਦੇ ਦੀ ਏਕਤਾ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਅਤੇ, ਮਹਾਨ ਲੈਨਿਨ ਦੇ ਕਥਨ ਮੁਤਾਬਿਕ ਰਸੋਈਏ ਨੂੰ ਵੀ ਰਾਜ ਕਰਨ ਦਾ ਪਤਾ ਹੋਣਾ ਚਾਹੀਦਾ ਹੈ। ਸਾਥੀ ਪਾਸਲਾ ਨੇ ਕਿਹਾ ਕਿ ਭਾਰਤ ਦੇ ਪਿਛਲੇ 100 ਸਾਲ ਦੇ ਕਮਿਊਨਿਸਟ ਇਤਿਹਾਸ ਤੋਂ ਸਬਕ ਲੈ ਕੇ ਪਾਰਟੀ ਨੇ ਆਪਣਾ ਪ੍ਰੋਗਰਾਮ ਪਾਸ ਕੀਤਾ ਹੈ। ਜਿਸ ‘ਚ ਸਰਮਾਏਦਾਰ, ਜਗੀਰਦਾਰ ਅਤੇ ਵਿਦੇਸ਼ੀ ਸਰਮਾਏਦਾਰੀ ਨੂੰ ਮੁੱਖ ਦੁਸ਼ਮਣ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪਾਰਲੀਮੈਂਟਰੀ ਘੋਲ ਅਤੇ ਗੈਰ ਪਾਰਲੀਮੈਂਟਰੀ ਘੋਲ ਲੜੇਗੀ ਪਰ ਵੱਧ ਜ਼ੋਰ ਗੈਰ ਪਾਰਲੀਮੈਂਟਰੀ ਘੋਲਾਂ ਉੱਪਰ ਦਿੱਤਾ ਜਾਵੇਗਾ। ਪਾਸਲਾ ਨੇ ਕਿਹਾ ਦਾਅਵੇ ਮੁਤਾਬਿਕ ਦੇਸ਼ ਬਹੁਤ ਤਰੱਕੀ ਕਰ ਰਿਹਾ ਹੈ ਪਰ ਮੋਦੀ ਦਾ ਵਿਕਾਸ ਬੇਕਾਰੀ ਪੈਦਾ ਕਰ ਰਿਹਾ ਹੈ, ਜਿਸ ਨਾਲ ਦੇਸ਼ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਹਾਲਤ ਦਿਨਬ ਦਿਨ ਪਤਲੀ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਮਜ਼ਦੂਰ ਜਮਾਤ ਨੇ ਹੀ ਉਕਤ ਤਿੰਨਾਂ ਦੁਸ਼ਮਣਾ ਖ਼ਿਲਾਫ਼ ਲੜਨਾ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਪਹਿਲੀ ਵਾਰ ਕਿਸੇ ਕਮਿਊਨਿਸਟ ਪਾਰਟੀ ਦੇ ਜਮਾਤ ਦੇ ਨਾਲ ਨਾਲ ਜਾਤ ਖ਼ਤਮ ਕਰਨ ਦਾ ਪ੍ਰੋਗਰਾਮ ਵੀ ਤਹਿ ਕੀਤਾ ਹੈ ਅਤੇ ਨਾਲ ਹੀ ਔਰਤਾਂ ਦੀ ਬੰਦ ਖੁਲਾਸੀ ਲਈ ਵੀ ਸੰਘਰਸ਼ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਇਸ ਮੌਕੇ ਸੰਬੋਧਨ ਕਰਦੇ ਹੋਏ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਔਰਤਾਂ, ਵਿਦਿਆਰਥੀਆਂ ਦੀ ਲਹਿਰ ਨੂੰ ਹੋਰ ਤਕੜੇ ਕਰਨ ਲਈ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਸ਼ਿਵ ਕੁਮਾਰ ਤਿਵਾੜੀ ਅਤੇ ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਵੀ ਸੰਬੋਧਨ ਕੀਤਾ। ਵਟਸਐਪ ‘ਤੇ sangramilehar.com ਦੀਆਂ ਖ਼ਬਰਾਂ ਮੰਗਵਾਉਣ ਲਈ ਫ਼ੋਨ ਨੰਬਰ 9814364723 ਸੇਵ ਕਰਨ ਉਪਰੰਤ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ SL START ਵਟਸਐਪ ‘ਤੇ ਭੇਜੋ ਜੀ।

Scroll To Top