
ਫਿਲੌਰ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਇਕਾਈ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਦੀ ਲਾਪਰਵਾਹੀ ਕਾਰਨ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦੀਆਂ ਰੁਕੀਆਂ ਤਨਖ਼ਾਹਾਂ ਅਤੇ ਹੈੱਡ ਟੀਚਰ ਦੀਆਂ ਪ੍ਰਮੋਸ਼ਨਾਂ ਦਾ ਮਸਲਾ ਹੱਲ ਕਰਾਉਣ ਲਈ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ 22 ਜਨਵਰੀ ਨੂੰ ਸਿੱਖਿਆ ਦਫ਼ਤਰ ਜਲੰਧਰ ਦਾ ਘਿਰਾਓ ਕੀਤਾ ਜਾਵੇਗੀ। ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਦੱਸਿਆ ਕਿ ਤਨਖ਼ਾਹਾਂ ਲਈ ਬਜਟ ਅਤੇ ਹੈੱਡ ਟੀਚਰ ਦੀਆਂ ਤਰੱਕੀਆਂ ਦਾ ਮਸਲਾ ਜਥੇਬੰਦੀ ਵੱਲੋਂ ਬਹੁਤ ਵਾਰ ਜ਼ਿਲ੍ਹਾ ਸਿੱਖਿਆ ਦਫ਼ਤਰ ਨਾਲ ਮੀਟਿੰਗਾਂ ‘ਚ ਉਠਾਇਆ ਪਰ ਕੋਈ ਸਕਾਰਾਤਮਿਕ ਹੱਲ ਨਾ ਨਿਕਲਣ ਕਰਕੇ ਜਥੇਬੰਦੀ ਨੂੰ ਮਜਬੂਰਨ ਸੰਘਰਸ਼ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਲਈ ਗੌਰਮਿੰਟ ਟੀਚਰਜ਼ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਵੀ ਕਈ ਵਾਰ ਡੀਪੀਆਈ ਐਲੀਮੈਂਟਰੀ ਦਫ਼ਤਰ ਮੁਹਾਲੀ ਨੂੰ ਇਸ ਬਾਰੇ ਸੂਚਿਤ ਕੀਤਾ ਜਾ ਚੁੱਕਾ ਹੈ। ਕਰਨੈਲ ਫਿਲੌਰ ਨੇ ਕਿਹਾ ਕਿ ਜੇ 20 ਜਨਵਰੀ ਤੱਕ ਜ਼ਿਲ੍ਹਾ ਸਿੱਖਿਆ ਦਫ਼ਤਰ ਜਲੰਧਰ ਨੇ ਤਨਖ਼ਾਹਾਂ ਅਤੇ ਪ੍ਰਮੋਸ਼ਨਾਂ ਸਬੰਧੀ ਕਾਰਵਾਈ ਨਾ ਕੀਤੀ ਤਾਂ 22 ਜਨਵਰੀ ਨੂੰ ਅਧਿਆਪਕ ਵੱਡੀ ਗਿਣਤੀ ਵਿਚ ਸਿੱਖਿਆ ਦਫ਼ਤਰ ਦਾ ਘਿਰਾਓ ਕਰਨਗੇ। ਇਸ ਮੌਕੇ ਜ਼ਿਲ੍ਹਾ ਸਕੱਤਰ ਗਣੇਸ਼ ਭਗਤ ਨੇ ਦੱਸਿਆ ਕਿ 22 ਜਨਵਰੀ ਦੇ ਐਕਸ਼ਨ ਦੀ ਤਿਆਰੀ ਲਈ ਹਰ ਬਲਾਕ ਵਿਚ ਬਲਾਕ ਸਿੱਖਿਆ ਅਧਿਕਾਰੀ ਰਾਹੀ ਮੰਗ ਪੱਤਰ ਵੀ ਭੇਜੇ ਜਾਣਗੇ।ਵਟਸਐਪ ‘ਤੇ ‘ਸੰਗਰਾਮੀ ਲਹਿਰ ਡਾਟ ਕਾਮ’ ਦੀਆਂ ਖ਼ਬਰਾਂ ਮੰਗਵਾਉਣ ਲਈ ਫ਼ੋਨ ਨੰਬਰ 9814364723 ਸੇਵ ਕਰਨ ਉਪਰੰਤ ਆਪਣਾ ਨਾਮ ਅਤੇ ਸ਼ਹਿਰ ਦਾ ਨਾਮ ਵਟਸਐਪ ‘ਤੇ ਭੇਜੋ ਜੀ।