ਰਵੀ ਕੰਵਰ
ਅਜੋਕੇ ਯੂਰਪੀ ਮਹਾਂਦੀਪ ਦੇ ਦੇਸ਼ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ, 1871 ਵਿਚ ਪਹਿਲੀ ਵਾਰ ਮਜ਼ਦੂਰ ਜਮਾਤ ਨੇ ਸੱਤਾ ਨੂੰ ਆਪਣੇ ਹੱਥ ਵਿਚ ਲੈਂਦਿਆਂ ਹੋਇਆਂ ਪੈਰਿਸ ਕਮਿਊਨ ਦੀ ਸਥਾਪਨਾ ਕੀਤੀ ਸੀ। 28 ਮਾਰਚ 1871 ਤੋਂ ਲੈ ਕੇ 28 ਮਈ 1871 ਦੇ, ਸੰਖੇਪ ਸਮੇਂ ਦੇ ਮਜ਼ਦੂਰ ਜਮਾਤ ਦੇ ਇਸ ਤਜ਼ੁਰਬੇ ਨੇ ਹੀ 20ਵੀਂ ਸਦੀ ਦੇ ਇਨਕਲਾਬਾਂ ਲਈ ਢੁਕਵੇਂ ਸਬਕ ਪ੍ਰਦਾਨ ਕੀਤੇ ਸਨ। 1905 ਦੇ ਅਸਫਲ ਰੂਸੀ ਇਨਕਲਾਬ ਤੇ 1917 ਦੇ ਸੋਵੀਅਤ ਇਨਕਲਾਬ, ਜਿਹੜਾ ਕਿ 70 ਸਾਲ ਤੱਕ ਸਫਲਤਾ ਪੂਰਬਕ ਚਲਿਆ ਸੀ, ਲਈ ਆਧਾਰ ਇੰਨ੍ਹਾਂ ਹੀ ਸਬਕਾਂ ਨੇ ਤਿਆਰ ਕੀਤਾ ਸੀ।
ਯੂਰਪ ਵਿਚ ਫਰਾਂਸ ਅਕਸਰ ਹੀ ਇਸ ਮਹਾਂਦੀਪ ਵਿਚ ਵਾਪਰਨ ਵਾਲੇ ਸਮਾਜਕ ਟਕਰਾਆਂ ਤੇ ਸਮਾਜਕ ਤਬਦੀਲੀਆਂ ਨੂੰ ਗਤੀ ਪ੍ਰਦਾਨ ਕਰਦਾ ਰਿਹਾ ਹੈ। 1789 ਦੀ ਫਰਾਂਸੀਸੀ ਬਗਾਵਤ ਨੇ ਫਰਾਂਸ ਵਿਚ ਰਾਜਾਸ਼ਾਹੀ ਦਾ ਭੋਗ ਪਾਉਂਦੇ ਹੋਏ ਪੂੰਜੀਪਤੀ ਵਰਗ ਲਈ ਆਪਣੀ ਰਾਜਨੀਤਕ ਸੱਤਾ ਸਥਾਪਤ ਕਰਨ ਦਾ ਰਾਹ ਖੋਲ੍ਹ ਦਿੱਤਾ ਸੀ। 1830 ਤੇ 1848 ਦੀਆਂ ਬਗਾਵਤਾਂ ਨੇ ਦੇਸ਼ ਦੀ ਮਜ਼ਦੂਰ ਜਮਾਤ ਤੇ ਸ਼ਹਿਰੀ ਗਰੀਬਾਂ ਨੂੰ ਆਪਣੀਆਂ ਮੰਗਾਂ ਉਭਾਰਨ ਦਾ ਮੌਕਾ ਪ੍ਰਦਾਨ ਕੀਤਾ ਸੀ। ਹਾਕਮ ਪੂੰਜੀਪਤੀਆਂ ਨੇ ਫੌਜ ਤੇ ਪੁਲਿਸ ਦੇ ਜ਼ੋਰ ਨਾਲ ਇਨ੍ਹਾਂ ਬਗਾਵਤਾਂ ਨੂੰ ਕੁਚਲ ਦਿੱਤਾ ਸੀ।
1870 ਦੀਆਂ ਗਰਮੀਆਂ ਵਿਚ ਫਰਾਂਸ ਦੇ ਸ਼ਾਸਕ ਲੁਇਸ ਨੈਪੋਲੀਅਨ (ਨੈਪੋਲੀਅਨ ਪਹਿਲੇ ਦਾ ਭਤੀਜਾ ਜਿਸਨੇ 1852 ਤੋਂ 1870 ਤੱਕ ਦੇਸ਼ ‘ਤੇ ਰਾਜ ਕੀਤਾ) ਵਲੋਂ ਪ੍ਰਸ਼ੀਆ ਵਿਰੁੱਧ ਛੇੜੀ ਗਈ ਜੰਗ ਨੇ ਪੈਰਿਸ ਕਮਿਊਨ ਦੀ ਸਥਾਪਨਾ ਲਈ ਹਾਲਾਤ ਪੈਦਾ ਕੀਤੇ। 2 ਸਤੰਬਰ 1870 ਨੂੰ ਉਹ ਹਾਰ ਗਿਆ ਅਤੇ ਪ੍ਰਸ਼ੀਆ ਦੀ ਫੌਜ ਨੇ ਉਸਦੇ ਸਮੇਤ ਫਰਾਂਸ ਦੇ 2 ਲੱਖ ਫੌਜੀਆਂ ਤੇ ਅਫਸਰਾਂ ਨੂੰ ਜੰਗੀ ਕੈਦੀ ਬਣਾ ਲਿਆ।
ਫਰਾਂਸੀਸੀ ਪੂੰਜੀਪਤੀਆਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਨੇ ਰਾਜਾ ਲੁਈਸ ਨੈਪੋਲੀਅਨ ਨੂੰ ਪਿੱਠ ਦਿਖਾਉਂਦੇ ਹੋਏ ਫਰਾਂਸੀਸੀ ਗਣਰਾਜ ਦੀ ਸਥਾਪਨਾ ਕਰ ਦਿੱਤੀ ਅਤੇ ਦੇਸ਼ ਦੀ ਰਾਜਧਾਨੀ ਨੂੰ ਵਰਸਾਈ ਵਿਖੇ ਤਬਦੀਲ ਕਰ ਲਿਆ ਅਤੇ ਆਪਣੇ ਸ਼ਾਸਨ ਨੂੰ ਪੱਕੇ ਪੈਰੀਂ ਕਰਨ ਲਈ ਪ੍ਰਸ਼ੀਆ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਪੈਰਿਸ ਦੇ ਆਮ ਲੋਕਾਂ, ਜਿਨ੍ਹਾਂ ਨੇ ਰਾਜਧਾਨੀ ਸ਼ਹਿਰ ਦੀ ਰੱਖਿਆ ਲਈ ਨੈਸ਼ਨਲ ਗਾਰਡ ਦਾ ਗਠਨ ਕੀਤਾ ਹੋਇਆ ਸੀ, ਨੇ ਸਮਰਪਣ ਦੌਰਾਨ ਗਣਰਾਜ ਸਰਕਾਰ ਵਲੋਂ ਪਾਸ ਕੀਤੇ ਪੈਰਿਸ ਸਬੰਧੀ ਕੁੱਝ ਮਤਿਆਂ ਦਾ ਵੀ ਵਿਰੋਧ ਕੀਤਾ ਅਤੇ ਨਾਲ ਹੀ ਪੈਰਿਸ ਤੋਂ ਰਾਜਧਾਨੀ ਨੂੰ ਵਰਸਾਈ ਤਬਦੀਲ ਕਰਨ ਨੂੰ ਵੀ ਆਪਣਾ ਅਪਮਾਨ ਸਮਝਿਆ। ਉਨ੍ਹਾਂ ਨੇ ਪੈਰਿਸ ਨੂੰ ਪ੍ਰਸ਼ੀਆ ਫੌਜ ਦੇ ਅਧੀਨ ਕਰਨ ਤੋਂ ਇਨਕਾਰ ਕਰ ਦਿੱਤਾ। ਮਾਰਚ 1871 ਤੱਕ ਪੂੰਜੀਪਤੀਆਂ ਵਲੋਂ ਸਥਾਪਤ ਗਣਰਾਜ ਦੀ ਕੌਮੀ ਅਸੈਂਬਲੀ ਤੇ ਪੈਰਿਸ ਦੀਆਂ ਵੱਖ-ਵੱਖ ਇਨਕਲਾਬੀ ਜਥੇਬੰਦੀਆਂ ‘ਤੇ ਅਧਾਰਤ ਨੈਸ਼ਨਲ ਗਾਰਡ ਦਰਮਿਆਨ ਟਕਰਾਅ ਸਿਖਰਾਂ ‘ਤੇ ਪਹੁੰਚ ਗਿਆ।
18 ਮਾਰਚ ਨੂੰ ਥਿਅਰੇ ਦੀ ਅਗਵਾਈ ਵਾਲੀ ਵਰਸਾਈ ਵਿਖੇ ਸਥਿਤ ਪੂੰਜੀਪਤੀ ਗਣਰਾਜ ਸਰਕਾਰ ਨੇ ਨੈਸ਼ਨਲ ਗਾਰਡ ਦੇ ਕਬਜ਼ੇ ਹੇਠਲੀਆਂ 300 ਤੋਪਾਂ, ਜਿਹੜੀਆਂ ਕਿ ਉਨ੍ਹਾਂ ਨੇ ਮੈਲਿਨਮੌਂਟੈਂਟ ਪਹਾੜੀਆਂ ‘ਤੇ ਤੈਨਾਤ ਕੀਤੀਆਂ ਹੋਈਆਂ ਸਨ, ‘ਤੇ ਕਬਜਾ ਕਰਨ ਲਈ ਆਪਣੀਆਂ 40000 ਫੌਜਾਂ ਨੂੰ ਹੁਕਮ ਦੇ ਦਿੱਤਾ। ਨੈਸ਼ਨਲ ਗਾਰਡ ਨੇ ਇਨ੍ਹਾਂ ਤੋਪਾਂ ਨੂੰ ਫੌਜਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸਦੀ ਅਗਵਾਈ ਵਿਚ ਲੋਕਾਂ ਨੇ ਫੌਜਾਂ ਦਾ ਮੁਕਾਬਲਾ ਕਰਨਾ ਆਰੰਭ ਦਿੱਤਾ। ਇਸ ਹਥਿਆਰਬੰਦ ਸੰਘਰਸ਼ ਦੀ ਆਗੂ ਅਤੇ ਮਹਿਲਾ ਕਾਰਕੁੰਨ, ਲੁਈਸ ਮਾਈਕਲ ਅਨੁਸਾਰ ”8 ਵਜੇ ਸਵੇਰੇ ਮੌਲਿਨਮੌਂਟੈਂਟ ਦੇ ਲੋਕਾਂ, ਖਾਸ ਕਰਕੇ ਔਰਤਾਂ ਨੇ ਫੌਜ ਪ੍ਰਤੀ ਮਿੱਤਰਤਾ ਦੀ ਭਾਵਨਾ ਪ੍ਰਗਟਾਉਣੀ ਸ਼ੁਰੂ ਕੀਤੀ। ਪਹਿਲਾਂ ਤਾਂ ਭੈਅ ਦਾ ਮਾਹੌਲ ਸੀ, ਫੇਰ ਇਕ ਦੂਜੇ ਨਾਲ ਜਾਣ-ਪਛਾਣ ਹੋਣ ਲੱਗੀ ਅਤੇ ਛੇਤੀ ਹੀ ਇਹ ਇਕਜੁੱਟਤਾ ਵਿਚ ਬਦਲ ਗਈ। ਜਿਵੇਂ ਹੀ ਮੌਲਿਨਮੌਂਟੈਂਟ ਦੀਆਂ ਪਹਾੜੀਆਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਾਲ ਰੁਸ਼ਨਾਈਆਂ, ਹੌਲੀ-ਹੌਲੀ ਭੀੜ ਵੱਧਣ ਲੱਗੀ। ਫੌਜ ਵਲੋਂ ਨੈਸ਼ਨਲ ਗਾਰਡ ‘ਤੇ ਧਾਵੇ ਦੀਆਂ ਘਟਨਾਵਾਂ ਨੂੰ ਸੁਣਦਿਆਂ ਸਾਰ ਹੀ ਪੈਰਿਸ ਦੇ ਹੋਰ ਹਿੱਸਿਆਂ ਤੋਂ ਵੀ ਲੋਕ ਮਦਦ ਲਈ ਮੌਲਿਨਮੌਂਟੈਂਟ ਪਹੁੰਚਣ ਲੱਗ ਪਏ। ਪੈਰਿਸ ਦੀਆਂ ਔਰਤਾਂ ਨੇ ਇਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਆਪਣੇ ਸਰੀਰਾਂ ਨਾਲ ਤੋਪਾਂ ਨੂੰ ਢੱਕ ਲਿਆ। ਜਦੋਂ ਅਫਸਰਾਂ ਨੇ ਫੌਜੀਆਂ ਨੂੰ ਗੋਲੀ ਚਲਾਉਣ ਲਈ ਕਿਹਾ, ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਗਣਰਾਜ ਦੀ ਫੌਜ ਦੇ ਵੱਡੇ ਹਿੱਸੇ ਬਗਾਵਤ ਕਰਦੇ ਹੋਏ ਨੈਸ਼ਨਲ ਗਾਰਡ ਨਾਲ ਜਾ ਰਲੇ। ਫੌਜਾਂ ਨੇ ਆਪਣੇ ਕਮਾਂਡਰਾਂ ਨੂੰ ਗ੍ਰਿਫਤਾਰ ਕਰ ਲਿਆ। ਸ਼ਾਮ ਤੱਕ, ਇਨ੍ਹਾਂ ‘ਚੋਂ ਕੁੱਝ-ਕੁ ਜਨਰਲਾਂ ਨੂੰ, ਜਿਹੜੇ ਕਿ 1848 ਦੀ ਬਗਾਵਤ ਸਮੇਂ ਮਜ਼ਦੂਰਾਂ ਦਾ ਕਤਲੇਆਮ ਕਰਨ ਦੇ ਦੋਸ਼ੀ ਸਨ, ਨੂੰ ਗੋਲੀ ਮਾਰ ਦਿੱਤੀ ਗਈ। ਮੱਧ ਰਾਤਰੀ ਤੱਕ ਨੈਸ਼ਨਲ ਗਾਰਡ ਦੇ ਸਦਰ ਮੁਕਾਮ, ਕੇਂਦਰੀ ਪੁਲਸ ਦੇ ਹੈਡਕੁਆਰਟਰ ਅਤੇ ਪੈਰਿਸ ਦੇ ਟਾਊਨ ਹਾਲ ‘ਤੇ ਕਬਜਾ ਕਰ ਲਿਆ ਗਿਆ। ਲਗਭਗ ਪੂਰਾ ਸ਼ਹਿਰ ਇਨਕਲਾਬੀਆਂ ਦੇ ਕਬਜ਼ੇ ਹੇਠ ਸੀ। ਇਸ ਤਰ੍ਹਾਂ ਪਹੁ-ਫੁਟਾਲੇ ਸਮੇਂ ਜਿਸ ਨੈਸ਼ਨਲ ਗਾਰਡ ਦੀ ਕੇਂਦਰੀ ਕਮੇਟੀ ਜਿਹੜੀ ਕਿ ਮਹਿਜ ਆਪਣੇ ਆਪ ਦੀ ਫੌਜੀ ਤਖਤਾਪਲਟ ਤੋਂ ਰੱਖਿਆ ਕਰਨ ਲਈ ਨਿਤਰੀ ਸੀ, ਮੱਧ ਰਾਤਰੀ ਤੱਕ ਪੈਰਿਸ ਵਿਖੇ ਸੱਤਾ ‘ਤੇ ਕਾਬਜ਼ ਹੋ ਗਈ ਸੀ। ਇਹ ਸੀ, 72 ਦਿਨਾਂ ਤੱਕ ਮਜ਼ਦੂਰ ਜਮਾਤ ਦੀ ਅਗਵਾਈ ਵਿਚ ਚੱਲੇ ਦੱਬੇ ਕੁੱਚਲਿਆਂ ਦੇ ਜਮਹੂਰੀ ਰਾਜ, ਪੈਰਿਸ ਕਮਿਊਨ ਦਾ ਪਹਿਲਾ ਦਿਨ।”
18 ਮਾਰਚ, ਪਹਿਲੇ ਹੀ ਦਿਨ ਨੈਸ਼ਨਲ ਗਾਰਡ ਦੀ ਕੇਂਦਰੀ ਕਮੇਟੀ ਨੇ ਅੰਤਰਮ ਸਰਕਾਰ ਦੀ ਸਥਾਪਨਾ ਲਈ ਸਰਵਵਿਆਪੀ ਬਾਲਗ ਮਤਦਾਨ ਦੇ ਆਧਾਰ ‘ਤੇ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ ਅਤੇ 26 ਮਾਰਚ ਨੂੰ ਹੋਏ ਮਤਦਾਨ ਵਿਚ 2 ਲੱਖ ਲੋਕਾਂ ਨੇ ਵੋਟਾਂ ਰਾਹੀਂ ਪੈਰਿਸ ਦੇ ਵੱਖ-ਵੱਖ ਜਿਲ੍ਹਿਆਂ ਵਿਚੋਂ 90 ਪ੍ਰਤੀਨਿਧਾਂ ਦੀ ਚੋਣ ਕੀਤੀ। ਇਨ੍ਹਾਂ ਪ੍ਰਤੀਨਿਧਾਂ ‘ਤੇ ਅਧਾਰਤ ਅੰਤਰਮ ਸਰਕਾਰ ਨੇ 28 ਮਾਰਚ ਨੂੰ ਪੈਰਿਸ ਕਮਿਊਨ ਦੀ
ਸਥਾਪਨਾ ਦਾ ਐਲਾਨ ਕਰ ਦਿੱਤਾ।
ਆਪਣੀ ਸਥਾਪਨਾ ਦੇ ਦੋ ਦਿਨ ਬਾਅਦ ਸੱਤਾ ‘ਤੇ ਆਪਣੀ ਪਕੜ ਦੀ ਪੁਸ਼ਟੀ ਕਰਨ ਹਿੱਤ ਤੱਤਕਾਲੀ ਰਾਜਕੀ ਢਾਂਚੇ ‘ਤੇ ਸਿੱਧਾ ਹਮਲਾ ਕਰਦੇ ਹੋਏ, ਸਮਾਜਕ ਉਤਪੀੜਨ ਦੇ ਵਾਹਕ ਪੁਲਿਸ ਬਲ, ਸਥਾਈ ਫੌਜ ਤੇ ਫੌਜ ਵਿਚ ਜਬਰੀ ਭਰਤੀ ਦਾ ਖਾਤਮਾ ਕਰ ਦਿੱਤਾ, ਸਮੁੱਚੇ ਰਾਜਕੀ ਪ੍ਰਸ਼ਾਸਨ ਦਾ ਭੋਗ ਪਾ ਦਿੱਤਾ, ਚਰਚ ਦੀ ਸੰਪਤੀ ਨੂੰ ਜਬਤ ਕਰ ਲਿਆ, ਫਾਂਸੀ ਦੀ ਸਜ਼ਾ ਦਾ ਖਾਤਮਾ, ਮੁਫ਼ਤ ਤੇ ਲਾਜ਼ਮੀ ਸਿੱਖਿਆ ਆਦਿ ਦਾ ਪ੍ਰਬੰਧ ਕੀਤਾ ਅਤੇ ਹਾਕਮ ਜਮਾਤਾਂ ਦੇ ਅੰਧ ਕੌਮਪ੍ਰਸਤੀ ਦੇ ਪ੍ਰਤੀਕ, ਵੈਂਡੋਮ ਕਾਲਮ, ਜਿਸਦੀ ਸਥਾਪਨਾ ਨੈਪੋਲੀਅਨ ਪਹਿਲੇ ਨੇ ਕੀਤੀ ਸੀ, ਨੂੰ ਨਸ਼ਟ ਕੀਤਾ। ਉਸੇ ਦਿਨ ਕਮਿਊਨ ਦਾ ਝੰਡਾ ਸਮੁੱਚੇ ਗਣਤੰਤਰ ਦਾ ਝੰਡਾ ਹੋਵੇਗਾ, ਦਾ ਐਲਾਨ ਕਰਦੇ ਹੋਏ ਆਪਣੇ ਪਰੋਲੇਤਾਰੀ ਕਿਰਦਾਰ ਦੀ ਵੀ ਪੁਸ਼ਟੀ ਕੀਤੀ।
ਕਮਿਊਨ ਦੇ ਐਲਾਨਨਾਮੇਂ ਨੂੰ 19 ਅਪ੍ਰੈਲ ਨੂੰ ਜਾਰੀ ਕੀਤਾ ਗਿਆ, ਉਸਦੇ ਮੁਤਾਬਕ ਕਮਿਊਨ ਦੇ ਅਧਿਕਾਰ ਸਨ ਬਜਟ ਪਾਸ ਕਰਨਾ, ਟੈਕਸ ਤੈਅ ਕਰਨਾ, ਸਥਾਨਕ ਵਪਾਰ ਦੀ ਨਿਗਰਾਨੀ, ਪੁਲਸ, ਸਿੱਖਿਆ ਤੇ ਅਦਾਲਤਾਂ ਦਾ ਗਠਨ, ਕਮਿਊਨ ਦੀ ਸੰਪਤੀ ਦਾ ਪ੍ਰਬੰਧ, ਸਮੁੱਚੇ ਅਧਿਕਾਰੀਆਂ ਦੀ ਚੋਣ, ਉਨ੍ਹਾਂ ਨੂੰ ਕੰਟਰੋਲ ਕਰਨਾ ਤੇ ਬਰਖਾਸਤ ਕਰਨਾ, ਨਿੱਜੀ ਆਜ਼ਾਦੀ ਦੀ ਸਥਾਈ ਸੁਰੱਖਿਆ, ਨਾਗਰਿਕ ਸੁਰੱਖਿਆ ਦੀ ਗਾਰੰਟੀ ਕਰਨਾ ਆਦਿ। ਸਮੁੱਚੇ ਸ਼ਾਸਨ ਪ੍ਰਬੰਧ ਨੂੰ ਚਲਾਉਣ ਹਿੱਤ ਕਮਿਊਨ ਦੀ ਕੌਂਸਲ ਨੇ ਦਸ ਕਮੀਸ਼ਨਾਂ ਦਾ ਵੀ ਗਠਨ ਕੀਤਾ। ਇਹ ਸਨ ਵਿੱਤ, ਯੁੱਧ, ਜਨਤਕ ਸੁਰੱਖਿਆ, ਵਿਦੇਸ਼ੀ ਮਾਮਲੇ, ਸਿੱਖਿਆ, ਨਿਆਂ, ਕਿਰਤ ਤੇ ਨਿਯਮਨ, ਭੋਜਨ, ਜਨਤਕ ਸੇਵਾ ਤੇ ਆਮ ਪ੍ਰਬੰਧ ਸਬੰਧੀ। ਇਸ ਤਰ੍ਹਾਂ ਪੈਰਿਸ ਕਮਿਊਨ ਨੇ ਆਪਣੀ ਸੱਤਾ ਸਥਾਪਤ ਕਰ ਲਈ।
ਪੈਰਿਸ ਦੇ ਮਜ਼ਦੂਰਾਂ ਦੀ ਇਹ ਬਗਾਵਤ, ਯੂਰਪੀ ਪੂੰਜੀਵਾਦੀ ਸਮਾਜ, ਜਿਸ ਵਿਚ ਕਿ ਉਜਰਤੀ ਕਾਮੇ ਮਜ਼ਦੂਰ ਜਮਾਤ ਜਾਂ ਆਧੁਨਿਕ ਪਰੋਲੇਤਾਰੀ, ਜਿਹੜੇ ਕਿ ਆਪਣੀ ਕਿਰਤ ਵੇਚਕੇ ਆਪਣਾ ਪੇਟ ਪਾਲਦੇ ਸਨ, ਵਲੋਂ ਕੀਤਾ ਗਿਆ ਪਹਿਲਾ ਇਨਕਲਾਬ ਸੀ, ਜਿਸ ਰਾਹੀਂ ਉਹ ਆਪਣੀ ਸਰਕਾਰ ਤੇ ਆਪਣੇ ਖੁਦ ਦੀ ਸੱਤਾ ਸਥਾਪਤ ਕਰਨ ਵਿਚ ਸਫਲ ਰਹੇ। ਪਰੰਤੁ, ਇਹ ਪੈਰਿਸ ਕਮਿਊਨ, ਪੈਰਿਸ ਸ਼ਹਿਰ ਦੇ ਅੰਦਰ ਤੱਕ ਹੀ ਆਪਣੀ ਸੱਤਾ ਕਾਇਮ ਕਰਨ ਤੱਕ ਸੀਮਤ ਰਿਹਾ, ਜਿਹੜੀ ਕਿ ਫਰਾਂਸ ਦੀ ਕੇਂਦਰੀਕ੍ਰਿਤ ਰਾਜਧਾਨੀ ਸੀ ਅਤੇ ਸਭ ਤੋਂ ਵੱਡਾ ਸ਼ਹਿਰ ਹੋਣ ਦੇ ਨਾਲ-ਨਾਲ ਸਭ ਤੋਂ ਵੱਡਾ ਮਜ਼ਦੂਰ ਜਮਾਤ ਦਾ ਕੇਂਦਰ ਵੀ ਸੀ। ਉਥੋਂ ਵਰਸਾਈ, ਜਿੱਥੇ ਕਿ 1789 ਵਿਚ ਫਰਾਂਸ ਦਾ ਰਾਜਾ ਆਪਣੀ ਰਾਜਧਾਨੀ ਲੈ ਗਿਆ ਸੀ, ਸਿਰਫ 10 ਮੀਲ ਦੂਰ ਸੀ। ਕਮਿਊਨ ਆਪਣਾ ਪ੍ਰਭਾਵ ਕੁੱਝ ਹੋਰ ਵੱਡੇ ਸ਼ਹਿਰਾਂ ਲਿਉਨ ਤੇ ਮਾਰਸੇਲ ਵਿਚ ਪਾਉਣ ਵਿਚ ਸਫਲ ਤਾਂ ਰਿਹਾ ਪ੍ਰੰਤੂ, ਇਹ ਪੈਰਿਸ ਤੋਂ ਬਾਹਰ ਆਪਣੇ ਆਪ ਨੂੰ ਜਿਉਂਦਾ ਰੱਖਣ ਵਿਚ ਸਫਲ ਨਹੀਂ ਹੋ ਸਕਿਆ। ਇਸ ਤਰ੍ਹਾਂ ਫਰਾਂਸ ਦੇ ਹੋਰ ਸ਼ਹਿਰ ਤੇ ਸੂਬਿਆਂ ਤੋਂ ਸਮਰਥਨ ਨਾ ਮਿਲਣ ਕਰਕੇ ਸਮੁੱਚੇ ਫਰਾਂਸ ਵਿਚ ਇਹ ਆਪਣਾ ਪ੍ਰਸਾਰ ਕਰਨ ਵਿਚ ਨਾਕਾਮ ਰਿਹਾ।
ਹਾਕਮ ਜਮਾਤਾਂ, ਉਸਦੀ ਸੱਤਾ ਨੂੰ ਮਿਲ ਰਹੀ ਇਸ ਚੁਣੌਤੀ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸਨ। ਇਸੇ ਦੇ ਮੱਦੇਨਜ਼ਰ ਥਿਅਰੇ, ਜਿਹੜਾ ਕਿ ਫਰਾਂਸੀਸੀ ਪੂੰਜੀਵਾਦੀ ਗਣਰਾਜ ਦੀ ਅਗਵਾਈ ਕਰ ਰਿਹਾ ਸੀ ਤੇ ਬਿਸਮਾਰਕ, ਪ੍ਰਸ਼ੀਆ ਦਾ ਹਾਕਮ, ਜਿਹੜੇ ਕਿ 1870 ਤੱਕ ਇਕ ਦੂਜੇ ਦੇ ਘੋਰ ਦੁਸ਼ਮਣ ਸਨ ਅਤੇ ਜੰਗ ਕਰ ਰਹੇ ਸਨ, ਨੇ ਮਜ਼ਦੂਰ ਜਮਾਤ ਦੀ ਇਸ ਨਵੇਕਲੀ ਸੱਤਾ ਨੂੰ ਖਤਮ ਕਰਨ ਲਈ ਆਪਸ ਵਿਚ ਸਮਝੌਤਾ ਕਰ ਲਿਆ। ਅਪ੍ਰੈਲ ਵਿਚ ਹੀ ਪੈਰਿਸ ਉਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਗਏ ਅਤੇ ਥਿਅਰੇ, ਜਿਸ ਕੋਲ ਫੌਜੀ ਸ਼ਕਤੀ ਬਹੁਤ ਹੀ ਘੱਟ ਸੀ, ਉਸਨੂੰ ਮਜ਼ਬੂਤ ਕਰਨ ਹਿੱਤ ਬਿਸਮਾਰਕ ਨੇ ਇਕ ਸਮਝੌਤੇ ਤੋਂ ਬਾਅਦ ਪ੍ਰਸ਼ੀਆਈ ਫੌਜ ਵਲੋਂ ਫਰਾਂਸ ਦੇ ਜੰਗੀ ਕੈਦੀ ਬਣਾਏ 60,000 ਫੌਜੀਆਂ ਨੂੰ ਰਿਹਾ ਕਰ ਦਿੱਤਾ ਗਿਆ। ਪੈਰਿਸ ਉਤੇ ਹੋਏ ਜਬਰਦਸਤ ਹਮਲੇ ਦਾ ਕਮਿਊਨ ਦੇ ਨੈਸ਼ਨਲ ਗਾਰਡਾਂ, ਜਿਨ੍ਹਾਂ ਨੂੰ ਕਮਿਉਨਾਰਡਾਂ ਦਾ ਨਾਂਅ ਦਿੱਤਾ ਗਿਆ ਸੀ, ਨੇ ਡਟਕੇ ਮੁਕਾਬਲਾ ਕੀਤਾ। ਮਈ ਦੇ ਪਹਿਲੇ ਪਖਵਾੜੇ ਵਿਚ ਕਮਿਊਨਾਰਡਾਂ ਦਾ ਦੱਖਣੀ ਮੋਰਚਾ ਟੁੱਟ ਗਿਆ। 21 ਮਈ ਨੂੰ ਜਨਰਲ ਗੈਲੀਫੈਟ ਦੀ ਅਗਵਾਈ ਵਿਚ ਫਰਾਂਸੀਸੀ ਪੂੰਜੀਪਤੀ ਗਣਰਾਜ ਦੀਆਂ ਫੌਜਾਂ ਉਤਰ ਤੇ ਪੂਰਬ ਤੋਂ ਪੈਰਿਸ ਵਿਚ ਦਾਖਲ ਹੋਣ ਵਿਚ ਕਾਮਯਾਬ ਹੋ ਗਈਆਂ। 8 ਦਿਨਾਂ ਤੱਕ ਮਜ਼ਦੂਰ ਜਮਾਤ ਦੇ ਜ਼ਿਲ੍ਹਿਆਂ ਵਿਚ ਭਿਅੰਕਰ ਲੜਾਈ ਚਲਦੀ ਰਹੀ। ਕਮਿਊਨਾਰਡਾਂ ਨੇ ਸ਼ਹਿਰ ਦੇ ਇਕ-ਇਕ ਇੰਚ ਦੀ ਰੱਖਿਆ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਸ ਖੂਨੀ ਹਫ਼ਤੇ ਦਾ ਅੰਤ ਇਕ ਘਿਨਾਉਣੇ ਕਤਲੇਆਮ ਨਾਲ ਹੋਇਆ। ਜਿਸ ਵਿਚ 20,000 ਤੋਂ ਵੱਧ ਲੋਕ ਮਾਰੇ ਗਏ। ਇਸਦੇ ਬਾਅਦ ਤਾਂ ਲੋਕਾਂ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ ਗਿਆ ਬਲਕਿ ਲੋਕਾਂ ਨੂੰ ਸਬਕ ਸਿਖਾਉਣ ਲਈ, ਗ੍ਰਿਫਤਾਰ ਕੀਤੇ ਕਮਿਊਨਾਰਡਾਂ ਦੇ ਜਨਤਕ ਰੂਪ ਵਿਚ ਕਤਲ ਕੀਤੇ ਗਏ। ਸੈਂਕੜੇ ਬੱਚਿਆਂ ਨੂੰ ਸੁਧਾਰ ਘਰਾਂ ਦੇ ਨਾਂਅ ਹੇਠ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ। ਦੇਸ਼ ਤੋਂ ਦਰ-ਬਦਰ ਕਰਨ ਤੇ ਜਬਰੀ ਕਿਰਤ ਕੈਂਪਾਂ ਵਿਚ ਭੇਜਣ ਦਾ ਦੌਰ ਚਲਾਇਆ ਗਿਆ। ਹਾਕਮ ਜਮਾਤ ਨੇ ਆਪਣੀ ਹਕੂਮਤ ਸਥਾਪਤ ਕਰਨ ਲਈ ਪੈਰਿਸ ਕਮਿਊਨ ਨੂੰ ਖੂਨ ਵਿਚ ਡੁਬੋਅ ਦਿੱਤਾ। ਇਸ ਸਮੁੱਚੇ ਨਰਸੰਹਾਰ ਦੇ ਜ਼ਿੰਮੇਵਾਰ ਸਨ, ਅਖੌਤੀ ਜਮਹੂਰੀ ਗਣਰਾਜ ਧੜੇ, ਜਿਨ੍ਹਾਂ ਕੋਲ ਕੌਮੀ ਅਸੰਬਲੀ ਸੀ ਅਤੇ ਆਪਣੇ ਆਪ ਨੂੰ ਉਦਾਰਵਾਦੀ ਕਹਾਉਣ ਵਾਲੇ ਇਸਦੇ ਸੰਸਦ ਮੈਂਬਰ। ਪੈਰਿਸ ਕਮਿਊਨ ਦੇ ਕੁਚਲੇ ਜਾਣ ਦੇ ਨਾਲ ਪਹਿਲੀ ਕਮਿਊਨਿਸਟ ਇੰਟਰਨੈਸ਼ਨਲ ਵੀ ਖਤਮ ਹੋ ਗਈ। ਫਰਾਂਸ ਦੀ ਮਜ਼ਦੂਰ ਜਮਾਤ ਜਿਹੜੀ 1830 ਤੋਂ ਹੀ ਪਰੋਲੇਤਾਰੀ ਸੰਘਰਸ਼ਾਂ ਵਿਚ ਆਗੂ ਭੂਮਿਕਾ ਨਿਭਾਉਂਦੀ ਰਹੀ ਸੀ ਲਗਭਗ ਇਕ ਸਦੀ ਤੱਕ ਉਠ ਨਹੀਂ ਸਕੀ ਅਤੇ ਉਸਦੀ ਮੁੜ ਆਮਦ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਵਿਚ 1968 ਵਿਚ ਹੋਈ ਅਤੇ ਉਸ ਵੇਲੇ ਤੋਂ ਹੀ ਨਿਰੰਤਰ ਸੰਘਰਸ਼ਾਂ ਦੇ ਮੈਦਾਨ ਵਿਚ ਹੈ।
ਪੂੰਜੀਵਾਦੀ ਹਾਕਮ ਜਮਾਤਾਂ, ਖਾਸ ਕਰਕੇ ਯੂਰਪ ਦੀਆਂ ਪੂੰਜੀਵਾਦੀ ਰਾਜਨੀਤਕ ਪਾਰਟੀਆਂ ਪੈਰਿਸ ਕਮਿਊਨ ਨੂੰ ਰਾਜਾਸ਼ਾਹੀ ਦੇ ਵਿਰੁੱਧ ਪੂੰਜੀਵਾਦੀ ਗਣਰਾਜ ਦੇ ਹੱਕ ਵਿਚ ਇਕ ਲੜਾਈ ਦੇ ਰੂਪ ਵਿਚ ਪੇਸ਼ ਕਰਕੇ ਇਸ ਮਹਾਨ ਇਨਕਲਾਬ ਨੂੰ ਮਜ਼ਦੂਰ ਜਮਾਤ ਨਾਲੋਂ ਤੋੜਕੇ ਆਪਣੇ ਪੱਖ ਵਿਚ ਪੇਸ਼ ਕਰਨ ਦਾ ਯਤਨ ਕਰਦੀਆਂ ਹਨ। ਅਤੇ ਇਸਨੂੰ ‘ਆਜ਼ਾਦੀ’, ‘ਸਮਾਨਤਾ’ ਤੇ ‘ਭਾਈਚਾਰੇ’ ਦੇ ਨਾਅਰੇ ਤੱਕ ਹੀ ਸੀਮਤ ਰੱਖਣ ਦਾ ਯਤਨ ਕਰਦੀਆਂ ਹਨ। ਜਦੋਂਕਿ ਪੈਰਿਸ ਕਮਿਊਨ ਦੀ 72 ਦਿਨਾਂ ਦੇ ਬਹੁਤ ਥੋਹੜੇ ਸਮੇਂ ਦੀ ਕਾਰਕਰਦਗੀ ਨੇ ਦਰਸਾ ਦਿੱਤਾ ਸੀ ਕਿ ਉਸਦੇ ਲਈ ‘ਸਮਾਨਤਾ, ਆਜ਼ਾਦੀ ਤੇ ਭਾਈਚਾਰੇ’ ਦਾ ਭਾਵ ਸੀ, ਕਿਰਤ ਦੀ ਗੁਲਾਮੀ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਤੇ ਸਮਾਜ ਦੀ ਜਮਾਤਾਂ ਅਧਾਰਤ ਵੰਡ ਦਾ ਅੰਤ।
ਪੈਰਿਸ ਕਮਿਊਨ ਦਾ ਮਹਾਨ ਕਮਿਊਨਿਸਟ ਫਿਲਾਸਫਰ ਕਾਰਲ ਮਾਰਕਸ ਨੇ ਵੀ ਅਧਿਐਨ ਕੀਤਾ ਸੀ ਅਤੇ ‘ਫਰਾਂਸ ਵਿਚ ਸਿਵਲ ਵਾਰ’ ਨਾਂਅ ਦਾ ਕਿਤਾਬਚਾ ਲਿਖਿਆ ਸੀ। ਜਿਹੜਾ ਕਿ ਰੂਸੀ ਇਨਕਲਾਬ ਦੇ ਮਹਾਨ ਨਾਇਕ ਵੀ.ਆਈ.ਲੈਨਿਨ ਵਲੋਂ ਲਿਖੀ ਗਈ ‘ਰਾਜ ਤੇ ਇਨਕਲਾਬ’ ਨਾਂ ਦੀ ਮਹਾਨ ਕਿਰਤ ਦਾ ਆਧਾਰ ਬਣਿਆ।
ਪੈਰਿਸ ਕਮਿਊਨਿਸਟ ਦਾ ਸਭ ਤੋਂ ਮਹੱਤਵਪੂਰਨ ਸਬਕ ਸੀ, ਮਜ਼ਦੂਰ ਜਮਾਤ ਤੇ ਦੱਬੀਆਂ ਕੁਚਲੀਆਂ ਜਮਾਤਾਂ ਲਈ ਇਹ ਅਸੰਭਵ ਹੈ ਕਿ ਉਹ ਸਿਰਫ ਸੰਸਦ ਵਿਚ ਜਿੱਤ ਪ੍ਰਾਪਤ ਕਰਕੇ ਨਵੇਂ ਸਮਾਜ ਪ੍ਰਬੰਧ ਦੀ ਉਸਾਰੀ ਸ਼ੁਰੂ ਕਰ ਸਕਦੀ ਹੈ। ਪੁਰਾਣੀ ਸਰਕਾਰ, ਅਫਸਰਸ਼ਾਹੀ ਤੇ ਫੌਜ, ਪੁਰਾਣੀ ਹਾਕਮ ਜਮਾਤ ਨਾਲ ਅਣਗਿਣਤ ਧਾਗਿਆਂ ਨਾਲ ਜੁੜੀ ਹੁੰਦੀ ਹੈ। ਪੁਰਾਣੀ ਰਾਜਸੱਤਾ ਨੂੰ ਮੁੱਢੋਂ-ਸੁੱਢੋਂ ਨਸ਼ਟ ਕਰਕੇ ਹੀ ਨਵੀਂ ਵਿਵਸਥਾ ਉਸਾਰੀ ਜਾ ਸਕਦੀ ਹੈ ਜਿਹੜੀ ਕਿ ਮਜ਼ਦੂਰ ਜਮਾਤ ਪ੍ਰਤੀ ਪ੍ਰਤੀਬੱਧ ਹੋਵੇ ਤੇ ਸਮਾਜ ਨੂੰ ਪੂਰੀ ਤਰ੍ਹਾਂ ਤਬਦੀਲ ਕਰੇ।
20ਵੀਂ ਸਦੀ ਦੇ ਇਨਕਲਾਬਾਂ ਖਾਸ ਕਰਕੇ ਰੂਸ ਵਿਚ ਹੋਏ 1917 ਦੇ ਮਹਾਨ ਅਕਤੂਬਰ ਇਨਕਲਾਬ ਦੀ ਕਾਮਯਾਬੀ ਵਿਚ, ਇਹ ਹੀ ਸਬਕ ਚਾਨਣ ਮੁਨਾਰਾ ਬਣਿਆ ਸੀ ਅਤੇ 70 ਸਾਲਾਂ ਤੱਕ ਇਹ ਇਨਕਲਾਬ ਦੁਨੀਆਂ ਭਰ ਦੇ ਦੱਬੇ ਕੁਚਲੇ ਲੋਕਾਂ ਦੇ ਹਿਤਾਂ ਦੀ ਰੱਖਿਆ ਕਰਦੇ ਹੋਏ ਨਵੀਆਂ ਪੈੜਾਂ ਪਾਉਣ ਵਿਚ ਸਫਲ ਰਿਹਾ ਸੀ ਅਤੇ ਇਸਦੇ ਢਹਿਢੇਰੀ ਹੋਣ ਤੋਂ ਬਾਅਦ ਜਿਵੇਂ-ਜਿਵੇਂ ਨਵਉਦਾਰਵਾਦੀ ਸਮਾਜਕ, ਰਾਜਨੀਤਕ ਤੇ ਆਰਥਕ ਢਾਂਚਾ ਮਜ਼ਬੂਤ ਹੋ ਰਿਹਾ ਹੈ ਅਤੇ ਦੁਨੀਆਂ ਭਰ ਦੇ ਆਮ ਲੋਕਾਂ ‘ਤੇ ਜੋ ਕਹਿਰ ਢਾਅ ਰਿਹਾ ਹੈ, ਉਸ ਨਾਲ ਇਹ ਗੱਲ ਵਧੇਰੇ ਸਪੱਸ਼ਟ ਹੁੰਦੀ ਜਾ ਰਹੀ ਹੈ ਤੇ ਦੁਨੀਆਂ ਦੇ ਪਹਿਲੇ ਮਜ਼ਦੂਰ ਜਮਾਤ ਦੇ ਇਨਕਲਾਬ ‘ਪੈਰਿਸ ਕਮਿਊਨ’ ਦੀ ਮਹੱਤਤਾ ਵੀ ਵੱਧਦੀ ਜਾ ਰਹੀ ਹੈ।
ਪੈਰਿਸ ਕਮਿਊਨ ਦੇ ਸ਼ਹੀਦਾਂ ਨੂੰ ਲਾਲ ਸਲਾਮ!
ਪੈਰਿਸ ਕਮਿਊਨ ਦੀ ਭਾਵਨਾ ਅਮਰ ਰਹੇ!!