ਉੱਤਰ ਪ੍ਰਦੇਸ਼ ਦੇ ਪ੍ਰਯਾਗ ਰਾਜ ਜ਼ਿਲ੍ਹੇ, ਜਿਸ ਦਾ ਪੁਰਾਣਾ ਨਾਂ ਇਲਾਹਾਬਾਦ ਸੀ, ਦੇ ਇਲਾਕਾ ਫਾਫਮਊ ਦੇ ਸੇਰਾਂਵ ਥਾਣੇ ਅਧੀਨ ਆਉਂਦੇ, 16000 ਦੀ ਆਬਾਦੀ ਵਾਲੇ ਪਿੰਡ ਗੋਹਰੀ ਦੇ ਮਾਜਰਾ (ਮੁਹੱਲਾ) ਮੋਹਨ ਚੰਦ ਵਿਖੇ ਇੱਕ ਅਨੁਸੂਚਿਤ ਜਾਤੀ (ਪਾਸੀ) ਪਰਿਵਾਰ ਦੇ ਚਾਰ ਜੀਆਂ ਦੇ ਹੌਲਨਾਕ ਕਤਲ ਦੀ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।
ਮਿ੍ਰਤਕਾਂ ਦੇ ਨਾਂ ਫੂਲ ਚੰਦ ਪਾਸੀ(50), ਉਸਦੀ ਪਤਨੀ ਮੀਨੂੰ (45), ਨਾਬਾਲਗ ਧੀ ਸਪਨਾ (16) ਅਤੇ ਅਪੰਗ ਬੇਟਾ ਸ਼ਿਵ(10) ਹਨ। ਇਸ ਪਿੰਡ ਵਿੱਚ ਪਾਸੀ ਬਿਰਾਦਰੀ ਦੇ ਸਿਰਫ ਦੋ ਹੀ ਪਰਿਵਾਰ ਵਸਦੇ ਹਨ।
ਮਾਂ-ਧੀ ਦੀਆਂ ਬੁਰੀ ਤਰ੍ਹਾਂ ਵੱਢੀਆਂ-ਟੁੱਕੀਆਂ, ਪੂਰੀ ਤਰ੍ਹਾਂ ਨਗਨ ਲਾਸ਼ਾਂ ਦੇਖਕੇ ਸਹਿਜੇ ਹੀ ਇਸ ਸਿੱਟੇ ’ਤੇ ਪੁੱਜਿਆ ਜਾ ਸਕਦਾ ਹੈ ਕਿ ਕਤਲ ਤੋਂ ਪਹਿਲਾਂ ਉਨ੍ਹਾਂ ਨਾਲ ਜਬਰ-ਜਿਨਾਹ ਵੀ ਕੀਤਾ ਗਿਆ ਹੈ।
ਮਾਰੇ ਗਏ ਫੂਲ ਚੰਦ ਦੇ ਝਾਰਖੰਡ ਵਿਖੇ ਸਸ਼ਤਰ ਸੀਮਾ ਬਲ (ਐਸ ਐਸ ਬੀ) ’ਚ ਨੌਕਰੀ ਕਰਦੇ ਭਰਾ ਦੇ ਬਿਆਨਾਂ ’ਤੇ ਪੁਲਸ ਨੇ ਪਿੰਡ ਦੇ ਹੀ ਅਖੌਤੀ ਉੱਚ ਜਾਤੀ(ਠਾਕੁਰ) ਨਾਲ ਸਬੰਧਤ ਪਰਿਵਾਰ ਦੇ 11 ਜੀਆਂ ਬਬਲੀ ਸਿੰਘ, ਆਕਾਸ਼ ਸਿੰਘ, ਅਮਿਤ ਸਿੰਘ, ਰਵ, ਮਨੀਸ਼, ਅਭੈ, ਰਾਜਾ, ਰੰਜੂ, ਕੁਲਦੀਪ ਸਿੰਘ, ਕਾਨ੍ਹਾ ਠਾਕੁਰ, ਅਸ਼ੋਕ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇੰਨ੍ਹਾਂ ਵਿੱਚੋਂ 8 ਗਿ੍ਰਫਤਾਰ ਕਰ ਲਏ ਗਏ ਦੱਸੀਂਦੇ ਹਨ। ਮਿ੍ਰਤਕ ਦੇ ਭਰਾ ਨੂੰ ਚਾਟ ਪਕੌੜੀ ਦਾ ਖੋਖੇ ਲਾਉਣ ਵਾਲੇ ਨੇ ਟੈਲੀਫੋਨ ’ਤੇ ਦੱਸਿਆ ਸੀ ਕਿ ਤੁਹਾਡੇ ਭਰਾ ਦੇ ਟੱਬਰ ਦੇ ਜੀਅ ਦੋ-ਤਿੰਨ ਦਿਨਾਂ ਤੋਂ ਦੇਖੇ ਨਹੀਂ।
ਫੂਲ ਚੰਦ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਅਲਾਟ ਕੀਤੀ ਗਈ ਅੱਧਾ ਬਿੱਘਾ ਜ਼ਮੀਨ ਵਿੱਚ ਬੀਜੀਆਂ ਦਾਲਾਂ ਦਾ ਕਾਤਲ ਵਜੋਂ ਨਾਮਜ਼ਦ ਠਾਕੁਰ ਪਰਿਵਾਰ ਦੇ ਪਸ਼ੂ ਅਕਸਰ ਹੀ ਉਜਾੜਾ ਕਰ ਦਿੰਦੇ ਸਨ। ਉਜਰ ਕਰਨ ’ਤੇ ਅਖੌਤੀ ਠਾਕੁਰ ਧਮਕੀ ਦਿੰਦੇ ਸਨ ਕਿ ਇਹ ਜ਼ਮੀਨ ਸਾਡੇ ਪੁਰਖਿਆਂ ਦੀ ਹੈ, ਤੁਸੀਂ ਛੱਡ ਕੇ ਭੱਜ ਜਾਓ ਜਾਂ ਫਿਰ ਅਸੀਂ ਧੱਕੇ ਨਾਲ ਲੈਣ ਜਾਣਦੇ ਹਾਂ। ਰੋਜ਼-ਰੋਜ਼ ਦੇ ਉਜਾੜੇ, ਧਮਕੀਆਂ ਅਤੇ ਅਪਮਾਨ ਤੋਂ ਤੰਗ ਆ ਕੇ ਪੀੜਤਾਂ ਨੇ ਪੁਲਸ ਕੋਲ ਅਰਜੀ ਦੇ ਦਿੱਤੀ। ਇਸ ਤੋਂ ਚਿੜ ਕੇ ਉੱਚ ਜਾਤੀ ਹੰਕਾਰ ਦੇ ਡੰਗੇ ਠਾਕੁਰ ਪਰਿਵਾਰ ਨੇ ਗੁੰਡਿਆਂ ਸਮੇਤ ਹਮਲਾ ਕਰਕੇ ਫੂਲ ਚੰਦ ਦੀ ਬਿਰਧ ਮਾਤਾ ਅਤੇ ਪਰਿਵਾਰਕ ਜੀਆਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਅਸੱਭਿਅਕ ਭਾਸ਼ਾ ਬੋਲਦਿਆਂ ਜਾਤੀ ਸੂਚਕ ਅਪਮਾਨ ਕੀਤਾ। ਇਸ ਧੱਕੇ ਸ਼ਾਹੀ ਖਿਲਾਫ ਸਤੰਬਰ 2019 ’ਚ ਦੋਸ਼ੀਆਂ ਖਿਲਾਫ ਐਸ.ਸੀ.ਐਸ.ਟੀ. ਐਕਟ ਅਤੇ ਫੌਜਦਾਰੀ ਦੀਆਂ ਹੋਰ ਧਾਰਾਵਾਂ ਤਹਿਤ ਪਰਚਾ ਦਰਜ਼ ਹੋਇਆ, ਜਿਸ ਦਾ ਚਲਾਨ (ਚਾਰਜਸ਼ੀਟ) ਅੱਜ ਤੱਕ ਪੇਸ਼ ਨਹੀਂ ਕੀਤਾ ਗਿਆ। ਇਸੇ ਦੌਰਾਨ ਇਨਸਾਫ ਨੂੰ ਉਡੀਕਦੀ ਫੂਲ ਚੰਦ ਪਾਸੀ ਦੀ ਬਿਰਧ ਮਾਤਾ ਸੰਸਾਰ ਤੋਂ ਕੂਚ ਕਰ ਗਈ।
ਪੁਲਸ, ਦੋਸ਼ੀਆਂ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਬਜਾਇ ਪੀੜਤਾਂ ’ਤੇ ਰਾਜ਼ੀਨਾਮੇ ਲਈ ਦਬਾਅ ਪਾਉਂਦੀ ਰਹੀ। ਪੀੜਤ ਪਰਿਵਾਰ ਨੂੰ ਗਾਹੇ-ਬਗਾਹੇ ਥਾਣੇ ਸੱਦ ਕੇ ਦੋਸ਼ੀਆਂ ਦੇ ਸਾਹਮਣੇ ਉਨ੍ਹਾਂ ਦੀ ਖਿੱਲੀ ਉਡਾਈ ਜਾਂਦੀ ਸੀ। ਦੋਸ਼ੀ ‘ਮਾਣ-ਆਦਰ’ ਨਾਲ ਕੁਰਸੀਆਂ ਤੇ ਬਿਠਾਏ ਜਾਂਦੇ ਅਤੇ ਸ਼ਿਕਾਇਤਕਰਤਾ ਭੂੰਜੇ।
ਦੋਸ਼ੀਆਂ ਨੇ ਔਰਤਾਂ ਨਾਲ ਦੁਰਵਿਵਹਾਰ, ਗਾਲੀ ਗਲੋਚ ਅਤੇ ਜਾਤੀ ਸੂਚਕ ਸ਼ਬਦ ਬੋਲਣੇ, ਇੱਥੋਂ ਤੱਕ ਕਿ ਕੁੱਟਮਾਰ ਕਰਨੀ ਵੀ ਬਾਦਸਤੂਰ ਜਾਰੀ ਰੱਖੀ। ਸਤੰਬਰ 2021 ’ਚ ਦੋਸ਼ੀ ਠਾਕੁਰ ਪਰਿਵਾਰ ਖਿਲਾਫ਼ ਇਕ ਹੋਰ ਮੁਕੱਦਮਾ ਦਰਜ ਹੋਇਆ ਪਰ ਕਾਰਵਾਈ ਫਿਰ ਵੀ ਕੋਈ ਨਾ ਹੋਈ।
ਆਪਣੇ ਸਵੈਮਾਣ ਅਤੇ ਉਪਜੀਵਕਾ ਦੀ ਰਾਖੀ ਲਈ ‘ਅਮਨ ਕਾਨੂੰਨ ਦੀ ਰਾਖੀ ਲਈ ਤਾਇਨਾਤ ਮਸ਼ੀਨਰੀ’ ਤੱਕ ਪਹੁੰਚ ਕਰਨ ਦੀ ‘ਗੁਸਤਾਖੀ’ ਬਦਲੇ ਸਾਰੇ ਪਰਿਵਾਰ ਦੇ ਡੱਕਰੇ ਕਰ ਦਿੱਤੇ ਗਏ। ਚਾਰ ਜੀਆਂ ਦੇ ਕਾਲਜੇ ਵਲੂੰਧਰਨ ਵਾਲੇ ਕਤਲ ਤੋਂ ਬਾਅਦ ਹੁਣ ਜਾ ਕੇ ਦੋ ਤਿੰਨ ਪੁਲਸੀਆਂ ਨੂੰ ਮੁਅੱਤਲ ਕਰਨ ਦੀ ‘ਭਾਰੀ’ ਸਜ਼ਾ ਦਿੱਤੀ ਗਈ ਹੈ।
ਭਾਰਤੀ ਸਮਾਜ ਨੂੰ ਆਪਣੇ ਆਪ ਕੋਲੋਂ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਇੱਕ ਅਪੰਗ ਬਾਲ ਦਾ ਕਤਲ ਕਰਨ ਵਾਲੇ ਮਨੁੱਖ ਕਹਾਉਣ ਦੇ ਹੱਕਦਾਰ ਹਨ? ਬਾਪ ਅਤੇ ਭਰਾ ਦੇ ਸਾਹਮਣੇ ਮਾਂ-ਬੇਟੀ ਦੀ ਇੱਜ਼ਤ ਵੀਰਾਨ ਕਰਨ ਵਾਲੇ ਕਿਸੇ ਰੁਤਬੇ ਦੇ ਹੱਕਦਾਰ ਹਨ ਜਾਂ ਸਜ਼ਾ ਦੇ? ਪੁਲਸ ਪ੍ਰਸ਼ਾਸ਼ਨ ਦੇ ਪੱਖਪਾਤ ਦੇ ਕਿੱਸੇ ਤਾਂ ਸਾਰੇ ਦੇਸ਼ ਵਿੱਚ ਹੀ ਸੁਣੇ ਜਾਂਦੇ ਹਨ, ਪਰ ਯੂਪੀ ਪੁਲਸ ਦੀ ਜਾਤੀਵਾਦੀ ਮਾਨਸਿਕਤਾ ਤੇ ਫਿਰਕੂ ਸੋਚ ਤਹਿਤ ਪੱਖਪਾਤੀ ਪਹੁੰਚ ਦੇਸ਼ ਨੂੰ ਕਿਸ ਕੁੰਭੀ ਨਰਕ ਵੱਲ ਧੂਹ ਕੇ ਲਿਜਾ ਰਹੀ ਹੈ, ਇਸ ਦਾ ਅਹਿਸਾਸ ਆਪਾਂ ਭਾਰਤ ਵਾਸੀ ਕਦੋਂ ਕਰਾਂਗੇ ?
ਅਸੀਂ ਪਾਠਕਾਂ ਨੂੰ ਆਗਾਹ ਕਰਨਾ ਚਾਹੁੰਦੇ ਹਾਂ ਕਿ ਉਪਰ ਬਿਆਨੀ ਘਟਨਾ ਕੋਈ ਅਪਵਾਦ ਨਹੀਂ। ਬਲਕਿ ਦਲਿਤ ਉਤਪੀੜਨ ਦੀਆਂ ਅਜਿਹੀਆਂ ਵਾਰਦਾਤਾਂ ਦੇਸ਼ ਦੇ ਹਰ ਕੋਨੇ ਵਿੱਚ ਹਰ ਰੋਜ਼ ਵਾਪਰ ਰਹੀਆਂ ਹਨ ਅਤੇ ਪਿਛਲੇ ਸੱਤ ਕੁ ਸਾਲਾਂ ਤੋਂ ਇਨ੍ਹਾਂ ਘਟਨਾਵਾਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕੌਮੀ ਅਪਰਾਧ ਰੀਕਾਰਡ ਬਿਊਰੋ (ਐਨ ਸੀ ਆਰ ਬੀ) ਦੇ ਅੰਕੜਿਆਂ ਮੁਤਾਬਕ ਦਲਿਤਾਂ ਦੀ 54% ਵਸੋਂ ਵਾਲੇ 9 ਸੂਬਿਆਂ ’ਚ ਦਲਿਤ ਉਤਪੀੜਨ ਦੀਆਂ 84% ਵਾਰਦਾਤਾਂ ਹੁੰਦੀਆਂ ਹਨ। ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ’ਚ ਦਲਿਤਾਂ ਨਾਲ ਭੇਦਭਾਵ ਅਤੇ ਅੱਤਿਆਚਾਰਾਂ ਦੇ 90% ਤੋਂ ਵਧੇਰੇ ਦਰਜ ਮਾਮਲੇ ਯੋਗ ਕਾਰਵਾਈ ਨੂੰ ਉਡੀਕ ਰਹੇ ਹਨ। ਅਸੀਂ ਸਮਝ ਸਕਦੇ ਹਾਂ ਕਿ ਅਜਿਹੀ ਸਥਿਤੀ ’ਚ ਕਿੰਨੇ ਕੁ ਪੀੜਤ ਮੁਕੱਦਮਾ ਦਰਜ ਕਰਵਾਉਣ ਦਾ ਹੀਆ ਕਰਦੇ ਹੋਣਗੇ? ਉਕਤ ਸਾਰੇ ਬਿਰਤਾਂਤ ਤੋਂ ਇਹ ਗੱਲ ਸਾਫ ਹੋ ਜਾਣੀ ਚਾਹੀਦੀ ਹੈ ਕਿ ਉੱਤਰ ਪ੍ਰਦੇਸ਼ ਦਾ ਪੁਲਸ-ਪ੍ਰਸ਼ਾਸਨ ਹੀ ਨਹੀਂ ਬਲਕਿ ਸਰਕਾਰ ਆਪ ਉੱਚ ਜਾਤੀ ਹੰਕਾਰ ਚੋਂ ਉਪਜੀ ਵਿਹੁਲੀ ਸੋਚ ਦੇ ਮਾਲਕ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੀ ਹੈ। ਰਹਿੰਦੀ ਕਸਰ ਭਾਜਪਾ ਤੇ ਸੰਘ ਪਰਿਵਾਰ ਦੇ ਬਾਕੀ ਸੰਗਠਨਾਂ ਦੇ ਛੋਟੇ-ਵੱਡੇ ਆਗੂ ਕੱਢ ਦਿੰਦੇ ਹਨ। ਤਾਜ਼ਾ ਸੂਚਨਾਵਾਂ ਅਨੁਸਾਰ ਯੂਪੀ ਪੁਲਸ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਈ ਹੈ। ਪਤਾ ਲੱਗਾ ਹੈ ਕਿ ਠਾਕੁਰ ਪਰਿਵਾਰ ਦੇ ਗਿ੍ਰਫਤਾਰ ਕੀਤੇ ਅੱਠੇ ਦੋਸ਼ੀ ਆਜ਼ਾਦ ਕਰ ਦਿੱਤੇ ਗਏ ਹਨ ਕਿਸੇ ਹੋਰ ਨੂੰ ਫਸਾਇਆ ਜਾ ਰਿਹਾ ਹੈ। ਉਨਾਓ ਤੇ ਹਾਥਰਸ ਦੀਆਂ ਘਟਨਾਵਾਂ ਵਾਲੀ ਗੰਦੀ ਖੇਡ ਫਿਰ ਸ਼ੁਰੂ ਕਰ ਦਿੱਤੀ ਹੈ ਯੂਪੀ ਦੇ ਉਚ ਪੁਲਸ ਅਫਸਰਾਂ ਨੇ।
ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਭਾਰਤ ਦੇ ਜ਼ਿਆਦਾਤਰ ਖਿੱਤੇ, ਜਿਥੇ ਆਰ.ਐਸ.ਐਸ. ਦਾ ਸੰਗਠਨ ਅਤੇ ਵਿਚਾਰਧਾਰਕ ਆਧਾਰ ਮਜ਼ਬੂਤ ਹੈ, ਦਲਿਤਾਂ ਤੇ ਮਹਿਲਾਵਾਂ, ਖਾਸ ਕਰਕੇ ਦਲਿਤ ਪਰਿਵਾਰਾਂ ਦੀਆਂ ਮੁਟਿਆਰਾਂ ਤੇ ਬਾਲੜੀਆਂ, ਕਬਾਇਲੀਆਂ ਅਤੇ ਘੱਟ ਗਿਣਤੀ ਵਸੋਂ ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਲਈ ਨਾਜ਼ੀਆਂ ਵੱਲੋਂ ਸਥਾਪਿਤ ਤਸੀਹਾ (ਕੰਸਨਟਰੇਸ਼ਨ) ਕੈਂਪਾਂ ’ਚ ਤਬਦੀਲ ਹੁੰਦੇ ਜਾ ਰਹੇ ਹਨ। ਐਸਾ ਕੱਟੜ ਧਰਮ ਆਧਾਰਿਤ ਹਿੰਦੂ ਰਾਸ਼ਟਰ, ਜਿਸ ਦੀ ਸ਼ਾਸ਼ਨ ਪੱਧਤੀ ਮੰਨੂ ਸਿਮਰਤੀ ਦੀ ਅਮਾਨਵੀ ਸੇਧ ਅਨੁਸਾਰ ਚੱਲੇ, ਦੀ ਕਾਇਮੀ ਲਈ ਰਾਸ਼ਟਰੀ ਸੋਇਮ ਸੇਵਕ ਸੰਘ ਜਾਤੀਵਾਦ ਨੂੰ ਸੋਚੀ-ਸਮਝੀ ਰਣਨੀਤੀ ਤਹਿਤ ਬੜ੍ਹਾਵਾ ਦੇ ਰਿਹਾ ਹੈ। ਦੇਸ਼ ਦੀਆਂ ਖੱਬੀਆਂ, ਜਮਹੂਰੀ ਤੇ ਅਗਾਂਹਵਧੂ ਤਾਕਤਾਂ ਦੀ ਸਾਂਝੀ ਜੱਦੋਜਹਿਦ ਹੀ ਦੇਸ਼ ਨੂੰ ਇਸ ਨਰਕ ’ਚ ਡੁਬਣੋਂ ਬਚਾ ਸਕਦੀ ਹੈ। ਇਸ ਪੱਖ ਤੋਂ ਜ਼ਰਾ ਜਿੰਨੀ ਵੀ ਦੇਰ ਜਾਂ ਕੁਤਾਹੀ ਬਹੁਤ ਘਾਤਕ ਸਿੱਧ ਹੋਵੇਗੀ।
– ਮਹੀਪਾਲ