
ਦੇਸ਼ ਦਾ ਕਿਸਾਨ ਅੰਦੋਲਨ ਸਾਰੀਆਂ ਔਕੜਾਂ, ਸਰਕਾਰੀ ਛਡਯੰਤਰਾਂ ਅਤੇ ਕੂੜ-ਪ੍ਰਚਾਰ ਤੇ ਗੈਰ-ਜ਼ਿੰਮੇਵਾਰ ਲੋਕਾਂ ਦੀਆਂ ਭੜਕਾਊ ਕਾਰਵਾਈਆਂ ਦਾ ਸਫਲਤਾ ਪੂਰਵਕ ਟਾਕਰਾ ਕਰਦਾ ਹੋਇਆ ਪੂਰਨ ਸ਼ਾਂਤਮਈ ਤੇ ਅਨੁਸ਼ਾਸ਼ਤ ਢੰਗ ਨਾਲ ਸਫਲਤਾ ਵੱਲ ਨੂੰ ਅੱਗੇ ਵੱਧ ਰਿਹਾ ਹੈ। ਮੋਦੀ ਦੀ ਕੇਂਦਰੀ ਸਰਕਾਰ ਤੇ ਭਾਜਪਾ ਦੀਆਂ ਸੂਬਾਈ ਸਰਕਾਰਾਂ ਦਾ ਕੋਈ ਜਬਰ ਵੀ ਧਰਤੀ ਪੁੱਤਰਾਂ ਤੇ ਧੀਆਂ ਦੇ ਹੌਂਸਲੇ, ਹੱਕਾਂ ਦੀ ਪ੍ਰਾਪਤੀ ਲਈ ਹਰ ਕੁਰਬਾਨੀ ਕਰਨ ਦੇ ਵਲਵਲਿਆਂ ਤੇ ਹਰ ਦੁੱਖ-ਸੁੱਖ ਨੂੰ ਖਿੜੇ-ਮੱਥੇ ਸਹਾਰਦਿਆਂ ਹੋਇਆਂ ਆਪਣੇ ਇਤਿਹਾਸ ਦੇ ਪੰਨਿਆਂ ਨੂੰ ਹੋਰ ਸੁਨਹਿਰੀ ਬਣਾਉਣ ਦੇ ਇਰਾਦਿਆਂ ਨੂੰ ਕਮਜ਼ੋਰ ਨਹੀਂ ਕਰ ਸਕਿਆ। ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਨੇ ਸੰਘਰਸ਼ ਦੌਰਾਨ ਆਈ ਹਰ ਮੁਸ਼ਕਿਲ ਸਮੇਂ ਪੂਰੀ ਸਿਆਣਪ ਦਾ ਪ੍ਰਗਟਾਵਾ ਕਰਦਿਆਂ ਲੋੜ ਅਨੁਸਾਰ ਨਵੇਂ ਪੈਂਤੜੇ ਅਖਤਿਆਰ ਕੀਤੇ ਤੇ ਸਰਕਾਰੀ ਭੜਕਾਊ ਤੱਤਾਂ ਨੂੰ ਪੂਰੇ ਸਹਿਜ ਤੇ ਧੀਰਜ ਨਾਲ ਅੰਦੋਲਨਕਾਰੀ ਕਿਸਾਨ ਸਫ਼ਾਂ ਦੇ ਵੱਡੇ ਹਿੱਸੇ ‘ਚੋਂ ਨਿਖੇੜਿਆ। ਕਿਸਾਨ ਅੰਦੋਲਨ ਨੂੰ ਅਸਫਲ ਬਣਾਉਣ ਦੇ ਨਜ਼ਰੀਏ ਨਾਲ ਕੀਤੇ ਗਏ ਸਰਕਾਰ ਦੇ ਹਰ ਜਾਬਰ ਹੱਲੇ, ਕੂੜ ਪ੍ਰਚਾਰ, ਫੁੱਟਪਾਊ ਸਾਜਿਸ਼ਾਂ ਨੂੰ ਲੋਕਾਈ ‘ਚ ਬੇਪਰਦ ਕਰਕੇ ਪਛਾੜਿਆ। ਸਰਕਾਰੀ ਨੁੰਮਾਇੰਦਿਆਂ ਨਾਲ ਹੋਈਆਂ ਵੱਖ-ਵੱਖ ਮੀਟਿੰਗਾਂ ‘ਚ ਦਲੀਲਾਂ ਤੇ ਤੱਥਾਂ ਨਾਲ ਮੋਦੀ ਸਰਕਾਰ ਦੇ ਕੁਫ਼ਰ ਨੂੰ ਨੰਗਿਆਂ ਕੀਤਾ ਤੇ ਖੇਤੀਬਾੜੀ ਨਾਲ ਸੰਬੰਧਤ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ, 2020 ਬਿਜਲੀ ਸੋਧ ਬਿਲ ਵਾਪਸ ਲੈਣ ਤੇ ਕਿਸਾਨੀ ਫਸਲਾਂ ਦੇ ਲਾਹੇਵੰਦ ਭਾਵਾਂ ਨੂੰ ਕਾਨੂੰਨੀ ਦਰਜਾ ਦੇ ਕੇ ਯਕੀਨੀ ਬਣਾਉਣ ਦੀਆਂ ਮੰਗਾਂ ਦੀ ਵਾਜਬੀਅਤ ਨੂੰ ਭਾਰਤੀ ਲੋਕਾਂ ਸਾਹਮਣੇ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ। ਹੱਕ ਬਜ਼ਾਨਬ ਹੋਣ ਕਰਕੇ ਹੀ ਕਿਸਾਨੀ ਮੰਗਾਂ ਦਾ ਸੰਸਾਰ ਭਰ ਦੇ ਦੇਸ਼ਾਂ ਦੇ ਲੋਕਾਂ ਦੇ ਮਨਾਂ ‘ਚ ਵੀ ਸੰਜੀਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ।
ਕਿਸਾਨਾਂ ਤੋਂ ਬਿਨਾਂ ਸਮਾਜ ਦੇ ਬਾਕੀ ਹਿੱਸਿਆਂ ਮਜ਼ਦੂਰਾਂ, ਦਿਹਾਤੀ ਮਜ਼ਦੂਰਾਂ, ਦੁਕਾਨਦਾਰਾਂ, ਮੁਲਾਜ਼ਮਾਂ, ਆੜ੍ਹਤੀਆਂ, ਦਰਮਿਆਨੀ ਜਮਾਤ ਦੇ ਲੋਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਪ੍ਰੈਸ ਦੇ ਵੱਡੇ ਹਿੱਸੇ ਨੇ ਕਿਸਾਨ ਘੋਲ ਦਾ ਡੱਟਵਾਂ ਸਾਥ ਦਿੱਤਾ। ਬਿਨਾਂ ਸ਼ੱਕ ਇਹ ਕਿਸਾਨ ਅੰਦੋਲਨ, ਕੋਈ ਰਾਜਨੀਤਕ ਅੰਦੋਲਨ ਨਹੀਂ ਹੈ ਤੇ ਨਾ ਹੀ ਕਿਸਾਨ ਮੰਚ ‘ਤੇ ਕਿਸੇ ਰਾਜਨੀਤਕ ਨੇਤਾ ਨੂੰ ਰਾਜਸੀ ਘੁਣਤਰਾਂ ਵਾਲਾ ਭਾਸ਼ਣ ਦੇਣ ਦੀ ਇਜਾਜ਼ਤ ਹੀ ਦਿੱਤੀ ਜਾਂਦੀ ਹੈ। ਇਹ ਹਰ ਰਾਜਨੀਤਕ, ਸਮਾਜਿਕ, ਧਾਰਿਮਕ ਵਿਚਾਰਾਂ ਦੇ ਧਾਰਣੀ ਤੇ ਅਲੱਗ ਅਲੱਗ ਖਿੱਤਿਆਂ ਦੇ ਕਿਸਾਨਾਂ ਦਾ ਸਾਂਝਾ ਅੰਦੋਲਨ ਹੈ। ਪ੍ਰੰਤੂ ਇੰਨ੍ਹਾਂ ਕਾਨੂੰਨਾਂ ਦੀਆਂ ਜੜ੍ਹਾਂ ਇਨ੍ਹਾਂ ਨੂੰ ਪਾਸ ਕਰਨ ਵਾਲੀ ਮੋਦੀ ਸਰਕਾਰ ਦੀਆਂ ਰਾਜਨੀਤਕ, ਆਰਥਿਕ ਤੇ ਵਿਚਾਰਧਾਰਕ ਸੇਧਾਂ ਨਾਲ ਸਿੱਧੇ ਤੌਰ ‘ਤੇ ਜੁੜੀਆਂ ਹੋਈਆਂ ਹਨ। ਇਸ ਲਈ ਜਦੋਂ ਕਿਸਾਨ ਨੇਤਾਵਾਂ ਨੇ ਦੇਸ਼ ਦੇ ਵੱਖ ਵੱਖ ਭਾਗਾਂ ‘ਚ ਜਾ ਕੇ ਲੋਕਾਂ ਨੂੰ ਮੋਦੀ ਸਰਕਾਰ ਦੇ ਵਿਰੁੱਧ ਖੜ੍ਹੇ ਹੋਣ ਤੇ ਘੋਲਾਂ ਦੇ ਮੈਦਾਨ ‘ਚ ਨਿਤਰਨ ਦਾ ਸੱਦਾ ਦਿੱਤਾ, ਤਾਂ ਇਹ ਗੈਰ-ਰਾਜਨੀਤਕ ਕਿਸਾਨ ਅੰਦੋਲਨ ਦੀ ਰੂਹ ‘ਚ ਪਨਪ ਰਹੀ ਇਕ ਐਸੀ ਰਾਜਨੀਤੀ ਸੀ, ਜਿਸ ਨੇ ਇਸ ਦੇਸ਼ ਨੂੰ ਮੌਜੂਦਾ ਸੰਕਟ ਦੇ ਮੰਝਧਾਰ ‘ਚੋਂ ਕੱਢਕੇ ਪਾਰ ਪੁਚਾਉਣਾ ਹੈ। ਇਹ ਵੀ ਚੰਗਾ ਸ਼ਗਨ ਹੈ ਕਿ ਗੈਰ ਭਾਜਪਾ ਰਾਜਸੀ ਪਾਰਟੀਆਂ ਨੇ, ਖਾਸਕਰ ਦੇਸ਼ ਦੀਆਂ ਕਮਿਊਨਿਸਟ ਤੇ ਖੱਬੀਆਂ ਪਾਰਟੀਆਂ ਨੇ ਇਸ ਅੰਦੋਲਨ ਦੀ ਕਾਮਯਾਬੀ ਲਈ ਪੂਰੀ ਸੁਹਿਰਦਤਾ ਨਾਲ ਜੀਅ ਜਾਨ ਲਾ ਕੇ ਕੰਮ ਕੀਤਾ ਹੈ।
ਮੋਦੀ ਸਰਕਾਰ ਦੀ ਇਸ ਅੰਦੋਲਨ ਪ੍ਰਤੀ ਬੇਧਿਆਨੀ ਅਸਲ ‘ਚ ਇਸ ਸੰਘਰਸ਼ ਨੂੰ ਲੰਬਾ ਖਿੱਚ ਕੇ ਅਸਫਲ ਕਰਨ ਦੀ ਬੇਈਮਾਨੀ ਭਰੀ ਚਾਲ ਹੈ। ਇਸ ਦਿਸ਼ਾ ‘ਚ ਉਸਨੇ ਆਪਣੇ ਸਾਰੇ ਹਥਿਆਰ ਤੇ ਕਰਿੰਦੇ ਇਸ ‘ਕੰਮ’ ਲਈ ਝੋਕ ਦਿੱਤੇ ਹਨ। ਸਾਡੀ ਕਿਸਾਨ ਅੰਦੋਲਨ ਦੇ ਸੂਝਵਾਨ ਆਗੂਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਮੋਦੀ ਸਰਕਾਰ ਦੀ ਇਸ ਗੁੱਝੀ ਚਾਲ ਨੂੰ ਸਮਝ ਕੇ ਕਿਸਾਨ ਅੰਦੋਲਨ ਲਈ ਢੁਕਵੇਂ ਤੇ ਅਸਰਦਾਇਕ ਭਵਿੱਖੀ ਦਾਅਪੇਚ ਘੜਨ, ਜਿਸ ਨਾਲ ਇਨ੍ਹਾਂ ਜ਼ਾਲਮ ਤੇ ਫਾਸ਼ੀ ਸੋਚਣੀ ਦੇ ਹਾਕਮਾਂ ਦੀ ਹਰ ਸ਼ੈਤਾਨੀ ਚਾਲ ਦਾ ਟਾਕਰਾ ਕਰਦੇ ਹੋਏ ਕਿਸਾਨ ਘੋਲ ਨੂੰ ਜਿੱਤ ਤੱਕ ਪਹੁੰਚਾਇਆ ਜਾ ਸਕੇ। ਉਂਝ ਇਖਲਾਕੀ ਤੌਰ ‘ਤੇ ਇਹ ਕਿਸਾਨੀ ਯੁੱਧ ਜਿੱਤ ਚੁੱਕਾ ਹੈ ਤੇ ਫਿਰਕੂ-ਫਾਸ਼ੀਵਾਦੀ ਮੋਦੀ ਸਰਕਾਰ ਹਰ ਪੱਖੋਂ ਹਾਰ ਚੁੱਕੀ ਹੈ। ਇਸ ਅੰਦੋਲਨ ਦਾ ਘੇਰਾ ਵਧਾਉਣ ਤੇ ਨਵੀਂ ਊਰਜਾ ਹਾਸਲ ਕਰਨ ਵਾਸਤੇ ਗੈਰ ਭਾਜਪਾ ਰਾਜ ਸਰਕਾਰਾਂ, ਅੰਦੋਲਨ ਦੀਆਂ ਹਮਾਇਤੀ ਰਾਜਨੀਤਕ ਪਾਰਟੀਆਂ ਤੇ ਲੋਕਾਈ ਦੇ ਵਿਸ਼ਾਲ ਭਾਗਾਂ ਨਾਲ, ਜੋ ਇਸ ਅੰਦੋਲਨ ਦੀ ਕਾਮਯਾਬੀ ਦੀ ਘੜੀ ਦੇਖਣ ਲਈ ਟਿਕਟਿਕੀ ਲਾਈ ਬੈਠੇ ਹਨ, ਕਿਹੜੇ ਢੰਗ ਨਾਲ ਤੇ ਕਿਸ ਮਾਤਰਾ ‘ਚ ਨਾਤਾ ਜੋੜਿਆ ਜਾ ਸਕਦਾ ਹੈ, ਇਸ ਮੁੱਦੇ ਬਾਰੇ ਅਗਵਾਈ ਕਰ ਰਹੇ ਸਾਰੇ ਕਿਸਾਨ ਆਗੂਆਂ ਨੂੰ ਮਿਲ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਲੰਬੀਆਂ ਜਦੋ ਜ਼ਹਿਦਾਂ ਅੰਦਰ ਨਵੇਂ-ਨਵੇਂ ਮਿੱਤਰ ਤੇ ਸਮਾਜਿਕ ਸਹਿਯੋਗੀ ਲੱਭਣ ਦੀ ਲੋੜ ਹਮੇਸ਼ਾ ਰਹਿੰਦੀ ਹੈ। ਜੇਕਰ ਮੋਦੀ ਸਰਕਾਰ ਇਸ ਅੰਦੋਲਨ ਬਾਰੇ ਲੋਕ ਮਨਾਂ ‘ਚ ਨਵੇਂ ਭੁਲੇਖੇ ਤੇ ਸ਼ੰਕਾਵਾਂ ਖੜ੍ਹੀਆਂ ਕਰਕੇ ਇਸਨੂੰ ਬਦਨਾਮ ਕਰਨ ਦੀਆਂ ਹੋਛੀਆਂ ਸਕੀਮਾਂ ਤੇ ਛਡਯੰਤਰਾਂ ਦੇ ਸਹਾਰੇ ਅਸਫਲ ਬਣਾਉਣ ਲਈ ਪੂਰਾ ਟਿੱਲ ਲਾ ਰਹੀ ਹੈ, ਤਾਂ ਸਾਨੂੰ ਵੀ ਲੰਬੇ ਸਮੇਂ ਦੀ ਲੜਾਈ ਲਈ ਮੇਚਵੇਂ ਨਵੇਂ ਦਾਅਪੇਚ, ਨਾਅਰੇ, ਤਰੀਕੇ ਤੇ ਸਾਧਨ ਜੁਟਾਉਣ ਦੀ ਲੋੜ ਹੈ। ਦੇਸ਼ ਭਰ ਦੇ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਜਿੰਨੀ ਵੱਡੀ ਮਾਤਰਾ ‘ਚ ਖੜ੍ਹੇ ਹੋਣਗੇ, ਓਨਾ ਹੀ ਕਿਸਾਨ ਅੰਦੋਲਨ ਬਲਵਾਨ ਹੋਵੇਗਾ।
ਸਮੁੱਚੇ ਗੈਰ-ਭਾਜਪਾ ਰਾਜਸੀ ਦਲਾਂ ਅਤੇ ਖਾਸਕਰ ਖੱਬੇ ਪੱਖੀ ਰਾਜਨੀਤਕ ਧਿਰਾਂ ਦੇ ਆਗੂਆਂ ਨੂੰ ਕਿਸਾਨ ਅੰਦੋਲਨ ਦੇ ਹੱਕ ‘ਚ ਵਿਸ਼ਾਲ ਜਨਤਕ ਲਹਿਰ ਖੜ੍ਹੀ ਕਰਨ ‘ਚ ਪੂਰੀ ਤਾਕਤ ਤੇ ਸੁਹਿਰਦਤਾ ਨਾਲ ਆਪਣੀ ਭੂਮਿਕਾ ਅਦਾ ਕਰਨ ਦੀ ਜ਼ਰੂਰਤ ਹੈ। ਦੇਸ਼ ਦੇ ਸਾਰੇ ਵਰਗਾਂ (ਅਡਾਨੀਆਂ-ਅੰਬਾਨੀਆਂ ਤੋਂ ਬਿਨਾਂ), ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਅਗਾਂਹਵਧੂ ਬੁਧੀਜੀਵੀਆਂ ਉਪਰ ਮੋਦੀ ਸਰਕਾਰ ਨੇ ਚੌਤਰਫ਼ਾ ਹੱਲਾ ਬੋਲ ਦਿੱਤਾ ਹੈ। ਇਸ ਲਈ ਮਿਹਨਤਕਸ਼ ਲੋਕਾਂ ਦੇ ਹਿਤਾਂ ਦੀ ਰਾਖੀ ਤੇ ਦੇਸ਼ ਦੇ ਧਰਮ ਨਿਰਪੱਖ ਤੇ ਜਮਹੂਰੀ ਸਮਾਜਿਕ ਤਾਣੇਬਾਣੇ ਨੂੰ ਬਚਾਉਣ ਲਈ ਵੀ ਸਮੇਂ ਦੀ ਪੁਕਾਰ ਹੈ ਕਿ ਕਿਸਾਨ ਅੰਦੋਲਨ ਦੇ ਹੱਕ ‘ਚ ਦੇਸ਼ ਭਰ ‘ਚ ਇਕ ਵਿਸ਼ਾਲ ਜਨਤਕ ਲਹਿਰ ਸਿਰਜ ਕੇ ਇਸ ਨੂੰ ਸਫਲ ਬਣਾਇਆ ਜਾਵੇ। ਇਹ ਕਾਮਯਾਬੀ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਇਕ ਫੈਸਲਾਕੁੰਨ ਪੈਂਤੜਾ ਸਿੱਧ ਹੋਵੇਗੀ। – ਮੰਗਤ ਰਾਮ ਪਾਸਲਾ