Now Reading
ਸਿੱਖਿਆ ਵਿਭਾਗ ਦੇ ਹਰ ਨਾਦਰਸ਼ਾਹੀ ਫ਼ੈਸਲੇ ਦਾ ਵਿਰੋਧ ਕਰਾਂਗੇ

ਸਿੱਖਿਆ ਵਿਭਾਗ ਦੇ ਹਰ ਨਾਦਰਸ਼ਾਹੀ ਫ਼ੈਸਲੇ ਦਾ ਵਿਰੋਧ ਕਰਾਂਗੇ

ਜਲੰਧਰ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਕੁਲਦੀਪ ਦੌੜਕਾ ਅਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਸਿੱਖਿਆ ਵਿਭਾਗ ਦੇ ਉਸ ਫ਼ੈਸਲੇ ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਲੜਕੀਆਂ ਦੇ ਸਕੂਲਾਂ ‘ਚ 50 ਸਾਲ ਦੇ ਉਮਰ ਤੋਂ ਵੱਧ ਦੇ ਅਧਿਆਪਕਾਂ ਦੀ ਨਿਯੁਕਤੀ ਦੀ ਤਜਵੀਜ਼ ਤਿਆਰ ਕਰਨੀ ਅਤਿ ਨਿੰਦਣਯੋਗ ਹੈ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਵੱਲੋਂ ਅਧਿਆਪਕਾਂ ਦੇ ਚਰਿੱਤਰ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣਾ ਇਕ ਘਿਣਾਉਣੀ ਸਾਜ਼ਿਸ਼ ਹੈ। ਆਗੂਆਂ ਨੇ ਦੋਸ਼ ਲਗਾਇਆਂ ਕਿ ਪੰਜਾਬ ਦੀ ਸਰਕਾਰ ਨਿੱਜੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰੀ ਸਿੱਖਿਆ ਨੂੰ ਪੜਾਵਾਰ ਖ਼ਤਮ ਕਰਨ ਲਈ ਅਧਿਆਪਕਾਂ ਨੂੰ ਬਦਨਾਮ ਕਰਨ ਲਈ ਹਰ ਤਰਾਂ ਦਾ ਹਰਬਾ ਵਰਤ ਰਹੀ ਹੈ ਅਤੇ ਇਸੇ ਕੜੀ ਤਹਿਤ ਪਹਿਲਾਂ ਵੀ ਸਰਕਾਰ ਵੱਲੋਂ 800 ਸਕੂਲਾਂ ਨੂੰ ਬੰਦ ਕਰਨ, ਮਿਡਲ ਸਕੂਲਾਂ ਵਿਚੋਂ ਪੋਸਟਾਂ ਸ਼ਿਫ਼ਟ ਕਰਨ ਵਰਗੇ ਨਾਦਰਸ਼ਾਹੀ ਫ਼ਰਮਾਨ ਜਾਰੀ ਕਰ ਚੁੱਕੀ ਹੈ, ਜਿਸ ਦਾ ਅਧਿਆਪਕ ਵਰਗ ਮੂੰਹ ਤੋੜਵਾਂ ਜਵਾਬ ਦੇ ਚੁੱਕਾ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਵੱਲੋਂ ਜਾਰੀ ਕੀਤੇ ਇਸ ਬਿਆਨ ‘ਚ ਅੱਗੇ ਕਿਹਾ ਗਿਆ ਕਿ ਜਥੇਬੰਦੀ ਸਿੱਖਿਆ ਵਿਭਾਗ ਦੇ ਹਰ ਨਾਦਰਸ਼ਾਹੀ ਫ਼ਰਮਾਨ ਦਾ ਡਟ ਕੇ ਵਿਰੋਧ ਕਰੇਗੀ।

Scroll To Top