ਅਡਾਨੀਆਂ ਦੀ ਖੁਸ਼ਕ ਬੰਦਰਗਾਹ, ਕਿਲ੍ਹਾ ਰਾਏਪੁਰ ਵਿਖੇ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ, ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ, 350 ਦਿਨ ਚੱਲਿਆ ਪੱਕਾ ਮੋਰਚਾ ਆਪਣੀਆਂ ਖੱਟੀਆਂ-ਮਿੱਠੀਆਂ ਯਾਦਾਂ ਸਮੇਤ 15 ਦਸੰਬਰ ਨੂੰ ਬੇਹਦ ਜਜ਼ਬਾਤੀ ਪਰ ਉਤਸ਼ਾਹ ਪੂਰਨ ਮਾਹੌਲ ਵਿੱਚ ਜੇਤੂ ਰੈਲੀ ਕਰਕੇ ਸੰਪੰਨ ਹੋਇਆ।
ਇਸ ਮੋਰਚੇ ਦੀ ਖਾਸ ਪ੍ਰਾਪਤੀ ਇਹ ਰਹੀ ਕਿ ਜਦੋਂ ਦਿੱਲੀ ਦੇ ਬਾਹਡਰਾਂ ਤੇ ਚੱਲ ਰਹੇ ਮੋਰਚਿਆਂ ਦਾ ਪੇਚ ਸਰਕਾਰ ਨਾਲ ਪੂਰੀ ਤਰ੍ਹਾਂ ਫੱਸਿਆ ਹੋਇਆ ਸੀ ਤਾਂ ਉਸ ਸਮੇਂ ਵੱਡੇ ਕਾਰਪੋਰੇਟ ਬਘਿਆੜ ਅਡਾਨੀ ਗਰੁੱਪ ਨੂੰ ਆਪਣੀ ਕਿਲ੍ਹਾ ਰਾਏਪੁਰ ਵਿੱਚ ਸਥਿਤ ਖੁਸ਼ਕ ਬੰਦਰਗਾਹ ਦੇ ਬੋਰਡ ਉਤਾਰ ਕੇ ਹਾਈ ਕੋਰਟ ਵਿੱਚ ਜਾਕੇ ਇਹ ਕਹਿਣਾ ਪਿਆ ਕਿ ਉਹ ਇਸ ਖੁਸ਼ਕ ਬੰਦਰਗਾਹ ਨੂੰ ਹੁਣ ਤੋਂ ਹੀ ਬੰਦ ਕਰ ਰਹੇ ਹਨ।
ਮਜ਼ਦੂਰ-ਕਿਸਾਨ ਜਥੇਬੰਦੀਆਂ ਵੱਲੋਂ ਖੁਸ਼ਕ ਬੰਦਰਗਾਹ ਦੇ ਬੋਰਡ ਉਤਾਰਨ ਨੂੰ ਇਸ ਅੰਦੋਲਨ ਦੀ ਪਹਿਲੀ ਜਿੱਤ ਕਿਹਾ ਗਿਆ ਤੇ ਇਸ ਜਿੱਤ ਤੋਂ ਉਤਸ਼ਾਹਤ ਹੋ ਕੇ ਲੋਕਾਂ ਨੇ ਅੰਦੋਲਨ ਵਿੱਚ ਨਵੀਂ ਰੂਹ ਫੂਕ ਦਿੱਤੀ। ਇਸ ਮੋਰਚੇ ਵੱਲੋਂ ਦਿੱਲੀ ਦੇ ਬਾਹਡਰਾਂ ਤੇ ਚੱਲ ਰਹੇ ਮੋਰਚਿਆਂ ਵਿੱਚ ਜਨਤਕ ਜਥੇਬੰਦੀਆਂ ਦੇ ਹੋਰ ਵਡੇਰੇ ਕਾਫਲੇ ਨਵੇਂ ਜੋਸ਼ ਨਾਲ ਭੇਜੇ ਜਾਣ ਲੱਗੇ। ਇੰਜ ਇਸ ਮੋਰਚੇ ਨੇ ਦਿੱਲੀ ਦੇ ਮੋਰਚਿਆਂ ਲਈ ਸਪਲਾਈ ਲਾਈਨ ਦਾ ਕੰਮ ਕੀਤਾ।
ਇਸ ਮੋਰਚੇ ਤੋਂ ਲੋਕਾਂ ਦੇ ਕਾਫਲੇ ਹੀ ਦਿੱਲੀ ਸੰਘਰਸ ਵਿੱਚ ਸਾਮਲ ਹੋਣ ਲਈ ਰਵਾਨਾ ਨਹੀਂ ਕੀਤੇ ਬਲਕਿ ਉੱਥੇ ਲੰਗਰ, ਨਗਦ ਰਾਸ਼ੀ, ਮੋਰਚੇ ਲਈ ਲੋੜੀਂਦਾ ਹੋਰ ਸਾਮਾਨ ਜਿਵੇਂ ਪੱਖੇ, ਕੂਲਰ, ਮੱਛਰ ਮਾਰਨ ਵਾਲੀਆਂ ਮਸੀਨਾਂ, ਟਰੈਕਟਰ-ਟਰਾਲੀਆਂ, ਤਰਪਾਲਾਂ ਆਦਿ ਵੀ ਭੇਜੀਆਂ ਗਈਆਂ।
ਮੋਰਚੇ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਹਰ ਸੱਦੇ, ਉਹ ਚਾਹੇ ਰੇਲਾਂ ਰੋਕਣ ਦਾ ਹੋਵੇ, ਚਾਹੇ ਪੰਜਾਬ ਬੰਦ ਦਾ ਹੋਵੇ, ਚਾਹੇ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕਣ ਦਾ ਹੋਵੇ, ਨੂੰ ਪੂਰੀ ਸ਼ਿੱਦਤ ਨਾਲ ਲਾਗੂ ਕੀਤਾ।
ਮੋਰਚੇ ਵੱਲੋਂ ਪੰਜਾਬ ਦੇ ਜੁਝਾਰੂ ਤੇ ਆਪਾਵਾਰੂ ਵਿਰਸੇ ਨਾਲ ਜੁੜੇ ਇਤਿਹਾਸਕ ਦਿਨ ਜਿਵੇਂ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ, ਜੋਤੀ-ਜੋਤੀ ਸਮਾਉਣ ਦੇ ਦਿਹਾੜੇ ਤੇ ਸਹੀਦੀ ਦਿਨ ਪੂਰੇ ਉਤਸ਼ਾਹ ਨਾਲ ਮਨਾਏ ਗਏ ਤੇ ਉਹਨਾਂ ਵੱਲੋਂ ਮਨੁੱਖਤਾ ਦੀ ਬਿਹਤਰੀ ਲਈ ਕੀਤੀਆਂ ਕੁਰਬਾਨੀਆਂ ਤੇ ਘਾਲਣਾਵਾਂ ਨੂੰ ਯਾਦ ਕੀਤਾ ਗਿਆ। ਉਹਨਾਂ ਦੇ ਸਿਧਾਤਾਂ ਤੋਂ ਪ੍ਰੇਰਨਾ ਲੈ ਕੇ ਜਬਰ-ਜ਼ੁਲਮ ਵਿਰੁੱਧ ਲੜਨ ਦਾ ਅਹਿਦ ਕੀਤਾ। ਇਸ ਅੰਦੋਲਨ ਵਿੱਚ 700 ਤੋਂ ਜ਼ਿਆਦਾ ਕਿਸਾਨਾਂ- ਮਜਦੂਰਾਂ ਦੀਆਂ ਸਹੀਦੀਆਂ ਹੋਈਆਂ। ਇਸ ਮੋਰਚੇ ਵਿੱਚੋਂ ਵੀ ਬੀਬੀ ਮਹਿੰਦਰ ਕੌਰ ਡੇਂਹਲੋਂ (77 ਸਾਲ) ਮੋਰਚੇ ਵਿੱਚ ਹੀ ਬਿਮਾਰ ਹੋ ਗਏ ਸਨ ਤੇ ਇਲਾਜ ਦੌਰਾਨ 27 ਅਕਤੂਬਰ ਨੂੰ ਸ਼ਹੀਦੀ ਪਾ ਗਏ ਸਨ। ਇਸ ਤਰ੍ਹਾਂ ਇਹ ਮੋਰਚਾ ਸਹਾਦਤਾਂ ਪੱਖੋਂ ਵੀ ਪਿੱਛੇ ਨਹੀਂ ਰਿਹਾ।
ਮੋਰਚੇ ਵੱਲੋਂ ਹਾਕਮ ਜਮਾਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਨਾ ਕੇਵਲ ਬੇਪਰਦ ਕੀਤਾ ਜਾਂਦਾ ਰਿਹਾ ਬਲਕਿ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਦਾ ਜਬਰਦਸਤ ਵਿਰੋਧ ਵੀ ਕੀਤਾ ਜਾਂਦਾ ਰਿਹਾ ਹੈ। ਇਸੇ ਕੜੀ ਵਜੋਂ ਦਰਜਨਾਂ ਵਾਰੀ ਰੋਸ ਮਾਰਚ, ਟਰੈਕਟਰ-ਟਰਾਲੀ ਮਾਰਚ, ਪੁਤਲਾ ਫੂਕ ਪ੍ਰਦਰਸਨ ਅਤੇ ਜਨ ਲਾਮਬੰਦੀ ’ਤੇ ਆਧਾਰਿਤ ਹੋਰ ਅਨੇਕਾਂ ਕਿਸਮਾਂ ਦੇ ਰੋਸ ਐਕਸ਼ਨ ਕਰਕੇ ਲੋਕਾਂ ਨੂੰ ਇਹਨਾਂ ਨੀਤੀਆਂ ਵਿਰੁੱਧ ਜਾਗਰੂਕ ਕੀਤਾ ਗਿਆ।
ਹਾਕਮਾਂ ਦੀਆਂ ਨਿੱਜੀਕਰਨ, ਸੰਸਾਰੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ, ਜਿਹੜੀਆਂ ਮਨੁੱਖ ਹੱਥੋਂ ਮਨੁੱਖ ਅਤੇ ਅਮੀਰ ਦੇਸ਼ਾਂ ਵੱਲੋਂ ਗਰੀਬ ਦੇਸ਼ਾਂ ਦੀ ਲੁੱਟ ਦਾ ਰਾਹ ਪੱਧਰਾ ਕਰਦੀਆਂ ਹਨ, ਨੂੰ ਰੱਦ ਕਰਕੇ ਬਦਲਵੀਆਂ ਲੋਕ ਪੱਖੀ ਨੀਤੀਆਂ ਲਾਗੂ ਕਰਨ ਦੀ ਲੋੜ ਨੂੰ ਯਥਾਸ਼ਕਤੀ ਜੋਰ-ਸ਼ੋਰ ਨਾਲ ਲੋਕਾਂ ’ਚ ਪ੍ਰਚਾਰਿਆ ਗਿਆ।
ਇਸ ਮੋਰਚੇ ਵੱਲੋਂ ਇਲਾਕੇ ਦੇ ਪਿੰਡਾਂ ਵਿੱਚ ਜਨਤਕ ਜਥੇਬੰਦੀਆਂ ਜਿਵੇਂ ਜਨਵਾਦੀ ਇਸਤਰੀ ਸਭਾ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਦਿਹਾਤੀ ਮਜ਼ਦੂਰ ਸਭਾ ਪੰਜਾਬ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀਆਂ ਨਵੀਆਂ ਇਕਾਈਆਂ ਦਾ ਗਠਨ ਕਰਦਿਆਂ ਮਿਹਨਤੀ ਆਵਾਮ ਨੂੰ ਜਥੇਬੰਦ ਹੋ ਕੇ ਲੜਾਈ ਲੜਨ ਲਈ ਪ੍ਰੇਰਤ ਕੀਤਾ। ਇਸ ਮੋਰਚੇ ਨੇ ਅਗਲੇਰੀ ਪੀੜ੍ਹੀ ਨੂੰ ਵੀ ਬੇਇਨਸਾਫੀ ਵਿਰੁੱਧ ਲੜਨ ਲਈ ਤਿਆਰ ਕੀਤਾ, ਜਿਸ ਦੀ ਕੜੀ ਵਜੋਂ ਸਕੂਲੀ ਬੱਚਿਆਂ ਵੱਲੋਂ ਵੱਖੋ-ਵੱਖ ਵੰਨਗੀਆਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਰਹੇ ਜਿਨ੍ਹਾਂ ਵਿੱਚ ਨਾਟਕ, ਗੀਤ, ਕੋਰੀਓਗ੍ਰਾਫੀਆਂ ਤੇ ਭਾਸ਼ਣ ਮੁਕਾਬਲੇ ਪ੍ਰਮੁੱਖ ਹਨ। ਵਰਨਣਯੋਗ ਹੈ ਕਿ ਇਨ੍ਹਾਂ ਆਯੋਜਨਾਂ ਸਮੇਂ ਸਟੇਜ ਵੀ ਬੱਚਿਆਂ ਵੱਲੋਂ ਹੀ ਚਲਾਈ ਜਾਂਦੀ ਸੀ।
ਉਚੇਚਾ ਜਿਕਰਯੋਗ ਹੈ ਕਿ ਜਿਸ ਦਿਨ ਸਕੂਲੀ ਬੱਚਿਆਂ ਵੱਲੋਂ ਮਨੁੱਖੀ ਕੜੀ ਬਣਾ ਕੇ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਨੂੰ ਘੇਰਾ ਪਾਇਆ ਗਿਆ ਸੀ ਉਸ ਤੋਂ ਦੂਜੇ ਹੀ ਦਿਨ ਅਡਾਨੀ ਗਰੁੱਪ ਨੇ ਆਪਣੇ ਬੋਰਡ ਖੁਸ਼ਕ ਬੰਦਰਗਾਹ ਤੋਂ ਉਤਾਰ ਦਿੱਤੇ ਸਨ।
ਜਨਵਾਦੀ ਇਸਤਰੀ ਸਭਾ ਪੰਜਾਬ ਦੀ ਅਗਵਾਈ ਵਿੱਚ ਮਾਰਚ ਮਹੀਨੇ ਵਿੱਚ ਸੈਂਕੜੇ ਬੀਬੀਆਂ ਵਲੋਂ ਇਲਾਕੇ ਦੇ ਪਿੰਡਾਂ ਵਿੱਚ ਨਿਰੋਲ ਔਰਤਾਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ। ਇਸ ਟਰੈਕਟਰ ਮਾਰਚ ਨਾਲ ਧਰਨੇ ਵਿੱਚ ਔਰਤਾਂ ਦੀ ਗਿਣਤੀ ਵੀ ਵਧੀ ਤੇ ਔਰਤਾਂ ਦੇ ਸਵੈ-ਵਿਸ਼ਵਾਸ਼ ਵਿੱਚ ਵੀ ਵਾਧਾ ਹੋਇਆ। ਹਾੜ੍ਹੀ ਦੇ ਸੀਜਨ ਵਿੱਚ ਜਦੋਂ ਕਿਸਾਨ-ਮਜ਼ਦੂਰ ਵੀਰ ਕਣਕ ਦੀ ਫਸਲ ਸਾਂਭ ਰਹੇ ਸਨ ਤਾਂ ਔਰਤਾਂ ਨੇ ਦਿਨ-ਰਾਤ ਦੇ ਇਸ ਮੋਰਚੇ ਨੂੰ ਬਾਖੂਬੀ ਸਾਂਭਿਆ।
ਇਸ ਮੋਰਚੇ ਸਮੇਂ ਰੋਜ਼ਾਨਾ ਹੁੰਦੇ ਪ੍ਰੋਗਰਾਮਾਂ ਦੀ ਪ੍ਰਧਾਨਗੀ ਇਸਤਰੀ ਆਗੂ ਕਰਦੀਆਂ ਰਹੀਆਂ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਇਸ ਮੋਰਚੇ ਵਿੱਚ ਸਰਗਰਮ ਭੂਮਿਕਾ ਨਿਭਾਈ ਤੇ ਉਸ ਵੱਲੋਂ ਇੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ-ਇ-ਆਜ਼ਮ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਗਦਰੀ ਬਾਬਿਆਂ, ਬੱਬਰ ਅਕਾਲੀਆਂ ਤੇ ਸਮੂਹ ਦੇਸ ਭਗਤਾਂ ਨਾਲ ਜੁੜੇ ਮਹੱਤਵਪੂਰਣ ਦਿਹਾੜੇ ਵੀ ਮਨਾਏ ਗਏ ਤੇ ਵਰਤਮਾਨ ਦੌਰ ਵਿੱਚ ਲੋਕਾਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਗਈ।
ਧਰਨੇ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਲਗਾਤਾਰ ਹਾਜ਼ਰੀ ਲਗਵਾਈ ਜਾਂਦੀ ਰਹੀ ਤੇ ਨਾਲ ਹੀ ਉਹਨਾਂ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀਆਂ ਕਈ ਬਿਮਾਰੀਆਂ ਦਾ ਇਲਾਜ ਵੀ ਕੀਤਾ ਜਾਂਦਾ ਰਿਹਾ। ਇਸ ਮੋਰਚੇ ਦੀ ਕਾਮਯਾਬੀ ਵਿੱਚ ਮਜ਼ਦੂਰਾਂ-ਮੁਲਾਜ਼ਮਾਂ ਦੀਆਂ ਜਥੇਬੰਦੀਆ ਜਿਵੇਂ ਪੀਐਸਈਬੀ ਇੰਪਲਾਈਜ ਫੈਡਰੇਸ਼ਨ (ਏਟਕ), ਸੀ.ਟੀ.ਯੂ. ਪੰਜਾਬ, ਰੇਲਵੇ ਦੀਆਂ ਜਥੇਬੰਦੀਆਂ ਤੋਂ ਇਲਾਵਾ ਹੋਰਨਾਂ ਨੇ ਵੀ ਭਰਵਾਂ ਯੋਗਦਾਨ ਪਾਇਆ ਗਿਆ।
ਮੋਰਚੇ ਵਿੱਚ ਸ਼ਾਮਲ ਸੰਗਤਾਂ ਲਈ ਗੁਰੂ ਕਾ ਲੰਗਰ ਗੁਰਦੁਆਰਾ ਆਲਮਗੀਰ ਸਾਹਿਬ ਤੇ ਇਲਾਕੇ ਦੇ ਪਿੰਡਾਂ ਵਿੱਚੋਂ ਆਉਂਦਾ ਲਗਾਤਾਰ ਰਿਹਾ। ਲਾਗਲੇ ਪਿੰਡਾਂ ਦੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਲੋਕਾਂ ਵਲੋਂ ਜਨਤਕ ਉਗਰਾਹੀ ਕਰਕੇ ਮੋਰਚੇ ਨੂੰ ਨਗਦ ਇਮਦਾਦ ਵੀ ਦਿੱਤੀ ਜਾਂਦੀ ਰਹੀ। ਇਸ ਪੱਖੋਂ ਐਨ ਆਰ.ਆਈ. ਵੀਰਾਂ ਨੇ ਵੀ ਵੱਡਾ ਯੋਗਦਾਨ ਪਾਇਆ। ਆਮਦਨ-ਖਰਚ ਦਾ ਪੂਰਾ ਹਿਸਾਬ-ਕਿਤਾਬ ਪਾਰਦਰਸ਼ੀ ਤਰੀਕੇ ਨਾਲ ਰੱਖਿਆ ਗਿਆ।
ਇਤਿਹਾਸਕ ਕਿਸਾਨ ਸੰਘਰਸ਼ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਪੱਖੋਂ ਵੱਡੀ ਹੱਦ ਤੱਕ ਸਫਲ ਰਹੇ ਤਕਰੀਬਨ ਸਾਲ ਭਰ ਅਡਾਨੀਆਂ ਦੀ ਖੁਸ਼ਕ ਬੰਦਰਗਾਹ ’ਤੇ ਆਨ- ਬਾਨ-ਸ਼ਾਨ ਨਾਲ ਚੱਲੇ ਇਸ ਮੋਰਚੇ ਨੂੰ ਵੱਡਮੁੱਲਾ ਬਹੁਪੱਖੀ ਸਹਿਯੋਗ ਦੇਣ ਵਾਲੇ ਇਲਾਕੇ ਦੇ ਮਿਹਨਤੀ ਲੋਕਾਂ ਅਤੇ ਇਨਸਾਫ ਪਸੰਦ ਧਿਰਾਂ ਦੀ ਮੋਰਚੇ ਦੀ ਅਗਵਾਈ ਕਰਨ ਵਾਲੀ ਸਾਂਝੀ ਕਮੇਟੀ ਸਦਾ ਰਿਣੀ ਰਹੇਗੀ।
-ਹਰਨੇਕ ਸਿੰਘ ਗੁੱਜਰਵਾਲ