ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਚਲ ਰਹੇ ਜਨ ਸੰਗਰਾਮ ਬਣ ਚੁੱਕੇ ਕਿਸਾਨ ਸੰਘਰਸ਼ ਦੀ ਕੜੀ ਵਜੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਨਿਗਰਾਨੀ ਹੇਠ ਅਡਾਨੀ ਦੀ ਖੁਸ਼ਕ ਬੰਦਰਗਾਹ ਅੱਗੇ ਲੱਗਾ ਮੋਰਚਾ ਆਪਣੇ ਤਿੰਨ ਮਹੀਨੇ ਪੂਰੇ ਕਰ ਚੁੱਕਾ ਹੈ। ਇੱਕ ਜਨਵਰੀ ਤੋਂ ਸ਼ੁਰੂ ਹੋਏ ਇਸ ਮੋਰਚੇ ਵਿਚ ਸ਼ਾਮਲ ਮਜ਼ਦੂਰ-ਕਿਸਾਨਾਂ ਤੇ ਇਸਤਰੀਆਂ ਨੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਦਿੱਤੇ ਸਾਰੇ ਸੱਦੇ ਤਨਦੇਹੀ ਨਾਲ ਲਾਗੂ ਕੀਤੇ ਹਨ। ਅਡਾਨੀਆਂ ਦੀ ਇਹ ਖੁਸ਼ਕ ਬੰਦਰਗਾਹ 87 ਏਕੜਾਂ ‘ਚ ਬਣੀ ਹੋਈ ਹੈ ਤੇ ਇਹ ਜ਼ਮੀਨ 17 ਅਪ੍ਰੈਲ 2017 ਨੂੰ ਖਰੀਦੀ ਗਈ ਸੀ। ਭਾਰਤ ਸਰਕਾਰ ਨੇ ਭਾਰਤੀ ਰੇਲਵੇ ਦੀ ਸੰਗਰੂਰ-ਮਲੇਰ ਕੋਟਲਾ-ਲੁਧਿਆਣਾ ਲਾਈਨ ਤੋਂ ਉਚੇਚੇ ਤੌਰ ‘ਤੇ ਸਪੈਸ਼ਲ ਰੇਲ ਲਾਈਨ ਬੰਦਰਗਾਹ ਤੱਕ ਵਿਛਾਈ ਗਈ ਜਿੱਥੇ ਯੂਰਪ, ਅਰਬ ਦੇਸ਼ਾਂ ਤੇ ਅਮਰੀਕਨ ਦੇਸ਼ਾਂ ਤੋਂ ਮਾਲ ਸਿੱਧਾ ਕਨਟੇਨਰਾਂ ਰਾਹੀਂ ਸਮੁੰਦਰੀ ਜਹਾਜਾਂ ਰਾਹੀਂ ਗੁਜਰਾਤ ਦੀਆਂ ਕਾਂਡਲਾ ਤੇ ਬੰਬਈ ਬੰਦਰਗਾਹਾਂ ਤੋਂ ਟਰੇਨ ਰਾਹੀਂ ਸਿੱਧਾ ਇੱਥੇ ਆਉਂਦਾ ਹੈ ਤੇ ਟਰੱਕਾਂ ਰਾਹੀਂ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ‘ਚ ਜਾਂਦਾ ਹੈ ਤੇ ਇਸੇ ਤਰ੍ਹਾਂ ਇਥੋਂ ਉਨ੍ਹਾਂ ਦੇਸ਼ਾਂ ਨੂੰ ਵੀ ਮਾਲ ਇਸੇ ਤਰ੍ਹਾਂ ਬਾਹਰ ਜਾਂਦਾ ਹੈ। ਗੁਜਰਾਤ ਦੀ ਮੁੰਦਰਾ ਬੰਦਰਗਾਹ ਤੇ ਤਾਂ 1998 ਤੋਂ ਪੂਰਾ ਕੰਟਰੋਲ ਹੀ ਅਡਾਨੀ ਦਾ ਹੈ। ਪਹਿਲਾਂ ਅਡਾਨੀਆਂ ਦਾ ਕਾਰੋਬਾਰ ਸਾਰੇ ਖੇਤਰਾਂ ਵਿਚ ਮੋਦੀ ਦੇ ਮੁੱਖ ਮੰਤਰੀ ਤੇ ਫੇਰ ਪ੍ਰਧਾਨ ਮੰਤਰੀ ਬਣਨ ਉਪਰੰਤ ਛੜੱਪੇ ਮਾਰ ਕੇ ਵਧਿਆ ਹੈ। ਜਦੋਂ ਪੰਜਾਬ ਦੀਆਂ 31 ਜਥੇਬੰਦੀਆਂ ਨੇ ਇੱਕ ਅਕਤੂਬਰ ਤੋਂ ਰੇਲਵੇ ਲਾਈਨਾਂ, ਟੋਲ ਪਲਾਜ਼ਿਆਂ, ਅੰਬਾਨੀ-ਅਡਾਨੀ ਦੇ ਸਟੋਰਾਂ ਤੇ ਬੀਜੇਪੀ ਆਗੂਆ ਦੇ ਘਰਾਂ ਦੇ ਪੱਕੇ ਮੋਰਚੇ ਲਗਾਏ ਤਾਂ ਇਸ ਖੁਸ਼ਕ ਬੰਦਰਗਾਹ ਅੱਗੇ ਵੀ ਕੁਝ ਦਿਨ ਮੋਰਚਾ ਲੱਗਿਆ ਇੱਕ ਤਾਂ ਰਾਤ ਨੂੰ ਠਹਿਰਨ ਵਾਲੇ ਆਗੂਆਂ ਤੇ ਕਾਰਕੁੰਨਾਂ ਦੀ ਘਾਟ ਕਾਰਨ ਤੇ ਦੂਜਾ ਉਨ੍ਹਾਂ ਹੀ ਦਿਨਾਂ ਵਿੱਚ ਨੇੜੇ ਹੀ ਡੇਹਲੋਂ-ਅਹਿਮਦਗੜ੍ਹ ਵਿਚਕਾਰ ਲਹਿਰਾ ਟੋਲ ਪਲਾਜੇ ‘ਤੇ ਪੱਕਾ ਮੋਰਚਾ ਸ਼ੁਰੂ ਹੋਣ ਕਰਕੇ ਇਹ ਮੋਰਚਾ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਗਿਆ। ਇਕ ਕਾਰਣ ਇਹ ਵੀ ਸੀ ਕਿ ਬਹੁਤੇ ਲੋਕਾਂ ਨੇ ਸਮੇਂ ਦੀ ਲੋੜ ਅਨੁਸਾਰ ਦਿੱਲੀ ਵੱਲ ਨੂੰ ਵਹੀਰਾਂ ਘੱਤ ਲਈਆਂ।
ਪਰ ਪੰਜਾਬ ਅਤੇ ਦੇਸ਼ ਭਰ ਵਿੱਚ ਕਾਰਪੋਰੇਟ ਘਰਾਣਿਆਂ, ਖ਼ਾਸਕਰ ਅੰਬਾਨੀ ਅਡਾਨੀ ਵਿਰੁੱਧ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ਹੋਣ ਕਾਰਣ ਅਸੀਂ ਜਮਹੂਰੀ ਕਿਸਾਨ ਸਭਾ ਪੰਜਾਬ ਇਹ ਪੱਕਾ ਮੋਰਚਾ ਫਿਰ ਤੋਂ ਸ਼ੁਰੂ ਕਰਨ ਦਾ ਮਨ ਬਣਾਇਆ। ਨੇੜਲੇ ਪਿੰਡਾਂ ਚ ਸਾਡੀ ਜਥੇਬੰਦੀ ਦੇ ਸਾਥੀ ਮਹਿੰਦਰ ਸਿੰਘ ਸੀਲੋ ਕਲਾਂ ਜੀ ਵੱਲੋਂ ਬੜੀ ਲਗਨ ਤੇ ਤਨਦੇਹੀ ਨਾਲ ਕੀਤੇ ਕੰਮ ਕਾਰਨ ਬਣੇ ਸੰਪਰਕਾਂ ਸਾਥੀਆਂ ਨਾਲ ਤਾਲਮੇਲ ਕੀਤਾ। ਤੇ ਉਨ੍ਹਾਂ ਰਾਹੀਂ ਅਸੀਂ ਇਹ ਯਕੀਨੀ ਬਣਾਉਣ ਚ ਸਫਲ ਹੋ ਗਏ ਕਿ ਜੇ ਅਸੀਂ ਪੱਕਾ ਮੋਰਚਾ ਲਾਉਂਦੇ ਹਾਂ ਤਾਂ ਘੱਟੋ ਘੱਟ ਅੱਠ ਦੱਸ ਦਿਨ ਅਸੀਂ ਪੰਜ ਪੰਜ ਸਾਥੀ ਰਾਤ ਨੂੰ ਮੋਰਚੇ ਚ ਸੌਣ ਲਈ ਤਿਆਰ ਕਰ ਲਵਾਂਗੇ। ਇਨ੍ਹਾਂ ਵਿੱਚੋਂ ਹੀ ਬਹੁਤ ਸਾਰੇ ਸਾਥੀ ਲਹਿਰੇ ਟੋਲ ਪਲਾਜ਼ੇ ਤੇ ਪਿੰਡ ਵਾਸੀਆਂ ਨਾਲ ਰਾਸ਼ਨ ਪਾਣੀ ਲੈ ਕੇ ਜਾਂਦੇ ਸਨ। ਅਸੀਂ ਸੱਤ ਦਿਨ ਦਾ ਨੋਟਿਸ ਦੇ ਕੇ ਪਿੰਡਾਂ ਵਿਚ ਪਹਿਲੀ ਜਨਵਰੀ ਤੋਂ ਪੱਕਾ ਮੋਰਚਾ ਲਾਉਣ ਦਾ ਹੋਕਾ ਦੇ ਦਿੱਤਾ। ਬੱਸ ਫਿਰ ਕੀ ਸੀ ਜਿਵੇਂ ਲੋਕਾਂ ਦੇ ਦਿਲ ਦੀ ਸੁਣੀ ਗਈ ਹੋਵੇ । ਪਿੰਡ ਜੜਤੌਲੀ ਤੋਂ ਦੋ ਵੀਰਾਂ ਨੇ ਤਾਂ ਸਾਨੂੰ ਠੋਕ ਵਜਾ ਕੇ ਕਿਹਾ ਕਿ ਮੋਰਚਾ ਪੱਕਾ ਲਾਇਓ ਕਿਤੇ ਵਿਚਾਲਿਓਂ ਨਾ ਛੱਡ ਦਿਓ। ਪਹਿਲੀ ਜਨਵਰੀ ਨੂੰ ਹੀ ਛੱਤ ਵਾਲੀ ਟਰਾਲੀ ਨੇ ਬੰਦਰਗਾਹ ਦੇ ਗੇਟ ਤੇ ਨਵਾਂ ਸਾਲ ਮਨਾਇਆ। ਤੀਜੇ ਦਿਨ ਪਿੰਡ ਗੁੱਜਰਵਾਲ ਤੋਂ ਛੇ ਗੱਦੇ ਵੀ ਆ ਗਏ । ਦੂਜੇ ਦਿਨ ਹੀ ਨਾਰੰਗਵਾਲ ਤੋਂ ਵੱਡੇ ਬਾਈ ਜੀ ਨੇ ਐਲਾਨ ਕਰ ਦਿੱਤਾ ਕਿ ਸਾਰੇ ਮੋਰਚੇ ‘ਚ ਚਾਹ ਦੇ ਲੰਗਰ ਲਈ ਲੋੜੀਂਦੀ ਚੀਨੀ ਅਤੇ ਚਾਹ ਪੱਤੀ ਉਹ ਦੇਣਗੇ ਜਿਹੜੀ ਬਾਦਸਤੂਰ ਜਾਰੀ ਹੈ। ਇਲਾਕੇ ਦੇ ਪਿੰਡਾਂ ਵਿੱਚੋਂ ਚਾਹ ਲਈ ਦੁੱਧ ਦੀ ਸੇਵਾ ਜਾਰੀ ਹੈ। ਲੋੜ ਜਿੰਨਾ ਫੰਡ ਵੀ ਲਗਾਤਾਰ ਆ ਰਿਹਾ ਹੈ। ਜਦ ਕਿ ਲੰਗਰ ਆਮ ਤੌਰ ਤੇ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਤੋਂ ਆਉਂਦਾ ਹੈ ਤੇ ਵਿੱਚ-ਵਿੱਚ ਕਈ ਪਰਿਵਾਰ ਤੇ ਪਿੰਡਾਂ ਵਾਲੇ ਕਦੇ ਪਕੌੜੇ, ਕਦੇ ਲੱਡੂ, ਕਦੇ ਖੀਰ ਕਦੇ ਛੋਲੇ-ਪੂਰੀਆਂ ਆਦਿ ਦੇ ਲੰਗਰ ਵੀ ਲਾਉਂਦੇ ਹਨ। ਇੱਥੋਂ ਤਕ ਕਿ ਕਿੰਨੂਆਂ ਦਾ ਲੰਗਰ ਵੀ ਆਇਆ ਹੈ। ਗੱਲ ਕੀ, ਕਹਿੰਦੇ ਹਨ ਕਿ ਲੋਕ ਦੂਜਾ ਰੱਬ ਹੁੰਦੇ ਹਨ। ਸਭ ਲਹਿਰਾਂ ਬਹਿਰਾਂ ਹਨ। ਆਮ ਦਿਨਾਂ ਵਿੱਚ ਦਿਨੇ ਧਰਨੇ ਵਿਚ ਸੱਠ ਤੋਂ 120 ਤਕ ਲੋਕ ਹੁੰਦੇ ਹਨ ਅਤੇ ਔਰਤਾਂ ਦੀ ਗਿਣਤੀ ਵੀ ਦੱਸ ਤੋਂ ਪੰਜਾਹ ਤੱਕ ਹੁੰਦੀ ਹੈ । ਪਰ ਖਾਸ ਦਿਨ ਜਿਵੇਂ ਗਿਆਰਾਂ ਜਨਵਰੀ ਨੂੰ ਅਸੀਂ ਉਚੇਚੇ ਤੌਰ ਤੇ ਸਟੇਜ ਔਰਤਾਂ ਨੂੰ ਦਿੱਤੀ ਅਤੇ ਅਠਾਰਾਂ ਜਨਵਰੀ ਨੂੰ ਸੰਯੁਕਤ ਮੋਰਚੇ ਵੱਲੋਂ ਔਰਤ ਦਿਵਸ ਦਾ ਸੱਦਾ ਸੀ ਇਨ੍ਹਾਂ ਦਿਨਾਂ ਵਿੱਚ 400 ਤੋਂ ਵੱਧ ਔਰਤਾਂ ਅਤੇ 300 ਤੋਂ ਵੱਧ ਬੰਦੇ ਹਾਜਰ ਹੋਏ। 25 ਜਨਵਰੀ ਨੂੰ ਟਰੈਕਟਰਾਂ ਦਾ ਵੱਡਾ ਜਥਾ ਇਸ ਮੋਰਚੇ ਤੋਂ ਦਿੱਲੀ ਗਿਆ ਅਤੇ 26 ਜਨਵਰੀ ਦੀਆਂ ਘਟਨਾਵਾਂ ਤੋਂ ਉਪਜੀ ਨਿਰਾਸ਼ਤਾ ਤੋੜਨ ਲਈ ਪਹਿਲੀ ਫਰਵਰੀ ਨੂੰ ਬਜਟ ਵਿਰੋਧੀ ਦਿਵਸ ਮਨਾਇਆ ਗਿਆ। ਗੱਲ ਕੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਹਰ ਸੱਦੇ ਤੇ ਇੱਕਠ 400 ਤੋਂ 700 ਤਕ ਰਿਹਾ। ਇਸ ਮੋਰਚੇ ਵਿੱਚ ਕਿਲ੍ਹਾ ਰਾਏਪੁਰ ਜੜਤੌਲੀ, ਸਾਇਆਂ ਕਲਾਂ ਡੇਹਲੋਂ, ਘੁੰਗਰਾਣਾ, ਆਸੀ ਕਲਾਂ, ਨਾਰੰਗਵਾਲ, ਗੁੱਜਰਵਾਲ, ਮਹਿਮਾ ਸਿੰਘ ਵਾਲ਼ਾ, ਡਾਗੋ, ਧੂਰਕੋਟ ਸੀਲੋਂ, ਜੋਧਾ, ਖੰਡੂਰ, ਚਮਿਡਾ, ਬੱਲੋਵਾਲ, ਢਹਿਪੀ, ਹਿਮਾਯੂੰਪੁਰ, ਧਾਂਦਰਾ, ਕਾਲਖ, ਲਤਾਲਾ, ਸਹਿਜਾਦ, ਆਦਿ ਪਿੰਡਾਂ ਚੋਂ ਤਕਰੀਬਨ ਹਰ ਰੋਜ ਹੀ ਮੋਰਚੇ ਚ ਸ਼ਮੂਲੀਅਤ ਹੁੰਦੀ ਹੈ ਤੇ ਕਈ ਪਿੰਡਾਂ ਤੋਂ ਟਰਾਲੀਆਂ ਜਾਂ ਦੂਜੇ ਸਾਧਨਾਂ ਰਾਹੀਂ ਦਿੱਲੀ ਮੋਰਚੇ ਚ ਲੋਕ ਇਥੋਂ ਹੀ ਰਵਾਨਾ ਹੁੰਦੇ ਹਨ। ਇਸ ਮੋਰਚੇ ਦਾ ਵੱਡਾ ਹਾਸਲ ਇਹ ਵੀ ਹੈ ਕਿ ਕਈ ਪਿੰਡਾਂ ਚ ਜਨਵਾਦੀ ਇਸਤਰੀ ਸਭਾ ਦੇ ਯੂਨਿਟ ਬਣੇ ਹਨ ਅਤੇ ਜ਼ਿਲ੍ਹੇ ਦਾ ਇਜਲਾਸ ਵੀ ਕੀਤਾ ਗਿਆ ਹੈ । 21ਮਾਰਚ ਦਾ ਔਰਤ ਟਰੈਕਟਰ ਮਾਰਚ ਤਾਂ ਆਪਣੇ ਆਪ ਚ ਇਸ ਮੋਰਚੇ ਦੀ ਵਿਲੱਖਣ ਪ੍ਰਾਪਤੀ ਹੈ। ਘੁੰਗਰਾਣੇ ਪਿੰਡ ਦੀ ਇੱਕ ਟਰਾਲੀ ਚ ਦਿੱਲੀ ਮੋਰਚੇ ਲਈ ਮੱਛਰ ਮਾਰਨ ਵਾਲੀ ਫੌਗਿੰਗ ਮਸ਼ੀਨ ਜੋ 55000 ਰੁਪਏ ਦੀ ਹੈ, ਵੀ ਇਥੋਂ ਹੀ ਰਵਾਨਾ ਹੋਈ। ਇਕ ਹੋਰ ਪ੍ਰਾਪਤੀ ਹੈ -ਕਲਾ ਦੇ ਲੰਗਰਾਂ ਦੀ । ਉੱਘੇ ਰੰਗਕਰਮੀ ਡਾ ਸੋਮਪਾਲ ਹੀਰਾ ਜੋ ਇਕ ਕਾਲਜ ਪ੍ਰੋਫੈਸਰ ਹਨ ਤੇ ਜਿਨ੍ਹਾਂ ਨੇ ਰਾਤੋ ਰਾਤ ਨਾਟਕ ‘ਗੋਦੀ ਮੀਡੀਆ ਝੂਠ ਬੋਲਦਾ ਹੈ ‘ਲਿਖਿਆ ਤੇ ਦੂਜੇ ਦਿਨ ਸੋਲੋ ਭਾਵ ਇਕੱਲੇ ਨੇ ਹੀ ਖੇਡਿਆ। ਉਸ ਨੇ ਪਿੰਡ-ਪਿੰਡ ਵੀ ਇਹ ਨਾਟਕ ਤੇ ਉਸ ਦਾ ਆਪਣਾ ਲਿਖਿਆ ਦੂਜਾ ਨਾਟਕ ,’ਮੈਂ ਦਿੱਲੀ ਤੋਂ ਦੁੱਲਾ ਬੋਲਦਾ ਹਾਂ’ ਖੇਡੇ ਹਨ। ਹਰਵਿੰਦਰ ਦੀਵਾਨਾ ਤੇ ਟੋਨੀ ਖੱਟੜਾ ਨੇ ਵੀ ਨਾਟਕ ਖੇਡੇ ਹਨ। ਭੂਰਾ ਗੁੱਜਰਵਾਲ ਆਪਣੀ ਤੂੰਬੀ ਨਾਲ ਬਹੁਤ ਵਾਰ ਹਾਜਰੀ ਲਵਾ ਚੁੱਕਾ ਹੈ ਮਨਜੀਤ ਸਿੰਘ ਖਾਲਸਾ ਬੁਟਾਰੀ ਵਾਲੇ ਦਾ ਕਵੀਸ਼ਰੀ ਜਥਾ ਵੀ ਦੋ ਵਾਰੀ ਹਾਜ਼ਰੀ ਲਗਵਾ ਗਿਆ ਹੈ ।
ਇਸ ਦਾ ਮਤਲਬ ਇਹ ਨਹੀਂ ਕਿ ਕੋਈ ਸਮੱਸਿਆ ਆਈ ਹੀ ਨਹੀਂ ।ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਵੀ ਪਰ ਜਥੇਬੰਦੀ ਵੱਲੋਂ ਜਮਹੂਰੀ ਤੇ ਪਾਰਦਰਸ਼ੀ ਢੰਗ ਅਪਣਾਉਣ ਕਾਰਨ ਅਤੇ ਤੰਗ ਨਜਰ ਤੋਂ ਬਚਣ ਦੀ ਨੀਤੀ ਕਾਰਨ ਲੋਕਾਂ ਤੋਂ ਰਾਇ ਲੈ ਕੇ ਹੱਲ ਕੀਤੀਆਂ ਗਈਆਂ ਹਨ।
- ਹਰਨੇਕ ਸਿੰਘ ਗੁੱਜਰਵਾਲ