Now Reading
ਲਾਮਿਸਾਲ ਕਾਮਯਾਬ ਰਿਹਾ ਸਾਂਝਾ ਮਜ਼ਦੂਰ ਘੋਲ

ਲਾਮਿਸਾਲ ਕਾਮਯਾਬ ਰਿਹਾ ਸਾਂਝਾ ਮਜ਼ਦੂਰ ਘੋਲ

‘ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ’ ਦੇ ਸੱਦੇ ’ਤੇ ਸ਼ਾਹੀ ਸ਼ਹਿਰ ਪਟਿਆਲਾ ਵਿਖੇ, 9 ਤੋਂ 11 ਅਗਸਤ ਤੱਕ ਮਾਰਿਆ ਗਿਆ ਦਿਨ-ਰਾਤ ਦਾ ਲਗਾਤਾਰ ਧਰਨਾ ਅਤੇ ਆਖਰੀ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼, ‘ਮੋਤੀ ਮਹਿਲ’ ਵੱਲ ਨੂੰ ਕੀਤਾ ਗਿਆ ‘ਰੋਹਲਾ ਕਿਰਤੀ ਮਾਰਚ’ ਲਾਮਿਸਾਲ ਕਾਮਯਾਬ ਹੋ ਨਿੱਬੜੇ। ਮਜ਼ਦੂਰ ਜੱਥੇਬੰਦੀਆਂ ਨੇ ਇਸ ਸੰਘਰਸ਼ ਨੂੰ ‘ਪਟਿਆਲਾ ਮਜ਼ਦੂਰ ਮੋਰਚਾ’ ਦਾ ਨਾਂਅ ਦਿੱਤਾ ਸੀ।
ਮੋਰਚੇ ਦੀ ਪਹਿਲੀ ਰਾਤ ਮਾਤਾ ਗੁਰਤੇਜ ਕੌਰ, ਵਾਸੀ ਪਿੰਡ ਭੂੰਦੜ, ਜਿਲਾ ਬਠਿੰਡਾ ਸਦੀਵੀ ਵਿਛੋੜਾ ਦੇ ਗਏ। ਮਾਤਾ ਜੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸਨ। 10 ਅਗਸਤ ਨੂੰ ਹਜਾਰਾਂ ਲੋਕਾਂ ਨੇ ਸ਼ਹੀਦ ਮਾਤਾ ਨੂੰ ਆਕਾਸ਼ ਗੂੰਜਾਊ, ਜੋਸ਼ ਭਰਪੂਰ ਨਾਹਰਿਆਂ ਨਾਲ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ। 24 ਅਗਸਤ ਨੂੰ ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਹੋਏ ਸ਼ਰਧਾਂਜ਼ਲੀ ਸਮਗਾਮ ਵਿੱਚ ਮੋਰਚੇ ਵਿੱਚ ਸ਼ਾਮਲ ਜੱਥੇਬੰਦੀਆਂ ਦੇ ਆਗੂ ਅਤੇ ਵਰਕਰ ਸਿਜਦਾ ਕਰਨ ਲਈ ਪੁੱਜੇ।
ਮੋਰਚੇ ਵਿੱਚ ਸੂਬੇ ਦੇ ਹਜ਼ਾਰਾਂ ਬੇਜ਼ਮੀਨੇ ਪੇਂਡੂ ਕਿਰਤੀਆਂ ਨੇ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ। ਇਸ ਤਿੰਨ ਰੋਜ਼ਾ ਕਿਰਤੀ ਪੜਾਅ ਦਾ ਸ਼ਾਨਦਾਰ ਪੱਖ ਇਹ ਰਿਹਾ ਕਿ ਇਸ ਵਿੱਚ ਅੱਧ ਦੇ ਕਰੀਬ ਇਸਤ੍ਰੀਆਂ ਸ਼ਾਮਲ ਹੋਈਆਂ। ਪਿਛਲੇ ਕਿਸੇ ਵੀ ਐਕਸ਼ਨ ਨਾਲੋਂ ਵਧੇਰੇ ਨੌਜਵਾਨਾਂ ਦਾ ਸ਼ਾਮਲ ਹੋਣਾ ਵੀ ਭਵਿੱਖ ਦੇ ਕਿਰਤੀ ਸੰਗਰਾਮਾਂ ਦੇ ਉੱਜਲੇ ਭਵਿੱਖ ਦਾ ਸੁਲੱਖਣਾ ਸੰਕੇਤ ਹੈ।
ਸ਼ਾਮਲ ਮਜ਼ਦੂਰਾਂ ਨੇ ਬਾਕਮਾਲ ਜ਼ਾਬਤੇ ਅਤੇ ਸਿਦਕ ਦਾ ਮੁਜ਼ਾਹਰਾ ਕੀਤਾ। ਵਿਚਕਾਰਲੇ ਦਿਨ, 10 ਅਗਸਤ ਨੂੰ ਅੰਤਾਂ ਦੀ ਗਰਮੀ ਸੀ। ਉੱਤੋਂ ਚਾਰ ਘੰਟੇ ਤੋਂ ਵਧੇਰੇ ਸਮਾਂ ਬਿਜਲੀ ਗੁੱਲ ਰਹੀ। ਮਜ਼ਦੂਰ ਸਾਥੀਆਂ ਨੇ ਆਪਣੇ ਪਰਨਿਆਂ ਅਤੇ ਮਾਂਤਾਵਾਂ-ਭੈਣਾਂ ਨੇ ਚੁੰਨੀਆਂ-ਦੁਪੱਟਿਆਂ ਦੇ ਹੱਥ ਪੱਖੇ ਬਣਾ ਕੇ ਪੰਡਾਲ ਵਿੱਚ ਬੈਠੇ ਜੀਆ-ਜੰਤ ਨੂੰ ਹਵਾ ਝੱਲਣੀ ਸ਼ੁਰੂ ਕਰ ਦਿੱਤੀ। ਕਿਸੇ ਇੱਕ ਦਾ ਵੀ ਉੱਠ ਕੇ ਨਾ ਜਾਣਾ ਅਤੇ ਨੀਝ ਲਾਕੇ ਆਗੂਆਂ ਦੇ ਵਿਚਾਰ ਸੁਣਦੇ ਰਹਿਣਾ ਕਿਰਤੀ ਸ਼੍ਰੇਣੀ ਦੇ ਸਿਦਕ-ਸਬਰ ਅਤੇ ਅਨੁਸ਼ਾਸਨ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕਰ ਰਿਹਾ ਸੀ। ਲੁੱਟੇ-ਲਤਾੜੇ ਤਬਕਿਆਂ ਦੇ ਇਸ ਸੰਘਰਸ਼ ਨੇ ਮੁੱਖ ਧਾਰਾ ਦੇ ਮੀਡੀਆ ਅਤੇ ਲੋਕ ਹਿੱਤਾਂ ਨੂੰ ਪ੍ਰਣਾਏ ਦਾਨਿਸ਼ਵਰਾਂ ਦਾ ਵੀ ਚੋਖਾ ਧਿਆਨ ਖਿੱਚਿਆ ਹੈ। ਪੰਜਾਬੀ ਟਿ੍ਰਬਿਊਨ ਨੇ ਸੰਪਾਦਕੀ ਲਿਖ ਕੇ ਇਸ ਹੱਕੀ ਸੰਘਰਸ਼ ਦੇ ਫੌਰੀ ਅਤੇ ਭਵਿੱਖੀ ਮਹੱਤਵ ਨੂੰ ਉਜਾਗਰ ਕੀਤਾ। ਨਾਲ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਦੇ ਸੇਵਾ ਮੁਕਤ ਪ੍ਰੋਫੈਸਰ ਡਾਕਟਰ ਗਿਆਨ ਸਿੰਘ ਹੁਰਾਂ ਦਾ ਲਿਖਿਆ, ਮਜ਼ਦੂਰ ਮੰਗਾਂ, ਇਹਨਾਂ ਦੇ ਤਰਕ-ਸੰਗਤ ਨਿਬੇੜੇ ਅਤੇ ਪਟਿਆਲਾ ਸੰਘਰਸ਼ ਦੇ ਨਰੋਏ ਪਹਿਲੂਆਂ ’ਤੇ ਰੌਸ਼ਨੀ ਪਾਉਂਦਾ ਖੋਜ ਭਰਪੂਰ ਲੇਖ ਵੀ ਛਾਪਿਆ। ਡਾਕਟਰ ਗਿਆਨ ਸਿੰਘ ਹੁਰਾਂ ਨੇ ਮੋਰਚੇ ਵਿੱਚ ਪੁੱਜ ਕੇ ਪ੍ਰਭਾਵਸ਼ਾਲੀ ਤਕਰੀਰ ਵੀ ਕੀਤੀ। ਪੰਜਾਬ ਤੋਂ ਛੱਪਦੇ ਬਾਕੀ ਦੇ ਬਹੁ ਭਾਸ਼ਾਈ ਅਖਬਾਰਾਂ ਨੇ ਵੀ ਪ੍ਰਮੁੱਖਤਾ ਨਾਲ ਮਜ਼ਦੂਰ ਮੋਰਚੇ ਦੀਆਂ ਖਬਰਾਂ ਛਾਪੀਆਂ। ਬਿਜਲਈ ਮੀਡੀਆ ਨਾਲ ਸਬੰਧਤ ਚੈਨਲਾਂ ਨੇ ਉਚੇਚ ਨਾਲ ਸੰਘਰਸ਼ੀ ਮਜ਼ਦੂਰਾਂ ਦਾ ਪੱਖ ਰੱਖਿਆ।
ਲੋਟੂ ਪ੍ਰਬੰਧ ਤੋਂ ਲੋਕਾਈ ਦੀ ਸਦੀਵੀ ਮੁਕਤੀ ਦੀ ਲਹਿਰ ਦੇ ਸਿਰਮੌਰ ਆਗੂਆਂ ਸਾਥੀ ਮੰਗਤ ਰਾਮ ਪਾਸਲਾ, ਬੰਤ ਬਰਾੜ, ਅਜਮੇਰ ਸਿੰਘ ਸਮਰਾ ਅਤੇ ਅਮੋਲਕ ਸਿੰਘ ਵੀ ਮਜ਼ਦੂਰ ਸੰਘਰਸ਼ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਹਾਜ਼ਰ ਹੋਏ।
ਉੱਘੇ ਲੋਕ ਗਾਇਕ ਜਗਸੀਰ ਸਿੰਘ ਜੀਦਾ ਨੇ ਲੋਕ ਪੱਖੀ ਗੀਤਾਂ ਅਤੇ ਲੋਟੂ ਸਿਸਟਮ ਦੇ ਮਾਰੂ ਸਿੱਟਿਆਂ ’ਤੇ ਚੋਟ ਕਰਦੀਆਂ ਬੋਲੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਓਮ ਪ੍ਰਕਾਸ਼ ਬਾਲਮੀਕੀ ਦੇ ਮਸ਼ਹੂਰ ਨਾਵਲ ‘ਜੂਠ’ ’ਤੇ ਆਧਾਰਤ ਨਾਟਕ ਦਾ ਵੀ ਮੰਚਨ ਹੋਇਆ। ਅਨੇਕਾਂ ਹੋਰ ਸਭਿਆਚਾਰਕ ਵੰਨਗੀਆਂ ਦੀ ਵੀ ਪੇਸ਼ਕਾਰੀ ਹੋਈ। ਸੰਘਰਸ਼ ਵਿਚ ਸ਼ਾਮਲ ਵਰਕਰਾਂ ਦੇ ਗਾਏ ਸਾਦ-ਮੁਰਾਦੇ ਗੀਤਾਂ ਨੇ ਸਭ ਦਾ ਮਨ ਮੋਹ ਲਿਆ। ‘ਸੰਯੁਕਤ ਕਿਸਾਨ ਮੋਰਚੇ’ ਦੀਆਂ ਭਾਈਵਾਲ ਜੱਥੇਬੰਦੀਆਂ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕੁੱਲ ਹਿੰਦ ਕਿਸਾਨ ਸਭਾ ਦੀ ਪੰਜਾਬ ਇਕਾਈ ਦੇ ਵਰਕਿੰਗ ਪ੍ਰਧਾਨ ਬਲਕਰਨ ਸਿੰਘ ਬਰਾੜ ਅਤੇ ਹੋਰ ਕਈ ਕਿਸਾਨ ਆਗੂਆਂ ਨੇ ਮੋਰਚਾ ਮੱਲੀ ਬੈਠੇ ਮਜ਼ਦੂਰਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਹਰ ਕਿਸਮ ਦੇ ਭਰਾਤਰੀ ਸਹਿਯੋਗ ਦਾ ਭਰੋਸਾ ਦਿਵਾਇਆ। ਸਾਥੀ ਪਰਗਟ ਸਿੰਘ ਜਾਮਾਰਾਏ ਨੇ ਆਪਣੀ ਜੱਥੇਬੰਦੀ ਵੱਲੋਂ ਵੀਹ ਹਜ਼ਾਰ ਰੁਪਏ ਦੀ ਇਮਦਾਦ ਵੀ ਦਿੱਤੀ। ਇਸੇ ਤਰ੍ਹਾਂ ਡੀ.ਟੀ.ਐਫ. (ਦਿਗਵਿਜੈ ਸ਼ਰਮਾ) ਨੇ ਦੋ ਲੱਖ ਰੁਪਏ ਦੀ ਇਮਦਾਦ ਦਿੱਤੀ। ਮੈਡੀਕਲ ਪ੍ਰੈਕਟੀਸ਼ਨਰਸ ਐਸੋਸੀਏਸ਼ਨ ਪੰਜਾਬ ਦੀ ਟੀਮ ਨੇ ਤਿੰਨ ਦਿਨ ਮੈਡੀਕਲ ਕੈਂਪ ਲਾ ਕੇ ਕਿਰਤੀ ਮੋਰਚੇ ਦੀ ਕਾਮਯਾਬੀ ’ਚ ਵੱਡਮੁੱਲਾ ਯੋਗਦਾਨ ਪਾਇਆ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਤਿੰਨ ਦਿਨ ਸੰਘਰਸ਼ ਵਿਚ ਮੌਜੂਦ ਰਹੇ ਅਤੇ ਵਲੰਟੀਅਰਾਂ ਵਜੋਂ ਸ਼ਾਨਦਾਰ ਫ਼ਰਜ਼ ਨਿਭਾਏ। ਸਭਾ ਦੇ ਸੂਬਾ ਖਜ਼ਾਨਚੀ ਹਰਮੀਤ ਸਿੰਘ ਦਾਊਦ ਨੇ ਭਰਾਤਰੀ ਸੰਦੇਸ਼ ਵੀ ਦਿੱਤਾ। ਨਰੇਗਾ ਮਜ਼ਦੂਰ ਯੂਨੀਅਨ ਦਾ ਵਿਸ਼ਾਲ ਜੱਥਾ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆਂ ਦੀ ਅਗਵਾਈ ਵਿਚ ਅੰਤਲੇ ਦਿਨ ਸ਼ਾਮਲ ਹੋਇਆ।
ਪਰ ਸਭ ਤੋਂ ਉਚੇਚਾ ਜ਼ਿਕਰ ਕਰਨਾ ਬਣਦਾ ਹੈ ਬੀ.ਕੇ.ਯੂ. ਏਕਤਾ ਉਗਰਾਹਾਂ ਦਾ। ਇਹਨਾਂ ਨੇ ਭਰਾਤਰੀ ਸਹਿਯੋਗ ਦੀ ਸ਼ਾਨਦਾਰ ਇਬਾਰਤ ਲਿਖੀ। ਇਹਨਾਂ ਵੱਲੋਂ ਪਟਿਆਲਾ ਇਕਾਈ ਦੇ ਪ੍ਰਧਾਨ ਅਤੇ ਸੂਬਾ ਪ੍ਰੈਸ ਸਕੱਤਰ ਪ੍ਰਗਟ ਸਿੰਘ ਕਾਲਾ ਝਾੜ ਦੀ ਅਗਵਾਈ ਵਿੱਚ ਤਿੰਨ ਦਿਨ ਅਟੁੱਟ ਲੰਗਰ ਵਰਤਾਇਆ ਗਿਆ। ਲੰਗਰ ਤਿਆਰ ਕਰਨ, ਵਰਤਾਉਣ, ਜੂਠੇ ਭਾਂਡੇ ਮਾਂਜਣ ਦਾ ਸਾਰਾ ਕੰਮ ਇਨ੍ਹਾਂ ਦੇ ਵਲੰਟੀਅਰਜ਼ ਅਤੇ ਬੀਬੀਆਂ ਨੇ ਕੀਤਾ। ਇੱਥੋਂ ਤੱਕ ਕਿ ਧਰਨੇ ਵਾਲੇ ਪੰਡਾਲ ਦੀ ਸਾਫ-ਸਫਾਈ ਵੀ ਇਨ੍ਹਾਂ ਦੇ ਵਲੰਟੀਅਰਾਂ ਨੇ ਹੀ ਖਿੜੇ ਮੱਥੇ ਨਿਭਾਈ। ਕਿਸਾਨ-ਮਜ਼ਦੂਰ ਏਕੇ ਦੇ ਬੁਲੰਦ-ਬਾਂਗ ਦਾਅਵੇ ਕਰਨ ਦੀ ਥਾਂ ਅਮਲ ’ਚ ਕੀਤੀ ਸੇਵਾ ਰਾਹੀਂ ਮਜ਼ਦੂਰਾਂ ਦੇ ਦਿਲ ਜਿੱਤਣ ਦੀ ਸ਼ਾਨਦਾਰ ਪਿਰਤ ਪਾਈ ਹੈ ਉਗਰਾਹਾਂ ਜਥੇਬੰਦੀ ਨੇ। ਕਿਸਾਨ ਧਰਨਿਆਂ ’ਚ ਮਜ਼ਦੂਰ ਵਲੰਟੀਅਰ ਤਾਂ ਸੇਵਾਵਾਂ ਦਿੰਦੇ ਆ ਹੀ ਰਹੇ ਨੇ ਪਰ ਮਜ਼ਦੂਰ ਮੋਰਚੇ ’ਚ ਕਿਸਾਨ ਵਲੰਟੀਅਰਾਂ ਨੂੰ ਨਿੱਠ ਕੇ ਕੰਮ ਕਰਦਿਆਂ ਦੇਖਣਾ ਬੜਾ ਸੁਖਦ ਅਨੁਭਵ ਹੈ।
ਅੰਤਲੇ ਦਿਨ ਕਹਿਰ ਵਰਸਾਉਂਦੀ ਗਰਮੀ ਅਤੇ ਕੜਕਦੀ ਧੁੱਪ ਵਿੱਚ ਹਜ਼ਾਰਾਂ ਸਿਦਕਵਾਨ ਕਿਰਤੀਆਂ ਨੇ ਪਟਿਆਲੇ ਦੀਆਂ ਤੱਤੀਆਂ ਸੜਕਾਂ ’ਤੇ ਆਕਾਸ਼ ਗੂੰਜਾਊ ਰੋਹ ਭਰਪੂਰ ਨਾਹਰੇ ਬੁਲੰਦ ਕਰਦਿਆਂ ‘ਸ਼ਾਹੀ ਮਹਿਲ’ ਵੱਲ ਨੂੰ ਵਹੀਰਾਂ ਘੱਤੀਆਂ। ਲੋਟੂ ਹਾਕਮਾਂ ਦੇ ਲੋਕ ਦੋਖੀ ਪ੍ਰਤੀਨਿਧਾਂ ਦੀ ਰਾਖੀ ਲਈ ਤਾਇਨਾਤ ਕੀਤੀ ਗਈ ਪੁਲਸ ਨੇ ਆਪਣਾ ਹੱਕ ਮੰਗਦੇ ਕਿਰਤੀ ਹਜ਼ੂਮ ਨੂੰ ਅੱਧਵਾਟੇ ਹੀ ਰੋਕ ਲਿਆ। ਸਿਰੜੀ ਕਿਰਤੀਆਂ ਨੇ ਚੰਗਿਆੜੇ ਕੱਢ ਧੁੱਪ ਨੂੰ ਵੰਗਾਰ ਪਾਉਂਦਿਆਂ, ਮਚਦੀ ਸੜਕ ’ਤੇ ਹੀ ਧਰਨਾ ਮਾਰ ਕੇ ਹੰਕਾਰੀ ਰਾਜੇ ਅਤੇ ਲੋਕ ਸਰੋਕਾਰਾਂ ਦੀ ਅਣਦੇਖੀ ਕਰਨ ਵਾਲੀ ਸੂਬਾ ਸਰਕਾਰ ਦਾ ਪਿੱਟ ਸਿਆਪਾ ਸ਼ੁਰੂ ਕਰ ਦਿੱਤਾ। ਮੋਰਚੇ ਦੇ ਆਗੂਆਂ ਦੇ ਭਾਸ਼ਣਾਂ ਨੂੰ ਗਰਮੀ ਅਤੇ ਪਿਆਸ ਨਾਲ ਹਾਲੋਂ ਬੇਹਾਲ ਹੋਏ ਕਿਰਤੀ ਟਿਕਟਿਕੀ ਲਾ ਕੇ ਸੁਣਦੇ ਰਹੇ। ਲੋਕ ਰੋਹ ਦੇ ਦਬਾਅ ਅਧੀਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਧਰਨੇ ਵਾਲੀ ਥਾਂ ’ਤੇ ਪੁੱਜ ਕੇ ਐਲਾਨ ਕੀਤਾ ਕਿ ਮਜ਼ਦੂਰਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਮੋਰਚੇ ਦੇ ਆਗੂਆਂ ਦੀ 18 ਅਗਸਤ ਨੂੰ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਹੋਰ ਉਚ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਤੈਅ ਹੋ ਗਈ ਹੈ। ਇਹ ਮੀਟਿੰਗ 25 ਅਗਸਤ ਨੂੰ ਕਾਫ਼ੀ ਸੁਖਾਵੇਂ ਮਾਹੌਲ ’ਚ ਹੋ ਚੁੱਕੀ ਹੈ। ਮਜ਼ਦੂਰ ਆਗੂਆਂ ਨੇ ਸਾਂਝੇ ਤੌਰ ’ਤੇ ਐਲਾਨ ਕੀਤਾ ਕਿ ਉਹ ਹਰ ਹਾਲਤ ਗੱਲਬਾਤ ਲਈ ਜਾਣਗੇ। ਪਰ ਜੇ ਮੀਟਿੰਗ ਦੇ ਯੋਗ ਸਿੱਟੇ ਨਾ ਨਿਕਲੇ ਤਾਂ ਸਾਂਝੇ ਮਜ਼ਦੂਰ ਮੋਰਚੇ ਵਲੋਂ 1 ਤੋਂ 3 ਸਤੰਬਰ ਤੱਕ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ, ਵਿਧਾਇਕ ਸੰਤੋਖ ਸਿੰਘ ਭਲਾਈ ਪੁਰ ਅਤੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਕ੍ਰਮਵਾਰ ਬਠਿੰਡਾ, ਸੰਗਰੂਰ, ਬਾਬਾ ਬਕਾਲਾ ਅਤੇ ਜਲੰਧਰ ਸਥਿਤ ਦਫ਼ਤਰਾਂ/ਘਰਾਂ ਮੂਹਰੇ ਦਿਨ-ਰਾਤ ਦੇ ਤਿੰਨ ਰੋਜ਼ਾ ਧਰਨੇ ਮਾਰੇ ਜਾਣਗੇ। ਇਹ ਵੀ ਐਲਾਨ ਕੀਤਾ ਗਿਆ ਕਿ ਸਾਂਝਾ ਸੰਘਰਸ਼ ਮੰਗਾਂ ਦੇ ਸਨਮਾਨਜਨਕ ਹੱਲ ਤੱਕ ਨਿਰੰਤਰ ਜਾਰੀ ਰੱਖਿਆ ਜਾਵੇਗਾ। ਮੰਚ ਸੰਚਾਲਣ ਤੋਂ ਲੈਕੇ ਸਾਰੇ ਫੈਸਲੇ ਸੂਝ ਭਰਪੂਰ ਵਿਚਾਰ-ਵਟਾਂਦਰੇ ਰਾਹੀਂ ਸਰਵਸੰਮਤੀ ਨਾਲ ਕੀਤੇ ਜਾਂਦੇ ਰਹੇ।
ਇੱਥੇ ਇਹ ਗੱਲ ਉਚੇਚੀ ਜ਼ਿਕਰਯੋਗ ਹੈ ਕਿ ਇਸ ਮੋਰਚੇ ਤੋਂ ਪਹਿਲਾਂ ਹੇਠਲੀ ਪੱਧਰ ’ਤੇ ਬਹੁਤ ਵਿਉਂਤਬੱਧ ਅਤੇ ਸੰਘਣੀ ਲਾਮਬੰਦੀ ਮੁਹਿੰਮ ਛੇੜੀ ਗਈ। ਪਹਿਲੇ ਪੜਾਅ ’ਚ 15 ਤੋਂ 25 ਅਗਸਤ ਤੱਕ ਸੈਂਕੜੇ ਪਿੰਡਾਂ ’ਚ ਮੀਟਿੰਗਾਂ, ਜਲਸੇ, ਰੈਲੀਆਂ, ਜਾਗੋ, ਪ੍ਰਭਾਤ ਫੇਰੀਆਂ, ਮਿਸ਼ਾਲ ਮਾਰਚ ਆਦਿ ਰਾਹੀਂ ਪ੍ਰਚਾਰ ਕੀਤਾ ਗਿਆ। ਇਸ ਮੁਹਿੰਮ ਦਾ ਮੁੱਖ ਆਕਰਸ਼ਣ ਰਹੇ ਦਰਜ਼ਨਾਂ ਪਿੰਡਾਂ ਵਿਚ ਕੀਤੇ ਗਏ ਪਿੰਡ ਮੁਜ਼ਾਹਰੇ। ਦੂਜੇ ਪੜਾਅ ’ਚ 27 ਤੋਂ 29 ਅਗਸਤ ਤੱਕ ਬਹੁਗਿਣਤੀ ਸੱਤਾਧਾਰੀ ਵਿਧਾਇਕਾਂ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਪ੍ਰਭਾਵਸ਼ਾਲੀ ਇਕੱਠ ਅਤੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪੇ ਗਏ। ਪਟਿਆਲਾ ਮੋਰਚੇ ’ਚ ਵੱਡੀ ਸ਼ਮੂਲੀਅਤ ਦਾ ਸੁਚੱਜਾ ਸਬੱਬ ਇਹ ਮੁਹਿੰਮ ਹੀ ਬਣੀ ਹੈ। ਇਸ ਤੋਂ ਬਿਨਾਂ ਸੰਘਰਸ਼ ਦਾ ਸ਼ਾਨਦਾਰ ਪੱਖ ਇਹ ਵੀ ਰਿਹਾ ਕਿ ਗਰੀਬ ਕਿਰਤੀਆਂ ਨੇ ਆਪਣੇ ਖਾਣ ਜੋਗੇ ਰਾਸ਼ਨ ’ਚੋਂ ਸਾਂਝੇ ਲੰਗਰ ਲਈ ਆਟਾ, ਖੰਡ, ਗੁੜ, ਸ਼ੱਕਰ, ਦਾਲ, ਚੌਲ, ਤੇਲ, ਘੀ ਇੱਥੋਂ ਤੱਕ ਕਿ ਲੂਣ-ਮਿਰਚ ਤੇ ਹਲਦੀ-ਮਸਾਲੇ ਦਾ ਵੀ ਯੋਗਦਾਨ ਪਾਇਆ। ਇਹ ਗੱਲ ਉਚੇਚੇ ਜ਼ਿਕਰਯੋਗ ਹੈ ਕਿ ਇਹ ਸਾਦ-ਮੁਰਾਦੇ ਕਿਰਤੀ ਆਪਣੀ ਜਮਾਤ ’ਚੋਂ ਜਨਤਕ ਉਗਰਾਹੀ ਕਰਕੇ ਕੀਤੇ ਮਾਮੂਲੀ ਸਾਧਨਾਂ ਰਾਹੀਂ ਮੋਰਚੇ ’ਚ ਪੁੱਜੇ ਸਨ। ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਾ ਕਮੇਟੀਆਂ ਨੇ ਮੋਰਚੇ ਦੀ ਕਾਮਯਾਬੀ ਲਈ ਯਥਾਸ਼ਕਤੀ ਭਰਪੂਰ ਯੋਗਦਾਨ ਪਾਇਆ ਹੈ। ਪਰ ਬਿਨ੍ਹਾਂ ਸ਼ੱਕ ਅੱਵਲ ਰਹੀ ਹੈ ਸੰਗਰੂਰ ਜ਼ਿਲ੍ਹੇ ਦੀ ਭਵਾਨੀਗੜ੍ਹ ਇਲਾਕਾ ਕਮੇਟੀ। ਸਿਰਫ ਸੱਤ ਕੁ ਪਿੰਡਾਂ ’ਚੋਂ ਭਾਰੀ ਮਾਤਰਾ ’ਚ ਰਾਸ਼ਨ ਇਕੱਤਰ ਕਰਨ ਅਤੇ ਰਿਕਾਰਡ ਤੋੜ ਕਿਰਤੀਆਂ ਦੀ ਸ਼ਮੂਲੀਅਤ ਕਰਵਾਉਂਦਿਆਂ ਇਸ ਕਮੇਟੀ ਨੇ ਸਮਾਜਵਾਦੀ ਮੁਕਾਬਲੇ ਦੇ ਨਵੇਂ ਦਿਸਹੱਦੇ ਕਾਇਮ ਕੀਤੇ ਹਨ। ਸੀਮਿਤ ਪਿੰਡਾਂ ’ਤੇ ਅਧਾਰਤ ਇਸ ਛੋਟੀ ਜਿਹੀ ਇਲਾਕਾ ਕਮੇਟੀ ਨੇ ਅੰਤਲੇ ਦਿਨ 31 ਵ੍ਹਹੀਕਲਾਂ ਰਾਹੀਂ ਸੈਂਕੜੇ ਕਿਰਤੀਆਂ ਦੀ ਸ਼ਮੂਲੀਅਤ ਕਰਵਾਈ। ਇਹ ਟੀਮ ਪਹਿਲੇ ਦਿਨ 19 ਅਤੇ ਦੂਜੇ ਦਿਨ 13 ਵਹੀਕਲ ਲੈ ਕੇ ਪੁੱਜੀ ਸੀ।

– ਮਹੀਪਾਲ

Scroll To Top