ਮਾਨਸਾ : ਦੇਸ਼ ਦੀਆਂ ਖੱਬੀਆਂ ਤੇ ਜਮਹੂਰੀ ਧਿਰਾਂ ਦੇ ਦੇਸ਼ਵਿਆਪੀ ਸੱਦੇ ‘ਤੇ ਬਾਰ੍ਹਾਂ ਹੱਟਾਂ ਚੌਕ ਵਿੱਚ ਸੀ.ਪੀ.ਆਈ. ਦੇ ਕ੍ਰਿਸ਼ਨ ਚੌਹਾਨ, ਸੀ.ਪੀ.ਆਈ. (ਐੱਮ) ਦੇ ਅਮਰਜੀਤ ਖੋਖਰ, ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਗੁਰਜੰਟ ਸਿੰਘ ਅਤੇ ਆਰ.ਐਮ.ਪੀ.ਆਈ. ਦੇ ਅਮਰੀਕ ਸਿੰਘ ਫਫੜੇ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਮਗਰੋਂ ਬੱਸ ਸਟੈਂਡ ਵਿੱਚ ਜਾਮ ਲਾ ਕੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਨੂੰ ਡੀ-ਕੰਟਰੋਲ ਕਰ ਕੇ ਦੇਸ਼ ਦੇ ਸਮੁੱਚੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਦੇਸ਼, ਇੱਕ ਟੈਕਸ ਨੀਤੀ ਨੂੰ ਲਾਗੂ ਕਰਕੇ ਡੀਜ਼ਲ ਤੇ ਪੈਟਰੋਲ ਨੂੰ ਜੀ.ਐੱਸ.ਟੀ ਦੇ ਘੇਰੇ ਵਿੱਚ ਲਿਆਂਦਾ ਜਾਵੇ ਤਾਂ ਜੋ ਮਹਿੰਗਾਈ ਨੂੰ ਕੁੱਝ ਹੱਦ ਤੱਕ ਨੱਥ ਪਾਈ ਜਾ ਸਕੇ। ਇਸ ਮੌਕੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਐਡਵੋਕੇਟ ਕੁਲਵਿੰਦਰ ਉੱਡਤ, ਛੱਜੂ ਰਾਮ ਰਿਸ਼ੀ, ਵੇਦ ਪ੍ਰਕਾਸ਼ ਬੁਢਲਾਡਾ, ਤੇਜਾ ਸਿੰਘ ਹੀਰਕੇ, ਹਰਨੇਕ ਖੀਵਾ, ਜਸਵੀਰ ਕੌਰ ਨੱਤ, ਗੁਰਮੀਤ ਸਿੰਘ ਨੰਦਗੜ੍ਹ, ਅਮਰੀਕ ਸਮਾਓ, ਨਿੱਕਾ ਸਿੰਘ ਬਹਾਦਰਪੁਰ, ਰਜਿੰਦਰ ਕੁਲੈਹਰੀ ਤੇ ਇਕਬਾਲ ਸਿੰਘ ਫਫੜੇ ਨੇ ਵੀ ਸੰਬੋਧਨ ਕੀਤਾ।