(ਗ਼ਦਰ ਲਹਿਰ ਦੇ ਸਤਿਕਾਰੇ ਆਗੂ ਅਤੇ ਦਲਿਤਾਂ ਦੀ ਜਾਤੀਪਾਤੀ ਅੱਤਿਆਚਾਰਾਂ ਤੇ ਵਿਤਕਰਿਆਂ ਤੋਂ ਮੁਕਤੀ ਲਈ ਜੂਝਣ ਵਾਲੇ ਬਾਬਾ ਮੰਗੂ ਰਾਮ ਮੁਗੋਵਾਲ (14.1.1886-20.4.1980) ਦੇ ਜਨਮ ਦਿਵਸ ਮੌਕੇ ਉਘੇ ਵਿਦਵਾਨ ਡਾ. ਜਸਵੰਤ ਰਾਏ ਦਾ ਲੇਖ ਛਾਪਣ ਦੀ ਖੁਸ਼ੀ ਲੈ ਰਹੇ ਹਾਂ-ਸੰਪਾਦਕੀ ਮੰਡਲ)
ਇਤਿਹਾਸ ਦੀ ਮੁਖਧਾਰਾ ਵਿਚੋਂ ਜਾਣ-ਬੁਝ ਕੇ ਅਣਗੌਲ਼ੇ ਕੀਤੇ ਗਏ ਬਾਬੂ ਮੰਗੂ ਰਾਮ ਮੁਗੋਵਾਲੀਆ ਦਾ ਗ਼ਦਰ ਪਾਰਟੀ ਅਤੇ ਆਦਿ ਧਰਮ ਲਹਿਰ ਵਿਚ ਯੋਗਦਾਨ ਲਾਸਾਨੀ ਹੈ। ਭਾਰਤ ਨੂੰ ਅੰਗਰੇਜ਼ ਸਾਮਰਾਜ ਦੀ ਗ਼ੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਾਉਣ ਲਈ ਵਿਦੇਸ਼ੀ ਧਰਤੀ ਤੇ ਉਸਰੀ ਹਥਿਆਰਬੰਦ ਜੱਥੇਬੰਦੀ ‘ਗ਼ਦਰ ਪਾਰਟੀ’ ਦੇ ਗਠਨ ਵਿਚ ਵਿਚ ਉਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਹੈ। ਗ਼ਦਰ ਨੂੰ ਭਾਰਤ ਵਿਚ ਅੰਜ਼ਾਮ ਦੇਣ ਲਈ ਜਦੋਂ ਗ਼ਦਰੀ ਬਾਬਾ ਬਾਬੂ ਮੰਗੂ ਰਾਮ ਮੁਗੋਵਾਲੀਆ ਦੁਆਰਾ ਆਪਣੇ ਚਾਰ ਸਾਥੀਆਂ ਨਾਲ ਗ਼ਦਰ ਪਾਰਟੀ ਵਲੋਂ ਸੌਪੇ ਮਿਸ਼ਨ ਤਹਿਤ ਅਮਰੀਕਾ ਤੋਂ ਹਥਿਆਰਾਂ ਦਾ ਇੱਕ ਬਹੁਤ ਵੱਡਾ ਜ਼ਖ਼ੀਰਾ ਜਹਾਜ਼ ਰਾਹੀਂ ਭਾਰਤ ਲਿਆਉਣ ਦੇ ਕਾਰਨਾਮੇ ਬਾਰੇ ਪੜ੍ਹਿਆ ਤਾਂ ਮੈਂ ਹੈਰਾਨ ਰਹਿ ਗਿਆ। ਇਹ ਸੋਚ ਕੇ ਕਿ ਯਾਰ ਇੱਡਾ ਵੱਡਾ ਕੰਮ! ਮੱਥਾ ਹੋਰ ਜ਼ੋਰ ਦੀ ਠਣਕਿਆ ਜਦੋਂ ਇਹ ਪਤਾ ਲੱਗਾ ਕਿ ਜਾਨ ਤਲੀ ਤੇ ਧਰ ਕੇ ਇੱਡੇ ਵੱਡੇ ਕੰਮ ਨੂੰ ਸਿਰੇ ਲਾਉਣ ਵਾਲੇ ਬੰਦੇ ਦੀ ਜਾਣਕਾਰੀ ਇਤਿਹਾਸ ਵਿਚ ਇੱਕਾ ਦੁੱਕਾ ਥਾਵਾਂ ‘ਤੇ ਸਿਰਫ ਦੋ ਸ਼ਬਦਾਂ ‘ਮੰਗੂ ਰਾਮ’ ਤੱਕ ਸਿਮਟ ਕੇ ਹੀ ਰਹਿ ਗਈ ਹੈ। ਹਾਲਾਂ ਕਿ ਅੰਗਰੇਜ਼ ਅਧਿਕਾਰੀਆਂ ਦੀਆਂ ਖੁਫ਼ੀਆ ਫਾਇਲਾਂ ਵਿਚ ‘ਖ਼ਤਰਨਾਕ ਅਪਰਾਧੀ ਮੰਗੂ ਰਾਮ ਚਮਾਰ’ ਦੇ ਸ਼ਾਨਦਾਰ ਕਾਰਨਾਮੇ ਪੜ੍ਹ ਕੇ ਥੋੜ੍ਹਾ ਜਿਹਾ ਵਿਸਤਾਰ ਜ਼ਰੂਰ ਮਿਲ ਜਾਂਦਾ ਹੈ। ਵਿਸਤਾਰ ਭਾਵੇਂ ‘ਅਪਰਾਧੀ’ ਅਤੇ ‘ਜਾਤ’ ਸ਼ਬਦਾਂ ਕਰਕੇ ਹੀ ਹੋਇਆ ਹੋਵੇ। ਅਸਲ ‘ਚ ਇਤਿਹਾਸ ਉਨ੍ਹਾਂ ਵਲੋਂ ਲਿਖਿਆ ਗਿਆ ਜਿਨ੍ਹਾਂ ਦੇ ਹੱਥ ਵਿਚ ਸ਼ਕਤੀ ਸੀ। ਫਿਰ ਇਨ੍ਹਾਂ ਨੇ ਤਾਂ ਸੱਤੀਂ ਵੀਹੀਂ ਸੌ ਕਰਨਾ ਹੀ ਸੀ। ਉਂਝ ਵੀ ਸਾਡੇ ਦੇਸ਼ ਵਿਚ ਕਿਸੇ ਵੀ ਵਿਅਕਤੀ ਦੇ ਕੰਮਾਂ ਦਾ ਮੁਲਾਂਕਣ ਉਸਦੀ ਸ਼ਖ਼ਸੀਅਤ ਦੇ ਅਧਾਰ ਤੇ ਨਹੀਂ ਸਗੋਂ ਉਸਦੇ ਜਨਮ ਦੇ ਆਧਾਰ ‘ਤੇ ਜਾਂ ਉਸਦੀ ਚਮੜੀ ਦੇ ਰੰਗ ਦੇ ਅਧਾਰ ‘ਤੇ ਕੀਤਾ ਜਾਂਦਾ ਰਿਹਾ ਹੈ। ਮੁਲਾਂਕਣ ਵਾਲਾ ਪੈਮਾਨਾ ਇਸ ਤਰ੍ਹਾਂ ਦਾ ਸੀ ਕਿ ਅਕਸਰ ਹੀਰੋ ਨੂੰ ਜ਼ੀਰੋ ਅਤੇ ਜ਼ੀਰੋ ਨੂੰ ਹੀਰੋ ਬਣਾ ਦਿੱਤਾ ਜਾਂਦਾ ਸੀ। ਬਾਬੂ ਮੰਗੂ ਰਾਮ ਮੁਗੋਵਾਲੀਆ ਵੀ ਇਸੇ ਪੱਖਪਾਤੀ ਨਿਜ਼ਾਮ ਦੇ ਸ਼ਿਕਾਰ ਹੋਏ।
ਬਾਬੂ ਮੰਗੂ ਰਾਮ ਮੁਗੋਵਾਲੀਆ ਨੇ ਇੱਕੋ ਸਮੇਂ ਰਾਜਨੀਤਕ ਅਤੇ ਸਮਾਜਿਕ ਅਜ਼ਾਦੀ ਦੀ ਜੰਗ ਲੜੀ। ਇਸੇ ਕਰਕੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਨੇ ‘ਅਛੂਤ ਦਾ ਸਵਾਲ’ ਲੇਖ ਵਿਚ ਉਨ੍ਹਾਂ ਦੁਆਰਾ ਚਲਾਈ ਗਈ ਆਦਿ ਧਰਮ ਲਹਿਰ ਦਾ ਨੋਟਸ ਲਿਆ ਸੀ। ਉਹ ਲਿਖਦੇ ਹਨ “ਪਹਿਲਾਂ ਇੱਕ ਦਲਿਤ ਦੇ ਹੱਥੋਂ ਹਾਰ ਪੁਆ ਲੈਂਦੇ ਹਨ ਪਿੱਛੋਂ ਕੱਪੜਿਆਂ ਸਮੇਤ ਸ਼ਨਾਨ ਕੀਤਿਆਂ ਬਿਨਾਂ, ਆਪਣੇ ਆਪ ਨੂੰ ਅਸ਼ੁਧ ਸਮਝਦੇ ਹਨ। ਕਿਆ ਖ਼ੂਬ ਇਹ ਚਾਲ ਹੈ। ਸਭ ਨੂੰ ਪਿਆਰ ਕਰਨ ਵਾਲਾ ਰੱਬ। ਉਸਦੀ ਪੂਜਾ ਕਰਨ ਵਾਸਤੇ ਜੋ ਮੰਦਰ ਬਣਾਇਆ ਹੈ ਉੱਥੇ ਅਗਰ ਉਹ ਗਰੀਬ ਜਾ ਵੜੇ ਤਾਂ ਮੰਦਰ ਪਲੀਤ ਹੋ ਜਾਂਦਾ ਹੈ। ਰੱਬ ਨਰਾਜ਼ ਹੋ ਜਾਂਦਾ ਹੈ। ਘਰ ਦੀ ਇਹ ਹਾਲਤ ਹੋਵੇ ਤੇ ਬਾਹਰ ਅਸੀਂ ‘ਇਕੂਅਲਟੀ’ ਜਾਂ ਬਰਾਬਰੀ ਦੇ ਨਾਂ ਤੇ ਝਗੜਦੇ ਚੰਗੇ ਲਗਦੇ ਹਾਂ? ਫੇਰ ਸਾਡੇ ਰਵੱਈਏ ਵਿਚ ਕ੍ਰਿਤਘਣਤਾ ਦੀ ਵੀ ਹੱਦ ਪਾਈ ਜਾਂਦੀ ਹੈ। ਜੋ ਸਾਡੇ ਵਾਸਤੇ ਨੀਚ ਤੋਂ ਵੀ ਨੀਚ ਕੰਮ ਕਰਕੇ ਸਾਡੇ ਸੁੱਖਾਂ ਵਿਚ ਵਾਧਾ ਕਰਦੇ ਹਨ ਉਨ੍ਹਾਂ ਨੂੰ ਹੀ ਅਸੀਂ ਪਰ੍ਹੇ-ਪਰ੍ਹੇ ਕਰਦੇ ਹਾਂ। ਜਾਨਵਰਾਂ ਦੀ ਪੂਜਾ ਕਰ ਸਕਦੇ ਹਾਂ ਪਰ ਇਨਸਾਨਾਂ ਨੂੰ ਕੋਲ ਵੀ ਨਹੀਂ ਬਿਠਾ ਸਕਦੇ।” ਸ਼ਹੀਦ ਭਗਤ ਸਿੰਘ ਸੱਚ-ਮੁਚ ਸਮਾਜ ਦੇ ਇਸ ਊਚ-ਨੀਚ ਵਾਲੇ ਰਵੱਈਏ ਤੋਂ ਚਿੰਤਤ ਸਨ। ਉਹ ਉਨ੍ਹਾਂ ਝੂਠੇ ਨੇਤਾਵਾਂ ਤੇ ਵੀ ਉਂਗਲ਼ ਧਰਦੇ ਹਨ ਜੋ ਅੰਗਰੇਜ਼ਾਂ ਤੋਂ ਤਾਂ ਮੁਕਤੀ ਦੀ ਗੱਲ ਕਰਦੇ ਸਨ ਪਰ ਆਪਣੇ ਦੇਸ਼ ਦੀ ਵੀਹ ਪ੍ਰਤੀਸ਼ਤ ਅਬਾਦੀ ਨੂੰ ਆਪਣੀ ਗ਼ੁਲਾਮੀ ਦੇ ਜੂਲ਼ੇ ਵਿਚੋਂ ਬਾਹਰ ਨਹੀਂ ਸੀ ਆਉਣ ਦੇਣਾ ਚਾਹੁੰਦੇ।
ਇਹੋ ਜਿਹੇ ਵਰਤ-ਵਰਤਾਰੇ ਵਿਚ ਬਾਬੂ ਮੰਗੂ ਰਾਮ ਮੁਗੋਵਾਲੀਆ ਦਾ ਜਨਮ 14 ਜਨਵਰੀ, 1886 ਈਸਵੀ ਵਿਚ ਪਿਤਾ ਸ਼੍ਰੀ ਹਰਨਾਮ ਦਾਸ ਅਤੇ ਮਾਤਾ ਸ੍ਰੀ ਮਤੀ ਅਤਰੀ ਦੀ ਕੁਖੋਂ ਦੇ ਕੰਢੀ ਇਲਾਕੇ ਦੇ ਪਿੰਡ ਮੁਗੋਵਾਲ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਹਰਨਾਮ ਦਾਸ ਹੁਰੀਂ ਜੱਦੀ-ਪੁਸ਼ਤੀ ਮਰੇ ਹੋਏ ਪਸ਼ੂ ਚੁੱਕਣ ਦਾ ਕੰਮ ਕਰਦੇ ਸਨ। ਪਰ ਉਹ ਬਹੁਤ ਹਿੰਮਤੀ ਸਨ। ਇਸ ਲਈ ਉਨ੍ਹਾਂ ਨੇ ਮਰੇ ਹੋਏ ਪਸ਼ੂਆਂ ਦੀ ਖੱਲ ਉਤਾਰਨ ਨਾਲੋਂ ਲੋਕਾਂ ਤੋਂ ਚਮੜਾ ਖਰੀਦ ਕੇ ਵੇਚਣਾ ਸ਼ੁਰੂ ਕਰ ਦਿੱਤਾ। ਘਰਾਂ ਦੇ ਲਾਗੇ ਹੀ ਕੁੰਨ੍ਹਾਂ ਬਣਾ ਲਈਆਂ। ਚਮੜੇ ਨੂੰ ਜਦੋਂ ਕੱਚਾ ਕਰਕੇ, ਰੰਗ ਕਰਕੇ, ਵੇਚਿਆ ਜਾਂਦਾ ਤਾਂ ਵੱਧ ਕੀਮਤ ਮਿਲਦੀ। ਖੁਸ਼ਹਾਲ ਹੋ ਰਹੇ ਪਰਿਵਾਰ ਦੀ ਗੱਡੀ ਉਦੋਂ ਪੱਟਰੀਓਂ ਲਹਿ ਗਈ ਜਦੋਂ ਹਰਨਾਮ ਦਾਸ ਦੀ ਪਤਨੀ ਅਤਰੀ ਦਾ ਦੇਹਾਂਤ ਹੋ ਗਿਆ। ਸੋ ਮੰਗੂ ਰਾਮ ਦਾ ਬਚਪਨ ਮਤਰੇਈ ਮਾਂ ਸੰਗ ਬੀਤਿਆ। ਚਮੜੇ ਦੀ ਮੰਗ ਲਈ ਆਈਆਂ ਚਿੱਠੀਆਂ ਪੜ੍ਹਾਉਣ ਲਈ ਜਦੋਂ ਹਰਨਾਮ ਦਾਸ ਨੂੰ ਉੱਚ ਬਰਾਦਰੀ ਦੇ ਲੋਕਾਂ ਦੇ ਘਰੀਂ ਕਈ -ਕਈ ਘੰਟੇ ਵਗਾਰ ਕਰਨੀ ਪੈਂਦੀ ਤਾਂ ਇਸਤੋਂ ਬਚਣ ਲਈ ਅਤੇ ਘਰ ਹੀ ਚਿੱਠੀਆਂ ਪੜ੍ਹਨ ਦੇ ਪ੍ਰਬੰਧ ਕਰਨ ਵਜੋਂ ਮੰਗੂ ਰਾਮ ਦੀ ਪੜ੍ਹਾਈ ਦਾ ਰਾਹ ਖੁਲ੍ਹਿਆ।
ਇਨ੍ਹਾਂ ਵੇਲਿਆਂ ਤੱਕ ਮਹਾਤਮਾ ਜੋਤੀਬਾ ਰਾਓ ਫੂਲੇ ਦੇ ਉਪਰਾਲਿਆਂ ਅਤੇ ਅੰਗਰੇਜ਼ੀ ਸਰਕਾਰ ਦੀਆਂ ਕੁਝ ਸਾਰਥਕ ਕੋਸ਼ਿਸ਼ਾਂ ਸਦਕਾ ਟਾਵੇਂ-ਟਾਵੇਂ ਸਕੂਲ ਖੁਲ੍ਹਣੇ ਸ਼ੁਰੂ ਹੋ ਗਏ ਸਨ। ਭਾਵੇਂ ਇਨ੍ਹਾਂ ਸਕੂਲਾਂ ਤੱਕ ਅਛੂਤ ਬੱਚਿਆਂ ਦੀ ਪਹੁੰਚ ਨਾ ਮਾਤਰ ਹੀ ਸੀ। ਈਸਾਈ ਮਤ ਦੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਅਤੇ ਅੰਦਰ ਖਾਤੇ ਹਿੰਦੂ ਧਰਮ ਦੀਆਂ ਜੜ੍ਹਾਂ ਪੱਕੀਆਂ ਕਰਨ ਲਈ ਆਰੀਆ ਸਮਾਜੀਆਂ ਨੇ ਵੀ ਸਿੱਖਿਆ ਦੇ ਦਰਵਾਜੇ ਅਛੂਤਾਂ ਲਈ ਖੋਲ੍ਹ ਦਿੱਤੇ ਸਨ ਪਰ ਉਹ ਅਛੂਤਾਂ ਨੂੰ ਆਪਣੇ ਸਕੂਲਾਂ ਵਿਚ ਦਾਖਲ ਕਰਨ ਤੋਂ ਪਹਿਲਾਂ ਭਿੱਟੇ ਜਾਣ ਦੇ ਮਾਨਸਿਕ ਡਰ ਤੋਂ ਮੁਕਤ ਹੋਣ ਲਈ ਸ਼ੁੱਧੀਕਰਨ ਦੀ ਰਸਮ ਜ਼ਰੂਰ ਕਰਦੇ ਸਨ। ਸਕੂਲ ਵਿਚ ਸਿੱਖਿਆ ਦੇਣ ਵਾਲੇ ‘ਦਰੋਣਾਚਾਰੀਆਂ’ ਦੀਆਂ ਸ਼ਰਤਾਂ ‘ਏਕਲਵਿਆਂ’ ਹੱਥ ਧਨੁਸ਼ ਫੜਾਉਣ ਤੋਂ ਪਹਿਲਾਂ ਹੀ ਅੰਗੂਠਾ ਮੰਗਣ ਵਾਲੀਆਂ ਸਨ। ਮੰਗੂ ਰਾਮ ਨੇ ਆਪਣੀ ਮੁੱਢਲੀ ਸਿੱਖਿਆ ਉਸ ਮਾਹੌਲ ਵਿਚ ਪੂਰੀ ਕੀਤੀ ਜਿਸ ਅਪਮਾਨਜਨਕ ਮਾਹੌਲ ਵਿਚ ਸੱਤਾਰਾ, ਮਹਾਰਾਸ਼ਟਰਾ ‘ਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਕੀਤੀ ਸੀ।
ਅੰਗਰੇਜ਼ਾਂ ਦੀਆਂ ਦਮਨਕਾਰੀ ਨੀਤੀਆਂ ਨਾਲ ਭਾਰਤ ਦੀ ਕਿਸਾਨੀ ਲਤਾੜੀ ਗਈ ਅਤੇ ਦਸਤਕਾਰੀ ਤਬਾਹ ਹੋ ਗਈ। ਕਿਸਾਨ ਅਤੇ ਮਜ਼ਦੂਰ ਆਪਣਾ ਦੇਸ਼ ਤੇ ਪਰਿਵਾਰ ਛੱਡ ਕੇ ਅੰਗਰੇਜ਼ੀ ਫੌਜ ਵਿਚ ਭਰਤੀ ਹੋਣ ਲੱਗੇ। ਇੱਥੇ ਵੀ ਮਿਲਦੀ ਘੱਟ ਤਨਖ਼ਾਹ ਅਤੇ ਬਸਤੀਆਂ ਨੂੰ ਫ਼ਤਹਿ ਕਰਨ ਦੀ ਡਿਊਟੀ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਸੰਤੁਸ਼ਟ ਨਾ ਕਰ ਸਕੀ। ਸਿੱਟੇ ਵਜੋਂ ਉਨ੍ਹਾਂ ਨੇ ਵਿਦੇਸ਼ਾਂ ਵੱਲ ਵਹੀਰਾਂ ਘੱਤੀਆਂ। ਬਾਬੂ ਮੰਗੂ ਰਾਮ ਵੀ ਆਪਣੇ ਪਿੰਡ ਦੇ ਕੁਝ ਨੇਕਦਿਲ ਲੋਕਾਂ ਦੀ ਮੱਦਦ ਨਾਲ 1909 ਈਸਵੀ ਦੇ ਅਖੀਰ ‘ਚ ਅਮਰੀਕਾ ਪਹੁੰਚ ਗਏ। ਇੱਥੇ ਉਨ੍ਹਾਂ ਨੇ ਕੈਲੀਫੋਰਨੀਆ ਵਿਚ ਆਪਣੇ ਪਿੰਡ ਦੇ ਜ਼ਿਮੀਦਾਰਾਂ ਸੰਗ ਫਲ਼ ਤੋੜਨ ਦਾ ਕੰਮ ਕੀਤਾ। ਕੈਲੀਫੋਰਨੀਆ ਤੋਂ ਇਲਾਵਾ ਫਰਿਜ਼ਨੋ, ਸਟਾਕਟਨ, ਸੈਕਰਾਮੈਂਟੋ ਆਦਿ ਸ਼ਹਿਰਾਂ ਵਿਚ ਵੀ ਉਹ ਕਮਾਈ ਕਰਦੇ ਰਹੇ। ਥੁੜਾਂ ਤੋਟਾਂ ਦੇ ਮਾਰੇ ਪਰਿਵਾਰ ਵਿਚ ਅਮਰੀਕਾ ਦੀ ਕਮਾਈ ਨਾਲ ਲਹਿਰਾਂ-ਬਹਿਰਾਂ ਹੋ ਰਹੀਆਂ ਸਨ। ਇੱਕਾ-ਦੁੱਕਾ ਵਿਅਕਤੀਆਂ ਨੂੰ ਛੱਡ ਕੇ ਵਿਦੇਸ਼ ਗਏ ਸਾਰੇ ਨੌਜਵਾਨ ਭਰਾਵਾਂ ਵਾਂਗ ਰਹਿੰਦੇ ਸਨ। ਭਾਰਤੀ ਕਾਮਿਆਂ ਨੂੰ ਮਿਲ ਰਹੇ ਲੋੜ ਤੋਂ ਵੱਧ ਡਾਲਰਾਂ, ਪੌਡਾਂ ਦੇ ਗੱਫੇ ਦੇਖ ਕੇ ਗੋਰੇ ਮਜ਼ਦੂਰਾਂ ਦੇ ਚਿਹਰੇ ਮੁਰਝਾਉਣੇ ਸ਼ੁਰੂ ਹੋ ਗਏ। ਆਪਣੇ ਹੱਥੋਂ ਕੰਮ ਖੁਸਦਾ ਦੇਖ ਕੇ ਉਨ੍ਹਾਂ ਦੇ ਮਨ ਵਿਚ ਨਸਲੀ ਵਿਤਕਰੇ ਦੀ ਭਾਵਨਾ ਜ਼ੋਰ ਫੜ੍ਹਣ ਲੱਗੀ। ਇਸਦੀ ਭਿਣਕ ਭਾਰਤੀ ਕਾਮਿਆਂ ਨੂੰ ਪਹਿਲਾਂ ਹੀ ਲੱਗ ਚੁੱਕੀ ਸੀ ਇਸ ਲਈ ਉਨ੍ਹਾਂ ਨੇ ਵੀ ਜੱਥੇਬੰਦ ਹੋਣਾ ਸ਼ੁਰੂ ਕਰ ਦਿੱਤਾ। ਦਿਨ ਨੂੰ ਭਾਰਤੀ ਕਾਮੇ ਮਿੱਲਾਂ, ਫਲ਼ਾਂ ਦੇ ਬਾਗ਼ਾਂ ਵਿਚ ਕੰਮ ਕਰਦੇ ਅਤੇ ਰਾਤ ਨੂੰ ਆਪਣੀਆਂ ਸਰਗਰਮੀਆਂ ਤੇਜ਼ ਕਰਨ ਲਈ ਮੀਟੰਗਾਂ ਕਰਦੇ ਰਹਿੰਦੇ। ਸ਼ੁਰੂ ਤੋਂ ਹੀ ਵਿਤਕਰੇ ਦਾ ਸ਼ਿਕਾਰ ਰਹੇ ਹੋਣ ਕਰਕੇ ਬਾਬੂ ਜੀ ਨੂੰ ਇਨ੍ਹਾਂ ਦੀਆਂ ਗੱਲਾਂ ਆਪਣੀਆਂ ਗੱਲਾਂ ਲੱਗਦੀਆਂ।
ਉਨ੍ਹਾਂ ਸਾਰੇ ਅਗਾਂਹ ਵਧੂ ਸਾਥੀਆਂ ਨੇ ਇਹ ਗੱਲ ਸ਼ਿੱਦਤ ਨਾਲ ਮਹਿਸੂਸ ਕਰ ਲਈ ਸੀ ਕਿ ਕੀ ਕਰਨਾ ਹੈ ਕਮਾਈ ਕਰਕੇ, ਜਦ ਸਾਡੀ ਹਾਲਤ ਜਾਨਵਰਾਂ ਤੋਂ ਵੀ ਬੱਦਤਰ ਹੈ। ਹਜ਼ਾਰਾਂ ਕਿਲੋਮੀਟਰ ਦੂਰ ਵਸਦੇ ਭਾਰਤੀਆਂ ਦੀ ਹਾਲਤ ਕਿਹੋ ਜਿਹੀ ਹੋਵੇਗੀ? ਲਾਹਣਤ ਹੈ ਇਹੋ ਜਿਹੀ ਜ਼ਿੰਦਗੀ ਖੁਣੋਂ! ਇਨਾਂ ਸਾਥੀਆਂ ਨੇ ਇਕੱਠਿਆਂ ਹੋ ਕੇ 1913 ਈਸਵੀ ਵਿਚ ‘ਹਿੰਦੋਸਤਾਨ ਗ਼ਦਰ ਪਾਰਟੀ’ ਦੀ ਸਥਾਪਨਾ ਕੀਤੀ। ਸਰਵ ਸੰਮਤੀ ਨਾਲ ਬਾਬਾ ਸੋਹਨ ਸਿੰਘ ਭਕਨਾ ਇਸਦੇ ਪ੍ਰਧਾਨ ਅਤੇ ਲਾਲਾ ਹਰਦਿਆਲ ਜਨਰਲ ਸਕੱਤਰ ਚੁਣੇ ਗਏ।
ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸੋਹਨ ਸਿੰਘ ਭਕਨਾ ਦੀ ਪ੍ਰੇਰਣਾ ਨਾਲ ਗ਼ਦਰ ਪਾਰਟੀ ਵਿਚ ਸ਼ਾਮਿਲ ਹੋ ਗਏ। ਯੂਗਾਂਤਰ ਆਸ਼ਰਮ ਵਿਚ ਕੁਲਵਕਤੀ ਕਾਮੇ ਦੇ ਤੌਰ ਤੇ ਉਨ੍ਹਾਂ ਨੇ ਸੇਵਾਵਾਂ ਸੰਭਾਲ ਲਈਆਂ। ਇੱਥੇ ਹੀ ਉਨ੍ਹਾਂ ਨੂੰ ਅਣਦਾੜ੍ਹੀਏ ਮੁੰਡੇ ਕਰਤਾਰ ਸਿੰਘ ਸਰਾਭਾ ਦਾ ਸਾਥ ਨਸੀਬ ਹੋਇਆ। ਬਾਬੂ ਮੰਗੂ ਰਾਮ ਛਾਪੇਖਾਨੇ ਦੇ ਹਰ ਛੋਟੇ-ਵੱਡੇ ਕੰਮ ਨੂੰ ਜ਼ਿੰਦਾਦਿਲੀ ਨਾਲ ਕਰਦੇ। ਉਨ੍ਹਾਂ ਨੂੰ ਸਭ ਤੋਂ ਵਧੀਆ ਗੱਲ ਗ਼ਦਰੀਆਂ ਦੇ ਮੇਲ ਮਿਲਾਪ ਦੀ ਲਗਦੀ ਸੀ। ਸਾਰੇ ਜਣੇ ਮਿਲ ਕੇ ਕੰਮ ਕਰਦੇ ਅਤੇ ਮਿਲ ਕੇ ਹੀ ਖਾਣਾ ਖਾਂਦੇ। ਨਿੱਤ ਜੁਝਾਰੂ ਸਾਥੀਆਂ ਦਾ ਛਾਪੇਖ਼ਾਨੇ ਵਿਚ ਆਉਣ-ਜਾਣ ਬਣਿਆ ਰਹਿੰਦਾ। ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਮੁਕਤੀ ਪਾ ਕੇ ਅਜ਼ਾਦ ਭਾਰਤ ਦੀਆਂ ਦੀਵਾਰਾਂ ਸਮਤਾ, ਸਮਾਨਤਾ, ਸਾਂਝੀਵਾਲਤਾ ਦੀ ਨੀਂਹ ਤੇ ਉਸਾਰਨ ਦੀਆਂ ਗੱਲਾਂ ਚਲਦੀਆਂ ਰਹਿੰਦੀਆਂ। ਬਾਬੂ ਮੰਗੂ ਰਾਮ ਦੇ ਮਨ ਵਿਚ ਇਹ ਗੱਲਾਂ ਜੋਸ਼ ਭਰਦੀਆਂ। ਉਹ ਮਨੋ-ਮਨੀ ਸੋਚਦੇ ਕਿ ਮੇਰੇ ਸਮਾਜ ਲਈ ਤਾਂ ਗ਼ਦਰ ਪਾਰਟੀ ਦੀ ਲੜਾਈ ਦੂਹਰੀ ਅਜ਼ਾਦੀ ਵਾਲੀ ਸਾਬਤ ਹੋਵੇਗੀ। ਇੱਕ ਅੰਗਰੇਜ਼ ਸਾਮਰਾਜ ਦੀ ਗੁਲਾਮੀ ਤੋਂ ਅਤੇ ਦੂਜੀ ਆਪਣੇ ਦੇਸ਼ ਦੀ ਜਾਤੀ ਪ੍ਰਥਾ ਦੇ ਜੂਲੇ ਤੋਂ ਮੁਕਤੀ ਮਿਲੇਗੀ। ਉਨ੍ਹਾਂ ਨੂੰ ਇਹ ਲੜਾਈ ਇੱਕ ਮਿਸ਼ਨ ਜਾਪਦੀ।
ਗ਼ਦਰ ਪਾਰਟੀ ਵਿਚ ਹਰ ਬਰਾਦਰੀ ਦਾ ਬੰਦਾ ਕੰਮ ਕਰਦਾ ਸੀ। ਪਾਰਟੀ ਦੇ ਵਿਧਾਨ ਮੁਤਾਬਕ ਜਾਤ-ਮਜ਼੍ਹਬ ਦੇ ਨਾਂ ਤੇ ਕਿਸੇ ਵੀ ਪ੍ਰਕਾਰ ਦੀ ਬਹਿਸ ਦੀ ਮੁਕੰਮਲ ਮਨਾਹੀ ਸੀ। ਗ਼ਦਰ ਪਾਰਟੀ ਇੱਕ ਅਜਿਹੀ ਅੰਤਰ ਰਾਸ਼ਟਰੀ ਜੱਥੇਬੰਦੀ ਸੀ ਜੋ ਧਰਮ ਦੀਆਂ ਵਲੱਗਣਾਂ ਅਤੇ ਸੰਕੀਰਣ ਸੋਚਾਂ ਤੋਂ ਮੁਕਤ ਸੀ।
ਗ਼ਦਰੀਆਂ ਨੂੰ ਦੇਸ਼ ਅਜ਼ਾਦ ਕਰਾਉਣ ਦਾ ਚਾਅ ਵਿਆਹ ਨਾਲੋਂ ਘੱਟ ਨਹੀਂ ਸੀ। ਜਿਸ ਨੂੰ ਜਿਹੜੀ ਜਿੰਮੇਵਾਰੀ ਸੌਪੀ ਜਾਂਦੀ ਉਹ ਹੱਸ ਕੇ ਕਬੂਲ ਕਰ ਲੈਂਦਾ। 1914 ਈ ਵਿਚ ਦੂਜਾ ਵਿਸ਼ਵ ਯੁਧ ਸ਼ੁਰੂ ਹੋਣ ਸਮੇਂ ਅੰਗਰੇਜ਼ਾਂ ਨੂੰ ਇਸ ਵਿਚ ਉਲਝਿਆ ਦੇਖ ਕੇ ਗ਼ਦਰੀਆਂ ਨੇ ਦੇਸ਼ ਵੱਲ ਇਸ ਸਹੀ ਮੌਕੇ ਨੂੰ ਸੰਭਾਲਣ ਹਿੱਤ ਵਹੀਰਾਂ ਘੱਤ ਦਿੱਤੀਆਂ। ਇਨ੍ਹਾਂ ਵਿਚ ਬਾਬਾ ਸੋਹਨ ਸਿੰਘ ਭਕਨਾ ਤੇ ਸਰਾਭੇ ਵਰਗੇ ਸਾਥੀ ਵੀ ਸ਼ਾਮਿਲ ਸਨ। ਭਾਰਤ ਵਿਚ ਅਜ਼ਾਦੀ ਦੀ ਲੜਾਈ ਨੂੰ ਹਥਿਆਰਾਂ ਨਾਲ ਸਰ ਕਰਨ ਲਈ ਬਾਬੂ ਮੰਗੂ ਰਾਮ ਆਪਣੇ ਚਾਰ ਸਾਥੀਆਂ; ਬਾਬਾ ਹਰੀ ਸਿੰਘ ਉਸਮਾਨ, ਗੰਭੀਰ ਸਿੰਘ, ਹਰਨਾਮ ਚੰਦ ਅਤੇ ਹਰਚਰਨ ਦਾਸ ਨਾਲ ‘ਐਨੀ ਲਾਰਸਨ’ ਨਾਂਅ ਦਾ ਜਹਾਜ਼ ਲੈ ਕੇ 15 ਅਪ੍ਰੈਲ, 1915 ਈਸਵੀ ਨੂੰ ਅਮਰੀਕਾ, ਤੋਂ ਤੁਰੇ। ਨਿਆਂ ਵਿਭਾਗ ਦੀ ਰਿਪੋਰਟ ਅਨੁਸਾਰ ‘ਐਨੀ ਲਾਰਸਨ, ਵਿਚ ਰਫਲਾਂ ਦੇ 554 ਬਕਸੇ, ਲਗਭਗ 7 ਜਾਂ 8 ਹਜ਼ਾਰ’ ਸੰਗੀਨਾਂ ਵਾਲੀਆਂ ਕਾਰਬਾਈਨਾਂ ਕਾਰਤੂਸਾਂ ਦੇ ਲਗ-ਪਗ 3773 ਬਕਸੇ ਜਿਨ੍ਹਾਂ ਵਿਚ 3,50,00000 ਗੋਲ਼ੀਆਂ ਸਨ, ਕਾਰਤੂਸ ਪੇਟੀਆਂ ਦੇ ਲਗਭਗ ਦਸ ਬਕਸੇ, ਹਰੇਕ ਬਕਸੇ ਵਿਚ 200 ਜਾਂ 300 ਕਾਰਤੂਸ ਪੇਟੀਆਂ ਸਨ ਅਤੇ 45 ਬੋਰ ਦੇ ਪਿਸਤੌਲ ਸ਼ਾਮਲ ਸਨ ਜਿਨ੍ਹਾਂ ਦੀ ਗਿਣਤੀ ਪਤਾ ਹੀ ਨਹੀਂ ਕਿੰਨੀ ਸੀ। ਇਸ ਤੋਂ ਇਲਾਵਾ ਗ਼ਦਰ ਲਹਿਰ ਦਾ ਤਰਥੱਲੀ ਮਚਾਉਣ ਵਾਲਾ ਸਾਹਿਤ ਸੀ। ਬਦਕਿਸਮਤ ਨਾਲ ਮਹੀਨੇ ਬਾਅਦ ਇਹ ਜਹਾਜ਼ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਜੇਕਰ ਹਥਿਆਰਾਂ ਦਾ ਇਹ ਜ਼ਖ਼ੀਰਾ ਕਿਸੇ ਨਾ ਕਿਸੇ ਤਰ੍ਹਾਂ ਦੇਸ਼ ਪਹੁੰਚ ਜਾਂਦਾ ਤਾਂ ਅਜ਼ਾਦੀ ਦੇ ਸੰਘਰਸ਼ ਦੀ ਦਿਸ਼ਾ ਹੀ ਕੁਝ ਹੋਰ ਹੋਣੀ ਸੀ। ਪੰਜਾਂ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਪਰ ਜਰਮਨਾਂ ਦੀ ਮੱਦਦ ਨਾਲ ਇਹ ਬਚ ਨਿਕਲੇ ਤੇ ਅੱਡੋ-ਅੱਡ ਰਾਹੇ ਪੈ ਗਏ। ਬਾਬੂ ਜੀ ਸਿੰਘਾਪੁਰ ਜਾ ਪੁੱਜੇ। ਇੱਥੇ ਗ਼ਦਾਰ ਬੇਲਾ ਸਿੰਘ ਜਿਆਣ ਦੀ ਗ਼ਦਾਰੀ ਕਰਕੇ ਫੇਰ ਬਾਬੂ ਜੀ ਨੂੰ ਤੋਪ ਦੇ ਗੋਲ਼ੇ ਨਾਲ ਉਡਾਉਣ ਦੀ ਸਜਾ ਮਿਲੀ। ਇੱਥੋਂ ਵੀ ਇੱਕ ਅਣਜਾਣ ਜਰਮਨ ਦੋਸਤ ਦੀ ਮੱਦਦ ਰਾਹੀਂ ਬਚ-ਬਚਾ ਕੇ ਉਹ ਮਨੀਲਾ ਪਹੁੰਚ ਗਏ। ਲਗਭਗ 9 ਸਾਲ ਮਨੀਲਾ ਵਿਚ ਰਹੇ।
ਸੋਲਾਂ ਸਾਲਾਂ ਬਾਅਦ ਕੋਲੰਬੋ ਤੋਂ ਦੱਖਣੀ ਭਾਰਤ ਰਾਹੀਂ ਦੇਸ਼ ਵਿਚ ਪੈਰ-ਪੈਰ ਤੇ ਹੋ ਰਹੀ ਛੂਆ-ਛਾਤ ਦੀ ਪੜਚੋਲ ਕਰਦੇ ਹੋਏ ਜਦ ਘਰ ਪਹੁੰਚੇ ਤਾਂ ਮੱਥੇ ਤੇ ਹੱਥ ਮਾਰ ਕੇ ਸੋਚਣ ਲਈ ਮਜ਼ਬੂਰ ਹੋ ਗਏ ਕਿ ਅਸੀਂ ਕਿਹੜੀ ਅਜ਼ਾਦੀ ਦੀ ਗੱਲ ਕਰਦੇੇ ਹਾਂ। ਹਵਾ, ਪਾਣੀ, ਧੁੱਪ ਆਦਿ ਕੁਦਰਤੀ ਸਾਧਨ ਵੀ ਦੇਸ਼ ਦੇ ਅੱਸੀ ਪ੍ਰਤੀਸ਼ਤ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਉਸੇ ਵਕਤ ਕਾਗਜ਼, ਕਲਮ ਚੁੱਕ ਕੇ ਟਾਹਲੀ ਦੀ ਸੰਘਣੀ ਛਾਂਵੇਂ ਬੈਠ ਗ਼ਦਰ ਪਾਰਟੀ ਦੇ ਮੁਖ ਦਫ਼ਤਰ ਸਾਨਫਰਾਂਸਿਸਕੋ ਨੂੰ ਚਿੱਠੀ ਲਿਖ ਘੱਲੀ ਕਿ ਮੈਂ ਆਪਣੀ ਰਹਿੰਦੀ ਜ਼ਿੰਦਗੀ ਹਾਸ਼ੀਆਗਤ ਲੋਕਾਂ ਦੀ ਸਮਾਜਿਕ ਅਜ਼ਾਦੀ ਅਤੇ ਹੱਕੀ ਮੰਗਾਂ ਦੇ ਲੇਖੇ ਲਾਉਣ ਲੱਗਾ ਹਾਂ। ਇਹ ਭਾਵਨਾ ਲੈ ਕੇ ਮੰਗੂ ਰਾਮ ਮੈਦਾਨ ਵਿਚ ਕੁਦ ਪਏ।
ਬਾਬੂ ਮੰਗੂ ਰਾਮ ਜਾਣਦੇ ਸਨ ਕਿ ਇਹ ਲੜਾਈ ‘ਕੱਲੇ ਕਾਰ੍ਹੇ ਦਾ ਕੰਮ ਨਹੀਂ ਹੈ। ਸਭ ਤੋਂ ਪਹਿਲਾਂ ਉਨ੍ਹਾਂ ਪਿੰਡ ਮੁਗੋਵਾਲ ਵਿਖੇ ਬੱਚਿਆਂ ਲਈ ਆਦਿ ਧਰਮ ਸਕੂਲ ਖੋਲ੍ਹਿਆ। ਇਸ ਉਪਰੰਤ ਉਹ ਆਪਣੀ ਸੋਚ ਦੇ ਹੋਰ ਵਿਅਕਤੀਆਂ ਤੱਕ ਪਹੁੰਚ ਲਈ ਜਿਆਦਾ ਸਮਾਂ ਘਰੋਂ ਬਾਹਰ ਰਹਿਣ ਲੱਗੇ। ਉਨ੍ਹਾਂ ਨੇ ਚੌਧਰੀ ਹਜ਼ਾਰਾ ਰਾਮ ਪਿਪਲਾਂਵਾਲਾ, ਪੰਡਤ ਹਰੀ ਰਾਮ ਪੰਡੋਰੀ ਬੀਬੀ, ਹੰਸ ਰਾਜ ਪ੍ਰੇਮ ਗੜ੍ਹ, ਹੁਸ਼ਿਆਰਪੁਰ, ਸੰਤ ਰਾਮ ਅਜ਼ਾਦ ਨੰਗਲ ਸ਼ਹੀਦਾਂ, ਲੱਭੂ ਰਾਮ ਅਤੇ ਬੱਗੂ ਰਾਮ ਚਿੱਤੋਂ, ਸ਼ੂਦਰਾ ਨੰਦ, ਠਾਕਰ ਚੰਦ, ਸੰਤ ਗੁਪਾਲ ਦਾਸ ਲੰਗੇਰੀ ਆਦਿ ਸ਼ਖ਼ਸੀਅਤਾਂ ਨਾਲ ਸਲਾਹ ਮਸ਼ਵਰਾ ਕਰਕੇ 11-12 ਜੂਨ 1926 ‘ਚ ਪਿੰਡ ਮੁਗੋਵਾਲ ਦੀ ਧਰਤੀ ਤੇ ਇੱਕ ਵਿਸ਼ਾਲ ਸੰਮੇਲਨ ਕੀਤਾ। ਇਸ ਸੰਮੇਲਨ ਲਈ ਪਹਿਲਾਂ ਡੱਟ ਕੇ ਤਿਆਰੀ ਕੀਤੀ ਗਈ। ਖਾਸ ਤੌਰ ਤੇ ਇਸ਼ਤਿਹਾਰ ਵੀ ਛਾਪ ਕੇ ਵੰਡਿਆ ਗਿਆ। ਸੰਮੇਲਨ ਵਿਚ 25 ਮਤੇ ਸਰਵਸੰਮਤੀ ਨਾਲ ਪਾਸ ਕੀਤੇ ਗਏ। ਜਿਨ੍ਹਾਂ ਵਿਚ ਸੰਗਠਨ ਦਾ ਨਾਂ ‘ਆਦਿ ਧਰਮ ਮੰਡਲ’ ਸ਼ੁਭ ਕਾਮਨਾ ਸੰਦੇਸ਼ ‘ਜੈ ਗੁਰੂ ਦੇਵ, ਧੰਨ ਗੁਰੂ ਦੇਵ’, ਪਵਿੱਤਰ ਸ਼ਬਦ ‘ਸੋਹੁੰ’, ਸਾਡੇ ਧਰਮ ਗੁਰੂ ‘ਮਹਾਂਰਿਸ਼ੀ ਬਾਲਮੀਕ ਜੀ, ਗੁਰੂ ਰਵਿਦਾਸ ਜੀ, ਗੁਰੂ ਕਬੀਰ ਜੀ, ਗੁਰੂ ਨਾਮਦੇਵ ਜੀ’, ਗ੍ਰੰਥ ‘ਆਦਿ ਪ੍ਰਕਾਸ਼ ਗ੍ਰੰਥ’ ਆਦਿ ਨਿਸ਼ਚਿਤ ਕਰਨ ਦੇ ਨਾਲ ਨਾਲ ਸਰਕਾਰ ਵੱਲ ਬਹੁਤ ਸਾਰੀਆਂ ਮੰਗਾਂ ਵੀ ਰੱਖੀਆਂ ਗਈਆਂ। ਇਨ੍ਹਾਂ ਵਿਚੋਂ ਇੱਕ ਮੰਗ ‘ਮਨੂੰ ਸਿਮ੍ਰਤੀ’, ਉਹ ਹਿੰਦੂ ਗ੍ਰੰਥ ਜਿਸਨੇ ਕਿ ਦਲਿਤ ਸਮਾਜ ਨੂੰ ਗ਼ੁਲਾਮ ਬਣਾਈ ਰੱਖਣ ਦੀਆਂ ਬਹੁਤ ਸਾਰੀਆਂ ਜੁਗਤਾਂ ਘੜੀਆਂ ਸਨ ਉਪਰ ਪਾਬੰਦੀ ਲਾਉਣ ਅਤੇ ਇਸ ਨੂੰ ਜ਼ਬਤ ਕਰਨ ਦੀ ਮੰਗ ਵੀ ਸ਼ਾਮਲ ਸੀ। ਜ਼ਾਹਰ ਹੈ ਕਿ ਜਿਸ ਗ੍ਰੰਥ ਨੂੰ ਬਾਬਾ ਸਾਹਿਬ ਨੇ ਅਮਾਨਵੀ ਕਹਿ ਕੇ 1927 ਈਸਵੀ ਵਿਚ ਅੱਗ ਲਗਾਈ ਸੀ ਉਸ ਨੂੰ ਜ਼ਬਤ ਕਰਨ ਦੀ ਗੱਲ ਆਦਿਧਰਮ ਲਹਿਰ ਦੇ ਆਗੂ ਬਾਬੂ ਮੰਗੂ ਰਾਮ ਇੱਕ ਸਾਲ ਪਹਿਲਾਂ ਹੀ ਕਰ ਚੁੱਕੇ ਸਨ।
ਬਾਬੂ ਮੰਗੂ ਰਾਮ ਨੇ ਲਗਭਗ ਡੇਢ ਦਹਾਕਾ ਗ਼ਦਰ ਪਾਰਟੀ ਵਿਚ ਕੰਮ ਕੀਤਾ ਸੀ। ਇਸ ਲਈ ਆਦਿ ਧਰਮ ਮੰਡਲ ਦੀ ਸਥਾਪਨਾ ਕਰਦੇ ਸਮੇਂ ਗ਼ਦਰ ਪਾਰਟੀ ਦਾ ਸੰਗਠਨਾਤਮਕ ਢਾਂਚਾ ਉਨ੍ਹਾਂ ਦੇ ਦਿਲੋ-ਦਿਮਾਗ ‘ਚ ਪਿਆ ਸੀ। ਗ਼ਦਰ ਪਾਰਟੀ ਦੇ ਸਾਨਫਰਾਂਸਿਸਕੋ ਦਫ਼ਤਰ ਦੇ ਅਧਾਰ ਤੇ ਜਲੰਧਰ ਸ਼ਹਿਰ ਦੇ ਦੁਮੋਰੀਆ ਪੁਲ਼ ਕੋਲ਼ ਆਦਿ ਧਰਮ ਮੰਡਲ ਦਾ ਚਿੱਠੀ ਪੱਤਰ ਅਤੇ ਬੈਠਕਾਂ ਹਿੱਤ ਦਫ਼ਤਰ ਖੋਲ੍ਹਿਆ ਗਿਆ। ਮਹਾਂ ਪੰਜਾਬ ਤੋਂ ਇਲਾਵਾ, ਕਲਕੱਤੇ ਤੱਕ ਅਤੇ ਦੇਸ਼ ਵਿਦੇਸ਼ ਦੇ 550 ਮੈਂਬਰਾਂ ਦੀ ਟੀਮ, 56 ਆਨਰੇਰੀ ਪ੍ਰਚਾਰਕਾਂ ਦਾ ਜੱਥਾ ਤਿਆਰ ਕੀਤਾ ਗਿਆ। ਮੀਡੀਆ ਰਾਹੀਂ ਪ੍ਰਚਾਰ-ਪ੍ਰਸਾਰ ਹਿੱਤ ਆਦਿਧਰਮ ਮੰਡਲ ਨੇ ਆਪਣਾ ਅਖ਼ਬਾਰ ‘ਆਦਿ ਡੰਕਾ’ ਕੱਢਿਆ ਜਿਹੜਾ 1927-28 ਤੋਂ ਲੈ ਕੇ 1951 ਈਸਵੀ ਤੱਕ ਛਪਦਾ ਰਿਹਾ। ਮੁਖ ਦਫ਼ਤਰ ਤੋਂ ਇਲਾਵਾ ਵੱਖ-ਵੱਖ ਥਾਂਵਾਂ ਤੇ ਅੱਠ ਸਬ-ਦਫ਼ਤਰ ਹੋਰ ਖੋਲ੍ਹੇ ਗਏ। ‘ਗ਼ਦਰ ਗੂੰਜ’ ਅਖ਼ਬਾਰ ਦੀ ਤਰਜ਼ ਤੇ ‘ਆਦਿ ਡੰਕਾ’ ਅਖ਼ਬਾਰ ਵਿਚ ਛਪੀਆਂ ਗੁਰਦਾਸ ਰਾਮ ਆਲਮ, ਧੰਨਾ ਸਿੰਘ ਲੰਗੇਰੀ, ਚਾਨਣ ਲਾਲ ਮਾਣਕ, ਪ੍ਰੀਤਮ ਰਮਦਾਸਪੁਰੀ, ਭਗਤ ਰਾਮ ਦੀਵਾਨਾ, ਸੰਤ ਰਾਮ ਪਿਪਲਾਂਵਾਲਾ, ਚਰਨ ਦਾਸ ਨਿਧੜਕ ਆਦਿ ਦਲਿਤ ਕਵੀਆਂ ਦੀਆਂ ਤਿੱਖ਼ੀਆਂ ਨਜ਼ਮਾਂ ਨੇ ਮੰਡਲ ਦੇ ਫ਼ੈਲਾਅ ਵਿਚ ਵੱਡੀ ਭੂਮਿਕਾ ਨਿਭਾਈ।
ਬਾਬੂ ਮੰਗੂ ਰਾਮ ਹੁਰਾਂ ਦੀ ਟੀਮ ਆਪਣੇ ਸਮਾਜ ਦੀਆਂ ਮੰਗਾਂ ਲਈ 1928 ਈਸਵੀ ਵਿਚ ਸਾਈਮਨ ਕਮਿਸ਼ਨ ਨੂੰ ਮਿਲੀ। 1931 ਈਸਵੀ ਦੀ ਜਨਗਣਨਾ ਵਿਚ ਆਦਿਧਰਮ ਦਾ ਵੱਖਰਾ ਖ਼ਾਨਾ ਦਰਜ਼ ਕਰਵਾਇਆ। ਉਸ ਸਮੇਂ ਚੱਲ ਰਹੀਆਂ ਹੋਰ ਧਾਰਮਿਕ ਲਹਿਰਾਂ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਆਦਿ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਇੰਨੇ ਵਿਉਂਤਬੱਧ ਤਰੀਕੇ ਨਾਲ ਕੀਤਾ ਗਿਆ ਕਿ 1931 ਈਸਵੀ ਦੀ ਮਰਦਮਸ਼ੁਮਾਰੀ ਵਿਚ 418779 ਲੋਕਾਂ ਨੇ ਆਪਣੇ ਆਪ ਨੂੰ ਆਦਿਧਰਮੀ ਦੇ ਤੌਰ ‘ਤੇ ਦਰਜ਼ ਕਰਵਾਇਆ। ਲੰਡਨ ਦੀਆਂ ਗੋਲਮੇਜ਼ ਕਾਨਫਰੰਸਾਂ ਸਮੇਂ ਬਾਬਾ ਸਾਹਿਬ ਡਾਕਟਰ ਬੀ.ਆਰ.ਅੰਬੇਦਕਰ ਨੂੰ ‘ਸਾਡਾ ਲੀਡਰ ਅੰਬੇਡਕਰ’ ਦੱਸਣ ਹਿੱਤ ਤਾਰਾਂ ਘੱਲੀਆਂ ਗਈਆਂ। 1932 ਵਿਚ ਬਾਬੂ ਮੰਗੂ ਰਾਮ ਨੇ ਦਲਿਤ ਸਮਾਜ ਦੀਆਂ ਮੰਗਾਂ ਖ਼ਾਤਰ ਮਹਾਤਮਾ ਗਾਂਧੀ ਖ਼ਿਲਾਫ਼ ਜਲੰਧਰ ‘ਚ ਮਰਨ ਵਰਤ ਰੱਖਿਆ। 1932 ‘ਚ ਹੀ ਲਾਹੌਰ ਵਿਖੇ ਹਜ਼ਾਰਾਂ ਸਾਥੀਆਂ ਨੂੰ ਨਾਲ ਲੈ ਕੇ ਲਾਰਡ ਲੋਥੀਅਨ ਨਾਲ ਮੁਲਾਕਾਤ ਕੀਤੀ। ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਸੌਂਪਣਾ, 1937 ਈਸਵੀ ਦੀਆਂ ਚੋਣਾਂ ‘ਚ ਸੱਤ ਆਦਿਧਰਮੀਆਂ ਨੂੰ ਐੱਮ.ਐੱਲ.ਏ. ਬਣਾਉਣਾ, 1946 ‘ਚ ਆਪ ਐੱਮ.ਐੱਲ.ਏ ਚੁਣਿਆ ਜਾਣਾ ਮਿਸਾਲੀ ਪ੍ਰਾਪਤੀਆਂ ਹਨ।
ਬਾਬੂ ਮੰਗੂ ਰਾਮ ਅਤੇ ਬਾਬਾ ਸਾਹਿਬ ਦੀਆਂ ਸੰਘਰਸ਼ਸ਼ੀਲ ਲਹਿਰਾਂ ਇੱਕ ਦੂਜੇ ਦੀਆਂ ਪੂਰਕ ਰਹੀਆਂ ਹਨ। ਇਸੇ ਲਈ ਬਾਬਾ ਸਾਹਿਬ ਆਪਣੇ ਗ੍ਰੰਥਾਂ ਵਿਚ ਵੀ ਇਸ ਲਹਿਰ ਦਾ ਜ਼ਿਕਰ ਕਰਦੇ ਹਨ। ਬਾਬੂ ਮੰਗੂ ਰਾਮ ਸਾਰੀ ਉਮਰ ਦੱਬਿਆਂ-ਦੁਰਕਾਰਿਆਂ ਦੇ ਹੱਕਾਂ ਦੀ ਜੰਗ ਲੜਦੇ ਰਹੇ। ਬਾਬੂ ਮੰਗੂ ਰਾਮ ਜਸਪਾਲ ਦੇ ਉਦਮ ਸਦਕਾ ਬਾਬੂ ਮੰਗੂ ਰਾਮ ਮੋਗੋਵਾਲੀਆ ਨੂੰ ਇੱਕ ਵਾਰ ਫਿਰ ਉਮਰ ਦੇ ਨੌਵੇਂ ਦਹਾਕੇ 13 ਦਸੰਬਰ, 1970 ਨੂੰ ਡੇਰਾ ਬੱਲਾਂ ਵਿਖੇ ‘ਆਦਿਧਰਮ ਸ਼ਡਿਊਲਡ ਕਾਸਟ ਫੈੱਡਰੇਸਨ’ ਦਾ ਪ੍ਰਧਾਨ ਚੁਣਿਆ ਗਿਆ। ਭਾਵੇਂ ਇਸ ਸਮੇਂ ਉਹ ਕਾਫ਼ੀ ਬਿਰਧ ਹੋ ਚੁਕੇ ਸਨ ਪਰ ਗੜ੍ਹਕਾ ਤੇ ਸੁਰਤੀ ਪੂਰੀ ਕਾਇਮ ਸੀ। ਸਾਰੀ ਉਮਰ ਦਲਿਤਾਂ ਦੇ ਹੱਕਾਂ ਦੀ ਬਾਤ ਪਾਉਣ ਵਾਲਾ ਇਹ ਯੋਧਾ 22 ਅਪ੍ਰੈਲ, 1980 ਈਸਵੀ ਨੂੰ ਸਦਾ ਲਈ ਅੱਖਾਂ ਤੋਂ ਓਝਲ ਹੋ ਗਿਆ। ਸਮਾਜ ਲਈ ਕੀਤੇ ਸੰਘਰਸ਼ ਸਦਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਤਾਮਰ ਪੱਤਰ ਸਮੇਤ ਅਨੇਕਾਂ ਹੋਰ ਇਨਾਮ ਸਨਮਾਨ ਝੋਲ਼ੀ ਪਵਾਏ।
ਬਾਬੂ ਮੰਗੂ ਰਾਮ ਮੁਗੋਵਾਲੀਆ ਭਾਵੇਂ ਥੋੜ੍ਹਾ ਪੜ੍ਹੇ ਸਨ ਪਰ ਉਨ੍ਹਾਂ ਦਾ ਜ਼ਮੀਨੀ ਅਧਿਐਨ ਤੇ ਤਜ਼ਰਬਾ ਬਹੁਤ ਸੀ। ਉਨ੍ਹਾਂ ਗ਼ਦਰ ਪਾਰਟੀ ਨਾਂ ਦੇ ਉਸ ਸੰਗਠਨ ਵਿਚ ਕੰਮ ਕੀਤਾ ਸੀ ਜਿਸਨੇ ਪੂਰੇ ਸੰਸਾਰ ਵਿਚ ਸਾਮਰਾਜ ਦਾ ਝੰਡਾ ਝੁਲਾਉਣ ਵਾਲੀ ਸਰਕਾਰ ਨੂੰ ਭੁਆਂਟਣੀਆਂ ਲੁਆ ਦਿੱਤੀਆਂ ਸਨ। ਉਨ੍ਹਾਂ ਨੇ ਪਹਿਲੀ ਵਾਰ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਉਨ੍ਹਾਂ ਦੇ ਮੂਲ ਨਾਲ ਜੋੜ ਕੇ ਬਹੁਤ ਸੋਚਣ ਸਮਝਣ ਤੋਂ ਬਾਅਦ ਸੰਗਠਨ ਨੂੰ ‘ਆਦਿ ਧਰਮੀ’ ਨਾਂ ਦਿੱਤਾ ਸੀ। ਆਦਿ ਧਰਮ ਮੰਡਲ ਇੱਕ ਸਮਾਜਿਕ ਸੰਗਠਨ ਸੀ। ਸਮਾਜਿਕ ਤੌਰ ਤੇ ਇਸਨੇ ਅਜੇ ਸਥਾਪਿਤ ਹੋਣਾ ਸੀ ਤੇ ਰਾਜਨੀਤਕ ਤੌਰ ਤੇ ਕਦਮ ਰੱਖ ਲਿਆ। ਭਾਵੇਂ ਇਸ ਵਿਚ ਪ੍ਰਾਪਤੀ ਵੀ ਕੀਤੀ ਪਰ ਸਮਾਜਿਕ ਤੌਰ ਤੇ ਪਕੜ ਅਜੇ ਮਜ਼ਬੂਤ ਨਾ ਹੋਣ ਕਰਕੇ ਇਸ ਦੀ ਰਾਜਨੀਤਕ ਚਿਰਸਥਿਰਤਾ ਕਾਇਮ ਨਾ ਰਹਿ ਸਕੀ। ਹਾਂ, ਇੰਨਾ ਜ਼ਰੂਰ ਹੈ ਕਿ ਇਸ ਸੰਗਠਨ ਨੇ ਦਲਿਤ ਅੰਦੋਲਨ ਲਈ ਇੱਕ ਨੀਂਹ ਜ਼ਰੂਰ ਤਿਆਰ ਕਰ ਦਿੱਤੀ ਸੀ ਜਿਸ ਉਪਰ ਭਵਿੱਖ ਵਿਚ ਸੰਘਰਸ਼ ਨਾਲ ਉੱਚੀ ਇਮਾਰਤ ਦੀ ਉਸਾਰੀ ਕੀਤੀ ਜਾ ਸਕੇਗੀ।
