ਸਤਨਾਮ ਚਾਨਾ
ਭਾਰਤੀ ਦਰਸ਼ਨ ਵਿਚਲੇ ਵਿਚਾਰਧਾਰਕ ਸੰਘਰਸ਼ ਦਾ ਇਤਿਹਾਸ ਬੜਾ ਹੀ ਰੌਚਕ ਰਿਹਾ ਹੈ। ਪਦਾਰਥਵਾਦੀ ਅਤੇ ਵਿਚਾਰਵਾਦੀ ਵਿਚਾਰਾਂ ਦੀ ਫਸਵੀਂ ਟੱਕਰ ਸਾਡੇ ਮੁੱਢਲੇ ਗਰੰਥਾਂ ਵਿਚੋਂ ਹੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਨਿਰਸੰਦੇਹ ਵਿਚਾਰਧਾਰਕ ਟੱਕਰ ਸ਼ਰੇਣੀ ਸੰਘਰਸ਼ ਦਾ ਹੀ ਪ੍ਰਗਟਾਵਾ ਹੈ, ਕਿਉਂਕਿ ਹਰ ਵਿਚਾਰਧਾਰਾ ਕਿਸੇ ਨਾ ਕਿਸੇ ਸ਼ਰੇਣੀ ਦੀ ਪ੍ਰਤੀਨਿਧਤਾ ਕਰਦੀ ਹੈ। ਇਸਦੀ ਚਰਚਾ ਛੇੜਨ ਤੋਂ ਪਹਿਲਾਂ ਇਸਦਾ ਅਜੋਕਾ ਸੰਦਰਭ ਸਾਹਮਣੇ ਰੱਖਣ ਦੀ ਵੀ ਲੋੜ ਹੈ। ਇਸ ਨਾਲ ਸ਼ਾਇਦ ਇਹ ਸਪੱਸ਼ਟ ਕਰਨ ਦਾ ਰਾਹ ਖੁਲ੍ਹ ਸਕੇ ਕਿ ਭਾਰਤ ਵਿਚ ਪਦਾਰਥਵਾਦ ਨੇ ਵਿਚਾਰਵਾਦ ਵਿਰੁੱਧ ਜਿਹੜਾ ਯੁੱਧ ਪ੍ਰਚੀਨ ਕਾਲ ਵਿਚ ਹੀ ਅਰੰਭ ਦਿੱਤਾ ਸੀ, ਉਸਨੂੰ ਜਿੱਤ ਵੱਲ ਲੈ ਜਾਣ ਵਿਚ ਕਿੱਥੇ ਉਕਾਈ ਹੋਈ? ਅਜੋਕੇ ਸੰਦਰਭ ਵਿਚ ਵਿਚਾਰਨ ਨਾਲ ਪ੍ਰਾਚੀਨ ਕਾਲ ਤੋਂ ਚਲੇ ਆ ਰਹੇ ਵਿਚਾਰਧਾਰਕ ਸੰਘਰਸ਼ ਨੂੰ ਸਮਝਣ ਵਿਚ ਸੌਖ ਹੋ ਜਾਵੇਗੀ। ਇਹ ਜਾਨਣ ਵਿਚ ਵੀ ਸੌਖ ਹੋ ਜਾਵੇਗੀ ਕਿ ਸਮਾਜਿਕ ਪਰਿਵਰਤਨ ਵਿਚ ਇਸਦਾ ਕੀ ਯੋਗਦਾਨ ਰਿਹਾ ਸੀ।
ਜਦੋਂ ਅਸੀਂ ਸ਼ਬਦ ਸ਼ਰੇਣੀ ਸੰਘਰਸ਼ ਸੁਣਦੇ ਹਾਂ ਝੱਟ ਅੰਦਾਜ਼ਾ ਲਾਉਂਦੇ ਹਾਂ ਕਿ ਗੱਲ ਲੁੱਟ-ਖਸੁੱਟ ਵਿਰੁੱਧ ਲੜਾਈ ਬਾਰੇ ਹੋਣ ਲੱਗੀ ਹੈ। ਜਿਸ ਲੜਾਈ ਦੇ ਇਕ ਪਾਸੇ ਲੁਟੇਰੀ ਧਿਰ ਹੈ ਅਤੇ ਦੂਜੇ ਪਾਸੇ ਲੁੱਟੀ ਜਾ ਰਹੀ ਧਿਰ ਹੈ। ਲੁੱਟ ਦਾ ਅਰਥ ਹੈ ਕਿਰਤ ਦੀ ਲੁੱਟ, ਨਾ ਕਿ ਨਿਰੀ-ਪੁਰੀ ਮਾਰਧਾੜ। ਜਿਵੇਂ ਕਿ ਉਦਯੋਗਾਂ ਵਿਚ ਪੂੰਜੀਪਤੀਆਂ ਵੱਲੋਂ ਅਤੇ ਖੇਤਾਂ ਵਿਚ ਜਗੀਰਦਾਰਾਂ ਵੱਲੋਂ ਕੀਤਾ ਜਾਂਦਾ ਉਤਪਾਦਕਾਂ ਦਾ ਸ਼ੋਸ਼ਣ। ਕਤਾਰਬੰਦੀ ਇਕਦਮ ਸਿੱਧੀ ਜਾਪਦੀ ਹੈ। ਫਿਰ ਤੇਜ਼ੀ ਨਾਲ ਸੋਚਣ ਲੱਗਦੇ ਹਾਂ ਕਿ ਇਸ ਲੁੱਟ-ਖਸੁੱਟ ਨੂੰ ਸੁਰੱਖਿਅਤ ਰੱਖਣ ਲਈ ਸ਼ੋਸ਼ਕਾਂ ਵੱਲੋਂ ਸੱਤਾ ਸਥਾਪਤ ਕੀਤੀ ਗਈ ਹੈ ਅਤੇ ਸੱਤਾ ਨੂੰ ਸਥਿਰ ਰੱਖਣ ਲਈ ਕਨੂੰਨ ਵਿਵਸਥਾ, ਜੋ ਸੱਤਾ ਨੂੰ ਅਤਿਆਚਾਰ ਕਰਨ ਦਾ ਅਧਿਕਾਰ ਦਿੰਦੀ ਹੈ। ਤਾਂ ਫਿਰ ਸਿੱਟਾ ਕੱਢਦੇ ਹਾਂ ਕਿ ਲੁੱਟ-ਖਸੁੱਟ ਦੇ ਸਦੀਵੀ ਖਾਤਮੇ ਲਈ ਲੁੱਟੇਰੀ ਸ਼ਰੇਣੀ ਹੱਥੋਂ ਸੱਤਾ ਖੋਹ ਲਈ ਜਾਵੇ। ਇਸ ਵਿਚਾਰ ਵਿਚ ਗ਼ਲਤ ਵੀ ਕੀ ਹੈ? ਗ਼ਲਤ ਕੁਝ ਨਹੀਂ ਸਿਰਫ ਫਾਰਮੂਲਾ ਕੁਝ ਵਧੇਰੇ ਹੀ ਸਿੱਧਾ ਜਾਪਦਾ ਹੈ ਜੋ ਪ੍ਰਸ਼ਨ ਖੜ੍ਹਾ ਕਰ ਦਿੰਦਾ ਹੈ ਕਿ ਲੁੱਟੇ-ਪੁੱਟੇ ਜਾ ਰਹੇ ਕਰੋੜਾਂ ਲੋਕਾਂ ਲਈ, ਲੁੱਟਣ ਵਾਲੇ ਮੁੱਠੀ ਭਰ ਬੰਦਿਆਂ ਤੋਂ ਰਾਜ ਖੋਹ ਲੈਣ ਵਿਚ ਦਿੱਕਤ ਕੀ ਹੈ? ਇਸੇ ਕਰਕੇ ਸ਼ਰੇਣੀ ਸੰਘਰਸ਼ ਅਤੇ ਵਿਚਾਰਧਾਰਕ ਸੰਘਰਸ਼ ਦੇ ਰਿਸ਼ਤੇ ਦੀ ਅਸਲ ਸੂਰਤ ਸਮਝਣ ਦੀ ਜ਼ਰੂਰਤ ਹੈ।
ਮਸਲਨ, ਦੇਸ਼ ਦੀਆਂ ਵਰਤਮਾਨ ਪ੍ਰਸਥਿੱਤੀਆਂ ਨੇ ਸਾਡੇ ਸਾਹਮਣੇ ਕਈ ਗੰਭੀਰ ਪ੍ਰਸ਼ਨ ਖੜ੍ਹੇ ਕਰ ਦਿੱਤੇ ਹਨ। ਜਿਵੇਂ ਕਿ, ਇਤਿਹਾਸ ਨੂੰ ਪੁੱਠਾ ਗੇੜਾ ਕਿਵੇਂ ਆ ਗਿਆ ਹੈ? ਅਜ਼ਾਦੀ ਸਮੇ ਮਿਥੇ ਸਮਾਜਵਾਦ ਦੀ ਸਥਾਪਨਾ ਦੇ ਟੀਚੇ ਦਾ ਕੀ ਬਣਿਆ? ਟੀਚਾ, ਜੋ ਕਿ ਜ਼ੁਬਾਨੀ ਕਲਾਮੀਂ ਨਹੀਂ ਸੀ ਮਿੱਥਿਆ ਗਿਆ ਸਗੋਂ ਸੰਵਿਧਾਨ ਦੇ ਪਹਿਲੇ ਸਫੇ ਤੇ ਲਿਖਿਆ ਗਿਆ ਸੀ। ਪ੍ਰੰਤੂ ਅਸੀਂ ਕਰ ਲਿਆ ਇਸਦੇ ਇੱਕ ਦਮ ਉੱਲਟ। ਇਨਕਲਾਬ ਨੂੰ ਉਲਟਾ ਕਰ ਲਿਆ। ਸਵੈ ਅਲੋਚਨਾ ਦਾ ਸਮਾਂ ਹੈ। ਦੇਸ਼ ਹਿਤੂ ਅਜੋਕੇ ਸੱਤਾਧਾਰੀਆਂ ਉੱਤੇ ਤਨਜ਼ ਭਰਿਆ ਗੁੱਸਾ ਝਾੜਦੇ ਹੋਏ ਪੁੱਛਦੇ ਆ ਰਹੇ ਹਨ ਕਿ ਦੇਸ਼ ਦੀ ਅਜ਼ਾਦੀ ਲਈ ਉਨ੍ਹਾਂ ਨੇ ਕੀਤਾ ਹੀ ਕੀ ਸੀ? ਗ਼ਦਾਰੀਆਂ ਹੀ ਤਾਂ ਕੀਤੀਆ ਸਨ। ਇਸ ਦੀਆਂ ਉਦਾਹਰਣਾ ਵੀ ਸੁਣਾਈਆਂ ਦਿੰਦੀਆਂ ਹਨ। ਇਹ ਭਾਵਕਤਾ ਹੈ, ਸ਼ਰੇਣੀ ਸੰਘਰਸ਼ ਦੀ ਸਮਝ ਤੋਂ ਕੋਹਾਂ ਦੂਰ। ਜੇਕਰ ਅਸੀਂ ਇਹ ਸਮਝਦੇ ਹਾਂ ਕਿ ਸੱਤਾ ਸੰਘਰਸ਼ ਕੀਤਿਆਂ ਹੀ ਮਿਲਦੀ ਹੈ ਤਾਂ ਫਿਰ ਅਜੋਕੇ ਸੱਤਾਧਾਰੀ ਵੀ ਸੰਘਰਸ਼ ਤੋਂ ਬਿਨ੍ਹਾਂ ਸੱਤਾ ਵਿਚ ਨਹੀਂ ਆਏ ਹੋਣੇ। ਤਾਂ ਫਿਰ ਪਰਜਾਤੰਤਰ ਵਿਚ ਅਜਿਹਾ ਕਿਹੜਾ ਸੰਘਰਸ਼ ਹੋ ਸਕਦਾ ਹੈ ਜਿਹੜਾ ਅਦਿਸ ਵੀ ਹੋਵੇ ਅਤੇ ਸੱਤਾ ਤੱਕ ਵੀ ਪਹੁੰਚਾ ਦੇਵੇ? ਕੀ ਅਜਿਹਾ ਤਾਂ ਨਹੀਂ ਕਿ ਜਿਹੜਾ ਸੰਘਰਸ਼ ਉਨ੍ਹਾਂ ਨੇ ਲੜਿਆ ਉਹ ਸਾਡੇ ਸ਼ਰੇਣੀ ਸੰਘਰਸ਼ ਦੀ ਪਰਿਭਾਸ਼ਾ ਵਿਚ ਨਹੀਂ ਆਉਂਦਾ?
ਅਜਿਹਾ ਵੀ ਨਹੀਂ ਹੈ। ਉਨ੍ਹਾਂ ਨੇ ਗਹਿਗੱਚ, ਨਿਰਵਿਘਨ ਅਤੇ ਬੇਆਰਾਮ ਸੰਘਰਸ਼ ਲੜਿਆ, ਪਰ ਉਨ੍ਹਾਂ ਦੇ ਸੰਘਰਸ਼ ਦਾ ਮੈਦਾਨ ਵਿਚਾਰਧਾਰਾ ਸੀ, ਕੇਵਲ ਵਿਚਾਰਧਾਰਾ। ਸਾਡੇ ਦੇਸ਼ ਵਿਚ, ਵਿਚਾਰਧਾਰਕ ਸੰਘਰਸ਼ ਅਨੇਕ ਸਦੀਆਂ ਤੋਂ ਅਜਮਾਇਆ ਹੋਇਆ ਸੰਘਰਸ਼ ਰਿਹਾ ਹੈ ਤੇ ਜੋ ਜਿੱਤ ਦੀ ਗਰੰਟੀ ਕਰਦਾ ਹੈ। ਜਿਸ ਦੀ ਬਦੌਲਤ ਸਾਧਨਾਂ ਦੇ ਮਾਲਕ ਸੱਤਾਧਾਰੀ ਰਹੇ ਹਨ, ਵਿਚਾਰਧਾਰਕ ਸੰਘਰਸ਼। ਦੇਸ਼ ਵਿਚ ਜਦੋਂ ਆਜ਼ਾਦੀ ਦੀ ਜੰਗ ਲੜੀ ਜਾ ਰਹੀ ਸੀ, ਸ਼ਹੀਦੀਆਂ ਤੇ ਕੁਰਬਾਨੀਆਂ ਨਾਲ ਸਾਮਰਾਜੀ ਅਤਿਆਚਾਰ ਦਾ ਮੁਕਾਬਲਾ ਕੀਤਾ ਜਾ ਰਿਹਾ ਸੀ ਤਾਂ ਓਦੋਂ ਇੱਕ ਧਿਰ ਅਜਿਹੀ ਵੀ ਸੀ ਜਿਸਨੇ ਸਾਮਰਾਜ ਵਿਰੁੱਧ ਲੜਨ ਦੀ ਥਾਂ, ਦੇਸ਼ ਅੰਦਰ ਤੇਜ਼ੀ ਨਾਲ ਪਸਰ ਰਹੇ ਸਮਾਜਵਾਦੀ ਰੁਝਾਨ ਵਿਰੁੱਧ ਜੰਗ ਛੇੜੀ ਹੋਈ ਸੀ ਕਿਉਂਕਿ ਉਨ੍ਹਾਂ ਨੂੰ ਖਤਰਾ ਸਾਂਝੀਵਾਲਤਾ ਤੋਂ ਸੀ। ਇਸ ਲੜਾਈ ਵਿਚ ਸਾਮਰਾਜ ਉਨ੍ਹਾਂ ਦਾ ਸੁਭਾਵਕ ਯੁੱਧ ਸਾਥੀ ਸੀ, ਜਿਸਨੂੰ ਗ਼ਦਾਰੀ ਕਿਹਾ ਜਾ ਰਿਹਾ ਹੈ। ਸ਼ਮਸੁਲ ਇਸਲਾਮ ਨੇ ਆਪਣੀ ਪੁਸਤਕ ‘ਸਾਵਰਕਰ-ਝੂਠ ਅਤੇ ਸੱਚ’ ਵਿਚ ਸਾਵਰਕਰ ਦੇ ਮਾਫੀਨਾਮੇਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ, ‘…. ਲਾਰਡ ਲਿਨਲਿਥਗੋ ਨਾਲ ਮੁਲਾਕਾਤ ਸਮੇਂ ਸਾਵਰਕਰ ਨੇ ਹੈਰਾਨੀਜਨਕ ਰੂਪ ਨਾਲ ਕਲਾਬਾਜ਼ੀ ਮਾਰੀ, ‘ਪਰ ਹੁਣ ਕਿਉਂਕਿ ਸਾਡੇ ਹਿਤ ਇਕ ਦੂਜੇ ਨਾਲ ਇਸ ਕਦਰ ਜੁੜੇ ਹੋਏ ਹਨ ਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਹਿੰਦੂਤਵਵਾਦ ਅਤੇ ਗ਼੍ਰੇਟ ਬ੍ਰਿਟੇਨ (ਮਹਾਨ ਬਰਤਾਨੀਆ) ਮਿੱਤਰ ਬਣ ਜਾਣ ਅਤੇ ਪੁਰਾਣੀ ਦੁਸ਼ਮਣੀ ਦੀ ਹੁਣ ਲੋੜ ਨਹੀਂ ਰਹਿ ਗਈ’…। ਬਿਨਾ ਸ਼ੱਕ, ਸਾਂਝੇ ਹਿਤ ਸੋਵੀਅਤ ਸਮਾਜਵਾਦ ਅਤੇ ਭਾਰਤੀ ਸਾਂਝੀਵਾਲਤਾ ਦੇ ਖਿਲਾਫ ਸਨ। ਇਸੇ ਕਰਕੇ ਉਹ ਲੋਕ ਆਪਣੇ ਕੇਡਰ ਨੂੰ ਸਮਝਾ ਰਹੇ ਸਨ ਕਿ ਆਪਣੀ ਸ਼ਕਤੀ ਨੂੰ ਬਚਾ ਕੇ ਰੱਖੋ, ਅਸਲੀ ਜੰਗ ਆਜ਼ਾਦੀ ਤੋਂ ਬਾਅਦ ਲੜੀ ਜਾਣੀ ਹੈ। ਜੋ ਲੜੀ ਗਈ।
ਜਿੰਨੀ ਦੇਰ ਅਸੀਂ ਇਹ ਨਹੀਂ ਸਮਝ ਜਾਂਦੇ ਕਿ ਸ਼ਰੇਣੀਆਂ ਦੀ ਪ੍ਰਤੀਨਿਧਤਾ ਵਿਅਕਤੀ ਨਹੀਂ ਕਰਦੇ, ਵਿਚਾਰਧਾਰਾ ਕਰਿਆ ਕਰਦੀ ਹੈ ਅਤੇ ਸੱਤਾ ਵੀ ਵਿਅਕਤੀਆਂ ਦੀ ਨਹੀਂ ਹੁੰਦੀ ਸਗੋਂ ਵਿਅਕਤੀਆਂ ਰਾਹੀਂ ਵਿਚਾਰਧਾਰਾ ਦੀ ਹੋਇਆ ਕਰਦੀ ਹੈ, ਜੋ ਕਿਸੇ ਨਾ ਕਿਸੇ ਸ਼ਰੇਣੀ ਦੇ ਹਿਤਾਂ ਨੂੰ ਪਾਲਦੀ ਹੈ। ਓਨੀ ਦੇਰ ਨਾ ਤਾਂ ਸਹੀ ਨਤੀਜੇ ਤੇ ਪਹੁੰਚ ਸਕਾਂਗੇ ਅਤੇ ਨਾ ਹੀ ਸਹੀ ਰਾਹ ਬਣਾ ਸਕਾਂਗੇ।
ਤਾਂ ਫਿਰ ਵਿਚਾਰ ਹਨ ਕੀ? ਕਿੱਥੋਂ ਆਉਂਦੇ ਹਨ? ਨਿਰਸੰਦੇਹ ਵਿਚਾਰ ਸੰਘਰਸ਼ ਦੀ ਪੈਦਾਵਾਰ ਹੁੰਦੇ ਹਨ, ਪਰ ਸੰਘਰਸ਼ ਵਿਚਾਰਾਂ ਨੂੰ ਇਸ ਲਈ ਪੈਦਾ ਨਹੀਂ ਕਰਦਾ ਕਿ ਉਹ ਉਨ੍ਹਾਂ ਉੱਤੇ ਨਿਰਭਰ ਹੋ ਜਾਵੇ। ਸਗੋਂ ਇਸ ਲਈ ਪੈਦਾ ਕਰਦਾ ਹੈ ਕਿ ਵਿਚਾਰ ਉਸਨੂੰ ਉਸ ਮੁਕਾਮ ਤੱਕ ਪਹੁੰਚਣ ਦੇ ਸਫਰ ਤੇ ਲੈ ਜਾਵੇ ਜਿਹੜਾ ਸਫਰ ਉਹ ਇਕੱਲਿਆਂ ਖੁਦ ਨਹੀਂ ਕਰ ਸਕਦਾ। ਵਿਚਾਰਧਾਰਾ ਰਾਹ ਦੇਖਣ ਲਈ ਸੰਘਰਸ਼ ਦੀਆਂ ਅੱਖਾਂ ਹਨ, ਸਗੋਂ ਸੰਘਰਸ਼ ਦਾ ਸੌਫਟ ਵੇਅਰ ਹੈ ਜੋ ਸੰਘਰਸ਼ ਦੀ ਦ੍ਰਿਸ਼ਟੀ, ਦਿਸ਼ਾ ਤੇ ਗਤੀ ਨੂੰ ਨਿਸਚਤ ਕਰਦਾ ਅਤੇ ਉਸ ਲਈ ਰੋਡਮੈਪ ਤਿਆਰ ਕਰਦਾ ਹੈ। ਅਥਵਾ, ਵਿਚਾਰਧਾਰਾ ਤੋਂ ਬਿਨਾ ਸੰਘਰਸ਼ ਨੇਤਰਹੀਣ ਵੀ ਹੈ ਅਤੇ ਯੋਜਨਾਹੀਣ ਵੀ ਹੈ। ਦੂਜੇ ਪਾਸੇ, ਸੌਫਟਵੇਅਰ ਦੇ ਪ੍ਰੋਗਰਾਮਿੰਗ ਦੀ ਖ਼ਰਾਬੀ ਸੰਘਰਸ਼ ਦਾ ਹਾਦਸਾ ਕਰਵਾ ਦਿੰਦੀ ਹੈ ਜਿਸ ਕਰਕੇ ਵਿਚਾਰਧਾਰਾ ਦਾ ਨੁਕਸ ਰਹਿਤ ਹੋਣਾ ਵੀ ਲਾਜ਼ਮੀ ਸ਼ਰਤ ਹੈ। ਕਹਿ ਸਕਦੇ ਹਾਂ ਕਿ ਸ਼ਰੇਣੀ ਸੰਘਰਸ਼, ਵਿਚਾਰਧਾਰਾਕ ਸੰਘਰਸ਼ ਵਿਚ ਢਲ ਕੇ ਸੰਪੂਰਨ ਹੁੰਦਾ ਹੈ । ਇੱਥੇ ਇਹ ਗੱਲ ਵੀ ਸ਼ਿੱਦਤ ਨਾਲ ਨੋਟ ਕਰਨ ਵਾਲੀ ਹੈ ਕਿ ਵਿਚਾਰਧਾਰਾ ਭਾਵੇਂ ਸਾਕਾਰਾਤਮਕ ਹੋਵੇ ਜਾਂ ਨਾਕਾਰਾਤਮਕ, ਵਿਕਾਸਮਈ ਹੋਵੇ ਜਾਂ ਵਿਨਾਸ਼ਮਈ, ਸੰਘਰਸ਼ ਦੇ ਚਰਿਤਰ ਅਥਵਾ ਉਸਦੇ ਖਾਸੇ ਨੂੰ ਰੂਪਮਾਨ ਕਰਦੀ ਹੈ। ਵਿਚਾਰਧਾਰਾ ਸੰਘਰਸ਼ ਦਾ ਹੀ ਕਾਇਆਕਲਪ ਹੈ। ਇਸਨੂੰ ਇੰਝ ਵੀ ਕਹਿ ਸਕਦੇ ਹਾਂ ਕਿ ਵਿਚਾਰਧਾਰਕ ਸੰਘਰਸ਼, ਸ਼ਰੇਣੀ ਸੰਘਰਸ਼ ਦੀ ਉੱਚਤਮ ਅਵੱਸਥਾ ਹੈ। ਅਜੋਕੀ ਹਾਕਮ ਸ਼ਰੇਣੀ ਨੇ, ਆਜ਼ਾਦੀ ਉਪਰੰਤ ਇਸੇ ਹੀ ਉੱਚਤਮ ਅਵੱਸਥਾ ਤੇ ਸੰਘਰਸ਼ ਲੜਿਆ ਅਤੇ ਉਹ ਸਫਲ ਹੋ ਗਏ।
ਮਨੁੱਖ ਹੀ ਨਹੀਂ ਸਾਰੇ ਜੀਵ, ਜਦੋਂ ਤੋਂ ਹੋਂਦ ਵਿਚ ਆਏ ਹਨ, ਸੰਘਰਸ਼ ਵਿਚ ਹਨ। ਸੰਘਰਸ਼ ਕੋਈ ਮਕਾਨਕੀ ਵਿਧੀ ਨਹੀਂ ਸਗੋਂ ਪ੍ਰਕਿਰਤੀ ਵਾਂਗ ਵਿਕਾਸਮਈ ਹੈ। ਸੰਘਰਸ਼ ਨੇ ਜੀਵ ਅੰਦਰ ਪ੍ਰਤੀਕਰਮ ਨੂੰ ਜਨਮ ਦਿੱਤਾ ਅਤੇ ਪ੍ਰਤੀਕਰਮ ਨੇ ਤਰਕ ਨੂੰ, ਤਰਕ ਨੇ ਸ਼ਬਦ ਨੂੰ, ਸ਼ਬਦ ਨੇ ਭਾਸ਼ਾ ਨੂੰ ਅਤੇ ਭਾਸ਼ਾ ਨੇ ਵਿਚਾਰ ਨੂੰ ਜਨਮ ਦਿੱਤਾ ਹੈ। ਇਸੇ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੰਘਰਸ਼ ਨੇ ਕਿੰਨਾਂ ਲੰਬਾ ਸੰਘਰਸ਼ ਕਰਕੇ ਆਪਣੇ ਆਪ ਨੂੰ ਵਿਚਾਰਧਾਰਾ ਵਿਚ ਢਾਲਿਆ ਹੈ। ਇਸ ਕਰਕੇ ਵਿਚਾਰਧਾਰਾ ਅਤੇ ਸੰਘਰਸ਼ ਨੂੰ ਅਲੱਗ-ਅਲੱਗ ਰੱਖਣ ਦੀ ਮੂਰਖਤਾਈ ਸੰਘਰਸ਼ ਨੂੰ ਪ੍ਰਵਾਨ ਨਹੀਂ ਹੋ ਸਕਦੀ।
ਜਿਵੇਂ ਕਿ ਉੱਪਰ ਕਿਹਾ ਗਿਆ ਹੈ, ਵਿਚਾਰਧਾਰਾ ਸੰਘਰਸ਼ ਨੂੰ ਹੀ ਨਹੀਂ ਸਗੋਂ ਸੰਘਰਸ਼ ਦੇ ਚਰਿਤਰ ਜਾਂ ਖਾਸੇ ਨੂੰ ਵੀ ਰੂਪਮਾਨ ਕਰਦੀ ਹੈ, ਕਿਉਂਕਿ ਵਿਚਾਰਧਾਰਾਵਾਂ ਸ਼ਰੇਣੀਆਂ ਦੀ ਪ੍ਰਤੀਨਿੱਧਤਾ ਕਰਦੀਆਂ ਹਨ। ਇਹ ਸ਼ੋਸ਼ਤ ਵੀ ਹੁੰਦੀਆਂ ਹਨ ਅਤੇ ਸ਼ੋਸ਼ਕ ਵੀ ਹੁੰਦੀਆਂ ਹਨ। ਵਿਚਾਰਧਾਰਾ ਕਿਰਤ ਦੀ ਵੀ ਹੈ ਅਤੇ ਕਿਰਤ ਦੀ ਲੁੱਟ ਦੀ ਵੀ ਹੈ। ਇਹ ਹੁਣ ਪੈਦਾ ਨਹੀਂ ਹੋਈਆਂ, ਸਗੋਂ ਸ਼ਰੇਣੀਆਂ ਦੇ ਪੈਦਾ ਹੋਣ ਨਾਲ ਹੀ ਪੈਦਾ ਹੋ ਗਈਆਂ ਸਨ। ਜਦੋਂ ਸ਼ਰੇਣੀ ਸੰਘਰਸ਼ ਵਿੱਢਿਆ ਗਿਆ ਤਾਂ ਵਿਚਾਰਧਾਰਾਵਾਂ ਦਰਮਿਆਨ ਵੀ ਸਮਝੌਤਾ ਰਹਿਤ ਟੱਕਰ ਸ਼ੁਰੂ ਹੋ ਗਈ। ਵਿਕਾਸ ਨੇ ਜਿਓਂ-ਜਿਓਂ ਪੇਚੀਦਗੀਆਂ ਪੈਦਾ ਕੀਤੀਆਂ ਤਿਓਂ-ਤਿਓਂ ਵਿਚਾਰਧਾਰਾਵਾਂ ਦਾ ਵਿਕਾਸ ਵੀ ਹੋਇਆ ਅਤੇ ਸਮੇਂ-ਸਮੇਂ ਪਰਿਵਰਤਨ ਵੀ ਆਏ। ਕੋਈ ਵੀ ਵਿਚਾਰਧਾਰਾ ਨਵੀਂ-ਨਕੋਰ ਮੈਨੂਫੈਕਚਰ ਨਹੀਂ ਹੁੰਦੀ ਪੁਰਾਣੀ ਤੇ ਹੀ ਉਸਰਦੀ ਹੈ। ਹਰ ਸ਼ਰੇਣੀ ਆਪਣੀਆਂ ਲੋੜਾਂ ਅਤੇ ਪ੍ਰਸਥਿਤੀਆਂ ਦੇ ਅਨੁਕੂਲ ਵਿਚਾਰਧਾਰਾਵਾਂ ਦੀ ਰਚਨਾ ਕਰਦੀ ਹੈ। ਭਾਰਤ ਨੇ ਵੀ ਆਪਣੀਆਂ ਲੁੱਟੀਆਂ-ਪੁੱਟੀਆਂ ਜਾਂਦੀਆਂ ਸ਼ਰੇਣੀਆਂ ਤੇ ਲੁਟੇਰੀਆਂ ਸ਼ਰੇਣੀਆਂ ਲਈ ਭਿੰਨ-ਭਿੰਨ ਵਿਚਾਰਧਾਰਾਵਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚ ਸਮੇਂ ਦੇ ਨਾਲ-ਨਾਲ ਅਤੇ ਆਪੋ-ਆਪਣੀ ਸ਼ਰੇਣੀ ਦੀਆਂ ਲੋੜਾਂ ਅਨੁਸਾਰ ਵਾਧਾ ਵੀ ਕੀਤਾ ਅਤੇ ਬਦਲਾਵ ਵੀ ਲਿਆਂਦੇ। ਇਸ ਦੌਰਾਨ ਭਾਰਤੀ ਸਮਾਜ ਕਿਨ੍ਹਾਂ-ਕਿਨ੍ਹਾਂ ਕਰਾਂਤੀਆਂ ਵਿੱਚੋਂ ਗੁਜ਼ਰਿਆ, ਇਹ ਤਾਂ ਹੱਥਲੇ ਲੇਖ ਦਾ ਵਿਸ਼ਾ ਨਹੀਂ ਹੈ ਪਰ ਇਸਦੇ ਦਾਰਸ਼ਨਿਕ ਰੇਖਾ ਚਿੱਤਰ ਉੱਤੇ ਸਰਸਰੀ ਜਹੀ ਝਾਤ ਪਾ ਸਕਦੇ ਹਾਂ।
ਇਹ ਜਾਨਣਾ ਸੰਭਵ ਨਹੀਂ ਕਿ ਭਾਰਤੀ ਦਰਸ਼ਨ ਦਾ ਵਿਕਾਸ ਹੋਣਾ ਕਦੋਂ ਸ਼ੁਰੂ ਹੋਇਆ ਸੀ ਅਤੇ ਅਰੰਭ ਸਮੇਂ ਦਰਸ਼ਨ ਕਿਹੋ ਜਿਹਾ ਸੀ। ਪਰ ਜੋ ਲਿਖਤੀ ਰੂਪ ਵਿਚ ਉਪਲੱਭਧ ਹੈ ਉਸ ਉੱਪਰ ਚਰਚਾ ਕੀਤੀ ਜਾ ਸਕਦੀ ਹੈ। ਉਪਲੱਭਧ ਭਾਰਤੀ ਦਰਸ਼ਨ ਦੇ ਹੋਂਦ ਵਿੱਚ ਆਉਣ ਦੇ ਕਾਲ ਨੂੰ ਵੈਦਿਕ ਕਾਲ ਕਿਹਾ ਜਾਂਦਾ ਹੈ, ਜਿਸਦੀ ਸ਼ੁਰੂਆਤ 3500 ਸਾਲ ਪਹਿਲਾਂ ਹੋਈ ਮੰਨੀ ਜਾਂਦੀ ਹੈ, ਜਿਸ ਦਾ ਅਰਸਾ ਤਕਰੀਬਨ 2000 ਸਾਲ ਹੈ। ਇਸ ਕਾਲ ਵਿਚ ਨਾ ਕੇਵਲ ਧਾਰਮਿਕ ਸਾਹਿਤ ਹੀ ਰਚਿਆ ਗਿਆ ਸਗੋਂ ਪਦਾਰਥਵਾਦੀ ਸਾਹਿਤ ਦੀ ਰਚਨਾ ਵੀ ਧੜੱਲੇ ਨਾਲ ਹੋਈ। ਧਾਰਮਿਕ ਸਾਹਿਤ ਦਾ ਵੀ ਬਹੁਤ ਵੱਡਾ ਹਿੱਸਾ ਇਹ ਮੰਨਕੇ ਚੱਲਦਾ ਹੈ ਕਿ ਸ੍ਰਿਸ਼ਟੀ ਦੀ ਸਿਰਜਣਾ ਪਦਾਰਥ ਤੋਂ ਹੋਈ ਹੈ, ਕਿਸੇ ਦੈਵੀ ਸ਼ਕਤੀ ਨੇ ਨਹੀਂ ਕੀਤੀ। ਵੇਦਾਂਤ ਸ਼ਾਸਤਰ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਦਾ ਤਕਰੀਬਨ ਸਾਰਾ ਹੀ ਸਾਹਿਤ ਇਸ ਧਾਰਨਾ ਨੂੰ ਮੰਨਦਾ ਹੈ। ਵੈਦਿਕ ਦਰਸ਼ਨ ਦਾ ਮੁੱਢਲਾ ਸਰੋਤ ਰਿੱਗ ਵੇਦ ਹੈ ਜਿਸਨੂੰ ਸੰਪੂਰਨ ਹੋਣ ਵਿਚ ਅਨੇਕ ਸਦੀਆਂ ਲੱਗੀਆਂ ਦੱਸੀਆਂ ਜਾਂਦੀਆਂ ਹਨ। ਇਹ ਪ੍ਰਸੰਸਾ ਦੇ ਭਜਨਾਂ ਦੀ ਸੰਪਾਦਨਾ ਹੈ, ਜਿਨ੍ਹਾਂ ਦੇ ਕਰਤਾ ਪਤਾ ਨਹੀਂ ਕਿੰਨੇ ਕੁ ਰਿਸ਼ੀ ਹਨ। ਖੋਜਕਾਰਾਂ ਦੀ ਸਾਂਝੀ ਰਾਏ ਹੈ ਕਿ ਇਸ ਮੁੱਢਲੇ ਗਰੰਥ ਵਿਚ ਈਸ਼ਵਰ, ਪ੍ਰਮਾਤਮਾਂ ਜਾਂ ਰੱਬ ਦਾ ਕਿਤੇ ਜ਼ਿਕਰ ਨਹੀਂ ਹੈ। ਹਾਂ, ਦੇਵਤੇ ਹਨ। ਇਸ ਵਿਚ ਜੀਵ ਦੀ ਉਤਪਤੀ ਪਾਣੀ ਤੋਂ ਹੋਈ ਦੱਸੀ ਗਈ ਹੈ ਜੋ ਲੰਬੇ ਅਮਲ ਦਾ ਸਿੱਟਾ ਸੀ। ਰਿਗ ਵੇਦ ਵਿਚ ਸ੍ਰਿਸ਼ਟੀ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੋਇਆ ਹੈ, ਲੋਕ, ਪ੍ਰਲੋਕ ਅਤੇ ਅੰਤਰਿਕਸ਼। ਇਨ੍ਹਾਂ ਤਿੰਨਾਂ ਲੋਕਾਂ ਦੇ ਅੱਠ ਦੇਵਤੇ ਹਨ ਜਿਹੜੇ ਮਾਨਵੀ ਗੁਣਾਂ ਵਾਲੇ ਜਾਪਦੇ ਹਨ। ਰਿਗਵੇਦ ਇਹ ਨਹੀਂ ਕਹਿੰਦਾ ਕਿ ਲੋਕ ਝੂਠ ਤੇ ਪ੍ਰਲੋਕ ਸੱਚ ਹੈ। ਇਸ ਤੋਂ ਬਿਨਾਂ ਤਿੰਨ ਹੋਰ ਵੇਦ ਹਨ, ਸਾਮ ਵੇਦ, ਯਜੁਰਵੇਦ ਤੇ ਅਥਰਵ ਵੇਦ। ਇਨ੍ਹਾਂ ਦਾ ਸਮਾਂ ਤੇ ਪ੍ਰਸਥਿਤੀਆਂ ਭਿੰਨ ਹਨ। ਰਿਗ ਵੇਦ ਦੇ ਹੋਂਦ ਵਿਚ ਆਉਣ ਤੱਕ ਮਨੁੱਖ ਸਭਿਅਕ ਜੀਵਨ ਬਤੀਤ ਕਰਨ ਲੱਗ ਪਿਆ ਸੀ। ਸਿੰਧੂ ਘਾਟੀ ਦੀ ਸਭਿਅਤਾ ਇਸ ਦੀ ਉਦਾਹਰਣ ਹੈ। ਬਲਕਿ ਰਿਚਰਡ ਗਾਰਬੇ ਦੇ ਹਵਾਲੇ ਨਾਲ ਤੁਲਸੀ ਰਾਮ ਨੇ ਆਪਣੀ ਪੁਸਤਕ ‘ਪੁਰਾਤਨ ਭਾਰਤੀ ਸਮਾਜ ਅਤੇ ਦਰਸ਼ਨ’ ਵਿਚ ਇਹ ਵੀ ਦੱਸਿਆ ਹੈ ਕਿ ਸਿੰਧ ਘਾਟੀ ਦੀ ਸਭਿਅਤਾ ਤੋਂ ਵੀ 2500 ਸਾਲ ਪਹਿਲਾਂ ਦੀ ਸਭਿਅਤਾ ਦੇ ਸਬੂਤ ਮਿਲੇ ਹਨ ਜੋ ਕੈਂਬੋ ਦੀ ਖਾੜੀ ਵਿਚ ਡੁੱਬ ਗਈ ਸੀ। ਇਹ ਦੱਸਣ ਦਾ ਮਨੋਰਥ ਇਹੋ ਹੈ ਕਿ ਇਸ ਤੋਂ ਵੀ ਪਹਿਲਾਂ ਵਿਚਾਰਧਾਰਾਵਾਂ ਦੀ ਲਿਖਤਾਂ ਦੇ ਰੂਪ ਵਿਚ ਹੋਂਦ ਸੀ ਜਿਨ੍ਹਾਂ ਨੂੰ ਹੁਣ ਅਸੀਂ ਲੱਭ ਨਹੀਂ ਸਕਦੇ। ਉਹ ਜਾਂ ਤਾਂ ਬਰਬਾਦ ਹੋ ਗਈਆਂ ਜਾਂ ਬਰਬਾਦ ਕਰ ਦਿੱਤੀਆਂ ਗਈਆਂ ਹੋਣਗੀਆਂ। ਕਬੀਲਿਆਂ ਅਤੇ ਸਭਿਅਤਾਵਾਂ ਨੇ ਜਿਉਂ-ਜਿਉਂ ਵਿਕਾਸ ਕੀਤਾ ਤਿਓਂ-ਤਿਉਂ ਵਿਚਾਰਧਾਰਾਵਾਂ ਵਿਚ ਵੀ ਪਰਿਵਰਤਨ ਹੋਏ।
ਸਾਡੇ ਉਪਲੱਭਧ ਮੁੱਢਲੇ ਵੇਦਾਂ ਦੀ ਵਿਆਖਿਆ ਦੇ ਗ੍ਰੰਥ ਲਿਖੇ ਗਏ, ਜਿਨ੍ਹਾਂ ਨੂੰ ਬਰਾਹਮਣ ਕਿਹਾ ਜਾਂਦਾ ਹੈ। ਜਿਨ੍ਹਾਂ ਵਿਚ ਧਾਰਮਿਕ ਰੀਤੀ-ਰਿਵਾਜ਼ ਨਿਭਾਉਣ ਦੇ ਤਰੀਕੇ ਹਨ, ਕਰਮ-ਕਾਂਡ ਹਨ। ਗ੍ਰੰਥ ਸੰਸਕ੍ਰਿਤ ਵਿਚ ਹੋਣ ਕਾਰਨ ਇਨ੍ਹਾਂ ਦੀ ਵਿਆਖਿਆ ਕਰਨ ਵਾਲੇ ਵਿਅਕਤੀਆਂ ਦੀ ਲੋੜ ਪਈ। ਇਹ ਜ਼ਿੰਮੇਵਾਰੀ ਜਿਸ ਵਿਅਕਤੀ ਵਿਸ਼ੇਸ਼ ਦੇ ਹਿੱਸੇ ਆਈ ਉਸੇ ਦਾ ਨਾਮ ਹੀ ਬਾਅਦ ਵਿਚ ਬਰਾਹਮਣ ਪੈ ਗਿਆ। ਹੌਲੀ-ਹੌਲੀ ਇਹ ਪੇਸ਼ਾ ਬਣ ਗਿਆ ਅਤੇ ਸ਼ਰੇਣੀ ਵਿਕਸਤ ਹੋ ਗਈ। ਬਰਾਹਮਣ ਪੁਸਤਕਾਂ ਤਾਂ ਅਨੇਕਾਂ ਹਨ ਪਰ ਐਤ੍ਰੀਆ ਬਰਾਹਮਣ ਅਤੇ ਸਤਪਥ ਬਰਾਹਮਣ ਦੀ ਚਰਚਾ ਵਧੇਰੇ ਹੈ। ਬਰਾਹਮਣ ਪੁਸਤਕਾਂ ਨੇ ਸਮਾਜ ਅੰਦਰ ਚਲੀ ਆ ਰਹੀ ਆਰਥਿਕ ਅਤੇ ਸਮਾਜਿਕ ਊਚ-ਨੀਚ ਨੂੰ ਦਾਰਸ਼ਨਿਕ ਵਿਆਖਿਆਵਾਂ ਦੇ ਕੇ ਵਾਜਬ ਠਹਿਰਾਇਆ। ਜਿਵੇਂ ਕਿ, ਐਤ੍ਰੀਆ ਬਰਾਹਮਣ ਦੀ ਤੁਕ 7-29 ਦਾ ਜ਼ਿਕਰ ਕਰਦਿਆਂ ਇਕ ਵਿਦਵਾਨ ਨੇ ਲਿਖਿਆ ਹੈ ਕਿ ਇਕ ਸ਼ੂਦਰ ਦੀ ਜਾਇਦਾਦ ਉਸਦੇ ਮਾਲਿਕ ਦੀ ਹੁੰਦੀ ਹੈ, ਕਿਉਕਿ ਉਹ ਖੁਦ ਹੀ ਆਪਣੇ ਮਾਲਕ ਦੀ ਮਲਕੀਅਤ ਹੁੰਦਾ ਹੈ। ਇੱਥੋਂ ਵਿਚਾਰਧਾਰਾ ਦੇ ਸ਼ਰੇਣੀ ਪ੍ਰਤੀਨਿਧਤਵ ਦਾ ਪਤਾ ਲੱਗਦਾ ਹੈ। ਇਸੇ ਤਰ੍ਹਾਂ ਸਤਪਥ ਬਰਾਹਮਣ ਦੀ ਇਕ ਤੁਕ ਕਹਿੰਦੀ ਹੈ ਕਿ ਸੱਚ ਅਤੇ ਇਮਾਨਦਾਰੀ ‘ਤੇ ਚੱਲਣ ਵਾਲੇ ਲੋਕ ਝੂਠਿਆਂ ਅਤੇ ਬੇਈਮਾਨਾਂ ਦੇ ਮੁਕਾਬਲੇ ਤੁੱਛ ਅਤੇ ਗ਼ਰੀਬ ਹੀ ਰਹਿੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਸਮਾਜੀ ਵਿਕਾਸ ਦੇ ਸਭ ਤੋਂ ਮਹੱਤਵਪੂਰਨ ਯੁੱਗ ਦੀ ਜਾਣਕਾਰੀ ਬਰਾਹਮਣ ਪੁਸਤਕਾਂ ਤੋਂ ਹੀ ਪ੍ਰਾਪਤ ਹੋਈ ਸੀ। ਬਰਾਹਮਣਾਂ ਨੇ ਵਰਗ ਵੰਡ ਦਾ ਸਰੂਪ ਸਪੱਸ਼ਟਤਾ ਨਾਲ ਘੜਿਆ।
ਸ਼ੁਰੂ-ਸ਼ੁਰੂ ਵਿਚ ਬਰਾਹਮਣ ਮੰਤਰ ਪੜ੍ਹਨ ਵਾਲਾ ਆਮ ਵਿਅਕਤੀ ਸੀ, ਪਰ ਜਦੋਂ ਜਨਮ ਤੋਂ ਮੌਤ ਤੱਕ ਜੀਵਨ ਦੇ ਹਰ ਰਸਮੋਂ-ਰਿਵਾਜ਼ ਵਿਚ ਉਸਦੀ ਹਾਜ਼ਰੀ ਜ਼ਰੂਰੀ ਹੋ ਗਈ ਤਾਂ ਉਹ ਸਮਾਜ ਦੀ ਲੋੜ ਵਜੋਂ ਸ਼ਕਤੀਸਾਲੀ ਵਿਅਕਤੀ ਬਣ ਗਿਆ। ਸਮੇਂ ਦੇ ਬੀਤਦਿਆਂ, ਬਰਾਹਮਣ ਸ਼ਰੇਣੀ ਏਨੀ ਬਲਵਾਨ ਅਤੇ ਹਾਕਮਾਨਾ ਪ੍ਰਭਾਵ ਵਾਲੀ ਹੋ ਗਈ ਕਿ ਉਸਨੇ ‘ਸਰਬ ਹਿਤ’ ਯੱਗਾਂ ਰਾਹੀਂ ਕਈ ਕਸ਼ੱਤਰੀ ਰਾਜੇ ਕੰਗਾਲ ਕਰ ਦਿੱਤੇ। ਜਿਸ ਨੇ ਬਰਾਹਮਣਾਂ ਅਤੇ ਕਸ਼ੱਤਰੀਆਂ ਨੂੰ ਇਕ ਦੂਜੇ ਦੇ ਜਾਨੀ ਦੁਸ਼ਮਣ ਬਣਾ ਦਿੱਤਾ। ਆਖਰਕਾਰ ਕਸ਼ੱਤਰੀ ਇਹ ਜਾਨਣ ਵਿਚ ਸਫਲ ਹੋ ਗਏ ਕਿ ਬਰਾਹਮਣਾਂ ਦੀ ਸ਼ਕਤੀ ਧਰਮ ਅਥਵਾ ਵਿਚਾਰਧਾਰਾ ਵਿਚ ਹੈ। ਧਰਮ ਅਥਵਾ ਵਿਚਾਰਧਾਰਾ ਉੱਪਰ ਉਨ੍ਹਾਂ ਦਾ ਕਬਜ਼ਾ ਹੋਣ ਕਾਰਨ ਬਰਾਹਮਣ ਉਨ੍ਹਾਂ ਨੂੰ ਉਂਗਲੀਆਂ ਤੇ ਨਚਾ ਰਹੇ ਹਨ ਅਤੇ ਉਨ੍ਹਾਂ ਦੀ ਸੰਪਤੀ ਬਟੋਰ ਰਹੇ ਹਨ। ਰਾਜਿਆਂ ਨੇ ਬਰਾਹਮਣਾਂ ਦੀ ਮਾਨਸਿਕ ਗੁਲਾਮੀਂ ਤੋਂ ਆਜ਼ਾਦ ਹੋਣ ਲਈ ਆਪਣੀ ਵਿਚਾਰਧਾਰਾ ਵਿਕਸਤ ਕਰਨ ਦਾ ਫੈਸਲਾ ਲਿਆ। ਉਨ੍ਹਾਂ ਨੇ ਗੁਪਤ ਯੋਜਨਾ ਤਿਆਰ ਕੀਤੀ, ਆਸ਼ਰਮ ਬਣਾਏ ਅਤੇ ਆਪਣੇ ਵਿਦਵਾਨ ਪੈਦਾ ਕੀਤੇ। ਜਿਨ੍ਹਾਂ ਚਾਰ ਕਸ਼ੱਤਰੀ ਰਾਜਿਆਂ ਨੇ ਇਹ ਜ਼ਿਮੇਵਾਰੀ ਲਈ ਸੀ, ਉਨ੍ਹਾਂ ਵਿਚ ਪੰਜਾਬ ਦਾ ਰਾਜਾ ਅਸ਼ਵਾਪਤੀ ਵੀ ਸ਼ਾਮਲ ਸੀ। ਉਨ੍ਹਾਂ ਨੇ ਸਫਲਤਾ ਨਾਲ ਆਪਣਾ ਫਲਸਫਾ ਵਿਕਸਤ ਕਰ ਲਿਆ, ਜਿਹੜਾ ਕਿ ਉਪਨਿਸ਼ਦ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਫਲਸਫੇ ਨੂੰ ਵੀ ਆਪਣੀ ਬੁਲੰਦੀ ਤੇ ਪਹੁੰਚਣ ਲਈ ਸਦੀਆਂ ਲੱਗੀਆਂ। ਹੁਣ ਇਨ੍ਹਾਂ ਦੀ ਗਿਣਤੀ ਭਾਵੇਂ ਇਕ ਸੌ ਅੱਠ ਦੱਸੀ ਜਾਂਦੀ ਹੈ ਪਰ ਜ਼ਿਆਦਾ ਚਰਚਾ ਵਾਲੇ ਇਕ ਦਰਜਣ ਦੇ ਕਰੀਬ ਹੀ ਹਨ। ਉਪਨਿਸ਼ਦ ਦਾ ਅਰਥ ਹੈ ਨੇੜੇ ਬਿਠਾਕੇ ਦੀਖਸ਼ਾ ਦੇਣੀ। ਕਸ਼ੱਤਰੀਆਂ ਵੱਲੋਂ ਵਿਕਸਤ ਕੀਤੇ ਉਪਨਿਸ਼ਦਾਂ ਨੂੰ ਬਰਾਹਮਣਾਂ ਨੇ ਵਿਰੋਧੀ ਸਾਹਿਤ ਕਿਹਾ, ਅਥਵਾ ਵੇਦਾਂ ਦਾ ਵਿਰੋਧੀ ਸਾਹਿਤ। ਉਪਨਿਸ਼ਦਾਂ ਨੇ ਭਾਰਤੀ ਵਿਚਾਰਧਾਰਾ ਨੂੰ ਤਿੱਖਾ ਮੋੜ ਦੇ ਦਿੱਤਾ। ਇਸ ਤੋਂ ਵਿਚਾਰਧਾਰਾ ਦੇ ਅਸਲ ਮਹੱਤਵ ਨੂੰ ਭਲੀ ਭਾਂਤ ਸਮਝਿਆ ਜਾ ਸਕਦਾ ਹੈ। ਸ਼ੋਸ਼ਣ ਤੋਂ ਆਜ਼ਾਦੀ ਹਾਸਲ ਕਰਨ ਲਈ ਆਪਣੀ ਵਿਚਾਰਧਾਰਾ ਦੀ ਲੋੜ ਪੈਂਦੀ ਹੈ। ਇਕੱਲੀ ਤਾਕਤ ਨਾਲ ਮੁਕਤੀ ਹਾਸਲ ਨਹੀਂ ਹੋ ਸਕਦੀ। ਵਰਨਾ ਰਾਜਿਆਂ ਕੋਲ ਤਾਕਤ ਦੀ ਕੀ ਕਮੀਂ ਸੀ? ਇੱਥੋਂ ਤੱਕ ਕਿ ਇੱਕੋ ਹੀ ਸ਼ਰੇਣੀਆਂ ਦੀਆਂ ਦੋ ਪਰਤਾਂ (ਬਰਾਹਮਣ ਅਤੇ ਕਸ਼ੱਤਰੀ) ਨੂੰ ਵੀ ਆਪਣੇ ਆਪਣੇ ਹਿੱਤਾ ਦੀ ਰਾਖੀ ਲਈ ਵੱਖਰੀ-ਵੱਖਰੀ ਵਿਚਾਰਧਾਰਾ ਦੀ ਲੋੜ ਪੈਂਦੀ ਹੈ। ਹਰ ਸ਼ਰੇਣੀ ਦੇ ਅੰਦਰ ਇਕ ਤੋਂ ਵਧੇਰੇ ਵਿਚਾਰਧਾਰਾਵਾਂ ਹੋ ਸਕਦੀਆਂ ਹਨ।
ਵੇਦਾਂ ਵਿਚ ਜਿੱਥੇ ਦੇਵਤੇ ਸਨ, ਉੱਥੇ ਉਪਨਿਸ਼ਦਾਂ ਵਿਚ ਅਮੂਰਤ ਬ੍ਰਹਮ ਦੀ ਸਥਾਪਨਾ ਹੋਈ। ਡਾ. ਸੇਵਾ ਸਿੰਘ ਆਪਣੀ ਪੁਸਤਕ ‘ਭਗਤੀ ਅਤੇ ਸ਼ੂਦਰ’ ਵਿਚ ਦੱਸਦੇ ਹਨ ਕਿ ਉਪਨਿਸ਼ਦ ਆਤਮਾ ਅਤੇ ਆਤਮ ਗਿਆਨ ਦੇ ਹੀ ਗ੍ਰੰਥ ਹਨ। ਉਪਨਿਸ਼ਦਾਂ ਦੇ ਰਚਣਹਾਰਿਆਂ ਨੇ ਪ੍ਰਕਿਰਤੀ ਦੀਆਂ ਸ਼ਕਤੀਆਂ ਲਈ ਦੇਵਤਿਆਂ ਦੇ ਪ੍ਰਤੀਕ ਵਰਤਣੇ ਬੰਦ ਕਰ ਦਿੱਤੇ। ਇਸ ਨਾਲ ਨਿਸ਼ਚਤ ਚਿੰਤਨ ਦਾ ਯੁੱਗ ਸ਼ੁਰੂ ਹੋਇਆ। ਚਿੰਤਨ ਕਰਨ ਵਾਲਿਆਂ ਨੇ ਕਿਰਤ ਕਰਨ ਵਾਲਿਆਂ ‘ਤੇ ਸਰਦਾਰੀ ਸਥਾਪਤ ਕਰ ਲਈ। ਇਹ ਸਥਾਪਤ ਕਰ ਦਿੱਤਾ ਗਿਆ ਕਿ ਸ੍ਰਿਸ਼ਟੀ ਦੀ ਰਚਨਾ ਕਲਪਣਾ ਤੋਂ ਹੋਈ ਹੈ। ਸਭ ਕੁਝ ਨੈਤਿਕਤਾ ਤੋਂ ਪੈਦਾ ਹੁੰਦਾ ਹੈ। ਜੜ੍ਹ ਵਸਤੂ ਵਿਚ ਵੀ ਅਤੇ ਚੇਤੰਨ ਵਸਤੂ ਵਿਚ ਵੀ ਰੂਹ ਹੁੰਦੀ ਹੈ। ਰੂਹ ਜੀਵ ਦੇ ਨਾਲ ਹੀ ਮਰ ਜਾਂਦੀ ਹੈ ਪਰ ਕਰਮਾਂ ਅਨੁਸਾਰ ਦੁਬਾਰਾ ਜਨਮ ਲੈਂਦੀ ਹੈ। ਉਪਨਿਸ਼ਦਾਂ ਦਾ ਦੂਜਾ ਪੱਖ ਪਦਾਰਥਵਾਦੀ ਹੈ, ਜੋ ਕਹਿੰਦਾ ਹੈ ਕਿ ਬ੍ਰਹਿਮੰਡ ਵਿਚ ਜੋ ਵੀ ਹੋਂਦ ਵਿਚ ਹੈ ਉਹ ਪਰਿਵਰਤਨਸ਼ੀਲ ਹੈ। ਇਹੋ ਪਰਿਵਰਤਨ ਜੀਵ ਅਤੇ ਜੜ੍ਹ ਵਸਤੂਆਂ ਵਿਚ ਵੀ ਵਾਪਰਦਾ ਹੈ। ਬ੍ਰਹਿਮੰਡ ਵਿਚ ਜਿਹੜਾ ਪਰਿਵਰਤਨ ਵਾਪਰਦਾ ਹੈ ਉਸਦਾ ਪ੍ਰਭਾਵ ਹਰ ਵਸਤੂ ਉੱਤੇ ਪੈਂਦਾ ਹੈ, ਭਾਵੇਂ ਉਹ ਨਿਰਜਿੰਦ ਹੈ ਭਾਵੇਂ ਸੁਜਿੰਦ ਹੈ, ਆਦਿ। ਉਪਨਿਸ਼ਦਾਂ ਨੇ ਭਾਰਤੀ ਦਰਸ਼ਨ ਅੰਦਰ ਕਰਾਂਤੀ ਕਰ ਦਿੱਤੀ। ਕਸ਼ੱਤਰੀ ਰਾਜਿਆਂ ਕੋਲ ਸਾਧਨ ਤਾਂ ਪਹਿਲਾਂ ਹੀ ਕਾਫੀ ਸਨ, ਵਿਚਾਰਧਾਰਾ ਉਨ੍ਹਾਂ ਨੇ ਵਿਕਸਤ ਕਰ ਲਈ ਸੀ। ਕਸ਼ੱਤਰੀਆਂ ਨੇ ਦੁਵੱਲੀ ਸ਼ਕਤੀ ਨਾਲ ਬਰਾਹਮਣ ਪਛਾੜ ਦਿੱਤੇ। ਤੁਲਸੀ ਰਾਮ ਅਨੁਸਾਰ ਦੋਹਾਂ ਵਰਗਾਂ ਦੇ ਵਿਚਾਰਧਾਰਕ ਮੱਤਭੇਦਾਂ ਨੇ ਖੂਨੀ ਜੰਗ ਦਾ ਰੂਪ ਲੈ ਲਿਆ ਜਿਸਦੀ ਸ਼ਿਖਰ ਇਹ ਦੱਸੀ ਜਾਂਦੀ ਹੈ ਕਿ ਰਾਜਾ ਜਨਮੇਜੇਯ ਨੇ ਅਸ਼ਵਮੇਧ ਯੱਗ ਸਮੇਂ ਸੱਠ ਹਜ਼ਾਰ ਬਰਾਹਮਣਾਂ ਦਾ ਕਤਲ ਕਰ ਦਿੱਤਾ ਅਤੇ ਬਾਕੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਅੱਗੇ ਚੱਲਕੇ ਇਹੋ ਲੜਾਈ ਏਨੀ ਅੱਗੇ ਵਧ ਗਈ ਕਿ ਕਈ ਖਿੱਤਿਆਂ ਵਿਚ ਨਾ ਬਰਾਹਮਣਾਂ ਦਾ ਰਾਜ ਰਿਹਾ ਨਾ ਕਸ਼ੱਤਰੀਆਂ ਦਾ। ਰਾਜ ਸ਼ੂਦਰਾਂ ਅਤੇ ਸ਼ੱਕਾਂ ਕੋਲ ਚਲੇ ਗਏ। ਅਸਲ ਵਿਚ ਦੋਹਾਂ ਵਰਗਾਂ ਦੀ ਇਹ ਲੜਾਈ ਧਨ ਦੇ ਸਰੋਤ ਉੱਪਰ ਕਬਜ਼ੇ ਦੀ ਲੜਾਈ ਸੀ, ਜਿਸਨੂੰ ਕਿਰਤ ਕਿਹਾ ਜਾਂਦਾ ਹੈ । ਬਰਾਹਮਣ ਦਾਨਪੁੰਨ ਰਾਹੀਂ ਇਹ ਧਨ ਬਟੋਰਦੇ ਸਨ ਅਤੇ ਕਸ਼ੱਤਰੀ ਤਾਕਤ ਨਾਲ ਹੂੰਝ ਲੈਂਦੇ ਸਨ।
ਵੇਦਾਂ ਅਤੇ ਉਪਨਿਸ਼ਦਾਂ ਦੇ ਵਿਚਕਾਰਲੇ ਸਮੇਂ ਵਿਚ ਇਕ ਹੋਰ ਵਿਚਾਰਧਾਰਕ ਵਰਗ ਵੀ ਪੈਦਾ ਹੋਇਆ ਸੀ ਜਿਸਨੂੰ ਆਰਿਅੰਕਾਜ਼ ਕਿਹਾ ਜਾਂਦਾ ਸੀ। ਅਥਵਾ ਜੰਗਲਾਂ ਦੇ ਆਸ਼ਰਮ ਵਾਸੀ। ਮੋਟੇ ਤੌਰ ‘ਤੇ, ਆਰਿਆਂਕਾਜ਼ ਨੇ ਬਰਾਹਮਣ ਗ੍ਰੰਥਾਂ ਦੇ ਉਸੇ ਸਿਧਾਂਤ ਦੀ ਹਮਾਇਤ ਕੀਤੀ ਜਿਹੜੇ ਇਹ ਕਹਿੰਦੇ ਸਨ ਕਿ ਪ੍ਰਮਾਤਮਾਂ ਨੇ ਜਿਸਨੂੰ ਜਾਇਦਾਦ ਤੋਂ ਵੰਚਿਤ ਕੀਤਾ ਹੈ, ਉਸਨੂੰ ਮਨੁੱਖੀ ਅਧਿਕਾਰਾਂ ਤੋਂ ਵੀ ਵੰਚਿਤ ਕੀਤਾ ਹੈ। ਆਸ਼ਰਮ ਵਾਸੀਆਂ ਨੇ ਆਮ ਲੋਕਾਂ ਨੂੰ ਕਾਬੂ ਵਿਚ ਰੱਖਣ ਲਈ ਅਮੀਰਾਂ ਦੀ ਮਦਦ ਕੀਤੀ, ਜਿਨ੍ਹਾਂ ਦੀ ਸਹਾਇਤਾ ਨਾਲ ਉਨ੍ਹਾਂ ਦੇ ਆਸ਼ਰਮ ਚੱਲਦੇ ਸਨ। ਆਰਿਅੰਕਾਜ਼ ਇਹ ਮੰਨਦੇ ਸਨ ਕਿ ਮਨੁੱਖ ਬਾਕੀ ਪ੍ਰਾਣੀਆਂ ਦੇ ਮੁਕਾਬਲੇ ਪਹਿਲੇ ਸਥਾਨ ਤੇ ਇਸ ਕਰਕੇ ਹੈ ਕਿ ਉਸ ਵਿਚ ਤਰਕ ਜਾਂ ਦਲੀਲ ਦਾ ਗੁਣ ਵਿਕਸਤ ਹੋ ਗਿਆ ਹੈ। ਮਨੁੱਖ ਦੀ ਹੋਂਦ, ਜ਼ਮੀਨ ਤੇ ਅਸਮਾਨ ਦੀ ਹੋਂਦ, ਸ਼ਬਦ ਵਿਚ ਹੈ, ਉਨ੍ਹਾਂ ਦੀ ਵਿਆਖਿਆ ਵਿਚ ਹੈ। ਮਨੁੱਖ ਦੀਆਂ ਸਾਰੀਆਂ ਸਰਗਰਮੀਆਂ ਕਿਸੇ ਨਿਸ਼ਾਨੇ ਵਾਸਤੇ ਹੁੰਦੀਆਂ ਹਨ ਅਤੇ ਉਹ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ। ਉਹ ਮੰਨਦੇ ਹਨ ਕਿ ਸਮਾਜੀ ਰਿਸ਼ਤਿਆਂ ਵਿਚ ਜੋ ਪਰਿਵਰਤਨ ਆਉਂਦੇ ਹਨ ਉਹ ਆਰਥਕ ਰਿਸ਼ਤਿਆਂ ਵਿਚ ਆਉਂਦੇ ਪਰਿਵਰਤਨਾਂ ਕਾਰਨ ਆਉਂਦੇ ਹਨ । ਉਨ੍ਹਾਂ ਦਾ ਮੰਨਣਾ ਸੀ ਕਿ ਅਬਾਦੀ ਵਿਚਲੇ ਝਗੜੇ ਜਾਇਦਾਦ ਕਾਰਨ ਪੈਦਾ ਹੁੰਦੇ ਹਨ, ਆਦਿ।
ਇਸ ਦੌਰ ਵਿਚ ਜਾਂ ਵੈਦਿਕ ਕਾਲ ਦੇ ਪਹਿਲੇ ਪੜਾਅ ਵਿਚ ਧਾਰਮਿਕ ਸਾਹਿਤ ਹੀ ਨਹੀਂ ਰਚਿਆ ਗਿਆ ਸਗੋਂ ਕਨੂੰਨ, ਭਾਸ਼ਾ, ਮਨੋਵਿਗਿਆਨ, ਇਤਿਹਾਸ ਤੇ ਭੌਤਿਕ ਵਿਗਿਆਨ ਵੀ ਹੋਂਦ ਵਿਚ ਆਏ ਸਨ। ਪਹਿਲਾਂ ਵੈਦਿਕ ਕਾਲ ਦੇ ਦੂਜੇ ਦੌਰ ‘ਚ ਰਚੀ ਗਈ ਵਿਚਾਰਧਾਰਾ ਦੀ ਗੱਲ ਕਰੀਏ। ਇਹ ਦੌਰ 500 ਬੀ ਸੀ ਤੋਂ 500 ਏ ਡੀ ਦਾ ਮੰਨਿਆ ਗਿਆ ਹੈ। ਇਸ ਦੌਰ ਵਿਚ ਹੀ ਛੇ ਸ਼ਾਸਤਰਾਂ ਦੀ ਰਚਨਾ ਹੋਈ। ਇਹ ਸ਼ਾਸਤਰ ਹਨ : ਸਾਂਖਿਯ, ਨਿਆਏ, ਵੈਸ਼ੇਸ਼ਿਕ, ਯੋਗ, ਮਿਮਾਂਸਾ ਅਤੇ ਵੇਦਾਂਤ। ਇਹ ਸ਼ਾਸਤਰ ਵੇਦਾਂ ਨੂੰ ਪ੍ਰਮਾਣਿਕ ਗ੍ਰੰਥ ਮੰਨਦੇ ਹਨ। ਇਨ੍ਹਾਂ ਤੋਂ ਬਿਨਾਂ ਇਸ ਕਾਲ ਵਿਚ ਤਿੰਨ ਹੋਰ ਫਲਸਫੇ ਵੀ ਹੋਂਦ ਵਿਚ ਆਏ: ਲੋਕਾਇਤਾ, ਜੈਨ ਮੱਤ ਅਤੇ ਬੁੱਧ ਮੱਤ ਜਿਹੜੇ ਅਤਿ ਦੇ ਮਹਾਨ ਹਨ, ਪਰ ਛੇ ਸ਼ਾਸਤਰ ਉਨ੍ਹਾਂ ਨੂੰ ਕੁਫਰ ਕਹਿੰਦੇ ਹਨ। ਉਨ੍ਹਾਂ ਦੀ ਸੰਖੇਪ ਜਹੀ ਚਰਚਾ ਅੱਗੇ ਚੱਲਕੇ ਹੀ ਕਰਾਂਗੇ।
ਤੁਲਸੀ ਰਾਮ ਦਾ ਮੰਨਣਾ ਹੈ ਕਿ ਇਨ੍ਹਾਂ ਛੇ ਸ਼ਾਸਤਰਾਂ ਵਿਚੋਂ ਪੰਜ ਵਿਚ ਪਦਾਰਥਵਾਦ ਭਾਰੂ ਹੈ, ਪਰ ਇੱਕ ਸ਼ਾਸਤਰ ਸ਼ੁੱਧ ਵਿਚਾਰਵਾਦੀ ਹੈ, ਜਿਸਨੂੰ ਵੇਦਾਂਤ ਕਿਹਾ ਜਾਂਦਾ ਹੈ। ਇੱਥੇ ਇਹ ਵੀ ਸਪੱਸ਼ਟ ਕਰ ਲਈਏ ਕਿ ਜਦੋਂ ਅਸੀਂ ਕਿਸੇ ਫਲਸਫੇ ਦਾ ਅਧਾਰ ਪਦਾਰਥ ਹੋਣ ਦੀ ਗੱਲ ਕਰਦੇ ਹਾਂ ਤਾਂ ਇਸਦਾ ਅਰਥ ਇਹ ਨਹੀਂ ਕਿ ਇਹ ਸਿਧਾਂਤ ਵਿਚਾਰਵਾਦ ਤੋਂ ਮੁਕਤ ਹੈ। ਇਸ ਦਾ ਅਰਥ ਇਹ ਹੈ ਕਿ ਸੰਸਾਰ ਕਿਸੇ ਦੈਵੀ ਸ਼ਕਤੀ ਨੇ ਆਪਣੀ ਕਲਪਣਾ ਨਾਲ ਨਹੀਂ ਸਿਰਜ ਦਿੱਤਾ ਪਦਾਰਥ ਤੋਂ ਵਿਕਸਤ ਹੋ ਕੇ ਬਣਿਆ ਹੈ। ਸਾਂਖਿਯ ਸ਼ਾਸਤਰ ਦਾ ਮੰਨਣਾ ਹੈ ਕਿ ਦੁਨੀਆ ਲਗਾਤਾਰ ਉਪਰ ਵੱਲ ਵਿਕਾਸ ਕਰਦੀ ਹੈ, ਜਦੋਂ ਕਿ ਇਸਨੂੰ ਪੈਦਾ ਕਰਨ ਵਾਲਾ ਕੋਈ ਨਹੀਂ। ਸਾਂਖਿਯ ਅਨੁਸਾਰ ਜਿਸਦਾ ਆਪਣਾ ਵਜੂਦ ਨਹੀਂ ਹੁੰਦਾ ਉਸ ਤੋਂ ਕੁਝ ਵੀ ਪੈਦਾ ਨਹੀਂ ਹੁੰਦਾ। ਜਦੋਂ ਕਿ ਨਿਆਏ ਸ਼ਾਸਤਰ ਦਾ ਮੰਨਣਾ ਹੈ ਕਿ ਸੰਸਾਰ ਦੀ ਹੋਂਦ ਹਕੀਕਤ ਹੈ, ਇਹ ਕਿਸੇ ਤੇ ਨਿਰਭਰ ਨਹੀਂ ਹੈ। ਜਿਸਨੂੰ ਇੰਦਰੀਆਂ ਮਹਿਸੂਸ ਨਹੀਂ ਕਰਦੀਆਂ ਉਸਦੀ ਹੋਂਦ ਹੀ ਨਹੀਂ ਹੁੰਦੀ। ਸੰਸਾਰ ਦੀ ਹੋਂਦ ਪ੍ਰਮਾਣੂਆਂ ਦੇ ਸੰਯੋਗ ਕਾਰਨ ਹੈ। ਵੈਸ਼ੇਸ਼ਿਕ ਸ਼ਾਸਤਰ ਵੀ ਸੰਸਾਰ ਨੂੰ ਪ੍ਰਮਾਣੂ ਅਧਾਰਤ ਮੰਨਦਾ ਹੈ ਪਰ ਕਹਿੰਦਾ ਹੈ ਕਿ ਪ੍ਰਮਾਣੂ ਇਕ ਦੂਜੇ ਤੋਂ ਭਿੰਨ ਹੁੰਦੇ ਹਨ। ਯੋਗ ਸ਼ਾਸਤਰ ਸਾਂਖਿਯ ਸ਼ਾਸਤਰ ਨਾਲ ਹੀ ਮਿਲਦਾ-ਜੁਲਦਾ ਹੈ, ਜਿਸਦਾ ਮੂਲ ਆਧਾਰ ਪਦਾਰਥ ਹੈ। ਪਰ ਇਹ ਕਈ ਪ੍ਰਕਾਰ ਦੇ ਮਨੁੱਖਾਂ ਦਾ ਵਰਨਣ ਕਰਦਾ ਹੈ, ਜਿਨ੍ਹਾਂ ਦਾ ਸਿੱਧਾ ਰਿਸ਼ਤਾ ਬਨਸਪਤੀ ਨਾਲ ਹੈ। ਮੀਮਾਂਸਾ ਸ਼ਾਸਤਰ ਦਾ ਵੀ ਸਾਰ ਤੱਤ ਇਹ ਹੀ ਹੈ ਕਿ ਇਹ ਸੰਸਾਰ ਸੱਤ ਹੈ ਅਤੇ ਇੰਦਰੀਆਂ ਇਸਦਾ ਸਬੂਤ ਪੇਸ਼ ਕਰਦੀਆਂ ਹਨ। ਮੀਮਾਂਸਾ ਸ਼ਾਸਤਰ ਗਿਆਨ ਨੂੰ ਪਦਾਰਥ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਵਸਤੂ ਨੂੰ ਇੱਕੋ ਵੇਲੇ ਗਿਆਨ ਅਤੇ ਮਿਥਿਆ ਨਹੀਂ ਕਿਹਾ ਜਾ ਸਕਦਾ। ਉਪਰੋਕਤ ਪੰਜੇ ਹੀ ਸ਼ਾਸਤਰ ਇਹ ਮੰਨਦੇ ਹਨ ਕਿ ਬ੍ਰਹਿਮੰਡ ਦੀ ਉਤਪਤੀ ਪਦਾਰਥ ਤੋਂ ਹੋਈ ਹੈ ਕਿਸੇ ਦੈਵੀ ਸ਼ਕਤੀ ਨੇ ਨਹੀਂ ਕੀਤੀ, ਜੋ ਦਿਖਦਾ ਤੇ ਮਹਿਸੂਸ ਹੁੰਦਾ ਹੈ, ਉਹ ਅਸਲੀਅਤ ਹੈ। ਕਿਸੇ ਦੈਵੀ ਸ਼ਕਤੀ ਦੀ ਹੋਂਦ ਹੀ ਨਹੀਂ ਹੈ। ਪਰ ਵੇਦਾਂਤ ਸ਼ਾਸਤਰ ਨੇ ਇਨ੍ਹਾਂ ਪੰਜਾ ਨੂੰ ਪਛਾੜ ਕੇ ਸੰਸਾਰ ਨੂੰ ਖਿਆਲੀ ਸੰਸਾਰ ਵਿਚ ਧਕੇਲ ਦਿੱਤਾ। ਵੇਦਾਂਤ ਨੇ ਕਿਹਾ ਕਿ ਸੰਸਾਰ ਝੂਠ ਹੈ ਅਤੇ ਪ੍ਰਲੋਕ ਸੱਚ ਹੈ। ਬ੍ਰਹਮ ਨੇ ਹੀ ਸੰਸਾਰ ਸਿਰਜਿਆ ਹੈ ਜੋ ਦੈਵੀ ਸ਼ਕਤੀ ਹੈ। ਵੇਦਾਂਤ ਨੇ ਚਾਰਵਾਕ, ਜੈਨ ਮੱਤ ਅਤੇ ਬੁੱਧ ਮੱਤ ਨੂੰ ਕੁਫਰ ਕਿਹਾ ਜਿਨ੍ਹਾਂ ਦਾ ਆਧਾਰ ਵੀ ਪਦਾਰਥ ਹੈ। ਇਨ੍ਹਾਂ ਦੀ ਵੀ ਸੰਖੇਪ ਜਹੀ ਚਰਚਾ ਕਰ ਲਈਏ।
ਜੈਨ ਮੱਤ ਦਾ ਵਿਸ਼ਵਾਸ ਹੈ ਕਿ ਜਿਸ ਵੀ ਚੀਜ਼ ਦੀ ਹੋਂਦ ਹੈ ਉਸਦਾ ਅਧਾਰ ਪਦਾਰਥ ਹੈ, ਉਹ ਮਾਦਾ ਹੈ। ਵਿਸ਼ੇਸ਼ ਹਾਲਤਾਂ ਵਿਚ ਪਦਾਰਥ ਅੰਦਰ ਚੇਤਨਾ ਪੈਦਾ ਹੋ ਜਾਂਦੀ ਹੈ, ਜਿਸ ਨਾਲ ਪਦਾਰਥ ਸਜੀਵ ਹੋ ਜਾਂਦਾ ਹੈ। ਮਨੁੱਖਾ ਜੀਵਨ ਵਿਚ ਦੈਵੀ ਸ਼ਕਤੀਆਂ ਦਾ ਕੋਈ ਰੋਲ ਨਹੀਂ। ਮੰਨਿਆ ਜਾਂਦਾ ਹੈ ਕਿ ਜੈਨ ਮੱਤ ਸਾਂਖਿਯ ਤੇ ਅਧਾਰਤ ਹੈ, ਜਿਸ ਬਾਰੇ ਰਿਚਰਡ ਗਾਰਬੇ ਨੇ ਕਿਹਾ ਹੈ ਕਿ ਸਾਂਖਿਯ ਦਰਸ਼ਨ ਹੀ ਅਜਿਹਾ ਦਰਸ਼ਨ ਹੈ, ਜਿਸਨੇ ਮਾਨਵੀ ਇਤਿਹਾਸ ਵਿਚ ਪਹਿਲੀ ਵਾਰ ਮਨੁੱਖੀ ਦਿਮਾਗ ਨੂੰ ਪੂਰੀ ਤਰ੍ਹਾਂ ਆਜ਼ਾਦ ਅਤੇ ਆਤਮ ਨਿਰਭਰ ਘੋਸ਼ਤ ਕੀਤਾ ਸੀ।
ਜਦੋਂ ਵਰਣ ਵਿਵਸਥਾ ਦੀ ਪੂਰੀ ਚੜ੍ਹਤ ਸੀ, ਓਦੋਂ ਵਰਧਮਾਨ ਮਹਾਂਵੀਰ (ਜੈਨ ਮੱਤ ਦੇ ਬਾਨੀ) ਅਤੇ ਮਹਾਤਮਾਂ ਬੁੱਧ ਪੈਦਾ ਹੋਏ। ਦੋਵੇਂ ਕਸ਼ੱਤਰੀ ਖਾਨਦਾਨ ਵਿੱਚੋਂ ਸਨ। ਮਹਾਤਮਾਂ ਬੁੱਧ ਪਹਿਲਾ ਸੀ, ਜਿਸਨੇ ਧਰਮ ਪਰਿਵਰਤਨ ਦਾ ਨਾਹਰਾ ਦਿੱਤਾ। ਉਸਨੇ ਦਾਅਵਾ ਕੀਤਾ ਕਿ ਆਤਮਾ ਸ਼ਰੀਰ ਤੋਂ ਵੱਖ ਨਹੀਂ ਹੈ। ਆਤਮਾ ਸ਼ਰੀਰ ਦੇ ਪ੍ਰਕਿਰਤਕ ਵਾਧੇ ਦਾ ਗੁਣ ਹੈ। ਬੰਦਾ ਮਨੁੱਖੀ ਕੁੱਖ ਤੋਂ ਪੈਦਾ ਹੁੰਦਾ ਹੈ ਅਤੇ ਸਾਰੇ ਹੀ ਇੱਕੋ ਕੁੱਖ ਤੋਂ ਜੰਮੇ ਹਨ । ਨਾ ਬਰਾਬਰੀ ਸਮਾਜ ਦੀ ਪੈਦਾਵਾਰ ਹੈ। ਨਿੱਜੀ ਜਾਇਦਾਦ ਗ਼ਲਤ ਸਮਾਜੀ ਵੰਡ ਦਾ ਹੀ ਇਕ ਅਧਿਆਏ ਹੈ ਅਤੇ ਰਾਜਾਂ ਦੀ ਹੱਦਬੰਦੀ ਮਾਨਵੀ ਆਜ਼ਾਦੀ ਵਿਚ ਰੁਕਾਵਟ ਹੈ। ਲਾਲਸਾਵਾਂ ਦਾ ਜ਼ਿਕਰ ਕਰਦਿਆਂ ਮਹਾਤਮਾਂ ਬੁੱਧ ਨੇ ਕਿਹਾ ਕਿ ਧਨਵਾਨ ਲੋਕਾਂ ਨੇ ਜਿੰਨੀਆਂ ਵਸਤੂਆਂ ਜਮ੍ਹਾਂ ਕਰ ਲਈਆਂ ਹਨ ਉਨ੍ਹਾਂ ਵਿੱਚੋਂ ਉਹ ਦੂਜਿਆਂ ਨੂੰ ਕੁਝ ਵੀ ਨਹੀਂ ਦਿੰਦੇ…. ਰਾਜਾ ਨੇ ਧਰਤੀ ਉੱਤੇ ਭਾਵੇਂ ਸਭ ਰਾਜਾਂ ਨੂੰ ਜਿੱਤ ਲਿਆ ਹੋਵੇ….. ਫਿਰ ਵੀ ਉਸਦੀ ਤ੍ਰਿਸ਼ਨਾ ਨਹੀਂ ਮਰੇਗੀ ਅਤੇ ਉਹ ਸਮੁੰਦਰ ਦੇ ਪਾਰ ਵੀ ਜੋ ਕੁਝ ਹੈ ਉਸਨੂੰ ਵੀ ਪ੍ਰਾਪਤ ਕਰਨਾ ਚਾਹੇਗਾ ….। ਬੁੱਧ ਦਾ ਮੰਨਣਾ ਹੈ ਕਿ ਅੰਤਹੀਣ ਪਰਿਵਰਤਨ ਅਤੇ ਗਤੀ ਦਾ ਨਿਰੰਤਰ ਚੱਕਰ ਹੈ। ਬੁੱਧ ਮੱਤ ਨੇ ਇਕ ਵਾਰ ਤਾਂ ਬਰਾਹਮਣਵਾਦ ਦੀ ਸਫ ਲਪੇਟ ਦਿੱਤੀ ਸੀ, ਜਿਸ ਨੂੰ ਮੁੜ ਵਿਛਾਉਣ ਲਈ ਅਨੇਕ ਸਦੀਆਂ ਲੱਗ ਗਈਆਂ।
ਰਮਾਇਣ, ਮਹਾਂ ਭਾਰਤ ਅਤੇ ਭਗਵਦ ਗੀਤਾ ਬਾਰੇ ਇੱਥੇ ਚਰਚਾ ਨਹੀ ਕੀਤੀ ਜਾ ਰਹੀ ਅਤੇ ਨਾ ਹੀ ਮੱਧਕਾਲ ਵਿਚ ਉੱਠੀਆਂ ਵਿਚਾਰਧਾਰਕ ਲਹਿਰਾਂ ਦੀ ਚਰਚਾ ਕੀਤੀ ਜਾ ਰਹੀ ਹੈ। ਸਿੱਧੇ ਨਾਸਤਿਕਤਾ ਦੇ ਬਿਰਤਾਂਤ ਵੱਲ ਚੱਲਦੇ ਹਾਂ।
ਇਹ ਦਾਅਵਾ ਸ਼ਾਇਦ ਆਰਾਮ ਨਾਲ ਹੀ ਕੀਤਾ ਜਾ ਸਕਦਾ ਹੈ ਕਿ ਨਾਸਤਿਕ ਵਿਚਾਰਧਾਰਾ ਪੇਸ਼ ਕਰਨ ਵਾਲੇ ਵਿਸ਼ਵ ਦੇ ਪਹਿਲੇ ਵਿਦਵਾਨ ਭਾਰਤੀ ਹੀ ਸਨ, ਜਿਨ੍ਹਾਂ ਨੇ ਅਨੇਕਾਂ ਸਦੀਆਂ ਤੱਕ ਵਿਚਾਰਵਾਦ ਦੇ ਖਿਲਾਫ ਅਡੋਲ ਜੰਗ ਲੜੀ ਅਤੇ ਅਤਿਆਚਾਰ ਵੀ ਸਹਾਰੇ। ਇਹ ਸਮਾਂ 2700 ਸਾਲ ਪੁਰਾਣਾ ਮੰਨਿਆ ਜਾਂਦਾ ਹੈ, ਜਦੋਂ ਮਹਾਂ ਰਿਸ਼ੀ ਬ੍ਰਹਿਸਪਤੀ ਨੇ ਲੋਕਾਇਤਾ ਸੂਤਰ ਦੀ ਰਚਨਾ ਕੀਤੀ ਸੀ। ਇਸ ਨੂੰ ਚਾਰਵਾਕ ਵੀ ਕਿਹਾ ਜਾਂਦਾ ਹੈ। ਇਹ ਸਿਧਾਂਤ ਪਹਿਲੀਆਂ ਕਈ ਵਿਚਾਰਧਾਰਾਵਾਂ ਵਿਚਲੇ ਪਦਾਰਥਵਾਦ ਨੂੰ ਨਾਲ ਲੈਕੇ ਚੱਲਦਾ ਹੈ। ਭਾਰਤੀ ਵਿਚਾਰਧਾਰਾ ਵਿਚ ਪਦਾਰਥਵਾਦੀ ਵਿਚਾਰਧਾਰਾ ਨੂੰ ਜੋ ਸਥਾਨ ਅੱਜ ਪ੍ਰਾਪਤ ਹੈ ਉਹ ਬ੍ਰਹਿਸਪਤੀ ਨੇ ਹੀ ਦੁਆਇਆ ਹੈ। ਚਾਰਵਾਕ ਸਿਧਾਂਤ ਦਾ ਦਾਅਵਾ ਹੈ ਕਿ ਜੋ ਕੁਝ ਵੀ ਮੌਜੂਦ ਹੈ ਉਸਦਾ ਆਧਾਰ ਚਾਰ ਮਹਾਂਭੂਤ ਹਨ: ਧਰਤੀ, ਪਾਣੀ, ਅੱਗ ਤੇ ਹਵਾ। ਇਸ ਦੁਨੀਆਂ ਤੋਂ ਬਿਨਾ ਹੋਰ ਕੋਈ ਦੁਨੀਆਂ ਨਹੀਂ ਹੈ। ਮੌਤ ਉਪਰੰਤ ਕੋਈ ਜੀਵਨ ਨਹੀਂ ਹੈ। ਮਰਨ ਵਾਲੇ ਦੀ ਰੂਹ ਵੀ ਉਸਦੇ ਨਾਲ ਹੀ ਮਰ ਜਾਂਦੀ ਹੈ। ਈਸ਼ਵਰ ਗ਼ਰੀਬਾਂ ਦੀ ਲੁੱਟ ਕਰਨ ਲਈ ਅਮੀਰਾਂ ਦਾ ਢਕੌਂਸਲਾ ਹੈ। ਕਰਮ ਫਿਲਾਸਫੀ ਸਮਾਜਿਕ ਊਚ-ਨੀਚ ਨੂੰ ਜਾਰੀ ਰੱਖਣ ਲਈ ਘੜੀ ਗਈ ਹੈ। ਲੋਕਾਇਤਾ ਦੇ ਪੈਰੋਕਾਰਾਂ ਨੂੰ ਨਾਸਤਿਕ ਕਿਹਾ ਗਿਆ। ਬ੍ਰਹਿਸਪਤੀ ਵੱਲੋਂ ਵਿਕਸਤ ਕੀਤੀ ਨਾਸਤਿਕਤਾ ਦੀ ਵਿਚਾਰਧਾਰਾ ਨੂੰ ਉਸਦੇ ਭੀਸ਼ਨ ਅਤੇ ਅਜਿੱਤ ਕੇਸ਼ ਕਾਂਬਲੀ ਵਰਗੇ ਪੈਰੋਕਾਰਾਂ ਨੇ ਅੱਗੇ ਤੋਰਿਆ ਸੀ। ਭੀਸ਼ਨ ਤੇ ਅਜਿੱਤ ਕੇਸ਼ ਕਾਂਬਲੀ ਨੇ ਪੁਜਾਰੀਆਂ ਉੱਤੇ ਸਖ਼ਤ ਹਮਲੇ ਕੀਤੇ। ਇੱਥੋਂ ਤੱਕ ਕਹਿ ਦਿੱਤਾ ਕਿ ਪੁਜਾਰੀ ਪਖੰਡੀ ਅਤੇ ਨੌਸਰਬਾਜ਼ ਹਨ, ਜਿਨ੍ਹਾਂ ਲਈ ਸਧਾਰਨ ਲੋਕ ਚੜ੍ਹਾਵੇ ਲੈਕੇ ਆਉਂਦੇ ਹਨ। ਚਾਰਵਾਕੀਆਂ ਦੇ ਪ੍ਰਚਾਰ ਨੇ ਪੁਜਾਰੀਆਂ ਦੀ ਆਮਦਨ ਨੂੰ ਭਾਰੀ ਸੱਟ ਮਾਰੀ। ਜਿਸ ਕਰਕੇ ਪੁਜਾਰੀਆਂ ਨੇ ਉਨ੍ਹਾਂ ਦੇ ਧਾਰਮਿਕ ਬਾਈਕਾਟ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਦਾ ਸਾਰਾ ਸਾਹਿਤ ਸਾੜ ਦਿੱਤਾ।
ਅਸੀਂ ਦੇਖਿਆ ਹੈ ਕਿ ਸਮੇਂ ਦੇ ਨਾਲ-ਨਾਲ ਵਿਕਾਸ ਦੀਆਂ ਲੋੜਾਂ ਦੇ ਅਨੁਕੂਲ ਨਵੀਆਂ ਵਿਚਾਰਧਾਰਾਵਾਂ ਪੁਰਣੀਆਂ ਨੀਹਾਂ ਉਪਰ ਹੀ ਵਿਕਸਤ ਹੁੰਦੀਆਂ ਹਨ। ਅੰਤ ਉੱਤੇ ਪ੍ਰਸ਼ਨ ਇਹੋ ਹੈ ਕਿ ਭਾਰਤੀ ਵਿਚਾਰਧਾਰਾ ਅੰਦਰ ਵਿਚਾਰਵਾਦ ਨੂੰ ਏਨੀ ਸਖਤ ਟੱਕਰ ਦੇਣ ਵਾਲਾ ਪਦਾਰਥਵਾਦ ਨਿਰੰਤਰ ਅਗੇ ਵਧਦਾ ਹੋਇਆ ਜੇਤੂ ਹੋ ਕੇ ਕਿਉਂ ਨਾ ਨਿਕਲਿਆ?
ਭਾਰਤੀ ਦਰਸ਼ਨ ਦੀ ਘੋਖ ਤੇ ਵਿਚਾਰਧਾਰਕ ਸੰਘਰਸ਼ ਦਾ ਮਹੱਤਵ