ਸ੍ਰੀ ਮੁਕਤਸਰ ਸਾਹਿਬ : ਲੋੜਵੰਦ ਖੇਤ ਮਜ਼ਦੂਰਾਂ ਖਾਤਰ ਮਕਾਨ ਪਾਉਣ ਲਈ ਪਲਾਟ ਲੈਣ ਲਈ ਲੰਬੇ ਸਮੇਂ ਤੋਂ ਜੱਦੋ-ਜਹਿਦ ਕਰ ਰਹੀਆਂ ਖੇਤ ਮਜ਼ਦੂਰ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਪਲਾਟ ਦੇਣ ਵਾਸਤੇ ਕੋਈ ਕਾਰਵਾਈ ਨਾ ਹੁੰਦੀ ਦੇਖ ਕੇ ਹੁਣ ਖੁਦ ਹੀ ਪਲਾਟਾਂ ਉਪਰ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਪਿੰਡ ਮੌੜ ਵਿੱਚ ਡੇਢ ਮਹੀਨੇ ਤੋਂ ਪੰਚਾਇਤੀ ਸ਼ਾਮਲਾਟ ਜ਼ਮੀਨ ’ਤੇ ਕਬਜ਼ੇ ਕਰਕੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਇਸੇ ਤਰ੍ਹਾਂ ਪਿੰਡ ਚੱਕ ਮਦਰੱਸਾ, ਬਧਾਈ, ਬੱਲਮਗੜਂ, ਬਰਕੰਦੀ, ਚੌਂਤਰਾ, ਜੱਸੇਆਣਾ ਅਤੇ ਚੜ੍ਹੇਵਾਨ ਪਿੰਡਾਂ ਵਿੱਚ ਵੀ ਮਜ਼ਦੂਰਾਂ ਨੇ ਕਬਜ਼ੇ ਕਰਕੇ ਪਲਾਟ ਅਲਾਟ ਕਰਨ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਜਗਜੀਤ ਸਿੰਘ ਜੱਸੇਆਣਾ ਨੇ ਦੱਸਿਆ ਕਿ ਭਾਵੇ ਪ੍ਰਸ਼ਾਸਨ ਤੇ ਪੁਲੀਸ ਅਧਿਕਾਰੀ ਇਸ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਯੂਨੀਅਨ ਦੇ ਸੰਗਠਿਤ ਪ੍ਰੋਗਰਾਮ ਮੂਹਰੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਚੱਲ ਰਹੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਤਿੰਨ ਪਿੰਡਾਂ ਮੌੜ, ਬੱਲਮਗੜ੍ਹ ਅਤੇ ਚੌਂਤਰਾ ਪਿੰਡਾਂ ਵਿੱਚ ਬੇਘਰੇ ਮਜ਼ਦੂਰਾਂ ਦਾ ਸਰਵੈ ਕਰਾ ਕੇ ਪੰਚਾਇਤੀ ਮਤੇ ਪਾਸ ਕਰਵਾ ਦਿੱਤੇ ਹਨ। ਇਸ ਮੌਕੇ ਯੂਨੀਅਨ ਦੇ ਆਗੂ ਹਰਜੀਤ ਮਦਰੱਸਾ, ਕਰਮ ਸਿੰਘ ਸਮਦਰੱਸਾ ਤੇ ਜਸਵਿੰਦਰ ਸਿੰਘ ਸੰਗੂਧੋਣ ਨੇ ਕਿਹਾ ਕਿ ਜਿੰਨਾ ਸਮਾਂ ਜ਼ਿਲ੍ਹੇ ਭਰ ਦੇ ਪਿੰਡਾਂ ਵਿੱਚ ਲੋੜਵੰਦ ਬੇਘਰੇ ਖੇਤ ਮਜ਼ਦੂਰਾਂ ਨੂੰ ਪਲਾਟ ਅਲਾਟ ਨਹੀਂ ਕੀਤੇ ਜਾਂਦੇ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਪਿੰਡ ਖੁੰਡੇ ਹਲਾਲ ਵਿੱਚ ਲੋੜਵੰਦਾਂ ਲਈ ਮਕਾਨਾਂ ਵਾਸਤੇ ‘ਖੁਰਾਕ ਤੇ ਸਪਲਾਈ ਵਿਭਾਗ’ ਵੱਲੋਂ ਸਰਵੇ ਕਰਵਾਇਆ ਗਿਆ ਸੀ, ਪਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਇਸ ’ਤੇ ਕਿੰਤੂ ਕਰਦਿਆਂ, ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਯੂਨੀਅਨ ਦੇ ਆਗੂ ਕਾਕਾ ਸਿੰਘ ਖੁੰਡੇ ਹਲਾਲ ਦੀ ਅਗਵਾਈ ਹੇਠ ਵਫ਼ਦ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਸਰਵੇ ਮੁੜ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਇਹ ਮਾਮਲਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਪੜਤਾਲ ਲਈ ਭੇਜ ਦਿੱਤਾ ਹੈ।