Now Reading
ਫਿਰਕੂ ਧਰੁਵੀਕਰਨ ਦੀ ਜ਼ਹਿਰੀਲੀ ਵਿਉਂਤਬੰਦੀ ਦਾ ਰਾਹ ਲਾਲ ਝੰਡਾ ਹੀ ਰੋਕ ਸਕਦੈ : ਪਾਸਲਾ

ਫਿਰਕੂ ਧਰੁਵੀਕਰਨ ਦੀ ਜ਼ਹਿਰੀਲੀ ਵਿਉਂਤਬੰਦੀ ਦਾ ਰਾਹ ਲਾਲ ਝੰਡਾ ਹੀ ਰੋਕ ਸਕਦੈ : ਪਾਸਲਾ

ਜਲੰਧਰ- ਉੱਤਰ ਪ੍ਰਦੇਸ਼ ਦੇ ਕਾਸਗੰਜ ‘ਚ ਵਾਪਰੀਆਂ ਘਟਨਾਵਾਂ ਫਿਰਕੂ ਧਰੁਵੀਕਰਨ ਦੀ ਉਸ ਗਿਣੀ ਮਿਥੀ ਵਿਉਂਤਬੰਦੀ ਦਾ ਹਿੱਸਾ ਹਨ ਜੋ ਪੂਰੇ ਦੇਸ਼ ਵਿਚ ਲਾਗੂ ਕੀਤੀ ਜਾ ਰਹੀ ਹੈ । ਇਸ ਜ਼ਹਿਰੀਲੀ ਵਿਉਂਤਬੰਦੀ ਦਾ ਰਾਹ ਸਿਰਫ ਲਾਲ ਝੰਡਾ ਹੀ ਰੋਕ ਸਕਦਾ ਹੈ । ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ ਐਮ ਪੀ ਆਈ ) ਦੂਸਰੀਆਂ ਖੱਬੀਆਂ ਪਾਰਟੀਆਂ ਨੂੰ ਨਾਲ ਲੈ ਕੇ ਪੂਰੀ ਤਾਕਤ ਨਾਲ ਇਹ ਰਾਹ ਰੋਕੇਗੀ ਤੇ ਕਿਸੇ ਵੀ ਕੀਮਤ ‘ ਤੇ ਪੂਰੇ ਦੇਸ਼ ਨੂੰ ਕਾਸਗੰਜ ਨਹੀਂ ਬਣਨ ਦੇਵੇਗੀ । ਇਹ ਗੱਲ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੀ ਹੈ। ਸਾਥੀ ਪਾਸਲਾ ਦੇਸ਼ ਭਗਤ ਯਾਦਗਾਰ ਕੰਪਲੈਕਸ ‘ਚ ਪਾਰਟੀ ਦੀ ਜਲੰਧਰ ਤਹਿਸੀਲ ਦੀ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੀ ਪ੍ਰਧਾਨਗੀ ਸਰਬ ਸਾਥੀ ਹਰੀਮੁਨੀ ਸਿੰਘ, ਭੋਲਾ ਪਰਸ਼ਾਦ, ਪਾਰਵਤੀ ਤੇ ਤਰਸੇਮ ਸਿੰਘ ਭੋਜੋਵਾਲ ਨੇ ਕੀਤੀ । ਸਾਥੀ ਪਾਸਲਾ ਨੇ ਕਿਹਾ ਕਿ ਦੇਸ਼ ਇਸ ਸਮੇਂ ਇੱਕ ਬਹੁਤ ਹੀ ਸੰਕਟਮਈ ਦੌਰ ‘ਚੋਂ ਗੁਜ਼ਰ ਰਿਹਾ ਹੈ । ਮੋਦੀ ਦੀ ਅਗਵਾਈ ਵਾਲੀ ਸੰਘ ਪਰਿਵਾਰ ਦੀ ਸਰਪ੍ਰਸਤੀ ਵਾਲੀ ਭਾਜਪਾ ਸਰਕਾਰ ਜਿਥੇ ਸਾਮਰਾਜੀ ਦੇਸ਼ਾਂ ਦੇ ਹਿੱਤ ਪੂਰਨ ਵਾਲੀਆਂ ਨੀਤੀਆਂ ਲਾਗੂ ਕਰ ਰਹੀ ਹੈ, ਓਥੇ ਦੇਸ਼ ਨੂੰ ਹਿੰਦੂ ਰਾਸ਼ਟਰ ‘ਚ ਤਬਦੀਲ ਕਰਨ ਲਈ ਦੇਸ਼ ਦੇ ਬਹੁਰੰਗੀ ਸੱਭਿਆਚਾਰ ਨੂੰ ਮਨੂੰਵਾਦੀ ਪੁੱਠ ਚਾੜ੍ਹ ਕੇ ਘੱਟ ਗਿਣਤੀਆਂ ਵਿੱਚ ਭੈਅ ਦਾ ਮਾਹੌਲ ਪੈਦਾ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਇਹਨਾਂ ਨੀਤੀਆਂ ਦਾ ਰਾਹ ਰੋਕਣ ਦੀ ਲੋੜ ਹੈ ਤੇ ਇਹ ਕੰਮ ਲਾਲ ਝੰਡੇ ਦੇ ਪੈਰੋਕਾਰ ਹੀ ਕਰ ਸਕਦੇ ਹਨ । ਆਰ ਐਮ ਪੀ ਆਈ ਦੂਸਰੀਆਂ ਖੱਬੀਆਂ ਪਾਰਟੀਆਂ ਨੂੰ ਨਾਲ ਲੈਕੇ ਇਸ ਮੋਰਚੇ ‘ਤੇ ਪੂਰੀ ਜ਼ਿੰਮੇਵਾਰੀ ਨਾਲ ਪਹਿਰਾ ਦੇਵੇਗੀ। ਪੰਜਾਬ ਦੀ ਗੱਲ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਨੀਤੀਆਂ ਵਿੱਚ ਵੀ ਕੋਈ ਖਾਸ ਫਰਕ ਨਹੀਂ ਹੈ। ਕੈਪਟਨ ਸਰਕਾਰ ਵੀ ਬਾਦਲ ਦੀ ਅਗਵਾਈ ਵਾਲੀ ਅਕਾਲੀ -ਭਾਜਪਾ ਸਰਕਾਰ ਦੇ ਰਾਹ ਹੀ ਤੁਰ ਰਹੀ ਹੈ । ਇਸ ਨੇ ਆਉਂਦਿਆਂ ਹੀ ਉਹ ਜਨਤਕ ਤੇ ਨਿੱਜੀ ਜਾਇਦਾਦ ਭੰਨਤੋੜ ਰੋਕੂ ਕਾਨੂੰਨ ਨੋਟੀਫਾਈ ਕਰ ਦਿੱਤਾ ਹੈ ਜਿਸ ਵਿਰੁੱਧ ਬਾਦਲ ਸਰਕਾਰ ਵੇਲੇ ਪੰਜਾਬ ਦੇ ਲੋਕਾਂ ਨੇ ਜਬਰਦਸਤ ਲੜਾਈ ਲੜੀ ਸੀ । ਬਾਦਲ ਸਰਕਾਰ ਤੋਂ ਵੀ ਅੱਗੇ ਜਾਂਦਿਆਂ ਕੈਪਟਨ ਸਰਕਾਰ ਮਹਾਰਾਸ਼ਟਰ ਦੇ ਬਦਨਾਮ ‘ਮਕੋਕਾ’ ਕਾਨੂੰਨ ਦੀ ਤਰਜ਼ ‘ਤੇ ‘ਪਕੋਕਾ’ ਕਾਨੂੰਨ ਦੀ ਤਿਆਰੀ ਕਰ ਰਹੀ ਹੈ। ਇਹ ਕਾਨੂੰਨ ਲੋਕਾਂ ਦੇ ਜਮਹੂਰੀ ਅਧਿਕਾਰਾਂ ‘ਤੇ ਕੋਝਾ ਹਮਲਾ ਹਨ। ਇਨ੍ਹਾਂ ਕਾਲੇ ਕਾਨੂੰਨਾਂ ਵਿਰੁੱਧ ਲਾਮਬੰਦੀ ਲਈ ਬਰਨਾਲਾ ‘ਚ 16 ਫਰਵਰੀ ਅਤੇ ਜਲੰਧਰ ‘ਚ 17 ਫਰਵਰੀ ਨੂੰ ਵਿਸ਼ਾਲ ਰੈਲੀਆਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਪਾਰਟੀ ਵਰਕਰਾਂ ਨੂੰ ਇਹਨਾਂ ਰੈਲੀਆਂ ਦੀ ਸਫਲਤਾ ਲਈ ਕੋਈ ਕਸਰ ਬਾਕੀ ਨਾ ਛੱਡਣ ਦਾ ਸੱਦਾ ਦਿੱਤਾ। ਮੁਕਾਬਲੇ ਵਿੱਚ ਮਾਰੇ ਗਏ ਵਿੱਕੀ ਗੌਂਡਰ ਤੇ ਦੂਸਰੇ ਬਦਮਾਸ਼ਾਂ ਦੀ ਮੌਤ ‘ਤੇ ਪੁਲਸ ਅਤੇ ਕੈਪਟਨ ਸਰਕਾਰ ਵੱਲੋਂ ਵਜਾਈਆਂ ਜਾ ਰਹੀਆਂ ਕੱਛਾਂ ਦਾ ਜ਼ਿਕਰ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਵਿੱਕੀ ਵਰਗੇ ਨੌਜਵਾਨ ਪੈਦਾਇਸ਼ੀ ਬਦਮਾਸ਼ ਨਹੀਂ ਹੁੰਦੇ , ਉਹਨਾਂ ਨੂੰ ਤਾਂ ਸਿਆਸੀ ਸਰਪ੍ਰਸਤੀ ਬਦਮਾਸ਼ ਬਣਾਉਂਦੀ ਹੈ, ਜਦੋਂ ਉਹਨਾਂ ਦੀ ਲੋੜ ਨਹੀਂ ਰਹਿੰਦੀ ਜਾਂ ਖੁਦ ਨੂੰ ਖਤਰਾ ਮਹਿਸੂਸ ਹੁੰਦਾ ਹੈ ਤਾਂ ਇਹਨਾਂ ਦਾ ਸਫਾਇਆ ਕਰ ਦਿੱਤਾ ਜਾਂਦਾ ਹੈ । ਲੋੜ ਤਾਂ ਬਦਮਾਸ਼ ਪੈਦਾ ਕਰਨ ਵਾਲਾ ਮਾਹੌਲ ਖਤਮ ਕਰਨ ਦੀ ਹੈ। ਜਿੰਨੀ ਦੇਰ ਨੌਜਵਾਨਾਂ ਦੇ ਰੁਜ਼ਗਾਰ ਦੀ ਗਰੰਟੀ ਦੀ ਵਿਵਸਥਾ ਨਹੀਂ ਕੀਤੀ ਜਾਵੇਗੀ, ਵਿੱਕੀ ਵਰਗੇ ਨੌਜਵਾਨ ਲੋਕਦੋਖੀ ਸਿਆਸੀ ਘੁੰਮਣਘੇਰੀ ‘ਚ ਫਸਕੇ ਕੁਰਾਹੇ ਪੈਂਦੇ ਰਹਿਣਗੇ। ਜਨਰਲ ਬਾਡੀ ਮੀਟਿੰਗ ਨੂੰ ਜਿਲ੍ਹਾ ਸਕੱਤਰ ਸਾਥੀ ਜਸਵਿੰਦਰ ਸਿੰਘ ਢੇਸੀ ਅਤੇ ਤਹਿਸੀਲ ਸਕੱਤਰ ਸਾਥੀ ਰਾਮ ਕਿਸ਼ਨ ਨੇ ਵੀ ਸੰਬੋਧਨ ਕੀਤਾ ਅਤੇ ਪਾਰਟੀ ਵਰਕਰਾਂ ਨੂੰ 17 ਫਰਵਰੀ ਦੀ ਰੈਲੀ ਲਈ ਦਿਨ ਰਾਤ ਇੱਕ ਕਰਨ ਦਾ ਸੱਦਾ ਦਿੱਤਾ।

Scroll To Top