
ਜੋਧਾਂ – ਸੈਂਟਰ ਆਫ਼ ਟਰੇਡ ਯੂਨੀਅਨ ਪੰਜਾਬ ਨਾਲ ਸਬੰਧਤ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਆਨ ਲਾਇਨ ਕਰਨ ਦੇ ਨਾਲ ਨਾਲ ਆਫ਼ਲਾਈਨ ਜਾਰੀ ਰੱਖਣ ਅਤੇ ਹੋਰ ਸਕੀਮਾਂ ਦੇ ਲਾਭ ਲੈਣ ਦੀ ਮੰਗ ਨੂੰ ਲੈ ਕੇ ਵਿੱਢੇ ਸੰਘਰਸ਼ ਦੀ ਕੜੀ ਤਹਿਤ ਜੋਧਾਂ ਰਤਨ ਬਜ਼ਾਰ ‘ਚ ਸਥਿਤ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਵਿਚ ਸੈਂਕੜੇ ਮਜ਼ਦੂਰਾਂ ਨੇ ਭਾਰੀ ਮੀਂਹ ਦੇ ਬਾਵਜੂਦ ਪ੍ਰਵਾਹ ਨਾ ਕਰਦਿਆਂ ਸੂਬਾ ਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ, ਵਾਅਦਿਆਂ ਤੋਂ ਮੁੱਕਰਨ ਦੇ ਖ਼ਿਲਾਫ਼ ਜ਼ੋਰਦਾਰ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਕਲਸੀ ਨੇ ਪ੍ਰਮੁੱਖ ਆਗੂਆਂ ਗੁਰਮੁਖ ਸਿੰਘ ਢੋਲਣ, ਇਕਬਾਲ ਸਿੰਘ ਲੋਹਟਬੱਦੀ, ਗੁਰਪ੍ਰੀਤ ਸਿੰਘ ਅਕਾਲਗੜ੍ਹ, ਹਰਦੀਪ ਸਿੰਘ ਨੂਰਪੁਰਾ, ਸਵਰਨ ਸਿੰਘ ਲੰਮੇ, ਸਰਬਜੀਤ ਸਿੰਘ ਬੁਰਜ ਹਕੀਮਾਂ, ਬਲਵੰਤ ਸਿੰਘ ਗੋਦਵਾਲ, ਹਾਕਮ ਸਿੰਘ ਹਲਵਾਰਾ, ਕੁਲਦੀਪ ਸਿੰਘ ਰਾਏਕੋਟ, ਨਰਿੰਦਰ ਸਿੰਘ ਰਾਏਕੋਟ, ਅੰਮ੍ਰਿਤਪਾਲ ਸਿੰਘ ਭੈਣੀ ਬੜਿੰਗਾ ਦੀ ਹਾਜ਼ਰੀ ‘ਚ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਆਦਾਤਰ ਮਜ਼ਦੂਰ ਘੱਟ ਪੜੇ ਲਿਖੇ ਹੋਣ ਕਾਰਨ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਨਵੀਨੀਕਰਨ ਅਤੇ ਹੋਰ ਬਣਦੀਆਂ ਯੋਗ ਸਹੂਲਤਾਂ ਲੈਣ ਲਈ ਆਨ ਲਾਈਨ ਸਿਸਟਮ ਦੀ ਵਰਤੋਂ ਕਰਨ ‘ਚ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਕਰਕੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਸਿੱਧੇ ਤੌਰ ‘ਤੇ ਹੱਥੀ ਭਰੇ ਫਾਰਮ ਵੀ ਦਫ਼ਤਰਾਂ ਵਿਚ ਸਵੀਕਾਰ ਕੀਤੇ ਜਾਣ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਹਰਨੇਕ ਗੁੱਜਰਵਾਲ ਨੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀਆਂ ਹੱਕ ਮੰਗਾਂ ਦੀ ਪੂਰਨ ਹਮਾਇਤ ਕਰਦਿਆਂ ਜਿੱਥੇ ਸਮੇਂ ਦੇ ਹਾਕਮਾਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਉੱਥੇ ਆਪਣੀ ਸਭਾ ਵੱਲੋਂ ਇੱਕਜੁੱਟਤਾ ਦਾ ਪ੍ਰਗਟਾਵਾ ਵੀ ਕੀਤਾ। ਵਟਸਐਪ ‘ਤੇ sangramilehar.com ਦੀਆਂ ਖ਼ਬਰਾਂ ਮੰਗਵਾਉਣ ਲਈ ਫ਼ੋਨ ਨੰਬਰ 9814364723 ਸੇਵ ਕਰਨ ਉਪਰੰਤ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ SL START ਵਟਸਐਪ ‘ਤੇ ਭੇਜੋ ਜੀ।