ਪੈਰ-ਪੈਰ ‘ਤੇ ਹੁੰਦੇ ਵਿਤਕਰਿਆਂ ਦਾ ਅੰਤ ਮਜ਼ਬੂਤ ਜਥੇਬੰਦੀ ਨਾਲ ਹੀ ਸੰਭਵ : ਪ੍ਰੋ ਸੁਰਿੰਦਰ ਕੌਰ

ਬਠਿੰਡਾ, 8 ਸਤੰਬਰ (ਸੰਗਰਾਮੀ ਲਹਿਰ ਬਿਊਰੋ)- “ਇਸਤਰੀਆਂ ਖਿਲਾਫ਼ ਦਿਨੋਂ-ਦਿਨ ਵਧ ਰਹੇ ਅੱਤਿਆਚਾਰਾਂ ਅਤੇ ਪੈਰ-ਪੈਰ ‘ਤੇ ਹੁੰਦੇ ਵਿਤਕਰਿਆਂ ਦਾ ਅੰਤ, ਮਜ਼ਬੂਤ ਜੱਥੇਬੰਦੀ ਦੀ ਉਸਾਰੀ ਅਤੇ ਸਮਝੌਤਾ ਰਹਿਤ ਸੰਘਰਸ਼ਾਂ ਰਾਹੀਂ ਹੀ ਸੰਭਵ ਹੈ।” ਇਹ ਗੱਲ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਜੈਪਾਲ ਨੇ ਸਥਾਨਕ ਟੀਚਰਜ਼ ਹੋਮ ਵਿਖੇ ਮਨਦੀਪ ਕੌਰ, ਪਰਮਜੀਤ ਕੌਰ, ਸੁਖਜੀਤ ਕੌਰ ਮੱਤਾ, ਬਲਜਿੰਦਰ, ਸੁਖਜੀਤ ਕੌਰ ਭੈਣੀ, ਬਲਤੇਜ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਲ੍ਹਾ ਪੱਧਰੀ ਜੱਥੇਬੰਦਕ ਕਨਵੈਨਸ਼ਨ ਵਿੱਚ ਹਾਜ਼ਰ ਬੀਬੀਆਂ ਨੂੰ ਸੰਬੋਧਨ ਕਰਦਿਆਂ ਕਹੀ।

ਉਨ੍ਹਾਂ ਕਿਹਾ ਕਿ ਇਹ ਬੜੇ ਦੁਰਭਾਗ ਦੀ ਗੱਲ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਸੰਘ-ਭਾਜਪਾ ਆਗੂ ਦੇਸ਼ ਭਰ ਵਿੱਚ ਇਸਤਰੀਆਂ ਖਾਸ ਕਰਕੇ ਮਾਸੂਮ ਬਾਲੜੀਆਂ ਨਾਲ ਹੁੰਦੀਆਂ ਜਬਰ-ਜਨਾਹ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੀ ਨੰਗੀ-ਚਿੱਟੀ ਪੁਸ਼ਤ ਪਨਾਹੀ ਕਰਦੇ ਹਨ। ਉਨ੍ਹਾਂ ਸੱਦਾ ਦਿੱਤਾ ਕਿ ਦੇਸ਼ ਦੇ ਲੋਕਾਂ ਖਾਸ ਕਰਕੇ ਔਰਤਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਘੋਰ ਦੁਸ਼ਮਨ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਸੰਘਰਸ਼ਾਂ ਵਿੱਚ ਨਿੱਤਰਨ।

ਕਨਵੈਨਸ਼ਨ ਵੱਲੋਂ ਪਾਸ ਕੀਤੇ ਮਤੇ ਰਾਹੀਂ ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਔਰਤਾਂ ਦਾ ਹਰ ਕਿਸਮ ਦਾ ਕਰਜ਼ਾ ਮਾਫ ਕਰਨ ਅਤੇ ਕਰਜ਼ ਵਸੂਲੀ ਲਈ ਹੁੰਦਾ ਅਤਿ ਨੀਵੇਂ ਦਰਜੇ ਦਾ ਦੁਰਵਿਹਾਰ ਬੰਦ ਕਰਨ ਦੀ ਮੰਗ ਕੀਤੀ ਗਈ। ਘਰਾਂ-ਦੁਕਾਨਾਂ ਵਿੱਚ ਕੰਮ ਕਰਨ ਵਾਲੀਆਂ ਅਤੇ ਮਗਨਰੇਗਾ ਕਿਰਤੀ ਔਰਤਾਂ ਤੇ ਖੇਤ ਮਜ਼ਦੂਰ ਬੀਬੀਆਂ ਦੀ ਚੌਤਰਫਾ ਲੁੱਟ ਅਤੇ ਮਾਨਸਿਕ-ਸ਼ਰੀਰਕ ਜ਼ੁਲਮਾਂ ਵਿਰੁੱਧ ਸੰਗਰਾਮ ਤਿੱਖੇ ਕਰਨ ਦਾ ਨਿਰਣਾ ਲਿਆ ਗਿਆ। ਮੋਦੀ ਸਰਕਾਰ ਦੀਆਂ ਬੇਰੁਜ਼ਗਾਰੀ, ਮਹਿੰਗਾਈ, ਕੰਗਾਲੀ ਵਧਾਉਣ ਵਾਲੀਆਂ ਨੀਤੀਆਂ ਅਤੇ ਅਰਬਾਂ-ਖਰਬਾਂ ਦੀ ਸਰਕਾਰੀ ਜਾਇਦਾਦ ਦੇਸੀ-ਵਿਦੇਸ਼ੀ ਸਰਮਾਏਦਾਰਾਂ ਦੇ ਹਵਾਲੇ ਕਰਨ ਦੀ ਦੇਸ਼ ਵਿਰੋਧੀ ਸਾਜਿਸ਼ ਖਿਲਾਫ ਸਾਂਝੇ ਸੰਘਰਸ਼ਾਂ ‘ਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ।

27 ਸਤੰਬਰ ਦੇ ਭਾਰਤ ਬੰਦ ਨੂੰ ਲਾਮਿਸਾਲ ਕਾਮਯਾਬ ਕਰਨ ਲਈ ਮੁਹਿੰਮ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ। ਦਲਿਤਾਂ, ਘੱਟ ਗਿਣਤੀਆਂ ਅਤੇ ਇਸਤਰੀਆਂ ਦੇ ਘਾਣ ਲਈ ਜਿੰਮੇਵਾਰ ਆਰ ਐਸ ਐਸ ਦੀ ਪਿਛਾਂਹ ਖਿੱਚੂ, ਮੰਨੂਵਾਦੀ-ਹਿੰਦੂਤਵੀ ਵਿਚਾਰਧਾਰਾ ਤੋਂ ਇਸਤਰੀਆਂ ਨੂੰ ਚੌਕਸ ਕਰਨ ਦੀ ਠੋਸ ਵਿਉਂਤਬੰਦੀ ਕੀਤੀ ਗਈ। ਸ਼ੁਰੂਆਤ ਵਿੱਚ ਕਿਸਾਨ ਸੰਘਰਸ਼ ਦੇ 600 ਤੋਂ ਵੱਧ ਮਜ਼ਦੂਰ-ਕਿਸਾਨ ‘ਤੇ ਇਸਤਰੀ ਸ਼ਹੀਦਾਂ ਅਤੇ ਕਰਨਾਲ ਪੁਲਸ ਲਾਠੀਚਾਰਜ ਦੇ ਸ਼ਹੀਦ ਸੁਸ਼ੀਲ ਕਾਜਲ ਨੂੰ ਦੋ ਮਿੰਟ ਮੌਨ ਖੜੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੰਚ ਸੰਚਾਲਨ ਬੀਬੀ ਦਰਸ਼ਨਾ ਜੋਸ਼ੀ ਵੱਲੋਂ ਬਾਖੂਬੀ ਕੀਤਾ ਗਿਆ। ਅੰਤ ਵਿੱਚ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ।