
ਮੰਗਤ ਰਾਮ ਪਾਸਲਾ
ਜਿਸ ਤੇਜ਼ੀ ਨਾਲ ਸੰਸਾਰ ਪੱਧਰ ’ਤੇ ਪੂੰਜੀ ਦਾ ਚੰਦ ਕੁ ਹੱਥਾਂ ’ਚ ਕੇਂਦਰੀਕਰਨ ਹੋ ਰਿਹਾ ਹੈ ਤੇ ਵੱਡੀ ਬਹੁ ਗਿਣਤੀ ਗੁਜ਼ਾਰਾ ਕਰਨ ਯੋਗ ਨਿਗੂਣੀ ਜਿਹੀ ਆਮਦਨ ਤੋਂ ਵੀ ਵਾਂਝਿਆਂ ਹੋ ਰਹੀ ਹੈ, ਉਸ ਸਦਕਾ ਆਉਂਦੇ ਸਮੇਂ ਅੰਦਰ ਮਾਨਵ ਸਮਾਜ ਨੂੰ ਇਕ ਡਰਾਉਣੀ ਤੇ ਚਿੰਤਾਜਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੁਨੀਆਂ ਦੀਆਂ ਬਹੁ ਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਨੇ ਤਕਨੀਕ ਦੇ ਹਰ ਖੇਤਰ ’ਚ ਆਈ ਹੈਰਾਨਕੁੰਨ ਉਨਤੀ ਤੇ ਵਾਧੂ ਪੈਦਾਵਾਰ ਸਦਕਾ ਕਿਰਤੀਆਂ ਦੇ ਕੰਮ ਦੇ ਘੰਟੇ ਘਟਾ ਕੇ ਵਧੇਰੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਤੇ ਖਪਤਕਾਰਾਂ ਨੂੰ ਜ਼ਿੰਦਗੀ ਦੀਆਂ ਲੋੜਾਂ ਦੀ ਪੂਰਤੀ ਲਈ ਇਸਤੇਮਾਲ ਹੋਣ ਵਾਲੀਆਂ ਵਸਤੂਆਂ ਦੇ ਭਾਅ ਘੱਟ ਕਰਨ ਦੀ ਥਾਂ ਕਾਮਿਆਂ ਦੀ ਗਿਣਤੀ ਘੱਟ ਕਰਨ, ਉਜਰਤਾਂ ਤੇ ਹੋਰ ਭੱਤਿਆਂ ’ਚ ਭਾਰੀ ਕਟੌਤੀ ਕਰਨ ਤੇ ਕੰਮ ਦੇ ਘੰਟੇ ਵਧਾਉਣ ਨੂੰ ਪਹਿਲ ਦਿੱਤੀ ਹੈ। ਆਪਣੇ ਮੁਨਾਫ਼ੇ ਵਧਾਉਣ ਹਿਤ ਸੰਸਾਰ ਦਾ ਪੂੰਜੀਪਤੀ ਵਰਗ ਇਕ ਪਾਸੇ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਕੇ ਖਾਦ ਪਦਾਰਥਾਂ ਦੀ ਸਪਲਾਈ ਨੂੰ ਪੂਰੀ ਤਰ੍ਹਾਂ ਆਪਣੇ ਕੰਟਰੋਲ ਹੇਠਾਂ ਲੈ ਕੇ ਮਿਹਨਤਕਸ਼ ਲੋਕਾ ਦੀ ਦੋ ਡੰਗ ਦੀ ਰੋਟੀ ਨੂੰ ਵੀ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਕਰਨ ਜਾ ਰਿਹਾ ਹੈ। ਉੱਥੇ ਨਾਲ ਹੀ ਮਜ਼ਦੂਰ ਜਮਾਤ ਵਲੋਂ ਲਾਮਿਸਾਲ ਕੁਰਬਾਨੀਆਂ ਰਾਹੀਂ ਪ੍ਰਾਪਤ ਕੀਤੇ ਕਿਰਤ ਕਾਨੂੰਨਾਂ ਨੂੰ ਸਮਾਪਤ ਕਰਕੇ ਠੇਕੇਦਾਰੀ ਪ੍ਰਥਾ ਤੇ ‘‘ਕੰਮ ਲਈ ਭਰਤੀ ਕਰੋ ਤੇ ਕੰਮ ਪੂਰਾ ਹੋਣ ਤੇ ਤੁਰੰਤ ਨੌਕਰੀ ਤੋਂ ਬਾਹਰ ਕੱਢੋ’ ( ਹਾਇਰ ਐਂਡ ਫਾਇਰ) ਰਾਹੀਂ ਕਿਰਤੀਆਂ ਨੂੰ ਨਵੀਂ ਗੁਲਾਮੀ ਦੀਆਂ ਜੰਜ਼ੀਰਾਂ ’ਚ ਜਕੜਨ ਦੀਆਂ ਤਿਆਰੀਆਂ ਕਰ ਰਿਹਾ ਹੈ। ਪੱਕੀ ਨੌਕਰੀ ਤੇ ਇਸ ਨਾਲ ਜੁੜੀਆਂ ਦੂਸਰੀਆਂ ਸੁਵਿਧਾਵਾਂ ਹੁਣ ਬੀਤੇ ਦੀ ਗੱਲ ਬਣ ਚੁੱਕੀਆਂ ਹਨ। ਵਿਕਸਤ ਪੂੰਜੀਵਾਦੀ ਦੇਸ਼ਾਂ ਦੇ ਮਜ਼ਦੂਰਾਂ ਨੂੰ ਪ੍ਰਾਪਤ ਹੋਣ ਵਾਲੀਆਂ ਵਿਦਿਆ, ਸਿਹਤ ਤੇ ਹੋਰ ਸਮਾਜਿਕ ਸਹੂਲਤਾਂ ’ਚ ਭਾਰੀ ਕਟੌਤੀ ਕੀਤੀ ਜਾ ਰਹੀ ਹੈ। ਵਿਕਾਸਸ਼ੀਲ ਤੇ ਪੱਛੜੇ ਦੇਸ਼ਾਂ ਦੇ ਲੋਕਾਂ ਨੂੰ ਦਰਪੇਸ਼ ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਤਾਂ ਅੰਦਾਜ਼ਾ ਲਗਾਉਣਾ ਹੀ ਮੁਸ਼ਕਿਲ ਹੈ, ਜਿਥੇ ਨਾ ਰੁਜ਼ਗਾਰ ਤੇ ਨਾ ਬੇਕਾਰੀ ਭੱਤਾ, ਨਾ ਕੋਈ ਸਿਹਤ, ਵਿਦਿਅਕ ਤੇ ਬੁਢਾਪਾ ਪੈਨਸ਼ਨ ਵਰਗੀ ਸਮਾਜਿਕ ਸਹੂਲਤ ਹੀ ਨਸੀਬ ਹੈ। ਵੱਧ ਰਹੀ ਬੇਰੁਜ਼ਗਾਰੀ ਕਾਰਨ ਵੱਖ-ਵੱਖ ਰੰਗਾਂ ਦੇ ਸਮਾਜਿਕ ਤਨਾਅ ਪੈਦਾ ਹੋ ਰਹੇ ਹਨ। ਜਾਇਦਾਦ ਨਾਲ ਸੰਬੰਧਤ ਛੋਟੇ-ਮੋਟੇ ਝਗੜਿਆਂ ’ਚ ਕਤਲ, ਕਰਜ਼ੇ ਦੇ ਭਾਰ ਕਾਰਨ ਖੁਦਕੁਸ਼ੀਆਂ ਦਾ ਵੱਧਦਾ ਰੁਝਾਨ ਤੇ ਨੌਕਰੀ ਪ੍ਰਾਪਤੀ ਲਈ ਵੱਖ ਵੱਖ ਪ੍ਰਾਂਤਾਂ, ਇਲਾਕਿਆਂ, ਜਾਤੀਆਂ ਤੇ ਧਰਮਾਂ ਦੇ ਲੋਕਾਂ ’ਚ ਆਪਸੀ ਟਕਰਾਅ ਰੋਜ਼ਾਨਾਂ ਦੀਆਂ ਘਟਨਾਵਾਂ ਬਣ ਗਈਆਂ ਹਨ। ਸਰਕਾਰਾਂ ਵਲੋਂ ਨੌਕਰੀਆਂ ਦੇਣ ਜਾਂ ਖਾਲੀ ਪੋਸਟਾਂ ਭਰਨ ਤੋਂ ਕੋਰਾ ਜਵਾਬ ਮਿਲਣ ਤੋਂ ਬਾਅਦ, ਭਾਰਤੀ ਸੰਵਿਧਾਨ ’ਚ ਜਾਤੀ ਆਧਾਰਤ ਰਾਖਵੇਂਕਰਨ ਦੀ ਮੱਦ ਪੂਰੀ ਤਰ੍ਹਾਂ ਬੇਅਰਥ ਹੋ ਗਈ ਹੈ, ਕਿਉਂਕਿ ਹਰ ਮਹਿਕਮੇ ਤੇ ਅਦਾਰਿਆਂ ਦੇ ਨਿੱਜੀਕਰਨ ਤੋਂ ਬਾਅਦ ਪੂੰਜੀਪਤੀਆਂ ਤੇ ਕਾਰਪੋਰੇਟ ਘਰਾਣਿਆਂ ਨੇ ਨੌਕਰੀ ਦੇਣ ਸਮੇਂ ਰੀਜ਼ਰਵੇਸ਼ਨ ਦੀ ਸਹੂਲਤ ਨਹੀਂ ਦੇਣੀ। ਉਨ੍ਹਾਂ ਦਾ ਸਿਧਾਂਤ ‘ਚੰਮ ਨਹੀਂ-ਕੰਮ ਪਿਆਰਾ’ ਹੈ। ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ ਚੋਣਾਂ ਦੌਰਾਨ ਬੇਰੁਜ਼ਗਾਰ ਪੜ੍ਹੇ ਲਿਖੇ ਯੋਗ ਉਮੀਦਵਾਰਾਂ ਨੂੰ ਨੌਕਰੀਆਂ ਦੇਣ ਦੇ ਕੀਤੇ ਵਾਅਦਿਆਂ ਦੀ ਪੂਰਤੀ ਲਈ ਲੱਖਾਂ ਨੌਜਵਾਨ ਲੜਕੇ-ਲੜਕੀਆਂ ਹਰ ਰੋਜ਼ ਸਰਕਾਰ ਦੇ ਦਰਬਾਰ ਅਰਜ਼ੀਆਂ ਲੈ ਕੇ ਜਾਂਦੇ ਹਨ ਤੇ ਸ਼ਾਮ ਨੂੰ ਪੁਲਸ ਦੀਆਂ ਡਾਂਗਾਂ ਨਾਲ ਸਿਰ ਪੜਵਾ ਕੇ ਖੂਨੋ-ਖੂਨ ਹੋ ਕੇ ਖਾਲੀ ਹੱਥੀਂ ਘਰਾਂ ਨੂੰ ਵਾਪਸ ਪਰਤ ਆਉਂਦੇ ਹਨ। ਉਹ ਨੌਕਰੀ ਪ੍ਰਾਪਤੀ ਤੋਂ ਬਿਨਾਂ ਆਪਣੇ ਭਵਿੱਖ ਦੇ ਹਨੇਰੇ ਦੇ ਦਰਦ ਨੂੰ ਪਹਿਚਾਣ ਗਏ ਹਨ, ਇਸੇ ਕਰਕੇ ਉਹ ਸਿਰ ਧੜ ਦੀ ਬਾਜ਼ੀ ਲਾ ਕੇ ਰੁਜ਼ਗਾਰ ਪ੍ਰਾਪਤੀ ਲਈ ਕਿਸੇ ਹੱਦ ਤੱਕ ਜਾਣ ਲਈ ਵੀ ਤਿਆਰ ਹਨ। ਵਿਦੇਸ਼ਾਂ ਵੱਲ ਨੂੰ ਬੇਰੁਜ਼ਗਾਰ ਨੌਜਵਾਨਾਂ ਦੀਆਂ ਲੱਗੀਆਂ ਦੌੜਾਂ ਜਿੱਥੇ ਉਨ੍ਹਾਂ ਦੇ ਮਾਪਿਆਂ ਵਲੋਂ ਇਸ ਮੰਤਵ ਲਈ ਭਾਰੀ ਰਕਮਾਂ ਪ੍ਰਾਪਤ ਕਰਨ ਦੀ ਇਕ ਲੰਬੀ, ਦਰਦ ਭਰੀ ਪ੍ਰਕਿਰਿਆ ਹੈ, ਉਥੇ ਬਿਨ੍ਹਾਂ ਲੋੜੀਂਦੀ ਜਾਣਕਾਰੀ ਦੇ ਵਿਦੇਸ਼ੀ ਸੁਪਨਿਆਂ ਦਾ ਸਿਰਜਿਆ ਸੰਸਾਰ ਵੀ ਬਹੁਤੀ ਵਾਰੀ ‘ਖੂਹ ਖਾਤੇ’ ਛਾਲ ਮਾਰਨ ਦੇ ਤੁਲ ਸਿੱਧ ਹੋ ਜਾਂਦਾ ਹੈ। ਚੋਰੀਆਂ, ਲੁੱਟਾਂ ਖੋਹਾਂ, ਡਾਕਿਆਂ, ਕਤਲਾਂ, ਬਲਾਤਕਾਰਾਂ, ਨਸ਼ਿਆਂ ਦਾ ਧੰਦਾ ਤੇ ਸੇਵਨ ਦਾ ਮੂਲ ਕਾਰਨ ਜਿਉਣ ਯੋਗ ਜ਼ਿੰਦਗੀ ਲਈ ਲੋੜੀਂਦੀ ਆਮਦਨ ਵਾਲਾ ਰੁਜ਼ਗਾਰ ਨਾ ਪ੍ਰਾਪਤ ਹੋਣਾ ਹੈ। ਕਈ ਵਾਰ ਕੁਝ ਲੋਕ ਇਸ ਵਰਤਾਰੇ ਦੇ ਹੱਲ ਲਈ ਕਾਨੂੰਨ ਪ੍ਰਬੰਧ ਦੀ ਮਸ਼ੀਨਰੀ ਦੇ ਮਜ਼ਬੂਤ ਤੇ ਸਖਤ ਹੋਣ ਦੀ ਵਕਾਲਤ ਕਰਦੇ ਹਨ, ਜੋ ਮੋੜਵੇਂ ਰੂਪ ’ਚ ਮਸਲੇ ਦਾ ਹੱਲ ਕਰਨ ਦੀ ਥਾਂ ਉਸ ’ਚ ਹੋਰ ਭਾਰੀ ਵਾਧਾ ਕਰ ਦਿੰਦਾ ਹੈ। ਜੇਕਰ ਕਿਸੇ ਦੋ ਲੱਖ ਦੀ ਵੱਸੋਂ ਵਾਲੇ ਸ਼ਹਿਰ ਅੰਦਰ ਦਸ ਹਜ਼ਾਰ ਨੌਜਵਾਨ ਬੇਰੁਜ਼ਗਾਰ ਘੁੰਮ ਰਿਹਾ ਹੈ (ਜਿਸਨੂੰ ਬਾਕੀ ਲੋਕਾਂ ਵਾਂਗ ਰੋਟੀ, ਪਾਣੀ, ਰਿਹਾਇਸ਼, ਕੱਪੜੇ ਆਦਿ ਲੋੜੀਂਦੇ ਹਨ), ਪ੍ਰੰਤੂ ਸਰਕਾਰ ਬੇਪਰਵਾਹ ਹੋ ਕੇ ਸੁੱਤੀ ਪਈ ਹੈ ਤੇ ਇਸ ਵਰਤਾਰੇ ਬਾਰੇ ਕੋਈ ਚਿੰਤਾ ਜਾਂ ਯੋਜਨਾਬੰਦੀ ਨਹੀਂ ਕਰਦੀ, ਤਾਂ ਫਿਰ ਅਸੀਂ ਇਨ੍ਹਾਂ ਵਿਹਲੇ ਹੱਥਾਂ ਤੇ ਭੁੱਖੇ ਪੇਟਾਂ ਵਾਲੇ ਹੱਡ ਮਾਸ ਦੇ ਪੁਤਲਿਆਂ ਹੱਥੋਂ ਮਜ਼ਬੂਰੀ ਵਸ ਕੀਤੇ ਜਾਣ ਵਾਲੇ ਕਿਸੇ ਵੀ ਜ਼ੁਰਮ ਦੀ ਆਹਟ ਦੌਰਾਨ ਬਿਨ੍ਹਾਂ ਕਿਸੇ ਡਰ ਜਾਂ ਭੈਅ ਦੇ ਜ਼ਿੰਦਗੀ ਕਿਵੇਂ ਬਤੀਤ ਕਰ ਸਕਦੇ ਹਾਂ? ਜਿਉਂ-ਜਿਉਂ ਨਵ ਉਦਾਰਵਾਦੀ ਆਰਥਿਕ ਨੀਤੀਆਂ ਨੇ ਤੇਜ਼ੀ ਫੜ੍ਹਨੀ ਹੈ ਤੇ ਲੋਕਾਂ ਦੀਆਂ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਬਿਮਾਰੀਆਂ ਤੇ ਰਿਹਾਇਸ਼ ਦੀਆਂ ਮੁਸ਼ਕਿਲਾਂ ’ਚ ਅਥਾਹ ਵਾਧਾ ਹੋਣਾ ਹੈ, ਤਿਉਂ ਲੋਕਾਂ ਨੇ ਚੇਤਨ ਹੋ ਕੇ ਜਾਂ ਮਜ਼ਬੂਰੀ ਵਸ ਆਪਣੇ ਪੇਟ ਦੀ ਅੱਗ ਬੁਝਾਉਣ ਲਈ ਸੜਕਾਂ ਉਪਰ ਨਿਕਲਣਾ ਹੀ ਹੈ। ਕੇਂਦਰ ਦੀ ਮੋਦੀ ਸਰਕਾਰ ਤੇ ਵੱਖ-ਵੱਖ ਰਾਜ ਸਰਕਾਰਾਂ ਦਾ ਵਤੀਰਾ ਇਨ੍ਹਾਂ ਸੰਘਰਸ਼ਸ਼ੀਲ ਲੋਕਾਂ ਦੇ ਦੁਖਾਂ ਦਾ ਨਿਵਾਰਨ ਕਰਨ ਵਾਲਾ ਨਹੀਂ, ਬਲਕਿ ਗਲਤ ਪ੍ਰਚਾਰ ਤੇ ਲਾਠੀ-ਗੋਲੀ ਦੀ ਮਦਦ ਨਾਲ ਦਬਾਉਣ ਵਾਲਾ ਹੈ। ਇਸ ਪ੍ਰਕਿਰਿਆ ’ਚ ਸੱਜੇ ਪੱਖੀ ਤੇ ਸਮਾਜ ਵਿਰੋਧੀ ਤੱਤਾਂ ਲਈ ਲੋਕਾਂ ਦੇ ਇਸ ਗੁੱਸੇ ਦਾ ਆਪਣੇ ਸਵਾਰਥੀ ਹਿਤਾਂ ਲਈ ਇਸਤੇਮਾਲ ਕਰਨਾ ਬਹੁਤ ਹੀ ਸੌਖਾ ਹੈ। ਵੰਡਵਾਦੀ, ਫਿਰਕਾਪ੍ਰਸਤ ਤੇ ਅੱਤਵਾਦੀ ਸ਼ਕਤੀਆਂ ਲੋਕਾਂ ਦੀ ਫੌਲਾਦੀ ਏਕਤਾ ਨੂੰ ਤੋੜਨ ਤੇ ਉਨ੍ਹਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਲਈ ਹਰ ਸੰਭਵ ਯਤਨ ਕਰਦੀਆਂ ਹਨ। ਇਨ੍ਹਾਂ ਅਨਸਰਾਂ ਦੀ ਧਨਵਾਨ ਲੋਕਾਂ ਤੇ ਸੱਜੇ ਪੱਖੀ ਰਾਜਸੀ ਪਾਰਟੀਆਂ ਤੇ ਜਨਤਕ ਸੰਗਠਨਾਂ ਨੇ ਪੂਰੀ ਪੂਰੀ ਮਦਦ ਤੇ ਹੌਂਸਲਾ ਅਫਜ਼ਾਈ ਵੀ ਕਰਨੀ ਹੈ, ਤਾਂ ਕਿ ਲੋਕ ਦੋਖੀ ਸਰਕਾਰਾਂ ਵਿਰੁੱਧ ਆਮ ਜਨਤਾ ਦਾ ਗੁੱਸਾ ਸਮਾਜਿਕ ਤਬਦੀਲੀ ਦੀ ਲਹਿਰ ਨਾਲ ਇਕਮਿਕ ਨਾ ਹੋ ਸਕੇ। ਇਸ ਨਾਲ ਅਰਾਜਕਤਾਵਾਦੀ ਹਾਲਾਤ ਪੈਦਾ ਹੋਣੇ ਸੁਭਾਵਿਕ ਹਨ। ਆਉਣ ਵਾਲੇ ਸਮੇਂ ਅੰਦਰ ਇਹ ਸਾਰਾ ਵਰਤਾਰਾ ਵੱਡੇ ਪੈਮਾਨੇ ’ਤੇ ਦੇਖਿਆ ਜਾ ਸਕੇਗਾ। ਇੱਥੇ ਇਹ ਗੱਲ ਵੀ ਧਿਆਨ ਗੋਚਰੇ ਰੱਖਣੀ ਚਾਹੀਦੀ ਹੈ ਕਿ ਮੌਜੂਦਾ ਸਰਕਾਰਾਂ ਨੂੰ ਚਲਾਉਣ ਵਾਲੀਆਂ ਸਿਰਫ ਰਾਜਸੀ ਪਾਰਟੀਆਂ ਜਾਂ ਆਗੂਆਂ ਨੂੰ ਬਦਲਣ ਨਾਲ ਸਥਿਤੀ ’ਚ ਬੁਨਿਆਦੀ ਸੁਧਾਰ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੈ, ਬਲਕਿ ਮੌਜੂਦਾ ਆਰਥਿਕ ਪ੍ਰਬੰਧ ਦੇ ਮੁਕਾਬਲੇ ’ਚ, ਜੋ ਕਾਰਪੋਰੇਟ ਘਰਾਣਿਆਂ, ਸਾਮਰਾਜੀ ਸ਼ਕਤੀਆਂ ਤੇ ਜਗੀਰੂ ਜਮਾਤਾਂ ਦੇ ਹਿਤਾਂ ਦੀ ਰਾਖੀ ਕਰਦਾ ਹੈ, ਇਕ ਲੋਕ ਪੱਖੀ ਤੇ ਵਿਕਾਸ ਮੁਖੀ ਆਰਥਿਕ ਵਿਕਾਸ ਮਾਡਲ ਹੀ ਦੇਸ਼ ਨੂੰ ਦਰਪੇਸ਼ ਮੁਸ਼ਕਿਲਾਂ ਦਾ ਸਮਾਧਾਨ ਕਰ ਸਕਦਾ ਹੈ। ਇਸ ਲਈ ਸਮਾਂ ਆ ਗਿਆ ਹੈ ਕਿ ਰਾਜਸੀ ਪਾਰਟੀਆਂ ਜਾਂ ਨੇਤਾਵਾਂ ਦੀ ਬਦਲਾਅ ਦੀ ਜਗ੍ਹਾ ਮੂਲ ਢਾਂਚੇ ’ਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾਣ। ਇਨ੍ਹਾਂ ਪ੍ਰਸਥਿਤੀਆਂ ਨੂੰ ਸਮਾਜ ਅੰਦਰ ਇਕ ‘ਕਲਿਆਣਕਾਰੀ ਰਾਜਨੀਤਕ ਤੇ ਆਰਥਿਕ ਢਾਂਚਾ ਕਾਇਮ ਕਰਨ ਵਾਲੀਆਂ ਰਾਜਸੀ ਤੇ ਸਮਾਜਿਕ ਸ਼ਕਤੀਆਂ ਇਕ ਸਹੀ ਤੇ ਲੋਕ ਮੁਖੀ ਦਿਸ਼ਾ ਵੀ ਦੇ ਸਕਦੀਆਂ ਹਨ। ਪੀੜਤ ਲੋਕਾਂ ਨੂੰ ਉਨ੍ਹਾਂ ਦੀ ਪੀੜਾ ਦਾ ਅਹਿਸਾਸ ਕਰਵਾ ਕੇ ਇਸ ਲਈ ਜ਼ਿੰਮੇਵਾਰ ਸ਼ਕਤੀਆਂ ਦੀ ਨਿਸ਼ਾਨਦੇਹੀ ਰਾਹੀਂ ਲੁੱਟ-ਖਸੁੱਟ ਦੇ ਨਿਜ਼ਾਮ ਵਿਰੁੱਧ ‘ਹੱਕੀ ਸੰਘਰਸ਼ਾਂ’ ’ਚ ਲਾਮਬੰਦ ਕੀਤਾ ਜਾ ਸਕਦਾ ਹੈ। ਅਜਿਹੇ ਸੰਘਰਸ਼ ਹੀ ਆਜ਼ਾਦੀ, ਬਰਾਬਰਤਾ ਤੇ ਲੁੱਟ-ਖਸੁੱਟ ਰਹਿਤ ਸਮਾਜ ਦੀ ਸਿਰਜਣਾ ਕਰਨ ਦੇ ਸਮਰੱਥ ਹੋ ਸਕਦੇ ਹਨ। ਸਮਾਜ ਅੰਦਰ ਹਿੰਸਕ ਤੇ ਅਸਮਾਜਿਕ ਕਾਰਵਾਈਆਂ ਤੋਂ ਭੈਅ ਭੀਤ ਹੋਣ ਦੀ ਲੋੜ ਨਹੀਂ, ਬਲਕਿ ਲੋਕਾਂ ਅੰਦਰ ਹਾਕਮਾਂ ਪ੍ਰਤੀ ਉਗਮੀ ਇਸ ਨਰਾਜ਼ਗੀ ਨੂੰ ‘ਅਰਾਜਕਤਾ ਜਾ ਬਦਅਮਨੀ’ ਫੈਲਾਉਣ ਵਾਲੀਆਂ ਕਾਰਵਾਈਆਂ ਨਾਲ ਤਸ਼ਰੀਹ ਦੇਣ ਦੀ ਥਾਂ ਇਸਨੂੰ ਲੁੱਟੇ-ਪੁੱਟੇ ਜਾਂਦੇ ਲੋਕਾਂ ਦੀ ਪੀੜਾ ਦਾ ਅਹਿਸਾਸ ਤੇ ਲੋਕ ਹਿਤਾਂ ਨਾਲ ਖਿਲਵਾੜ ਕਰਨ ਵਾਲੀਆਂ ਸ਼ਕਤੀਆਂ ਵਿਰੁੱਧ ‘ਗੁੱਸੇ ਤੇ ਵਿਦਰੋਹ’ ਦੀ ਭਾਵਨਾ ਸਮਝਿਆ ਜਾਣਾ ਚਾਹੀਦਾ ਹੈ। ਜੇਕਰ ਇਸ ਤਰ੍ਹਾਂ ਦੇ ਹੱਕੀ ਘੋਲਾਂ ਅੰਦਰ ਸਮਾਜ ਦੇ ਪੀੜਤ ਲੋਕਾਂ ਦੇ ਵੱਖ-ਵੱਖ ਹਿੱਸਿਆਂ ਅੰਦਰ ਕੋਈ ਟਕਰਾਅ ਜਾਂ ਵਿਰੋਧਤਾ ਵੀ ਪੈਦਾ ਹੁੰਦੀ ਹੈ, ਤਾਂ ਉਸਨੂੰ ਤਰਕ ਦੇ ਆਧਾਰ ‘ਤੇ ਹੱਲ ਕਰਕੇ ਸਾਰੇ ਮਿਹਨਤਕਸ਼ ਲੋਕਾਂ ਦੀ ਵਿਸ਼ਾਲ ਏਕਤਾ ਤੇ ਤਿੱਖੇ ਘੋਲਾਂ ਦੀ ਪ੍ਰਚੰਡਤਾ ਨੂੰ ਹੋਰ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਇਸ ਪ੍ਰਕਿਰਿਆ ਨੂੰ ਹੀ ‘ਇਨਕਲਾਬ’ ਦਾ ਨਾਮ ਦਿੱਤਾ ਗਿਆ ਹੈ।
ਜਗ ਬਾਣੀ, 15 ਸਤੰਬਰ 2021, ਧੰਨਵਾਦ