Now Reading
ਪਠਾਨਕੋਟ ਦੇ ਰੇਲ ਹੜਤਾਲ ਦੇ ਸ਼ਹੀਦਾਂ ਨੂੰ ਸੂਹੀ ਸ਼ਰਧਾਂਜਲੀ

ਪਠਾਨਕੋਟ ਦੇ ਰੇਲ ਹੜਤਾਲ ਦੇ ਸ਼ਹੀਦਾਂ ਨੂੰ ਸੂਹੀ ਸ਼ਰਧਾਂਜਲੀ

19 ਸਤੰਬਰ, 1968 ਦੀ ਰੇਲ, ਰੱਖਿਆ ਅਤੇ ਪੋਸਟ ਐਂਡ ਟੈਲੀਗ੍ਰਾਮ ਵਿਭਾਗਾਂ ਦੀ ਸਾਂਝੀ ਹੜਤਾਲ ਨੂੰ ਟਰੇਡ ਯੂਨੀਅਨ ਅੰਦੋਲਨ ਦੇ ਇਤਿਹਾਸ ਵਿੱਚ ਬਹੁਤ ਹੀ ਬੁਲੰਦ ਮੁਕਾਮ ਹਾਸਿਲ ਹੈ। ਇਸ ਹੜਤਾਲ ਦਾ ਸੱਦਾ, ਉਕਤ ਤਿੰਨੇ ਵਿਭਾਗਾਂ ਦੇ ਕਰਮਚਾਰੀ ਸੰਗਠਨਾਂ ਦੀ, 13 ਜੁਲਾਈ 1968 ਨੂੰ ਹੋਈ ਸਾਂਝੀ ਕਨਵੈਨਸ਼ਨ ਵੱਲੋਂ ਦਿੱਤਾ ਗਿਆ ਸੀ। ਜੀਵਨ ਦੀਆਂ ਬੁਨਿਆਦੀ ਲੋੜਾਂ, ਸੁਰੱਖਿਅਤ ਕੰਮ ਹਾਲਤਾਂ, ਸਮਾਜਿਕ ਸੁਰੱਖਿਆ ਅਤੇ ਰੁਜ਼ਗਾਰ ਸਿਕਿਉਰਿਟੀ ਨਾਲ ਜੁੜੀਆਂ, 1957 ਤੋਂ ਲਮਕਦੀਆਂ ਆ ਰਹੀਆਂ ਮੰਗਾਂ ਦੀ ਪੂਰਤੀ ਲਈ ਰੇਲ ਕਾਮਿਆਂ ਨੇ 1960 ’ਚ ਵੀ ਸਫਲ ਹੜਤਾਲ ਕੀਤੀ ਸੀ ਜਿਸ ਨੂੰ ਵੇਲੇ ਦੀ ਨਹਿਰੂ ਸਰਕਾਰ ਨੇ ਜਬਰ ਦੇ ਬਸਤੀਵਾਦੀ ਹਥਿਆਰਾਂ ਦੀ ਵਰਤੋਂ ਕਰਦਿਆਂ ਦਬਾ ਦਿੱਤਾ ਸੀ। ਸ਼੍ਰੀ ਮਤੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ 1968 ਦੀ ਸਰਕਾਰ ਦਾ ਰਵੱਈਆ 1960 ਦੀ ਨਹਿਰੂ ਸਰਕਾਰ ਦੀ ਜਾਬਰ ਪਹੁੰਚ ਤੋਂ ਵੀ ਦੋ ਕਦਮ ਅੱਗੇ ਰਿਹਾ।
ਸੁਖਾਵਾਂ ਮਾਹੌਲ ਸਿਰਜਣ ਲਈ ਕਰਮਚਾਰੀਆਂ ਨਾਲ ਉਨ੍ਹਾਂ ਦੀਆਂ ਮੰਗਾ ਬਾਰੇ ਸਾਰਥਕ ਸੰਵਾਦ ਰਚਾਉਣ ਦੀ ਥਾਂ ਹੜਤਾਲੀ ਕਰਮਚਾਰੀਆਂ ਨੂੰ ਦਹਿਸ਼ਤਜ਼ਦਾ ਕਰਨ ਲਈ ‘ਐਸਮਾ’ ਠੋਕ ਦਿੱਤਾ ਗਿਆ। ਮੁਲਾਜਮਾਂ ਨੇ ਇਨ੍ਹਾਂ ਗਿੱਦੜ ਭੱਬਕੀਆਂ ਨੂੰ ਦਰਕਿਨਾਰ ਕਰਦੇ ਹੋਏ ਐਸੀ ਹੜਤਾਲ ਕੀਤੀ ਜਿਸ ਨੇ ਨਾ ਕੇਵਲ ਰਾਜ ਕਰਦੀ ਪਾਰਟੀ ਬਲਕਿ ਉਸ ਦੇ ‘ਆਕਾਵਾਂ’ ਦੀ ਵੀ ਨੀਂਦ ਹਰਾਮ ਕਰ ਦਿੱਤੀ। ਰੇਲਵੇ, ਡਿਫੈਂਸ ਤੇ ਡਾਕ-ਤਾਰ ਸੇਵਾਵਾਂ ਮੁਕੰਮਲ ਠੱਪ ਕਰ ਦਿੱਤੀਆਂ ਗਈਆਂ। ਸਰਕਾਰ ਹੋਰ ਖੂੰਖਾਰ ਹੋ ਗਈ ਅਤੇ ਦੇਸ਼ ਦੇ ਅਨੇਕਾਂ ਭਾਗਾਂ ਵਿੱਚ ਹੜਤਾਲੀ ਰੇਲ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ’ਤੇ ਗਿਣ-ਮਿਥ ਕੇ ਗੋਲੀਆਂ ਚਲਾਈਆਂ ਗਈਆਂ।
ਪਠਾਨਕੋਟ, ਪੰਜਾਬ ਵਿਖੇ ਵਹਿਸ਼ੀ ਹਕੂਮਤੀ ਹੱਲੇ ਦਾ ਸਭ ਤੋਂ ਘਿਨੌਣਾ ਰੂਪ ਦੇਖਿਆ ਗਿਆ। ਸਰਵ ਸਾਥੀ
ਲਕਸ਼ਮਣ ਸ਼ਾਹ
ਦੇਵ ਰਾਜ
ਰਾਜ ਬਹਾਦੁਰ
ਗੁਰਦੀਪ ਸਿੰਘ
ਗਾਮਾ
(ਚਾਰ ਰੇਲ ਕਰਮਚਾਰੀ ਤੇ ਇੱਕ ਹੜਤਾਲ ਸਮਰਥਕ ਖਾਜਾ ਸਰਾ) ਗੋਲੀਆਂ ਮੂਹਰੇ ਹਿੱਕਾਂ ਤਾਣ ਕੇ ਖੜ ਗਏ ਅਤੇ ਆਨ ਬਾਨ ਸ਼ਾਨ ਨਾਲ ਸ਼ਹੀਦੀ ਜਾਮ ਪੀਤਾ। ਇਸੇ ਗੋਲੀ ਬਾਰੀ ਵਿੱਚ ਸਾਥੀ ਮੰਗਲ ਸਿੰਘ ਉਮਰ ਭਰ ਲਈ ਆਪਾਹਿਜ ਹੋ ਗਏ।
ਇਹ ਸਰਕਾਰੀ ਬਰਬਰਤਾ ਇੱਥੇ ਹੀ ਨਹੀਂ ਰੁਕੀ। ਹੜਤਾਲੀ ਰੇਲ ਕਾਮਿਆਂ ਦੇ ਹਰਮਨ ਪਿਆਰੇ ਆਗੂ ਸਾਥੀ ਨਾਗਰ ਸਿੰਘ ਨੂੰ ਦੇਖਦਿਆਂ ਹੀ ਗੋਲੀ ਮਾਰਨ (ਸ਼ੂਟ ਐਟ ਸਾਈਟ) ਦਾ ਹੁਕਮ ਜਾਰੀ ਕਰ ਦਿੱਤਾ। ਬਰਤਰਫੀਆਂ, ਮੁਅੱਤਲੀਆਂ ਅਤੇ ਹੋਰ ਵਿਭਾਗੀ ਸਜਾਵਾਂ ਦਾ ਹੜ੍ਹ ਲਿਆ ਦਿੱਤਾ ਗਿਆ। 6 ਮਈ 1969 ਨੂੰ ਸਰਕਾਰ ਨੇ ਲੋਕ ਸਭਾ ’ਚ 28488 ਰੇਲ ਕਾਮਿਆਂ ਨੂੰ ਬਰਤਰਫ ਕਰਨ, 4750 ਨੂੰ ਮੁਅੱਤਲ ਕਰਨ ਅਤੇ 3456 ਨੂੰ ਜੇਲ੍ਹੀਂ ਡੱਕਣ ਬਾਰੇ ਆਪ ਮੰਨਿਆ। ਇਸ ਇਤਿਹਾਸਕ ਹੜਤਾਲ ਦੀ ਸੁਚੱਜੀ ਅਗਵਾਈ ਕਰਨ ਵਾਲੇ ਵਾਲਿਆਂ ਸਿਰਮੌਰ ਆਗੂਆਂ ਵਿੱਚ ਸਾਥੀ ਜੋਗਿੰਦਰ ਸਿੰਘ ਅਤੇ ਆਲ ਗੌਰਮਿੰਟ ਇੰਪਲਾਈਜ ਟਰੇਡ ਯੂਨੀਅਨ ਕਾਉਂਸਿਲ ਦੇ ਪ੍ਰਧਾਨ ਸਾਥੀ ਅਮਰਨਾਥ ਦੇ ਨਾਂ ਪ੍ਰਮੁੱਖ ਹਨ। ਇਨ੍ਹਾਂ ਸ਼ਹੀਦਾਂ ਦੀ ਬਰਸੀ ਹਰ ਸਾਲ ਪਠਾਨਕੋਟ ਵਿਖੇ ਇਨਕਲਾਬੀ ਭਾਵਨਾਵਾਂ ਨਾਲ ਮਨਾਈ ਜਾਂਦੀ ਹੈ ਜਿੱਥੇ ਵਿਛੜੇ ਆਗੂਆਂ ਦੀਆਂ ਘਾਲਣਾਵਾਂ ਸਾਹਵੇਂ ਵੀ ਸਿਜਦਾ ਕੀਤਾ ਜਾਂਦਾ ਹੈ।

Scroll To Top