ਤਰਨ ਤਾਰਨ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਕਾਈ ਪਿੱਦੀ ਦੀ ਮੀਟਿੰਗ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਸਭਾ ਦੇ ਸਾਬਕਾ ਸੂਬਾਈ ਪ੍ਰੈੱਸ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ‘ਚ ਆਈ ਸਰਕਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਚੱਕੀ ਵਿੱਚ ਪੀਸਿਆਂ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਨੇ ਵੀ ਆਪਣੇ ਚੋਣ ਵਾਅਦੇ ਦੌਰਾਨ ਹਰ ਇੱਕ ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ, ਬੇਰੁਜ਼ਗਾਰੀ ਭੱਤਾ ਢਾਈ ਹਜ਼ਾਰ ਰੁਪਏ, ਲੜਕੀਆਂ ਲਈ ਪੀ ਐਚ ਡੀ ਤੱਕ ਦੀ ਮੁਫ਼ਤ ਵਿੱਦਿਆ ਅਤੇ ਨਸ਼ਿਆਂ ਨੂੰ ਚਾਰ ਹਫ਼ਤੇ ਵਿੱਚ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਸਾਥੀ ਪੰਡੋਰੀ ਨੇ ਕਿਹਾ ਕਿ ਨਸ਼ੇ ਬੰਦ ਨਹੀਂ ਹੋ ਰਹੇ ਸਗੋਂ ਹੋਰ ਮਹਿੰਗੇ ਹੋ ਰਹੇ ਹਨ, ਨਸ਼ਿਆਂ ਨਾਲ ਨੌਜਵਾਨ ਰੋਜ਼ਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਜ਼ਿੰਮੇਵਾਰ ਹਾਕਮ ਸਰਕਾਰ ਪੁਲੀਸ ਅਤੇ ਨਸ਼ੇ ਦੇ ਵੱਡੇ ਵੱਡੇ ਵਪਾਰੀ ਸਮੱਗਲਰ ਤਿੱਕੜੀ ਹੀ ਜੁੰਮੇਵਾਰ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਰੁਜ਼ਗਾਰ ਦੀ ਪ੍ਰਾਪਤੀ ਲਈ ਤਿੱਖਾ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਮੀਟਿੰਗ ਨੂੰ ਦਵਿੰਦਰ ਸਿੰਘ, ਰਣਜੋਤ ਸਿੰਘ, ਛਿੰਦਾ ਸਿੰਘ, ਸਵਿੰਦਰ ਸਿੰਘ, ਰਣਜੀਤ ਸਿੰਘ ਨੇ ਵੀ ਸੰਬੋਧਨ ਕੀਤਾ।