ਪ੍ਰੋ. ਸੁਰਿੰਦਰ ਕੌਰ ਜੈਪਾਲ
ਲੋਕਤੰਤਰ ਦੀਆਂ ਖੁੱਲ੍ਹੀਆਂ-ਡੁੱਲ੍ਹੀਆਂ ਸੜਕਾਂ ਤੋਂ ਭਾਰਤੀ ਨਾਗਰਿਕ ਫਾਸ਼ੀਵਾਦ ਦੀਆਂ ਬਦਬੂਦਾਰ, ਖਤਰਨਾਕ ਗਲੀਆਂ ਵੱਲ ਧੱਕੇ ਜਾ ਰਹੇ ਹਨ। ਲੇਖਕਾਂ, ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਰੰਗਕਰਮੀਆਂ ਤੇ ਆਮ ਆਵਾਮ ਲਈ ਬਹੁਤ ਮੁਸ਼ਕਲ ਸਮਾਂ ਹੈ। ਵਿਕਾਸ ਦੇ ਨਾਂ ‘ਤੇ ਦੇਸ਼ ਦਾ ਵਿਨਾਸ਼ ਹੋ ਰਿਹਾ ਹੈ।
ਇਸਤਰੀਆਂ ਦੀ ਵਧਦੀ ਜਾਗਰੂਕਤਾ ਅਤੇ ਹਰ ਖੇਤਰ ਵਿੱਚ ਸਮਾਨ ਅਧਿਕਾਰਾਂ ਦੀ ਪ੍ਰਾਪਤੀ ਲਈ ਉਨ੍ਹਾਂ ਦੇ ਸੰਘਰਸ਼ ਵੈਸੇ ਤਾਂ ਸੰਸਾਰ ਦੇ ਹਰ ਫਿਰਕੂ-ਫਾਸ਼ੀ ਸੰਗਠਨ ਨੂੰ ਜ਼ਹਿਰ ਵਾਂਗ ਲਗਦੇ ਹਨ। ਪਰ ਭਾਰਤ ਦੇ ਆਰ ਐਸ ਐਸ ਦੀ ਅਗਵਾਈ ਵਾਲੇ ਅਰਾਜਕਤਾਵਾਦੀ ਹਿੰਦੂਤਵੀ ਸੰਗਠਨ (ਸੰਘ ਪਰਿਵਾਰ) ਦੀ ਭੂਮਿਕਾ ਇਸ ਪੱਖੋਂ ਜ਼ਿਆਦਾ ਖਤਰਨਾਕ ਹਨ। ਆਰਐਸਐਸ ਦੇ ਅੰਤਮ ਨਿਸ਼ਾਨੇ ‘ਹਿੰਦੂ ਰਾਸ਼ਟਰ’, ਜਿਸ ਦੀ ਕਾਇਮੀ ਲਈ ਉਹ 1925 ਤੋਂ ਲੱਗਿਆ ਹੋਇਆ ਹੈ, ਦਾ ਮੁੱਖ ਸਤੰਭ ‘ਮਨੂੰ ਸਿਮਰਤੀ’ ਵਿੱਚ ਦਰਜ ਜਾਤੀ ਵੰਡ ਅਤੇ ਪਿੱਤਰਸੱਤਾ ਹੈ। ਚੇਤੇ ਰਹੇ, ਮਨੂੰ ਸਿਮਰਤੀ ਕੇਵਲ ਧਰਤੀ ਦੇ ਜਾਏ ਸ਼ੂਦਰਾਂ ਨੂੰ ਹੀ ਨਹੀਂ ਬਲਕਿ ਹਰ ਵਰਗ, ਹਰ ਧਰਮ ਦੀਆਂ ਇਸਤਰੀਆਂ ਨੂੰ ਵੀ ਗੁਲਾਮ ਬਣਾ ਕੇ ਰੱਖਣ ਦੀ ਪੈਰਵੀ ਕਰਦਾ ਦਸਤਾਵੇਜ਼ ਹੈ। ਭਾਰਤੀ ਜਨ ਮਾਨਸ, ਜਾਣੇ-ਅਣਜਾਣੇ, ਮਨੂੰ ਸਿਮਰਤੀ ਵਿੱਚ ਦਰਜ ਇਸਤਰੀਆਂ ਨੂੰ ਦਾਸੀ ਸਮਝਣ ਦੀ ਲਾਹਣਤੀ ਪ੍ਰਵਿਰਤੀ ਦੇ ਦੁਰ ਪ੍ਰਭਾਵ ਦਾ ਸ਼ਿਕਾਰ ਹੈ।
ਕੇਂਦਰੀ ਸ਼ਾਸਤ ਪ੍ਰਦੇਸ਼ ਲਕਸ਼ਦੀਪ ਜੋ ਕੇਰਲਾ ਤੋਂ ਅਰਬ ਸਾਗਰ ਵਿਚ 200 ਤੋਂ 450 ਕਿਲੋਮੀਟਰ ਤਕ 36 ਟਾਪੂਆਂ ਦਾ ਸਮੂਹ ਹੈ ਤੇ ਇਹ ਸਾਰੇ ਟਾਪੂ ਕੁਦਰਤ ਦੀ ਅਸੀਮ ਸੁੰਦਰਤਾ ਦਾ ਪ੍ਰਗਟਾਵਾ ਕਰਦੇ ਹਨ। ਪਰੰਤੂ ਆਰਐੱਸਐੱਸ ਦੇ ਕੈਰੀ ਅੱਖ ਰੱਖਣ ਵਾਲੇ ਆਗੂ ਅਜਿਹੀ ਸੁੰਦਰਤਾ ਨਾਲ ਮੁੱਢੋਂ ਵੈਰ ਪਾਲਦੇ ਆਏ ਹਨ। ਦਸੰਬਰ 2020 ਵਿੱਚ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦਾ ਪ੍ਰਬੰਧਕ ਆਰਐੱਸਐੱਸ ਦਾ ਪੜ੍ਹਿਆ ਤੇ ਮੋਦੀ ਦੇ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਉਸ ਦਾ ਇਕ ਛੋਟਾ ਮੰਤਰੀ ਰਿਹਾ ਪ੍ਰਫੁੱਲ ਖੋਡਾ ਪਟੇਲ ਥਾਪਿਆ ਗਿਆ। ਉਸ ਨੇ ਆਉਣ ਸਾਰ ਹੀ ਆਪਣਾ ਨਾਗਪੁਰੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਲਕਸ਼ਦੀਪ ਦੇ ਸਾਰੇ ਟਾਪੂਆਂ ਵਿਚ ਪਿਛਲੇ ਸਾਲ ਕੋਰੋਨਾ ਬਿਮਾਰੀ ਲਗਭਗ ਬਿਲਕੁਲ ਵੀ ਨਹੀਂ ਸੀ। ਇਸ ਨੇ ਆਉਂਦੇ ਸਾਰ ਬਾਕੀ ਦੇਸ਼ ਦੇ ਹਿੱਸਿਆਂ ਤੋਂ ਜਾਣ ਵਾਲੇ ਲੋਕਾਂ ਲਈ ਉਸ ਵਕਤ ਲਾਗੂ ਕੀਤੇ ਲਾਜ਼ਮੀ ਇਕਾਂਤਵਾਸ ਦੇ ਕਦਮਾਂ ਨੂੰ ਵਾਪਸ ਲੈ ਲਿਆ। ਨਤੀਜੇ ਵਜੋਂ ਉਥੋਂ ਦੇ ਲੋਕ ਕੋਰੋਨਾ ਮਹਾਂਮਾਰੀ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਗਏ। ਇਥੇ ਥੋੜ੍ਹੇ ਹੀ ਸਮੇਂ ਵਿੱਚ 6612 ਕਰੋਨਾ ਪਾਜ਼ੇਟਿਵ ਕੇਸ ਸਿਰਫ 22 ਮਈ ਤੱਕ ਹੋ ਗਏ ਤੇ ਉਥੋਂ ਦਾ ਕਰੋਨਾ ਪਾਜ਼ੀਟੀਵਿਟੀ ਰੇਟ ਦੇਸ਼ ਵਿੱਚ ਸਭ ਤੋਂ ਵੱਧ ਹੋ ਗਿਆ। ਇਸ ਨੇ ਉੱਥੇ ਤਿੰਨ ਰੈਗੂਲੇਸ਼ਨ ਪਾਸ ਕਰਕੇ ਕੇਂਦਰ ਨੂੰ ਪ੍ਰਵਾਨਗੀ ਲਈ ਭੇਜ ਦਿੱਤੇ ਤੇ ਇਹ ਤਿੰਨੋਂ ਹੀ ਉਥੋਂ ਦੇ ਨਿਵੇਕਲੇ ਸੱਭਿਆਚਾਰ ਅਤੇ ਰਵਾਇਤਾਂ ਨੁੰ ਮਲੀਆਮੇਟ ਕਰਨ ਵਾਲੇ ਹਨ। ਗੈਰ ਸਮਾਜੀ ਗਤੀਵਿਧੀਆਂ ਰੋਕੂ ਰੈਗੂਲੇਸ਼ਨ 2021, ਜਿਸ ਨੂੰ ਆਮ ਭਾਸ਼ਾ ਵਿੱਚ ਗੁੰਡਾ ਐਕਟ ਕਿਹਾ ਜਾਂਦਾ ਹੈ, ਚਾਹੇ ਹੋਰ ਵੀ ਕਈ ਸੂਬਿਆਂ ਵਿੱਚ ਲਾਗੂ ਹੈ, ਪ੍ਰੰਤੂ ਇੱਥੇ ਇਸ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਦੇਸ਼ ਦੇ ਕੌਮੀ ਅਪਰਾਧ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ ਇੱਥੇ ਅਪਰਾਧਾਂ ਦੀ ਗਿਣਤੀ ਪ੍ਰਤੀ ਲੱਖ ਆਬਾਦੀ ਦੇ ਹਿਸਾਬ ਨਾਲ ਦੇਸ਼ ਦੇ ਬਾਕੀ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚੋਂ ਸਭ ਤੋਂ ਥੱਲੇ ਹੈ।
ਇੱਥੇ 2017 ‘ਚ ਕੇਵਲ 121, 2018 ‘ਚ 86, 2019 ‘ਚ 186 ਅਤੇ 2020 ‘ਚ ਸਿਰਫ 89 ਅਪਰਾਧਕ ਮਾਮਲੇ ਦਰਜ ਕੀਤੇ ਗਏ।
ਪ੍ਰਬੰਧਕ ਪ੍ਰਫੁੱਲ ਪਟੇਲ ਨੇ ਦੂਸਰਾ ਰੈਗੂਲੇਸ਼ਨ ‘ਪਸ਼ੂ ਸੁਰੱਖਿਆ ਰੈਗੂਲੇਸ਼ਨ’ ਪਾਸ ਕੀਤਾ ਹੈ ਜਿਸ ਅਨੁਸਾਰ ਗਊਆਂ, ਬਲਦਾਂ, ਵੱਛਿਆਂ ਤੇ ਸਾਨ੍ਹਾਂ ਦਾ ਕਿਸੇ ਵੀ ਤਰ੍ਹਾਂ ਦੇ ਮਾਸ ਖਾਣ, ਲਿਜਾਣ, ਵੇਚਣ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਲਕਸ਼ਦੀਪ ਦੀ ਲਗਪਗ 70000 ਕੁੱਲ ਆਬਾਦੀ ਵਿੱਚੋਂ 96.5% ਪ੍ਰਤੀਸ਼ਤ ਮੁਸਲਮਾਨ ਹਨ ਤੇ ਉਨ੍ਹਾਂ ਦੀ ਖੁਰਾਕ ਵਿੱਚ ਗਊ ਮਾਸ ਸ਼ਾਮਿਲ ਹੁੰਦਾ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੇਵਲ ਮੁਸਲਮਾਨ ਹੀ ਗਊ ਮਾਸ ਦਾ ਸੇਵਨ ਨਹੀਂ ਕਰਦੇ ਬਲਕਿ ਦੇਸ਼ ਦੇ ਸਭਨਾਂ ਹਿੱਸਿਆਂ, ਵਿਸ਼ੇਸ਼ ਕਰਕੇ ਦੱਖਣੀ ਸੂਬਿਆਂ ਵਿਚ ਇਹ ਹਿੰਦੂਆਂ ਦੀ ਖੁਰਾਕ ਦਾ ਵੀ ਮੁੱਖ ਹਿੱਸਾ ਹੈ। ਇੰਨ੍ਹਾਂ ਖੇਤਰਾਂ ਵਿਚ ਭਾਜਪਾ ਨੇ ਗਊਮਾਸ ‘ਤੇ ਪਾਬੰਦੀ ਦੀ ਤਾਂ ਕੀ ਗੱਲ ਕਰਨੀ ਸੀ, ਸਗੋਂ ਕੇਰਲਾ ਚੋਣਾਂ ਜਿੱਤਣ ਲਈ ਉਚ ਕੁਆਲਟੀ ਦਾ ਗਊ ਮਾਸ ਉਪਲੱਭਧ ਕਰਵਾਉਣ ਦਾ ਚੋਣ ਵਾਅਦਾ ਵੀ ਕੀਤਾ ਸੀ। ਦੇਸ਼ ਦੇ ਉੱਤਰ-ਪੂਰਬੀ ਸੂਬੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਹਨ ਉੱਥੇ ਵੀ ਇਸ ਕਿਸਮ ਦੀ ਕੋਈ ਪਾਬੰਦੀ ਨਹੀਂ। ਜ਼ਾਹਿਰ ਹੈ, ਲਕਸ਼ਦੀਪ ‘ਚ ਗਊ ਮਾਸ ਤੇ ਪਾਬੰਦੀ ਲਾਉਣੀ ਫ਼ਿਰਕੂ ਨਜ਼ਰੀਏ ਤੋਂ ਚੁੱਕਿਆ ਗਿਆ ਕਦਮ ਹੈ ਜਿਸ ਦਾ ਪੂਰਨ ਵਿਰੋਧ ਹੋ ਰਿਹਾ ਹੈ। ਤੀਸਰਾ ਰੈਗੂਲੇਸ਼ਨ ਉਸਨੇ ਪੰਚਾਇਤਾਂ ਬਾਰੇ ਪਾਸ ਕੀਤਾ ਹੈ। ਉਸ ਮੁਤਾਬਕ ਜੋ ਵੀ ਵਿਅਕਤੀ ਪੰਚਾਇਤ ਮੈਂਬਰ ਚੁਣਿਆ ਜਾ ਚੁੱਕਾ ਹੈ ਤੇ ਜਿਸ ਦੇ ਦੋ ਤੋਂ ਜ਼ਿਆਦਾ ਬੱਚੇ ਹਨ, ਉਹ ਆਪਣੀ ਮੈਂਬਰੀ ਤੋਂ ਹੱਥ ਧੋ ਲਵੇਗਾ। ਇਹ ਵੀ ਫ਼ਿਰਕੂ ਪੱਖ ਤੋਂ ਚੁੱਕਿਆ ਗਿਆ ਕਦਮ ਹੈ। ਉਸ ਨੇ ਸ਼ਰਾਬਬੰਦੀ ਤੋਂ ਪਾਬੰਦੀ ਖ਼ਤਮ ਕਰ ਕੇ ਸ਼ਰਾਬ ਦੀ ਖੁੱਲ੍ਹੀ ਵਿਕਰੀ ਦੀ ਆਗਿਆ ਦੇ ਦਿੱਤੀ ਹੈ ਤੇ ਉਸ ਪਿੱਛੇ ਦਲੀਲ ਹੈ ਉਹ ਕਿ ਉਹ ਸੈਲਾਨੀਆਂ ਨੂੰ ਖਿੱਚਣਾ ਚਾਹੁੰਦੇ ਹਨ ਜਦ ਕਿ ਬਾਹਰਲੇ ਦੇਸ਼ਾਂ ਦੇ ਬਹੁਤੇ ਸੈਲਾਨੀ ਗਊ ਮਾਸ ਵੀ ਬਹੁਤ ਪਸੰਦ ਕਰਦੇ ਹਨ ਤਾਂ ਫਿਰ ਗਊ ਮਾਸ ਤੇ ਪਾਬੰਦੀ ਤਾਂ ਬਿਲਕੁਲ ਹੀ ਨਹੀਂ ਲੱਗਣੀ ਚਾਹੀਦੀ। ਇਸ ਲਈ ਇਹ ਦਲੀਲਾਂ ਥੋਥੀਆਂ ਹਨ। ਇਨ੍ਹਾਂ ਕਾਨੂੰਨਾਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਵੀ ਕਰ ਦਿੱਤਾ ਹੈ। ਉੱਥੋਂ ਦੀ ਮਸ਼ਹੂਰ ਫਿਲਮ ਕਲਾਕਾਰ ਆਇਸ਼ਾ ਸੁਲਤਾਨਾ, ਜਿਸ ਨੇ ਇਨ੍ਹਾਂ ਫਿਰਕੂ ਕਦਮਾਂ ਵਿਰੁੱਧ ਆਵਾਜ਼ ਬੁਲੰਦ ਕੀਤੀ, ਦੇ ਖਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਦਰਅਸਲ ਉਸ ਨੇ ਕਿਸੇ ਟੀਵੀ ਇੰਟਰਵਿਊ ਦੌਰਾਨ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮਿਸਟਰ ਪਟੇਲ ਨੂੰ ਜੈਵਿਕ ਹਥਿਆਰ ਦਾ ਨਾਂ ਦਿੱਤਾ ਸੀ ਕਿਉਂਕਿ ਉਸ ਦੇ ਕਾਰਿਆਂ ਨਾਲ ਲਕਸ਼ਦੀਪ ਵਿਖੇ ਤੇਜ਼ੀ ਨਾਲ ਕੋਰੋਨਾ ਵਾਇਰਸ ਫੈਲ ਰਿਹਾ ਹੈ। ਇਸ ਤੋਂ ਬੁਖਲਾ ਕੇ ਬੀਜੇਪੀ ਦੇ ਪ੍ਰਧਾਨ ਨੇ ਉਸ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਹਾਲਾਂਕਿ ਕੇਰਲਾ ਦੀ ਹਾਈ ਕੋਰਟ ਨੇ ਉਸ ਨੂੰ ਗ੍ਰਿਫਤਾਰੀ ਤੋਂ ਅਗਾਊਂ ਜਮਾਨਤ ਦੇ ਦਿੱਤੀ ਹੈ। ਆਇਸ਼ਾ ਨੇ ਕਿਹਾ ਹੈ ਕਿ ਉਹ ਲਕਸ਼ਦੀਪ ਦੀ ਸਭਿਆਚਾਰਕ ਵੰਨ ਸੁਵੰਨਤਾ, ਲੋਕਾਂ ਦੇ ਧਾਰਮਿਕ ਵਿਸ਼ਵਾਸ਼, ਖਾਣ-ਪਹਿਨਣ ਤੇ ਵਿੱਚਰਣ ਦੇ ਅਧਿਕਾਰਾਂ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ। ਇੱਥੋਂ ਦੀਆਂ ਅੱਡ 2 ਪਾਰਟੀਆਂ ਨੇ ਵੀ ਇਨ੍ਹਾਂ ਕਦਮਾਂ ਦਾ ਡਟਵਾਂ ਵਿਰੋਧ ਕੀਤਾ ਹੈ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪ੍ਰਬੰਧਕ ਨੂੰ ਵਾਪਸ ਬੁਲਾਇਆ ਜਾਵੇ। ਰਵਾਇਤ ਅਨੁਸਾਰ ਕੋਈ ਰਾਜਨੀਤਕ ਵਿਅਕਤੀ ਕਦੀ ਵੀ ਇੱਥੋਂ ਦਾ ਪ੍ਰਬੰਧਕ ਨਹੀਂ ਰਿਹਾ। ਬਲਕਿ ਚੋਣਵੇਂ ਨੌਕਰਸ਼ਾਹ ਹੀ ਇੱਥੋਂ ਦੇ ਪ੍ਰਬੰਧਕ ਬਣਦੇ ਰਹੇ ਹਨ। ਕੇਰਲਾ ਦੀ ਅਸੈਂਬਲੀ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਹੈ ਕਿ ਪਟੇਲ ਨੂੰ ਵਾਪਸ ਬੁਲਾਇਆ ਜਾਵੇ। ਜ਼ਿਕਰਯੋਗ ਹੈ ਕਿ ਲਕਸ਼ਦੀਪ ਵਿਖੇ 97% ਅਨੋਖੇ ਤੇ ਬੇਸ਼ਕੀਮਤੀ ਜੰਗਲ ਹਨ ਜਿਨ੍ਹਾਂ ‘ਤੇ ਕਾਰਪੋਰੇਟ ਘਰਾਣਿਆਂ ਦੀ ਬਾਜ਼ ਅੱਖ ਹੈ। ਇਨ੍ਹਾਂ ਜੰਗਲਾਂ ਦੀ ਕਟਾਈ ਰਾਹੀਂ ਕਾਰਪੋਰੇਟਾਂ ਦੇ ਵਾਰੇ-ਨਿਆਰੇ ਕਰਨ ਲਈ ਹੀ ਪ੍ਰਫੁੱਲ ਪਟੇਲ ਨੂੰ ਭੇਜਿਆ ਗਿਆ ਹੈ।
ਕੁੱਝ ਲੋਕਾਂ ਨੂੰ ਲਗਦਾ ਹੋਵੇਗਾ ਕਿ ਆਇਸ਼ਾ ਨੂੰ ਸ਼ਾਇਦ ਮੁਸਲਮਾਨ ਹੋਣ ਕਰਕੇ ਜਿੱਚ ਕੀਤਾ ਜਾ ਰਿਹਾ ਹੈ। ਇਹ ਭਰਮ ਫੌਰੀ ਦੂਰ ਹੋ ਜਾਣਾ ਚਾਹੀਦਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ), ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ), ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ (ਜੇਐਮਆਈ) ਅਤੇ ਦਿੱਲੀ ਦੇ ਗਾਰਗੀ ਕਾਲਜ ਦੀਆਂ ਵਿੱਦਿਆਰਥਣਾਂ ਅਤੇ ਉਸਤਾਨੀਆਂ ਤੇ ਦੇਸ਼ ਦੀਆਂ ਬਰਖਾ ਦੱਤ ਜਿਹੀਆਂ ਨਾਮਵਰ ਪੱਤਰਕਾਰ ਬੀਬੀਆਂ, ਸਰਕਾਰ ਦੀ ਨੁਕਤਾਚੀਨੀ ਕਰਨ ਵਾਲੀਆਂ ਸਮਾਜਿਕ ਅਤੇ ਸਿਆਸੀ ਕਾਰਕੁੰਨਾਂ ਖਿਲਾਫ਼ ਜਿਸ ਕਿਸਮ ਦੀ ਇਖਲਾਕ ਤੋਂ ਗਿਰੀ ਭਾਸ਼ਾ ਵਿੱਚ ਸ਼ਬਦੀ ਹਮਲੇ ਅਤੇ ਕੁੱਟ ਮਾਰ ਇੱਥੋਂ ਤੱਕ ਕਿ ਕਤਲ ਵੀ ਕੀਤੇ ਜਾਂਦੇ ਹਨ, ਉਹਨਾਂ ਦੀ ਬਹੁਗਿਣਤੀ ਹਿੰਦੂ ਧਰਮ ਨਾਲ ਸਬੰਧਤ ਹੈ। ਉੱਤਰ ਪ੍ਰਦੇਸ਼ ਵਿਖੇ ਇਸਤਰੀਆਂ ਖਿਲਾਫ਼ ਹੋਣ ਵਾਲੇ ਘਿਰਣਾ ਜਨਕ ਅਪਰਾਧਾਂ ਦੀਆਂ ਸ਼ਿਕਾਰ ਇਸਤਰੀਆਂ ਵਿੱਚੋਂ ਵੀ ਭਾਰੀ ਬਹੁ ਗਿਣਤੀ ਹਿੰਦੂ ਭਾਈਚਾਰੇ ਦੀਆਂ ਧੀਆਂ ਹਨ।
ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ, ਮੋਦੀ ਸਰਕਾਰ ਦੀ ਘੋਰ ਸੰਵੇਦਨਹੀਨਤਾ ਚੋਂ ਉਪਜੀ ਨਾਅਹਿਲੀ ਕਰਕੇ, ਜਦੋਂ ਲਾਸ਼ਾਂ ਤੱਕ ਦੀ ਬੇਹੁਰਮਤੀ ਹੋਣ ਲੱਗੀ ਤਾਂ ਗੁਜਰਾਤ ਦੀ ਪਾਰੂਲ ਖੱਖਰ ਨਾਂ ਦੀ ਕਵਿੱਤਰੀ ਨੇ “ਸ਼ਵ ਵਾਹਿਨੀ ਗੰਗਾ” ਨਾਂ ਦੀ ਦਰਦਨਾਕ ਕਵਿਤਾ ਲਿਖੀ। ਇਸ ਕਵਿਤਾ ਦਾ ਅਨੇਕਾਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ। ਇਸ ਤੋਂ ਚਿੜ ਕੇ ਮੋਦੀ ਦੇ ਸਰਪ੍ਰਸਤ ਆਰਐਸਐਸ ਦੇ ਬਗਲ ਬੱਚੇ, ਅਖੌਤੀ ਸਾਹਿਤਕ ਸੰਗਠਨਾਂ ਨੇ ਪਾਰੂਲ ਖਿਲਾਫ਼ ਜੋ ਗੰਦ ਬਕਿਆ ਉਸ ਨੂੰ ਬਿਆਨ ਕਰਨ ਦੀ, ਜਮੀਰਵਾਨ ਵਿਅਕਤੀਆਂ ਦੀ ਨਾ ਅੰਤਰ ਆਤਮਾ ਆਗਿਆ ਦਿੰਦੀ ਹੈ ਤੇ ਨਾ ਹੀ ਜੀਭ ਉਲਟਦੀ ਹੈ।
ਬੀਜੇਪੀ ਦੇ ਸ਼ਰ੍ਹੇਆਮ ਐਲਾਨੇ ਏਜੰਡੇ ਤਹਿਤ ਲੋਕਾਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਤੋਂ ਉਖਾੜਿਆ ਜਾ ਰਿਹਾ ਹੈ, ਜ਼ਿੰਦਗੀ ਦੇ ਵੰਨ-ਸੁਵੰਨੇ ਰੰਗ ਖੁਰ ਰਹੇ ਹਨ। ਜਲ, ਜੰਗਲ, ਜ਼ਮੀਨ ਨੂੰ ਕਾਰਪੋਰੇਟਾਂ ਦੇ ਕਬਜ਼ੇ ਹੇਠ ਲਿਆਉਣ ਲਈ ਧਿੰਗੋਜ਼ੋਰੀ ਕਨੂੰਨ ਬਣਾਏ ਜਾ ਰਹੇ ਹਨ ਤੇ ਕਾਰਪੋਰੇਟਾਂ ਨੂੰ ਲੋਕਾਂ ਦੀ ਅੱਧ-ਪਚੱਧੀ ਰੋਟੀ ਅਤੇ ਖਾਣ ਦੇ ਅੰਦਾਜ਼ ਦੀ ਹਿੱਕ ਤੇ ਬਿਠਾਉਣ ਲਈ ਬੀਜੇਪੀ ਦੀ ਕੇਂਦਰੀ ਸਰਕਾਰ ਹਰ ਹਰਬਾ ਵਰਤ ਰਹੀ ਹੈ ।
ਕੇਰਲਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਉਪਰੰਤ ਆਇਸ਼ਾ ਸੁਲਤਾਨਾ ਨੇ ਬੜੇ ਸਵੈ ਵਿਸ਼ਵਾਸ਼ ਨਾਲ ਕਿਹਾ ਹੈ ਕਿ ਰੌਸ਼ਨ ਜ਼ਮੀਰ ਵਾਲੇ ਲੋਕ ਸਰਕਾਰੀ ਸੋਧਾਂ ਵਿਚ ਲਪੇਟੀ ਤਬਾਹੀ ਤੋਂ ਕੁਦਰਤ ਅਤੇ ਕੁਦਰਤ ਤੋਂ ਕੁਰਬਾਨ ਜਾਣ ਵਾਲੇ ਲੋਕਾਂ ਨੂੰ ਬਚਾ ਲੈਣਗੇ। ਉਹ ਜਾਣਦੀ ਹੈ ਕਿ ਡਰੀ ਹੋਈ ਕੌਮ ਨੂੰ ਤਾਂ ਬੋਲਣ ਦਾ ਸੁਪਨਾ ਵੀ ਨਹੀਂ ਆਉਂਦਾ । ਕਵੀ ਪਾਸ਼ ਦੀ ਕਵਿਤਾ ‘ਸਭ ਤੋਂ ਖ਼ਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ‘ਆਇਸ਼ਾ ਸੁਲਤਾਨਾ, ਪਾਰੂਲ ਖੱਖਰ, ਨਤਾਸ਼ਾ ਨਰਵਾਲ, ਦੇਵਾਂਗਣਾ ਕਾਲਿਤਾ, ਸਫੂਰਾ ਜਰਗਰ ਅਤੇ ਹੋਰ ਅਨੇਕਾਂ ਸਮਾਜਿਕ ਕਾਰਕੁਨਾਂ, ਲੇਖਕਾਂ, ਬੁੱਧੀਜੀਵੀਆਂ ਵਿੱਚ ਜਿਊਂਦੀ ਹੈ । ਹੱਕੀ ਅਵਾਜ਼ਾਂ ਦਮਨਕਾਰੀ ਸਰਕਾਰਾਂ ਨੂੰ ਆਪਣੀ ਸ਼ਕਲ ਵੇਖਣ ਲਈ ਸ਼ੀਸ਼ਾ ਵਿਖਾਉਂਦੀਆਂ ਹਨ। ਪਰ ਲੋਕ- ਵਿਰੋਧੀ ਫਾਸ਼ੀਵਾਦੀ ਸਰਕਾਰਾਂ ਸ਼ੀਸ਼ਿਆਂ ਤੇ ਦੋਸ ਮੜ੍ਰਦੀਆਂ ਹਨ ਤੇ ਵਿਖਾਉਣ ਵਾਲਿਆਂ ਦੇ ਪੈਰਾਂ ਹੇਠ ਅੰਗਿਆਰ ਵਿਛਾਉਂਦੀਆਂ ਹਨ। ਸ਼ਾਇਦ ਅਜਿਹੇ ਲੋਕਾਂ ਲਈ ਮਹਾਨ ਸ਼ਾਇਰ ਗਾਲਿਬ ਲਿਖਦਾ ਹੈ :-
“ਉਮਰ ਭਰ ਯਹੀ ਭੂਲ ਕਰਤਾ ਰਹਾ ਗ਼ਾਲ਼ਿਬ
ਧੂਲ ਚਿਹਰੇ ਪੇ ਥੀ ,
ਔਰ ਆਈਨਾ ਸਾਫ਼ ਕਰਤਾ ਰਹਾ।”
“ਧੂਲ ਚਿਹਰੇ ਪੇ ਥੀ….”