/* SC_TH_END:4.3.24:fc0ffc30 */ ਦਿਹਾਤੀ ਮਜ਼ਦੂਰ ਸਭਾ ਵੱਲੋਂ ਰੋਸ ਧਰਨਾ – Sangrami Lehar
Now Reading
ਦਿਹਾਤੀ ਮਜ਼ਦੂਰ ਸਭਾ ਵੱਲੋਂ ਰੋਸ ਧਰਨਾ

ਦਿਹਾਤੀ ਮਜ਼ਦੂਰ ਸਭਾ ਵੱਲੋਂ ਰੋਸ ਧਰਨਾ

ਸ੍ਰੀ ਮੁਕਤਸਰ ਸਾਹਿਬ – ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਪੰਜਾਬ ਭਰ ਵਿਚ ਮਾਰੇ ਜਾ ਰਹੇ ਧਰਨਿਆਂ ਦੀ ਕੜੀ ਤਹਿਤ ਮੰਡੀ ਲੱਖੇਵਾਲੀ ਤਹਿਸੀਲ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਵੱਡੀ ਗਿਣਤੀ ‘ਚ ਮਜ਼ਦੂਰਾਂ ਨੇ ਹਿੱਸਾ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਵਿੱਤ ਸਕੱਤਰ ਜਸਵਿੰਦਰ ਸਿੰਘ ਸੰਗੂਧੌਣ, ਜ਼ਿਲ੍ਹਾ ਆਗੂ ਕਰਮ ਸਿੰਘ ਮਦਰੱਸਾ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਮਜ਼ਦੂਰ ਮੰਗਾਂ ਪ੍ਰਤੀ ਅਪਨਾਈ ਬੇਰੁਖੀ ਦੀ ਜ਼ੋਰਦਾਰ ਨਿੰਦਾ ਕੀਤੀ। ਉਹਨਾਂ ਕਿਹਾ ਕਿ ਚੋਣਾਂ ਸਮੇਂ ਲਾਰਿਆਂ ਲੱਪਿਆਂ ਤੇ ਝੂਠੇ ਵਾਅਦੇ ਕਰਕੇ ਸੱਤਾ ‘ਤੇ ਬਿਰਾਜਮਾਨ ਹੋਈ ਇਸ ਸਰਕਾਰ ਨੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੀ ਗੱਲ ਠੰਡੇ ਬਸਤੇ ਵਿਚ ਪਾ ਦਿੱਤੀ ਗਈ ਅਤੇ ਪਹਿਲਾਂ ਚੱਲਦੀਆਂ ਭਲਾਈ ਸਕੀਮਾਂ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਗਿਆ ਹੈ। ਆਟਾ-ਦਾਲ ਸਕੀਮ 6 ਮਹੀਨੇ ਤੋਂ ਬੰਦ ਪਈ ਹੈ, ਨਰੇਗਾ ਅਧੀਨ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਅਤੇ ਜਿਥੇ ਥੋੜਾ ਬਹੁਤਾ ਕੰਮ ਦਿੱਤਾ ਗਿਆ, ਉਥੇ ਨਰੇਗਾ ਮਜ਼ਦੂਰਾਂ ਨੂੰ ਕੀਤੇ ਗਏ ਕੰਮਾਂ ਦਾ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ। ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨਾਂ ‘ਚ ਨਾ ਹੀ ਵਾਧਾ ਕੀਤਾ ਗਿਆ ਤੇ ਨਾ ਹੀ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਦੂਸਰੀਆਂ ਸੰਘਰਸ਼ਸ਼ੀਲ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਸਾਂਝਾ ਮੋਰਚਾ ਬਣਾ ਕੇ ਵੱਡੇ ਰੂਪ ‘ਚ ਸੰਘਰਸ਼ ਚਲਾਇਆ ਜਾਵੇਗਾ। ਉਹਨਾਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਅਲਾਟ ਕੀਤੇ ਜਾਣ, ਪੰਚਾਇਤਾਂ ਤੋਂ ਮਤੇ ਪੁਆਉਣ ਦੀ ਜੁੰਮੇਵਾਰੀ ਸਰਕਾਰ ਖੁੱਦ ਲਵੇ, ਮਕਾਨ ਬਨਾਉਣ ਲਈ ਤਿੰਨ ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ, ਬੁਢਾਭਾ, ਵਿਧਵਾ ਤੇ ਅੰਗਹੀਣ ਪੈਨਸ਼ਨਾਂ ਮਹਿੰਗਾਈ ਅਨੁਸਾਰ 3000 ਰੁਪਏ ਕੀਤੀਆਂ ਜਾਣ, ਰਾਸ਼ਨ ਡਿੱਪੂ ਉਪਰ ਨਿੱਤ ਵਰਤੋਂ ਦੀਆਂ ਸਾਰੀਆਂ ਜਰੂਰੀ ਵਸਤਾਂ ਅੱਧੀ ਕੀਮਤ ‘ਤੇ ਦਿੱਤੀਆਂ ਜਾਣ, ਪਿੰਡਾਂ ‘ਚ ਮਜ਼ਦੂਰਾਂ ਨੂੰ ਪੀਣ ਵਾਲਾ ਪਾਣੀ ਸਾਫ਼ ਸੁਥਰਾ ਦਿੱਤਾ ਜਾਵੇ, ਮਜ਼ਦੂਰਾਂ ਦੇ ਕਰਜ਼ੇ ‘ਤੇ ਲਕੀਰ ਫੇਰੀ ਜਾਵੇ, ਖੁਦਕੁਸ਼ੀ ਕਰ ਗਏ ਮਜ਼ਦੂਰ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਖੁਦਕੁਸ਼ੀ ਕਰ ਗਏ ਮਜ਼ਦੂਰ ਪਰਿਵਾਰਾਂ ‘ਚੋਂ ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇ।

Scroll To Top