ਜਲੰਧਰ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ 16 ਜੂਨ ਨੂੰ ਪੰਜਾਬ ਭਰ ਵਿੱਚ ਪੈਟਰੋਲ, ਡੀਜ਼ਲ ਉੱਪਰ ਅਸਲ ਕੀਮਤ ਤੋਂ ਵੱਧ ਟੈਕਸ ਵਸੂਲਣ ਵਿਰੁੱਧ ਅਤੇ ਕਿਸਾਨੀ ਵਰਤੋਂ ਲਈ ਅੱਧੀ ਕੀਮਤ ‘ਤੇ ਡੀਜ਼ਲ ਦੇਣ ਦੀ ਮੰਗ ਨੂੰ ਲੈ ਕੇ ਭਾਜਪਾ ਦੀ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਹ ਜਾਣਕਾਰੀ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਵੱਲੋਂ ਸੂਬਾਈ ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਜਾਰੀ ਕੀਤੇ ਪ੍ਰੈਸ ਬਿਆਨ ਰਾਹੀ ਦਿੱਤੀ। ਕਿਸਾਨ ਆਗੂਆਂ ਨੇ ਕਿਹਾ ਕੇ ਕੇਂਦਰ ਸਰਕਾਰ ਦੇਸੀ, ਵਿਦੇਸ਼ੀ ਕੰਪਨੀਆਂ ਦੇ ਮੁਨਾਫ਼ਿਆਂ ਲਈ ਕੰਮ ਕਰ ਰਹੀ ਹੈ, ਇਸ ਨੂੰ ਆਮ ਲੋਕਾਂ ਦੇ ਹਿੱਤਾਂ ਦੀ ਕੋਈ ਚਿੰਤਾ ਨਹੀਂ।ਹੈ। ਸੂਬੇ ਦੀ ਕਾਂਗਰਸ ਸਰਕਾਰ ਅਤੇ ਹੋਰ ਸੂਬਾਈ ਸਰਕਾਰਾਂ ਨੇ ਪੈਟਰੋਲੀਅਮ ਵਸਤਾਂ ਨੂੰ ਹੀ ਖ਼ਜ਼ਾਨਾ ਭਰਨ ਦਾ ਵਸੀਲਾ ਬਣਾ ਲਿਆ ਹੈ, ਜੋ ਕਿ ਆਮ ਲੋਕਾਂ ਦੀ ਜੇਬ ਉੱਪਰ ਡਾਕਾ ਹੈ। ਡੀਜ਼ਲ, ਪਟਰੋਲ ਦੀਆਂ ਕੀਮਤਾਂ ਦਾ ਵਾਧਾ ਹਰ ਤਰਾਂ ਦੀ ਮਹਿੰਗਾਈ ਵਿੱਚ ਵਾਧਾ ਕਰਦਾ ਹੈ ਅਤੇ ਲੋਕ ਹੋਰ ਬੋਝ ਚੁੱਕਣ ਤੋਂ ਅਸਮਰਥ ਹਨ। ਆਗੂਆਂ ਨੇ ਲੋਕਾਂ ਨੂੰ ਸਰਕਾਰੀ ਨੰਗੀ ਚਿੱਟੀ ਲੁੱਟ ਵਿਰੁੱਧ ਹੋ ਰਹੇ ਵਿਰੋਧ ਐਕਸ਼ਨਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।