ਪ੍ਰੋ. ਜੈਪਾਲ ਸਿੰਘ
‘ਬੜੇ ਬੇ-ਆਬਰੂ ਹੋਕਰ, ਤੇਰੇ ਕੂਚੇ ਸੇ ਹਮ ਨਿਕਲੇ’ ਦੇ ਕਥਨ ਨੂੰ ਸੱਚ ਸਿੱਧ ਕਰਦਿਆਂ ਟਰੰਪ, ਹਰ ਤਰ੍ਹਾਂ ਨਾਲ ਆਪਣੀ ਬੇਇਜ਼ਤੀ ਕਰਵਾ ਕੇ ਆਖ਼ਰ ਅਹੁਦੇ ਤੋਂ ਹਟ ਹੀ ਗਿਆ। ਅਮਰੀਕੀ ਇਤਿਹਾਸ ‘ਚ ਉਹ ਪਹਿਲਾ ਅਮਰੀਕੀ ਰਾਸ਼ਟਰਪਤੀ ਹੈ, ਜਿਸ ‘ਤੇ ਦੋ ਵਾਰ ਮਹਾਂ ਦੋਸ਼ ਲੱਗੇ ਹਨ। ਇਕ ਮਹਾਂਦੋਸ਼ ਤਾ ਉਸ ਦੇ ਅਹੁਦਾ ਛੱਡਣ ਤੋਂ ਸਿਰਫ ਇਕ ਹਫਤਾ ਪਹਿਲਾਂ ਹੀ ਲੱਗਿਆ ਹੈ। ਜਿਨ੍ਹਾਂ ਜਨਤਕ ਪਲੇਟਫਾਰਮਾਂ ਜਿਵੇਂ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਵਗੈਰਾ ਜਿਨ੍ਹਾਂ ਤੋਂ ਉਹ ਪਿਛਲੇ ਚਾਰ ਸਾਲਾਂ ਤੋਂ ਲੋਕਾਂ ਨੂੰ ਡਰਾਵੇ ਦਿੰਦਾ ਰਿਹਾ, ਔਰਤਾਂ, ਅਮਰੀਕੀ ਅਫ਼ਰੀਕਨਾਂ ਤੇ ਕਾਲੀ ਚਮੜੀ ਵਾਲਿਆਂ, ਮੁਸਲਮਾਨਾਂ ਤੇ ਪਰਵਾਸੀਆਂ ਵਿਰੁੱਧ ਨਫਰਤ ਦਾ ਜ਼ਹਿਰ ਉਗਲਦਾ ਰਿਹਾ ਤੇ ਅਖੀਰ ਆਪਣੀ ਹਾਰ ਨੂੰ ਜਿੱਤ ਚ ਬਦਲਣ ਦੇ ਇਰਾਦੇ ਨਾਲ 6 ਜਨਵਰੀ 2021 ਨੂੰ ਅਮਰੀਕਨ ਪਾਰਲੀਮੈਂਟ, ਜਿਸ ਨੂੰ ਕੈਪੀਟਲ ਹਿੱਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਹਿੰਸਕ ਸਮਰਥਕਾਂ ਨੂੰ ਹਮਲਾ ਕਰਨ ਲਈ ਉਕਸਾਉਂਦਾ ਰਿਹਾ, ਤੋਂ ਉਸ ਨੂੰ ਠੁੱਡੇ ਮਾਰ ਕੇ ਕੱਢ ਦਿੱਤਾ ਗਿਆ। ਸ਼ਰ੍ਹੇਆਮ ਹਾਰ ਜਾਣ ਤੋਂ ਬਾਅਦ ਵੀ ਉਹ ਐਲਾਨ ਕਰਦਾ ਰਿਹਾ ਕਿ ਉਹ ਜੇਤੂ ਹੈ। ਅਮਰੀਕੀ ਸੰਵਿਧਾਨ ਮੁਤਾਬਕ ਜੇ ਅਮਰੀਕਾ ਦੇ ਦੋਵੇਂ ਸਦਨਾਂ ਚੋਂ ਕੋਈ ਇਕ ਮੈਂਬਰ ਵੀ ਕਿਸੇ ਸੂਬੇ ਦੇ ਚੋਣ ਨਤੀਜਿਆਂ ਨੂੰ ਚੁਣੌਤੀ ਦੇਵੇ ਤਾਂ ਇਸ ਦਾ ਫੈਸਲਾ ਦੋਹਾਂ ਸਦਨਾਂ ਵਿੱਚ ਹੁੰਦਾ ਹੈ ਤੇ ਟਰੰਪ ਦੀ ਰਿਪਬਲਿਕਨ ਪਾਰਟੀ ਨੇ ਐਰੀਜ਼ੋਨਾ ਤੇ ਪੈਨਸਿਲਵੇਨੀਆ ਦੇ ਚੋਣ ਨਤੀਜਿਆਂ ਤੇ ਇਤਰਾਜ਼ ਕੀਤਾ ਸੀ ਤੇ 6 ਜਨਵਰੀ ਨੂੰ ਇਸ ਦਾ ਫੈਸਲਾ ਹੋਣਾ ਸੀ। ਪਰ ਗੱਦੀ ਨਾਲ ਚਿੰਬੜੇ ਰਹਿਣ ਦੀ ਲਾਲਸਾ ਕਾਰਨ ਉਸਨੇ ਆਪਣੇ ਗੁੰਡੇ ਅੰਧ- ਭਗਤਾਂ ਤੋਂ ਕੈਪੀਟਲ ਹਿੱਲ ਤੇ ਹਮਲਾ ਕਰਵਾ ਦਿੱਤ। ਜਿਸ ਵਿੱਚ ਚਾਰ ਵਿਅਕਤੀ ਮਾਰੇ ਗਏ ਤੇ ਭੰਨ ਤੋੜ ਨਾਲ ਬਹੁਤ ਵੱਡਾ ਨੁਕਸਾਨ ਵੀ ਹੋਇਆ। ਇਸ ਹਿੰਸਕ ਭੀੜ ਚ ਟਰੰਪ ਦੇ ਜੁੰਡੀ ਦੇ ਯਾਰਾਂ ਭਾਰਤੀ ਪ੍ਰਧਾਨ ਮੰਤਰੀ ਮੋਦੀ ਅਤੇ ਇਜਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਭਗਤ ਵੀ ਆਪਣੇ ਆਪਣੇ ਦੇਸ਼ਾਂ ਦੇ ਝੰਡਿਆਂ ਨਾਲ ਹਾਜ਼ਰੀ ਲੁਆ ਕੇ ਆਪੋ-ਆਪਣੇ ਦੇਸ਼ਾਂ ਦੇ ‘ਮਾਣ ਸਨਮਾਨ’ ‘ਚ ਵਾਧਾ ਕਰ ਰਹੇ ਸਨ। ਇਹ ਜ਼ਿਕਰ ਕਰਨ ਯੋਗ ਹੈ ਕਿ ਟਰੰਪ ਦੀ ਆਪਣੀ ਹੀ ਪਾਰਟੀ ਦੇ 10 ਮੈਂਬਰਾਂ ਨੇ ਵੀ ਟਰੰਪ ਵਿਰੁੱਧ ਵੋਟ ਪਾਈ ਜਿਸ ਕਰਕੇ ਜੋਅ ਬਾਈਡਨ 197 ਦੇ ਮੁਕਾਬਲੇ 232 ਵੋਟਾਂ ਦੇ ਫਰਕ ਨਾਲ ਜੇਤੂ ਐਲਾਨ ਦਿੱਤੇ ਗਏ।
‘ਰੱਸੀ ਸੜ ਗਈ ਪਰ ਵੱਟ ਨ੍ਹੀਂ ਗਿਆ’ :
20 ਜਨਵਰੀ ਨੂੰ ਜਦੋਂ ਟਰੰਪ ਨੇ ਹਾਰ ਮੰਨ ਕੇ ਆਪਣਾ ਵਿਦਾੲਗੀ ਭਾਸ਼ਣ ਦਿੱਤਾ ਤਾਂ ਉਸ ਨੇ ਨਵੇਂ ਰਾਸਟਰਪਤੀ ਜੋਅ ਬਾਈਡਨ ਤੇ ੳਪ ਰਾਸਟਰਪਤੀ ਕਮਲਾ ਹੈਰਿਸ ਦਾ ਨਾਂ ਲੈਣਾ ਵੀ ਮੁਨਾਸਬ ਨਹੀਂ ਸਮਝਿਆ। ਉਸ ਨੇ ਨਵੇਂ ਰਾਜਪ੍ਰਬੰਧ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਆਪਣੇ ਰਵਾਇਤੀ ਧਮਕੀ ਭਰੇ ਗੁੰਡਾਗਰਦੀ ਵਾਲੇ ਲਹਿਜ਼ੇ ‘ਚ ਕਿਹਾ, ”ਅਸੀਂ ਕਿਸੇ ਨਾ ਕਿਸੇ ਰੂਪ ‘ਚ ਦੁਬਾਰਾ ਵਾਪਸ ਆਵਾਂਗੇ” ਸੁਰਜੀਤ ਪਾਤਰ ਦੀਆਂ ਲਾਈਨਾਂ ‘ਜਦ ਉਠੇਗੀ ਹਵਾ ਤੇਰੇ ਖ਼ਿਲਾਫ਼, ਰੁੱਖ ਤੇਰੇ ਵਿਹੜੇ ਦਾ ਵੀ ਨਾਲ ਰਲ ਜਾਏਗਾ’ ਵਾਂਗ ਟਰੰਪ ਦੀ ਆਪਣੀ ਪਾਰਟੀ ਦੇ ਆਗੂ ਤੇ ਉਸ ਨਾਲ ਉਪ ਰਾਸ਼ਟਰਪਤੀ ਰਹੇ ਮਾਈਕ ਪੈਂਸ ਨੇ ਵੀ ਉਸ ਦੇ ਵਿਦਾਇਗੀ ਸਮਾਗਮ ਚ ਹਾਜਰ ਹੋਣਾ ਜਰੂਰੀ ਨਹੀਂ ਸਮਝਿਆ। ਜਦਕਿ ਇਹ ਤਿੰਨੇਂ ਆਗੂ ਨਵੇਂ ਰਾਸਟਰਪਤੀ ਜੋਅ ਬਾਈਡਨ ਦੇ ਸਮਾਗਮ ‘ਚ ਜਰੂਰ ਹਾਜ਼ਰ ਹੋਏ। ਹੋਰ ਤਾਂ ਹੋਰ ਅਮਰੀਕਾ ਦਾ ਪ੍ਰਸਿੱਧ ਅਖਬਾਰ ‘ਨਿਊਯਾਰਕ ਟਾਈਮਜ’ ਲਿਖਦਾ ਹੈ ਕਿ ਜਿਹੜੇ ਖਰੂਦੀ ਟਰੰਪ ਦੇ ਇਸ਼ਾਰੇ ਤੇ ਮਰਨ-ਮਾਰਨ ਲਈ ਤਿਆਰ ਰਹਿੰਦੇ ਸਨ ਤੇ ਪਾਰਲੀਮੈਂਟ ਤੇ ਹਿੰਸਕ ਹਮਲੇ ਕਰਦੇ ਸਨ ਉਨ੍ਹਾਂ ਚੋਂ ਵੀ ਕਿੰਨਿਆਂ ਨੇ ਉਸ ਨੂੰ ਡਰਪੋਕ ਕਹਿ ਕੇ ਉਸ ਦੀ ਘੋਰ ਨਿੰਦਾ ਕੀਤੀ ਹੈ। ਆਪਣੀ ਕਮੀਨਗੀ ਦੇ ਸਭ ਹੱਦਾਂ ਬੰਨ੍ਹੇ ਟੱਪਦਿਆਂ ਉਸ ਨੇ ਨਵੇਂ ਚੁਣੇ ਰਾਸਟਰਪਤੀ ਲਈ ਜਹਾਜ ਦਾ ਪ੍ਰਬੰਧ ਵੀ ਨਹੀਂ ਕੀਤਾ ਤੇ ਉਸਦੇ ਸਹੁੰ ਚੁੱਕ ਸਮਾਗਮ ਚੋਂ ਖ਼ੁਦ ਵੀ ਗੈਰਹਾਜਰ ਰਿਹਾ।
‘ਮਹਾਨ’ ਟਰੰਪ ਅੱਜ ਤੋਂ ਚਾਰ ਸਾਲ ਪਹਿਲਾਂ 2016 ਚ 8 ਨਵੰਬਰ ਦੇ ਦਿਨ ਚੋਣ ਜਿੱਤਿਆ ਸੀ ਜਦੋਂ ਸਾਡੇ ਦੇਸ਼ ਨੂੰ ‘ਮਹਾਨਤਾ’ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਸਾਡੇ ਮੋਦੀ ਸਾਹਿਬ ਨੇ ਨੋਟਬੰਦੀ ਦਾ ‘ਚੰਦ ਚਾੜ੍ਹਿਆ’ ਸੀ। ਉਸ ਤੋਂ ਬਾਅਦ ਲਗਾਤਾਰ ਦੋਵਾਂ ਨੇ ਹੀ ਲੰਡੇ ਨੂੰ ਖੁੰਡੇ ਦੇ ਟੱਕਰਨ ਵਾਂਗ ਨਫਰਤੀ ਗਰੋਹ ਪੈਦਾ ਕਰਨ, ਹਰ ਤਰ੍ਹਾਂ ਦੀ ਆਵਾਜ਼ ਨੂੰ ਜਬਰ ਦੇ ਡੰਡੇ ਨਾਲ ਕੁਚਲਣ ਦਾ ਕੰਮ ਤੇਜ ਕਰ ਦਿੱਤਾ। ਜਿੱਥੇ ਅਮਰੀਕਾ ਚ ਕਾਲੇ ਲੋਕਾਂ ਵਿਰੁੱਧ ਪੁਲੀਸ ਦੀ ਗੁੰਡਾਗਰਦੀ ਜੱਗ-ਜਾਹਰ ਹੋਈ, ਉਥੇ ਭਾਰਤ ਵਿਚ ਨਾਗਰਿਕਤਾ ਸੋਧ ਕਾਨੂੰਨ, ਗਊ ਹੱਤਿਆ ਤੇ ਗਊ ਮਾਸ ਦੇ ਨਾਂ ਤੇ ਮੁਸਲਮਾਨਾਂ ਵਿਰੁੱਧ ਚੌਤਰਫਾ ਹਮਲੇ ਕੀਤੇ ਗਏ। ਦਲਿਤਾਂ, ਔਰਤਾਂ ਤੇ ਆਦਿਵਾਸੀਆਂ ਤੇ ਜ਼ੁਲਮਾਂ ਦੀ ਨ੍ਹੇਰੀ ਚੱਲੀ। ਟਰੰਪ ਨੇ ਆਪਣੇ ਨਫਰਤੀ ਗੁਰ-ਭਾਈ ਮੋਦੀ ਦਾ ਹਾਊਸਟਨ ਸ਼ਹਿਰ ਵਿਖੇ ‘ਹਾਊਡੀ ਮੋਦੀ’ ਦਾ ਪ੍ਰੋਗਰਾਮ ਕਰਵਾ ਕੇ ਮੋਦੀ ਤੋਂ ਭਾਰਤੀ ਅਮਰੀਕੀਆਂ ਦੀਆਂ ਵੋਟਾਂ ਹਾਸਲ ਕਰਨ ਲਈ ‘ਅਬ ਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਲਵਾਇਆ ਅਤੇ ਇਵਜ਼ਾਨੇ ਵਜੋਂ ਮੋਦੀ ਨੂੰ ਚੋਣਾਂ ਜਿਤਾਉਣ ਦੇ ਇਰਾਦੇ ਨਾਲ ਦੋਹਾਂ ਨੇ ਮਿਲ ਕੇ ‘ਨਮਸਤੇ ਟਰੰਪ’ ਦਾ ਪ੍ਰਪੰਚ ਰਚਿਆ। ਹੁਣ ਟਰੰਪ ਦੀ ਹਾਰ ਤੋਂ ਬਾਅਦ ਭਾਰਤੀ ਲੋਕਾਂ ‘ਚ ਮੋਦੀ ਦੀ ਹਾਰ ਪ੍ਰਤੀ ਵੀ ਉਤਸ਼ਾਹ ਪੈਦਾ ਹੋਇਆ ਹੈ, ਕਿਉਂਕਿ ਦੋਵੇਂ ਹੀ ਆਪਣੇ-ਆਪਣੇ ਦੇਸ਼ ਦੀ ਅਖੌਤੀ ਪੁਰਾਤਨ ਮਹਾਨਤਾ ਬਹਾਲ ਕਰਨ ਦੇ ਨਾਂ ਤੇ ਵਿਗਿਆਨਕ -ਸੰਵਿਧਾਨਕ ਸੰਸਥਾਵਾਂ ਦੀ ਭੰਨ ਤੋੜ ਕਰ ਰਹੇ ਹਨ। ਇਨ੍ਹਾਂ ਦੋਵਾਂ ਚ ਲਗਾਤਾਰ ਇਹ ਵੀ ਦੌੜ ਰਹੀ ਹੈ ਕਿ ਦੁਨੀਆਂ ਦੇ ਸਭ ਤੋਂ ਝੂਠੇ ਵਿਅਕਤੀ ਦਾ ਖਿਤਾਬ ਕੌਣ ਪ੍ਰਾਪਤ ਕਰਦਾ ਹੈ।
ਖ਼ੈਰ! ਤਾਜ਼ਾ ਖ਼ਬਰਾਂ ਅਨੁਸਾਰ ਜੋਅ ਬਾਈਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਸਾਰ 17 ਕਾਰਜਕਾਰੀ ਹੁਕਮ ਪਾਸ ਕੀਤੇ ਹਨ, ਜਿਨ੍ਹਾਂ ‘ਚ ਟਰੰਪ ਵੱਲੋਂ ਲਏ ਗਏ ਫੈਸਲਿਆਂ ਨੂੰ ਉਲਟਾਇਆ ਗਿਆ ਹੈ। ਜਿਵੇਂ ਵਾਤਾਵਰਨ ਦੀ ਸੰਭਾਲ ਲਈ ਹੋਏ ਪੈਰਿਸ ਸਮਝੌਤੇ ਚ ਅਮਰੀਕਾ ਮੁੜ ਸ਼ਾਮਲ ਹੋ ਗਿਆ ਹੈ। ਸੰਸਾਰ ਸਿਹਤ ਸੰਸਥਾ (ਡਬਲਿਊਐੱਚਓ) ਜਿਸ ਨੂੰ ਟਰੰਪ ਨੇ ਅਲਵਿਦਾ ਕਹਿ ਦਿੱਤਾ ਸੀ ਤੇ ਆਰਥਿਕ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਵਿੱਚ ਵੀ ਅਮਰੀਕਾ ਮੁੜ ਸ਼ਾਮਲ ਹੋ ਗਿਆ ਹੈ ਤੇ ਮਹਾਂਮਾਰੀ ਵਿਗਿਆਨਕ ਡਾ ਫੌਕੀ ਨੂੰ ਉਥੋਂ ਦੇ ਅਮਰੀਕੀ ਡੈਲੀਗੇਸ਼ਨ ਦਾ ਮੁਖੀ ਲਾ ਦਿੱਤਾ ਹੈ। ਮੈਕਸਿਕੋ ਵਾਲੇ ਪਾਸੇ ਬਿਲੀਅਨ ਡਾਲਰ ਖਰਚ ਕੇ ਬਣਾਈ ਜਾ ਰਹੀ ਦੀਵਾਰ ਦੀ ਉਸਾਰੀ ਨੂੰ ਰੋਕ ਦਿੱਤਾ ਹੈ। ਟਰੰਪ ਵੱਲੋਂ ਕੁਝ ਮੁਸਲਿਮ ਤੇ ਅਫ਼ਰੀਕੀ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ‘ਚ ਦਾਖ਼ਲੇ ‘ਤੇ ਲਾਈ ਪਾਬੰਦੀ ਹਟਾ ਦਿੱਤੀ ਗਈ ਹੈ ਤੇ ਅਮਰੀਕਾ ‘ਚ ਰਹਿ ਰਹੇ ਇਕ ਕਰੋੜ ਤੋਂ ਵੱਧ ਗੈਰਕਾਨੂੰਨੀ ਲੋਕਾਂ ਨੂੰ 10 ਸਾਲਾਂ ‘ਚ ਨਾਗਰਿਕਤਾ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ।
ਇੱਥੇ ਸਪਸ਼ਟ ਕਰਨਾ ਅਤਿ ਜਰੂਰੀ ਹੈ ਕਿ ਅੱਤ ਦੇ ਸੱਜ ਪਿਛਾਖੜੀ ਟਰੰਪ ਦਾ ਹਾਰਨਾ ਤੇ ਜੋਅ ਬਾਇਡਨ ਦੇ ਉਪਰੋਕਤ ਹੁਕਮ ਸਵਾਗਤਯੋਗ ਕਦਮ ਹਨ। ਪਰ ਇਹ ਭੁੱਲਣਾ ਬੱਜਰ ਗਲਤੀ ਹੋਵੇਗੀ ਕਿ ਅਮਰੀਕਾ ਮੂਲ ਰੂਪ ਵਿਚ ਇਕ ਸਾਮਰਾਜੀ ਮੁਲਕ ਹੈ ਤੇ ਜਿਸ ਦਾ ਬਹੁਤਾ ਕਾਰੋਬਾਰ ਹਥਿਆਰਾਂ ਦੇ ਕਾਰਖਾਨਿਆਂ ਨੂੰ ਚਲਾਉਣ ਲਈ ਜੰਗਾਂ ਛੇੜਣ ‘ਤੇ ਦੂਸਰੇ ਦੇਸ਼ਾਂ ‘ਚ ਗੜਬੜ ਕਰਾਉਣ ਵਾਲੀਆਂ ਗਤੀਵਿਧੀਆਂ ‘ਤੇ ਨਿਰਭਰ ਹੈ। ਅੱਜ ਭਾਰਤ ਦੇ ਕਿਸਾਨਾਂ-ਮਜਦੂਰਾਂ ਦੇ ਦੇਸ਼ ਵਿਆਪੀ ਘੋਲ ਨੇ ਸਿੱਧ ਕਰ ਦਿੱਤਾ ਹੈ ਕਿ ਦੁਨੀਆਂ ਭਰ ਦੇ ਕਾਰਪੋਰੇਟ ਘਰਾਣੇ ਮਿਹਨਤੀ ਲੋਕਾਂ ਦੇ ਦੁਸ਼ਮਣ ਹਨ। ਅਮਰੀਕਾ ਦੇ ਸਿਰਫ਼ ਤਿੰਨ ਵਿਅਕਤੀਆਂ ਬਰਕਸ਼ਾਇਰ ਹਾਥਵੇਅ ਕੰਪਨੀ ਦੇ ਸੀਈਓ ਵਾਲ ਐਡਵਰਡ ਬੁਫੇ, ਮਾਈਕ੍ਰੋਸੌਫਟ ਕੰਪਨੀ ਦੇ ਬਿਲ ਗੇਟਸ ਅਤੇ ਐਮਾਜ਼ੋਨ ਕੰਪਨੀ ਦੇ ਸੀਈਓ ਜੈੱਫ ਬੈਜੋਜ ਕੋਲ ਅਮਰੀਕਾ ਦੇ 50% ਲੋਕਾਂ ਤੋਂ ਵੀ ਵੱਧ ਧਨ ਦੌਲਤ ਹੈ । ਫਿਰ ਵੀ ਬਿੱਲ ਗੇਟਸ ਜੋ ਕਿੰਨੇ ਹੀ ਸਾਲ ਆਪਣੀ ਬਹੁ ਕੌਮੀ ਕੰਪਨੀ ਮਾਈਕਰੋਸੌਫਟ ਕਾਰਨ ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਰਿਹਾ, ਜ਼ਮੀਨ ਖਰੀਦ ਰਿਹਾ ਹੈ ਤੇ ਉਸ ਨੇ ਅਮਰੀਕਾ ਦੇ 50 ਚੋਂ 18 ਸੂਬਿਆਂ ‘ਚ 2 ਲੱਖ 42 ਹਜਾਰ ਏਕੜ ਜਮੀਨ ਖਰੀਦੀ ਹੈ ਤੇ ਹੁਣ ਉਹ ਅਮਰੀਕਾ ਦਾ ਸਭ ਤੋਂ ਵੱਡਾ ਜ਼ਮੀਨ-ਮਾਲਕ ਹੈ। ਸਾਡੇ ਭਾਰਤ ਵਾਂਗ ਹੀ ਅਮਰੀਕਾ ਵਿਚ ਹੇਠਲੇ 50% ਅਮਰੀਕੀਆਂ ਕੋਲ ਦੇਸ਼ ਦੇ ਕੁੱਲ ਧਨ ਦੌਲਤ ਦਾ ਸਿਰਫ਼ 1.46% ਹਿੱਸਾ ਹੈ ਜਦਕਿ ਉੱਪਰਲੇ 10% ਅਮੀਰਾਂ ਕੋਲ 70% ਤੋਂ ਵੱਧ ਧਨ ਦੌਲਤ ਹੈ ਤੇ ਬਹੁਤੀ ਅਮਰੀਕੀ ਵਸੋਂ ਸਿਰਫ਼ ਨਾਮਾਤਰ ਆਮਦਨ ਨਾਲ ਟੁੱਟਿਆ-ਭੱਜਿਆ ਗੁਜ਼ਾਰਾ ਹੀ ਕਰਦੀ ਹੈ। ਇਸੇ ਕਰਕੇ ਅਮਰੀਕਾ ਵਿਚ ਬੇਰੁਜ਼ਗਾਰੀ ਭਿਆਨਕ ਹੱਦਾਂ ਪਾਰ ਕਰਦੀ ਜਾ ਰਹੀ ਹੈ। ਬੀਤੇ ਵਰ੍ਹੇ ਅਪ੍ਰੈਲ ਵਿਚ ਬੇਰੁਜ਼ਗਾਰੀ ਦੀ ਦਰ 14.7 ਪ੍ਰਤੀਸ਼ਤ ਸੀ ਜਿਹੜੀ ਕਿ 1948 ਤੋਂ ਬਾਅਦ ਸਭ ਤੋਂ ਉਚੀ ਹੈ ਜਦੋਂ ਤੋਂ ਬੇਰੁਜ਼ਗਾਰੀ ਦੇ ਅੰਕੜੇ ਇਕੱਠੇ ਕਰਨ ਦੀ ਰਵਾਇਤ ਸ਼ੁਰੂ ਹੋਈ ਹੈ। ਅਫਰੀਕਨ-ਅਮਰੀਕੀਆਂ ਅੰਦਰ ਬੇਰੁਜ਼ਗਾਰੀ 16.7 ਪ੍ਰਤੀਸ਼ਤ, ਗੋਰਿਆਂ ਵਿਚ 14.2 ਪ੍ਰਤੀਸ਼ਤ ਅਤੇ ਹਿਸਪੈਨਿਕ ਵਰਕਰਾਂ ਵਿਚ 18.9 ਪ੍ਰਤੀਸ਼ਤ ਹੈ। ਇਕ ਰਿਪੋਰਟ ਅਨੁਸਾਰ ਦਸੰਬਰ 2020 ਵਿਚ 8 ਲੱਖ ਪਚਾਸੀ ਹਜ਼ਾਰ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਦੀ ਮੰਗ ਕੀਤੀ ਸੀ। ਅਜਿਹੇ ਲੋਕ, ਜਿਨ੍ਹਾਂ ਨੂੰ ਬੇਰੁਜ਼ਗਾਰੀ ਭੱਤਾ ਨਾ ਮਿਲਣ ਕਰਕੇ ਦੋ ਡੰਗ ਰੋਟੀ ਵੀ ਮੁਸ਼ਕਿਲ ਨਾਲ ਮਿਲ ਰਹੀ ਹੈ ਉਨ੍ਹਾਂ ਦੀ ਗਿਣਤੀ ਵੀ ਲੱਖਾਂ ਵਿਚ ਹੈ ਅਤੇ ਆਏ ਦਿਨ ਵੱਧ ਰਹੀ ਹੈ। ਜੋਅ ਬਾਈਡਨ ਤੇ ਕਮਲਾ ਹੈਰਿਸ ਦੀ ਜੋੜੀ ਕੋਲ ਇਸ ਆਰਥਿਕ ਪਾੜੇ ਨੂੰ ਘਟਾਉਣ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੈ, ਜਿਥੋਂ ਬਹੁਤੀਆਂ ਸਮੱਸਿਆਵਾਂ ਜਨਮ ਲੈਂਦੀਆਂ ਹਨ ਅਤੇ ਲੋਕਾਂ ਦੇ ਰੁਜ਼ਗਾਰ ਖੁੱਸਦੇ ਹਨ ਜਿਸ ਲਈ ਕੋਈ ਨਵਾਂ ਟਰੰਪ ਅਮਰੀਕਾ ਦੇ ਆਦਿ-ਬਸ਼ਿੰਦਿਆਂ ਨੂੰ ਮੁਸਲਮਾਨਾਂ, ਪਰਵਾਸੀਆਂ, ਅਫ਼ਰੀਕੀਆਂ ਵਿਰੁੱਧ ਭੜਕਾ ਕੇ ਦੁਬਾਰਾ ਗੱਦੀ ਤੇ ਬੈਠ ਸਕਦਾ ਹੈ। ਹੋਰ ਤਾਂ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਯੂਐੱਨਓ ਵਗੈਰਾ ਵਿੱਚ ਅਮਰੀਕਾ ਦੀ ਧੌਂਸਬਾਜ਼ੀ ਵਾਲੀ ਪਹੁੰਚ ‘ਚ ਵੀ ਕੋਈ ਫਰਕ ਨਹੀਂ ਆਵੇਗਾ। ਬਹੁਤੇ ਲੋਕਾਂ ਦੀ ਤਾਂ ਇਹ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ ਕਿ ਅਮਰੀਕਾ ਦੇ ਨਿਊਕਲਿਆਈ ਹਥਿਆਰਾਂ ਦੀ ਕੁੰਜੀ ਜਿੰਨ੍ਹਾ ਚੰਦ ਕੁ ਲੋਕਾਂ ਦੇ ਹੱਕ ਵਿਚ ਹੈ ਉਨ੍ਹਾਂ ‘ਚੋਂ ਇਕ, ਸਿਰੇ ਦਾ ਸਨਕੀ ਡੋਨਾਲਡ ਟਰੰਪ ਵੀ ਹੈ।
ਹੁਣ ਜ਼ਰਾ ਅਮਰੀਕੀ ਲੋਕਤੰਤਰ ਦੀ ਵੀ ਗੱਲ ਕਰ ਲਈਏ। ਬਹੁਤ ਸਮੇਂ ਤੋਂ ਅਮਰੀਕਾ ਦੁਨੀਆਂ ਦੇ ਅੱਡ-ਅੱਡ ਮੁਲਕਾਂ ਨੂੰ ਲੋਕਤੰਤਰ ਦਾ ਪਾਠ ਪੜ੍ਹਾਉਂਦਾ ਆ ਰਿਹਾ ਹੈ ਤੇ ਇਸ ਨੇ ਇਨ੍ਹਾਂ ਸਮੇਤ ਹੋਰਨਾਂ ਕਈ ਦੇਸ਼ਾਂ ਵਿਚ ਲੋਕ ਤੰਤਰ ਬਹਾਲੀ ਦੇ ਨਾਂ ‘ਤੇ ਰਾਜ ਪਲਟੇ ਵੀ ਕਰਵਾਏ। ਜਿੱਥੇ ਪਹਿਲਾਂ ਵੀ ਅਮਰੀਕੀ ਰਾਸਟਰਪਤੀ ਦੀ ਚੋਣ ਵਿੱਚ ਧਨ ਬਲ ਅਤੇ ਬਾਹੂਬਲ ਦੇ ਇਲਜ਼ਾਮ ਲੱਗਦੇ ਰਹੇ ਹਨ ਤੇ ਕਈ ਵਾਰ ਬਾਹਰਲੇ ਦੇਸ਼ਾਂ ਦੀ ਦਖ਼ਲਅੰਦਾਜ਼ੀ ਦੀ ਇਲਜ਼ਾਮ-ਤਰਾਸ਼ੀ ਵੀ ਹੁੰਦੀ ਰਹੀ ਹੈ ਪਰ ਇਸ ਵਾਰ ਦਾ ਪਾਰਲੀਮੈਂਟ ਤੇ ਹਮਲਾ ਕਰਵਾ ਕੇ ਮੈਂਬਰਾਂ ਨੂੰ ਡਰਾ ਕੇ ਹਾਰੇ ਉਮੀਦਵਾਰ ਟਰੰਪ ਨੂੰ ਜਿਤਾਉਣ ਦਾ ਅਸਫਲ ਯਤਨ, ਅੱਡ-ਅੱਡ ਸੂਬਿਆਂ ਦਾ ਰਿਜ਼ਲਟ ਮਨਮਰਜ਼ੀ ਮੁਤਾਬਿਕ ਕਢਵਾਉਣ ਦੇ ਯਤਨ ਵੀ ਇਹ ਇਸ਼ਾਰਾ ਕਰਦੇ ਹਨ ਕਿ ਅਮਰੀਕੀ ਲੋਕਤੰਤਰ ਬੜਾ ਹੀ ਕਮਜ਼ੋਰ ਲੋਕਤੰਤਰ ਹੈ। ਚੋਣ ਸਿਸਟਮ ਦੇ ਵੀ ਬਹੁਤ ਸਾਰੇ ਨੁਕਸ ਹਨ। ਪਿਛਲੀ ਵਾਰ ਮੁਲਕ ਦੀਆਂ ਕੁੱਲ ਵੋਟਾਂ ਚੋਂ ਹਾਰੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਜੇਤੂ ਉਮੀਦਵਾਰ ਟਰੰਪ ਤੋਂ ਵੱਧ ਵੋਟਾਂ ਲਈਆਂ ਸਨ। ਪਰ ਉੱਥੋਂ ਦਾ ਸਿਸਟਮ ਹਰੇਕ ਸੂਬੇ ਚੋਂ ਨਿਸ਼ਚਿਤ ਇਲੈਕਟੋਰਲ ਕਾਲਜ ਵੋਟਾਂ ਦਾ ਪ੍ਰਬੰਧ ਕਰਦਾ ਹੈ। ਜਿਵੇਂ ਕੈਲੇਫੋਰਨੀਆ ਸੂਬੇ ਦੀਆਂ 55 ਵੋਟਾਂ, ਫਲੋਰੀਡਾ 29, ਜਾਰਜੀਆ 16, ਨਿਊਯਾਰਕ 29 ਤੇ ਨਾਰਥ ਡਕੋਟਾ ਦੀਆਂ ਸਿਰਫ ਤਿੰਨ ਵੋਟਾਂ ਹਨ। ਚੋਣ ਸਿਸਟਮ ਅਜਿਹਾ ਹੈ ਕਿ ਜੋ ਉਮੀਦਵਾਰ ਕਿਸੇ ਸੂਬੇ ‘ਚੋਂ ਸਭ ਤੋਂ ਵੱਧ ਵੋਟਾਂ ਹਾਸਲ ਕਰਦਾ ਹੈ ਉਸ ਨੂੰ ਉਸ ਸੂਬੇ ਦੀਆਂ ਸਾਰੀਆਂ ਇਲੈਕਟੋਰਲ ਕਾਲਜ ਵੋਟਾਂ ਮਿਲ ਜਾਂਦੀਆਂ ਹਨ ਜਦਕਿ ਅਨੁਪਾਤਕ ਨੁਮਾਇੰਦਗੀ ਸਿਸਟਮ ਰਾਹੀਂ ਉਹ ਸੂਬੇ ਚੋਂ ਇਲੈਕਟਰਲ ਵੋਟਾਂ ਮਿਲਣੀਆਂ ਚਾਹੀਦੀਆਂ ਹਨ। ਜੇਕਰ ਕਿਸੇ ਉਮੀਦਵਾਰ ਨੇ ਆਪਣੇ ਨੇੜਲੇ ਵਿਰੋਧੀ ਤੋਂ ਸਿਰਫ਼ ਇੱਕ ਵੋਟ ਵੀ ਵਧ ਲਈ ਹੋਵੇ ਤਾਂ ਉਸ ਨੂੰ ਉਸ ਸੂਬੇ ਦੀਆਂ ਸਾਰੀਆਂ ਵੋਟਾਂ ਤੇ ਵਿਰੋਧੀ ਨੂੰ ਜ਼ੀਰੋ ਵੋਟ ਮਿਲਦੀ ਹੈ। ਜਿਵੇਂ ਸਾਡੇ ਭਾਰਤ ਵਿੱਚ ਚਾਹੇ ਪ੍ਰਧਾਨਗੀ ਤਰਜ਼ ਦੀ ਬਜਾਏ ਪਾਰਲੀਮਾਨੀ ਤਰਜ਼ ਦੀ ਜਮਹੂਰੀਅਤ ਹੈ ਤੇ ਇੱਥੇ ਵਿਰੋਧੀਆਂ ਦੀਆਂ ਵੋਟਾਂ ਵੰਡੀਆਂ ਜਾਣ ਕਰਕੇ ਘੱਟ ਗਿਣਤੀ ਲੋਕਾਂ ਦੀ ਨੁਮਾਇੰਦਾ ਪਾਰਟੀ ਵੀ ਸਰਕਾਰ ਬਣਾ ਜਾਂਦੀ ਹੈ। ਇਹ ਦੋਵਾਂ ਸਥਿਤੀਆਂ ਦੇ ਮੁਕਾਬਲੇ ਅਨੁਪਾਤਕ ਨੁਮਾਇੰਦਗੀ ਵੱਧ ਜਮਹੂਰੀ ਤੇ ਤਰਕਸੰਗਤ ਹੈ।
ਹੁਣ ਉਥੋਂ ਦੀ ਸੁਪਰੀਮ ਕੋਰਟ ਬਾਰੇ ਵੀ ਥੋੜ੍ਹੀ ਜਾਣਕਾਰੀ ਸਾਂਝੀ ਕਰ ਲਈਏ। ਅਮਰੀਕਾ ਦੀ ਸੁਪਰੀਮ ਕੋਰਟ ਦੇ ਕੁੱਲ ਨੌੰ ਜੱਜ ਹੁੰਦੇ ਹਨ ਤੇ ਸਾਰੇ ਕੇਸ ਨੌੰ ਦੇ ਨੌੰ ਜੱਜ ਇਕੱਠੇ ਸੁਣਦੇ ਹਨ ਤੇ ਕੋਈ ਛੋਟੇ ਬੈਂਚ ਨਹੀਂ ਬਣਾਏ ਜਾਂਦੇ। ਇਨ੍ਹਾਂ ਜੱਜਾਂ ਦੀ ਕੋਈ ਵੀ ਰਿਟਾਇਰਮੈਂਟ ਦੀ ਉਮਰ ਨਹੀਂ ਹੁੰਦੀ ਤੇ ਉਹ ਆਖਰੀ ਸਾਹ ਤਕ ਇਸ ਅਹੁਦੇ ਤੇ ਬਣੇ ਰਹਿ ਸਕਦੇ ਹਨ ਤੇ ਆਪਣੀ ਇੱਛਾ ਨਾਲ ਜਾਂ ਮੌਤ ਹੋਣ ਕਾਰਨ ਹੀ ਉਨ੍ਹਾਂ ਦਾ ਅਹੁਦਾ ਖਾਲੀ ਹੁੰਦਾ ਹੈ। ਇਸ ਤਰ੍ਹਾਂ ਖਾਲੀ ਹੋਈ ਕਿਸੇ ਵੀ ਸੀਟ ਨੂੰ ਉੱਥੋਂ ਦਾ ਰਾਸ਼ਟਰਪਤੀ ਆਪਣੀ ਪਸੰਦ ਦੇ ਵਿਅਕਤੀ ਨੂੰ ਨਾਮਜ਼ਦ ਕਰਕੇ ਭਰ ਸਕਦਾ ਹੈ। 18 ਸਤੰਬਰ 2020 ਨੂੰ ਅਮਰੀਕੀ ਸੁਪਰੀਮ ਕੋਰਟ ਦੀ 87 ਸਾਲਾ ਜੱਜ ਰੁਥ ਬੇਦਰ ਗਿਨਸਬਰਗ ਦੀ ਮੌਤ ਹੋ ਗਈ। ਮਨੁੱਖੀ ਹੱਕਾਂ, ਤੇ ਖਾਸਕਰ ਔਰਤਾਂ ਦੇ ਹੱਕਾਂ ਦੀ ਝੰਡਾ-ਬਰਦਾਰ ਇਸ ਜੱਜ ਦੀ ਮੌਤ ਤੇ ਸਾਰੇ ਅਮਰੀਕਾ ਦੇ ਲੋਕ ਗਮ ਚ ਡੁੱਬੇ ਹੋਏ ਸਨ ਤੇ ਲੱਖਾਂ ਨਹੀਂ ਕਰੋੜਾਂ ਲੋਕ ਉਸ ਨੂੰ ਸ਼ਰਧਾਂਜਲੀਆਂ ਦੇ ਰਹੇ ਸਨ। ਅਜਿਹੇ ਦੁਖਦਾਈ ਮੌਕੇ ਤੇ ਵੀ ਦੂਜੇ ਹੀ ਦਿਨ ਰਾਸ਼ਟਰਪਤੀ ਟਰੰਪ ਐਲਾਨ ਕਰਦੇ ਹਨ ਕਿ ਉਹ ਉਸ ਦੀ ਥਾਂ ‘ਤੇ ਕਿਸੇ ਔਰਤ ਨੂੰ ਹੀ ਸੁਪਰੀਮ ਕੋਰਟ ਦੀ ਜੱਜ ਨਾਮਜ਼ਦ ਕਰੇਗਾ। ਅਤੇ ਮਹਿਜ਼ ਸੱਤ ਦਿਨਾਂ ਬਾਅਦ ਉਸ ਨੇ ਪੱਚੀ ਸਤੰਬਰ ਨੂੰ ਅੱਤ ਦੀ ਸੱਜ ਪਿਛਾਖੜੀ ਔਰਤ ਐਮੀ ਕੋਨੀ ਬੈਰੇਟ ਨੂੰ ਅਗਲੀ ਜੱਜ ਨਾਮਜਦ ਵੀ ਕਰ ਦਿੱਤਾ। ਸਾਰੇ ਅਮਰੀਕਾ ‘ਚ ਇਸ ਦਾ ਦੋ ਕਾਰਨਾਂ ਕਰਕੇ ਵਿਰੋਧ ਹੋਇਆ। ਇਕ ਤਾਂ ਰਾਸ਼ਟਰਪਤੀ ਦੀ ਅਗਲੀ ਚੋਣ ਵਿੱਚ ਸਿਰਫ਼ 35-36 ਦਿਨ ਹੀ ਰਹਿੰਦੇ ਸਨ ਇਸ ਲਈ ਇਖ਼ਲਾਕੀ ਪੱਖੋਂ ਅਜਿਹੀ ਨਾਮਜ਼ਦਗੀ ਗਲਤ ਸੀ। ਜਦ ਕਿ ਬਰਾਕ ਓਬਾਮਾ ਦੇ ਕਾਰਜਕਾਲ ਚ ਚੋਣਾਂ ਹੋਣ ਦੇ ਨੌਂ ਮਹੀਨੇ ਦਾ ਸਮਾਂ ਹੋਣ ਦੇ ਬਾਵਜੂਦ ਵੀ ਰੀਪਬਲਿਕਨਾਂ ਨੇ ਉਸਨੂੰ ਜੱਜ ਲਾਉਣ ਲਈ ਆਗਿਆ ਨਹੀਂ ਸੀ ਦਿੱਤੀ। ਦੂਜਾ ਕੋਨੀ ਬੈਰੇਟ ਦਾ ਪਿਛਲਾ ਕਿਰਦਾਰ ਅਤਿ ਪਿਛਾਖੜੀ ਰਿਹਾ ਸੀ। ਪਰ ਇਸ ਸਭ ਦੇ ਬਾਵਜੂਦ ਵੀ 26 ਅਕਤੂਬਰ ਨੂੰ 52-48 ਦੇ ਬਹੁਮਤ ਨਾਲ ਉਸ ਦੀ ਨਾਮਜ਼ਦਗੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਜ਼ਰਾ ਸੋਚੋ ਕਿ ਅਜਿਹਾ ਸਿਸਟਮ, ਜਿਸ ਵਿੱਚ ਰਾਸ਼ਟਰਪਤੀ ਤੇ ਸੈਨੇਟ ਹੀ ਜੱਜ ਨਿਯੁਕਤ ਕਰਨ, ਨਿਰਪੱਖ ਕਿਵੇਂ ਹੋ ਸਕਦਾ ਹੈ? ਸਾਡੇ ਦੇਸ਼ ਦੀਆਂ ਅਦਾਲਤਾਂ ਵਿਚ ਆਰਐੱਸਐੱਸ ਦੀ ਘੁਸਪੈਠ ਕਾਰਨ ਬਹੁਤੇ ਜੱਜ ਸਰਕਾਰ ਪੱਖੀ ਫੈਸਲੇ ਸੁਣਾ ਰਹੇ ਹਨ ਤੇ ਅਮਰੀਕਾ ਤੋਂ ਵੀ ਸਾਡੇ ਸਿੱਖਣ ਲਈ ਕੋਈ ਚੰਗੇ ਸਬਕ ਨਹੀਂ ਮਿਲ ਰਹੇ।
ਜੋਅ ਬਾਇਡਨ ਦੇ ਸਹੁੰ-ਚੁੱਕ ਸਮਾਗਮ ‘ਚ ਅਮਰੀਕਾ ਦੀ ਪਹਿਲੀ ਕੌਮੀ ਨੌਜਵਾਨ ਕਵੀ ਅਮੰਦਾ ਗੌਰਮਨ ਨੇ ਇਕ ਲੰਬੀ ਕਵਿਤਾ ‘ਉਹ ਪਹਾੜ ਜੋ ਅਸੀਂ ਚੜ੍ਹਨੇ ਹਨ’ ਪੜ੍ਹੀ। ਉਸ ਦੀਆਂ ਕੁਝ ਕੁ ਲਾਈਨਾਂ ਪੇਸ਼ ਹਨ।
“ਅਸੀਂ ਖੁਦ ਨੂੰ ਮੁਖ਼ਾਤਬ ਹੁੰਦੇ ਹਾਂ, ਜਦੋਂ ਚੜ੍ਹਦਾ ਹੈ ਦਿਨ।
ਅਮੁੱਕ ਹਨ੍ਹੇਰੇ ‘ਚ ਅਸੀਂ ਕਿੱਥੇ ਦੇਖਾਂਗੇ ਰੌਸ਼ਨੀ?
ਇਹ ਤਾਂ ਸਿੱਖ ਹੀ ਲਿਆ ਹੈ ਅਸੀਂ ਕਿ ਚੁੱਪ ਹਮੇਸ਼ਾ ਸ਼ਾਂਤੀ ਨਹੀਂ ਹੁੰਦੀ। ਅਸੀਂ ਸਾਰੇ ਅਜਿਹੀ ਯੂਨੀਅਨ ਲਈ ਯਤਨਸ਼ੀਲ ਹਾਂ ਜੋ ਸੰਪੂਰਨਤਾ ਚਾਹੇ ਨਾ ਵੀ ਹੋਵੇ, ਪਰ ਸਾਰੇ ਮਨੁੱਖਾਂ ਦੇ ਸੱਭਿਆਚਾਰਾਂ, ਨਸਲਾਂ, ਪਾਤਰਾਂ ਤੇ ਹਾਲਤਾਂ ਨੂੰ ਇਕੱਠੇ ਜਿਊਣ-ਜੋਗੇ ਬਣਾਉਣਾ ਹੈ।”
ਗੌਰਮਨ ਦਾ ਇਹ ਸੁਨੇਹਾ ਸ਼ਾਇਦ ਸਾਡੇ ਲਈ ਵੀ ਬੇਹੱਦ ਕੀਮਤੀ ਹੈ।