ਪ੍ਰੋ. ਜੈਪਾਲ ਸਿੰਘ
ਹਰ ਵਰ੍ਹੇ 15 ਅਗਸਤ ਨੂੰ, ਭਾਵ ਸੁਤੰਤਰਤਾ ਦਿਵਸ ਸਬੰਧੀ ਜਸ਼ਨਾਂ ਮੌਕੇ, ਵੇਲੇ ਦੇ ਪ੍ਰਧਾਨ ਮੰਤਰੀ ਵਲੋਂ, ਲਾਲ ਕਿਲ੍ਹੇ ਦੀ ਫ਼ਸੀਲ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਜਾਂਦਾ ਹੈ। ਇਸ ਵਾਰ ਦਾ ਭਾਸ਼ਣ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਦਿੱਤਾ ਗਿਆ, ਜੋ ਇਸੇ ਹੈਸੀਅਤ ਵਿਚ ਉਨ੍ਹਾਂ ਦਾ ਲਗਾਤਾਰ 8ਵਾਂ ਭਾਸ਼ਣ ਹੈ। ਇਸ ਵੇਰ ਦੇ ਡੇਢ ਘੰਟੋ ਦੇ ਭਾਸ਼ਣ ਨੂੰ ਰਲਾ ਕੇ ਉਨ੍ਹਾਂ ਆਪਣੇ ਸਾਰੇ ਦੇ ਸਾਰੇ ਅੱਠਾਂ ਭਾਸ਼ਣਾਂ ਵਿਚ ਕੁੱਲ ਮਿਲਾ ਕੇ ਤਕਰੀਬਨ ਪੌਣੇ ਗਿਆਰਾਂ ਘੰਟੇ ਦਾ ਸਮਾਂ ਖਰਚ ਕੀਤਾ ਹੈ। ਉਨ੍ਹਾਂ ਦਾ ਹਰ ਭਾਸ਼ਣ ਪਿਛਲੇ ਭਾਸ਼ਣ ਦਾ ਦੁਹਰਾਅ ਮਾਤਰ ਹੁੰਦਾ ਹੈ, ਕਿਸੇ ਘਿਸੀ-ਪਿਟੀ ਟੇਪ ਵਰਗਾ। ਪਰ ਉਨ੍ਹਾਂ ਦੀ ਇਹ ‘ਪ੍ਰਾਪਤੀ’ ਹੀ ਕਹੀ ਜਾ ਸਕਦੀ ਹੈ ਕਿ ਹਰ ਨਵੇਂ ਭਾਸ਼ਣ ਵਿਚ ਉਹ ਗਲਤ ਬਿਆਨੀ ਦੇ ਨਵੇਂ ਕੀਰਤੀਮਾਨ ਕਾਇਮ ਕਰ ਜਾਂਦੇ ਹਨ। ਵੈਸੇ ਵਡੇਰੇ ਸੱਚ ਤਾਂ ਇਹ ਹੈ ਕਿ ਸ਼੍ਰੀ ਮੋਦੀ ਨੇ ਜਿਸ ‘ਨਾਗਪੁਰੀ’ ਵਿਸ਼ਵ ਵਿਦਿਆਲੇ ’ਚੋਂ ਪੜ੍ਹਾਈ ਕੀਤੀ ਹੈ, ਉਥੇ ਝੂਠ ਬੋਲਣਾ ਬਾਕਾਇਦਾ ਇਕ ਵਿਸ਼ੇ ਦੇ ਤੌਰ ’ਤੇ ਪੜ੍ਹਾਇਆ ਜਾਂਦਾ ਹੈ। ਖ਼ੈਰ, ਆਓ ਉਨ੍ਹਾਂ ਦੇ ਇਸ ਵਾਰ ਦੇ ਭਾਸ਼ਣ ਦੇ ਕੁੱਝ ਚੋਣਵੇਂ ਨੁਕਤਿਆਂ ਦੀ ਪੜਚੋਲ ਕਰੀਏ!
ਉਨ੍ਹਾਂ ਬੜੀ ਉੱਚੀ ਸੁਰ ’ਚ,“ਛੋਟੇ ਕਿਸਾਨ, ਦੇਸ਼ ਦੀ ਸ਼ਾਨ’’ ਦਾ ਨਾਅਰਾ ਲਾਇਆ। ਅਜਿਹੇ ਫ਼ਰੇਬੀ ਨਾਅਰਿਆਂ ਤੋਂ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ ਕਿ ੍ਰਪ੍ਰਧਾਨ ਮੰਤਰੀ ਸਮੇਤ ਬੀ.ਜੇ.ਪੀ., ਆਰ.ਐੱਸ.ਐੱਸ. ਤੇ ਸਮੁੱਚੇ ਸੰਘ ਪਰਿਵਾਰੇ ਦੇ ਸੰਗਠਨਾਂ ਦੇ ਆਗੂ ਝੂਠ ਬੋਲਣ ਦੇ ਕਿੰਨੇ ਮਾਹਰ ਹਨ। ਪਿਛਲੇ ਸਾਲ ਧੱਕੇ ਨਾਲ ਪਾਸ ਕੀਤੇ ਖੇਤੀ ਕਾਨੂੰਨਾਂ ’ਤੇ ਸੰਸਦ ’ਚ ਹੋ ਰਹੀ ਬਹਿਸ ’ਤੇ ਸਰਕਾਰ ਨਾਲ ਚੱਲੇ ਮੀਟਿੰਗਾਂ ਦੇ ਗਿਆਰਾਂ ਦੌਰਾਂ ਵਿੱਚ ਇਹ ਗੱਲ ਵੱਡੀ ਪੱਧਰ ’ਤੇ ਉੱਭਰ ਕੇ ਸਾਹਮਣੇ ਆਈ ਕਿ ਭਾਰਤ ਦਾ ਲਗਪਗ 85% ਕਿਸਾਨ ਦੋ ਹੈਕਟੇਅਰ (5 ਏਕੜ) ਤੋਂ ਘੱਟ ਜ਼ਮੀਨ ਦਾ ਮਾਲਕ ਹੈ ਤੇ ਆਪਣੇ ਪਿੰਡ ਦੇ ਐਨ ਨੇੜਲੀ ਮੰਡੀ ’ਚ ਹੀ ਫਸਲ ਵੇਚ ਸਕਦਾ ਹੈ। ਨਵੇਂ ਖੇਤੀ ਕਾਨੂੰਨ ਜਿੱਥੇ ਖਪਤਕਾਰਾਂ ਦਾ ਕਚੂਮਰ ਕੱਢਣਗੇ, ਉਥੇ ਛੋਟੇ ਕਿਸਾਨਾਂ ਨੂੰ ਤਾਂ ਬਿਲਕੁਲ ਹੀ ਤਬਾਹ ਕਰ ਕੇ ਕਾਰਪੋਰੇਟਾਂ ਦੇ ਅੰਨ੍ਹੇ ਮੁਨਾਫ਼ਿਆਂ ਨੂੰ ਹੋਰ ਵੀ ਵਧਾਉਣਗੇ। ਲਗਪਗ ਇਕ ਸਾਲ ਤੋਂ ਵੱਧ ਸਮੇਂ ਤੋਂ ਕਿਸਾਨ ਤੇ ਮਜਦੂਰ ਮੀਂਹ-ਹਨ੍ਹੇਰੀ ਅਤੇ ਅੱਤ ਦੀ ਸਰਦੀ-ਗਰਮੀ ਦਾ ਮੁਕਾਬਲਾ ਕਰਦੇ ਹੋਏ ਸੰਘਰਸ਼ ਕਰਦਿਆਂ ਸ਼ਹਾਦਤਾਂ ਪ੍ਰਾਪਤ ਕਰ ਰਹੇ ਹਨ। ਅਜਿਹੀ ਅਵਸਥਾ ’ਚ ਉਕਤ ਕਾਨੂੰਨ ਰੱਦ ਕਰਨ ਦੀ ਬਜਾਏ ਉਨ੍ਹਾਂ ਦੀ ਝੂਠੀ ਸ਼ਾਨ ਦੇ ਕਸੀਦੇ ਪੜ੍ਹਨਾਂ ਕਿਸਾਨਾਂ ਦਾ ਘੋਰ ਅਪਮਾਨ ਹੀ ਨਹੀਂ ਬਲਕਿ ਉਨ੍ਹਾਂ ਦੇ ਜਖ਼ਮਾਂ ’ਤੇ ਲੂਣ ਭੁੱਕਣ ਦੇ ਤੁਲ ਹੈ।
ਇਸੇ ਤਰ੍ਹਾਂ ਕਿਸਾਨਾਂ ਦੇ ਨਾਂ ਤੇ ਐਲਾਨੀਆਂ ਅਨੇਕਾਂ ਯੋਜਨਾਵਾਂ ਵੀ ਸਰਕਾਰੀ ਖਜ਼ਾਨੇ ’ਚੋਂ ਕਾਰਪੋਰੇਟ ਘਰਾਣਿਆਂ ਨੂੰ ਮਾਲਾਮਾਲ ਕਰਦੀਆਂ ਹਨ, ਜਿਸ ਦੀ ਉਘੜਵੀਂ ਉਦਾਹਰਣ ਫਸਲ ਬੀਮਾ ਯੋਜਨਾ ਹੈ। ਉੱਘੇ ਪੱਤਰਕਾਰ ਪੀ.ਸਾਈਂਨਾਥ ਨੇ ਇਸ ਸਕੀਮ ’ਚ ਹੋਏ ਘੁਟਾਲੇ ਨੂੰ ਰਾਫੇਲ ਜਹਾਜ਼ਾਂ ਦੀ ਖ਼ਰੀਦ ’ਚ ਹੋਏ ਅਰਬਾਂ-ਖਰਬਾਂ ਦੇ ਘਪਲੇ ਤੋਂ ਵੀ ਵੱਡਾ ਘੋਟਾਲਾ ਕਿਹਾ ਸੀ।
ਦੂਸਰੀ ਯੋਜਨਾ, ਜੋ ਮੋਦੀ ਜੀ ਤੇ ਗੋਦੀ ਮੀਡੀਆ ਵੱਲੋਂ ਜ਼ੋਰ-ਸ਼ੋਰ ਨਾਲ ਪ੍ਰਚਾਰੀ ਗਈ ਹੈ ਉਹ ਹੈ ਅਖੌਤੀ ‘ਗਤੀ ਸ਼ਕਤੀ ਯੋਜਨਾ’ ਜਿਸ ਤੇ 100 ਲੱਖ ਕਰੋੜ ਰੁਪਏ ਖਰਚੇ ਜਾਣ ਦਾ ਐਲਾਨ ਕੀਤਾ ਗਿਆ ਹੈ। ਬਿਲਕੁੱਲ ਇੰਨੀ ਹੀ ਰਕਮ (100 ਲੱਖ ਕਰੋੜ) ਖਰਚੇ ਜਾਣ ਦਾ ਇਸੇ ਲਾਲ ਕਿਲ੍ਹੇ ਤੋਂ ਆਜ਼ਾਦੀ ਦਿਵਸ ਤੇ ਸੰਨ 2019 ਚ ਵੀ ‘ਕੌਮੀ ਆਧਾਰ ਮੂਲ ਪਾਈਪਲਾਈਨ ਪ੍ਰਾਜੈਕਟ’ ਦੇ ਨਾਂ ਹੇਠ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ 7000 ਪ੍ਰੋਜੈਕਟ ਬਣਾਏ ਜਾਣੇ ਸਨ। ਪੂਰੇ 2 ਸਾਲ ਬੀਤਣ ਉਪਰੰਤ ਵੀ ਇਹ 100 ਲੱਖ ਕਰੋੜ ਰੁਪਿਆ ਕਿਧਰੇ ਵੀ ਖਰਚਿਆ ਨਜ਼ਰ ਨਹੀਂ ਆਇਆ। ਵੈਸੇ ਨਜ਼ਰ ਤਾਂ ਆਵੇ ਜੇ ਕੋਈ ਕਾਣੀ ਕੌਡੀ ਖਰਚੀ ਹੋਵੇ! ਦੁਬਾਰਾ ਫੇਰ 2020 ’ਚ ਲਾਲ ਕਿਲੇ ਤੋਂ ਆਜ਼ਾਦੀ ਦਿਹਾੜੇ ’ਤੇ 100 ਲੱਖ ਕਰੋੜ ‘ਆਧੁਨਿਕ ਆਧਾਰ ਮੂਲ ਢਾਂਚੇ ਦਾ ਵਿਕਾਸ ਕਰਨ’ ਲਈ ਖਰਚਣ ਦਾ ਐਲਾਨ ਕੀਤਾ ਗਿਆ ਜੋ ਕਿ ਕਿਤੇ ਵੀ ਖਰਚਿਆ ਨਜ਼ਰੀਂ ਨਹੀਂ ਪੈਂਦਾ। ਹੁਣ ਨਵੇਂ ‘ਗਤੀ ਸ਼ਕਤੀ’ ਨਾਂ ਥੱਲੇ ਫਿਰ ਓਨੀ ਹੀ ਰਕਮ ਖਰਚਣ ਦੀ ਗੁੰਮਰਾਹਕੁੰਨ ਸ਼ੇਖ਼ੀ ਮਾਰੀ ਗਈ ਹੈ। ਅਜਿਹੀਆਂ ਗੱਲਾਂ ਕਰਕੇ ਹੀ ਆਮ ਲੋਕ ਮੋਦੀ ਜੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਕਿਸੇ ਰਾਜਨੀਤੀਵਾਨ ਨੇ ਚੁਟਕੀ ਲੈਂਦਿਆਂ ਟਿੱਪਣੀ ਕੀਤੀ, ‘ਜੇ ਕਰਨਾ-ਕਰਾਉਣਾ ਕੁੱਝ ਵੀ ਨਹੀਂ ਤਾਂ ਘੱਟੋ-ਘੱਟ ਰਕਮ ਤਾਂ ਕੁਝ ਵਧਾ-ਘਟਾ ਲੈਣੀ ਸੀ।’
ਜਦੋਂ ਮੋਦੀ ਜੀ ਨੇ ਲਾਲ ਕਿਲੇ ਤੋਂ ਕਿਹਾ ਕਿ ਮੈਂ ਤੁਹਾਡੇ ਨਾਲ ਇਕ ਚੰਗੀ ਖਬਰ ਸਾਂਝੀ ਕਰਨੀ ਚਾਹੁੰਦਾ ਹਾਂ ਤਾਂ ਲੋਕ ਵੱਡੀਆਂ ਉਮੀਦਾਂ ਨਾਲ ਸੁਣਨ ਲੱਗੇ। ਪਰ ਨਿਕਲੀ ਇਕ ਹੋਰ ਗੱਪ ਹੀ! ਉਨ੍ਹਾਂ ਕਿਹਾ ਕਿ ਸਾਲ 2021-2022 ਦੌਰਾਨ ਸਾਰੇ ਸੈਨਿਕ ਸਕੂਲ ਲੜਕੀਆਂ ਨੂੰ ਵੀ ਦਾਖਲਾ ਦੇਣਗੇ। ਹਾਲਾਂਕਿ ਸੱਚ ਇਹ ਹੈ ਕਿ ਕਈ ਸੈਨਿਕ ਸਕੂਲ ਪਹਿਲਾਂ ਵੀ ਲੜਕੀਆਂ ਨੂੰ ਦਾਖਲਾ ਦਿੰਦੇ ਹਨ ਤੇ ਇਹ ਖ਼ਬਰ ਕੋਈ ਨਵੀਂ ਨਹੀਂ। ਇਸ ਤੋਂ ਪਹਿਲਾਂ ਡਿਫੈਂਸ ਰਾਜ ਮੰਤਰੀ ਸ੍ਰੀਪਦ ਨਾਇਕ 11 ਮਾਰਚ 2021 ਨੂੰ ਲੋਕ ਸਭਾ ’ਚ ਇਸ ਮੰਤਵ ਦਾ ਬਿਆਨ ਦੇ ਚੁੱਕੇ ਹਨ।
ਮੋਦੀ ਜੀ ਨੇ ਲਾਲ ਕਿਲੇ ਤੋਂ ਰਾਸ਼ਨ ਡਿੱਪੂਆਂ ਅਤੇ ਸਕੂਲਾਂ ਲਈ ਮਿਡ ਡੇ ਮੀਲ ਵਾਸਤੇ ਸਪਲਾਈ ਕੀਤੇ ਜਾਂਦੇ ਚੌਲਾਂ ਨੂੰ ਤਾਕਤ-ਯੁਕਤ ਬਣਾਉਣ ਲਈ ਉਨ੍ਹਾਂ ’ਚ ਲੋਹੇ ਤੇ ਵਿਟਾਮਿਨਾਂ ਦਾ ਮਿਸ਼ਰਣ ਕਰਨ ਦਾ ਐਲਾਨ ਕੀਤਾ, ਜਦ ਕਿ ਬਿਲਕੁਲ ਇਹੀ ਐਲਾਨ ਤੱਤਕਾਲੀ ਫੂਡ ਮੰਤਰੀ ਮਰਹੂਮ ਸ੍ਰੀ ਰਾਮ ਵਿਲਾਸ ਪਾਸਵਾਨ ਜੀ ਨੇ 2019 ’ਚ ਕੀਤਾ ਸੀ। ਜਿਸ ਦਾ ਪਾਇਲਟ ਪ੍ਰਾਜੈਕਟ ਵੀ ਇਕ ਸਾਲ ਪੂਰਾ ਕਰ ਚੁੱਕਾ ਹੈ। ਹਾਲਾਂਕਿ, ਇਹ ਅਲੱਗ ਬਹਿਸ ਦਾ ਵਿਸ਼ਾ ਹੈ ਕਿ ਛੋਟੇ ਬੱਚਿਆਂ ਦੇ ਕੁਪੋਸ਼ਣ ਦੇ ਮਾਮਲੇ ’ਚ ਸਾਡਾ ਦੇਸ਼ ਵਿਸ਼ਵ ’ਚੋਂ ‘ਝੰਡੀਬਰਦਾਰ’ ਹੈ।
ਡਰਾਮੇਬਾਜੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਮੋਦੀ ਜੀ ਨੇ ਐਲਾਨ ਕੀਤਾ ਕਿ ਮੈਂ ਅੱਜ ਤਿਰੰਗੇ ਝੰਡੇ ਨੂੰ ਹਾਜ਼ਰ ਨਾਜ਼ਰ ਜਾਣ ਕੇ ‘ਨੈਸਨਲ ਹਾਈਡਰੋਜ਼ਨ ਮਿਸ਼ਨ’ ਦੀ ਸ਼ੁਰੂਆਤ ਕਰਦਾ ਹਾਂ। ਜਦ ਕਿ ਇਸ ਬਾਰੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾ ਰਮਨ ਫਰਵਰੀ 2021 ’ਚ ਪੇਸ਼ ਕੀਤੇ ਆਪਣੇ ਬਜਟ ਭਾਸ਼ਣ ’ਚ ਪਹਿਲਾਂ ਹੀ ਪਾਰਲੀਮੈਂਟ ਵਿਚ ਬਿਆਨ ਦੇ ਚੁੱਕੇ ਹਨ।
ਪ੍ਰਧਾਨ ਮੰਤਰੀ ਜੀ ਨੇ ਕੋਰੋਨਾ ਦੀ ਦੂਜੀ ਲਹਿਰ ਨਾਲ ਅਤਿ ਅਸਾਧਾਰਨ ਤੌਰ ਤੇ ਨਜਿੱਠਣ ਦੀ ਆਪਣੀ ਨਾਅਹਿਲੀ ’ਤੇ ਪਰਦਾ ਪਾਉਣ ਲਈ ਗਲਤ ਬਿਆਨੀ ਕਰਦਿਆਂ ਆਪਣੀ ਪਿੱਠ ਆਪੇ ਥਾਪੜੀ। ਜਦ ਕਿ ਸਾਰੀ ਦੁਨੀਆਂ ਦੇ ਤੇ ਦੇਸ਼ ਦੇ ਨਿਰਪੱਖ ਮੀਡੀਆ ਨੇ ਕੇਸਾਂ ਤੇ ਮੌਤਾਂ ਦੇ ਝੂਠੇ ਸਰਕਾਰੀ ਅੰਕੜੇ ਬਪਰ ਕਰਨ, ਹਸਪਤਾਲਾਂ ’ਚ ਬੈੱਡਾਂ ਲਈ ਹੁੰਦੀ ਮਾਰਾਮਾਰੀ ਦਿਖਾਉਣ, ਆਕਸੀਜਨ ਬਿਨਾਂ ਤੜਫ-ਤੜਫ ਕੇ ਦਮ ਤੋੜਦੇ ਲੋਕ ਦਿਖਾਉਣ, ਸ਼ਮਸ਼ਾਨ ਘਾਟਾਂ ਬਾਹਰ ਆਪਣੀ ਵਾਰੀ ਦੀ ਉਡੀਕ ਕਰਦੇ ਮਿ੍ਰਤਕਾਂ ਦੇ ਰਿਸ਼ਤੇਦਾਰ ਦਿਖਾਉਣ, ਇੱਥੋਂ ਤਕ ਕਿ ਪਵਿੱਤਰ ਸਮਝੀ ਜਾਂਦੀ ਗੰਗਾ ਨਦੀ ’ਚ ਤੈਰਦੀਆਂ ਲਾਸ਼ਾਂ ਦਿਖਾਉਣ ਦਾ ਅਸਧਾਰਨ ਜੇਰਾ ਦਿਖਾਇਆ ਸੀ ਤੇ ਇਸ ਸਭ ਨੇ ਪ੍ਰਧਾਨ ਮੰਤਰੀ ਦੇ ਸਾਰੇ ਖੋਖਲੇ ਦਾਅਵਿਆਂ ਦੀ ਫੂਕ ਕੱਢੀ ਸੀ। ਇਹ ਵੀ ਗੌਰ ਕਰਨ ਯੋਗ ਹੈ ਕਿ ਸੰਘੀ ਕਾਰਕੁੰਨਾਂ ਅਤੇ ਗੋਦੀ ਮੀਡੀਆ ਨੇ ਬੜੀ ‘ਮਿਹਨਤ’ ਨਾਲ ਘੜੀ ਉਨ੍ਹਾਂ ਦੀ ਸੁਪਰਮੈਨ ਵਾਲੀ ਸ਼ਵੀ ਤੇ ਕਰੋਨਾ ਮਹਾਮਾਰੀ ’ਚ ਉਜਾਗਰ ਹੋਈ ਅਸਫਲਤਾ ਨੇ ਭਾਰੀ ਸੱਟ ਮਾਰੀ ਹੈ। ਉਨ੍ਹਾਂ ਕਰੋਨਾ ਵੈਕਸੀਨ ਲਾਏ ਜਾਣ ਲਈ ਵੀ ਖੁਦ ਦਾ ਹੀ ਜੱਸ ਗਾਇਨ ਕੀਤਾ। ਜਦ ਕਿ ਹਾਲੇ ਤਕ ਦੇਸ਼ ਦੀ ਕੁੱਲ ਆਬਾਦੀ ’ਚੋਂ ਸਿਰਫ਼ 12% ਲੋਕਾਂ ਨੂੰ ਹੀ ਮੁਕੰਮਲ ਵੈਕਸੀਨ ਲਗਾਈ ਜਾ ਸਕੀ ਹੈ ।
ਬੀ.ਬੀ.ਸੀ. ਦੇ ਪੱਤਰਕਾਰ ਵਿਵੇਕ ਪਾਂਡੇ ਨੇ ਟਿੱਪਣੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਜੀ ਇਸ ਵਾਰ ਆਪਣੇ ਆਮ ਜਲੌਅ ਵਿੱਚ ਨਜ਼ਰ ਨਹੀਂ ਆਏ, ਸਿਵਾਏ ਟੋਕੀਓ ਓਲੰਪਿਕ ’ਚ ਹੋਈ ‘ਇਤਿਹਾਸਕ ਜਿੱਤ’ ਦਾ ਜ਼ਿਕਰ ਕਰਨ ਤੋਂ। ਇੱਥੇ ਵੀ 2012 ’ਚ ਜਿੱਤੇ ਕੁੱਲ 6 ਮੈਡਲਾਂ ਦੇ ਮੁਕਾਬਲੇ ਇਸ ਵਾਰ ਕੁੱਲ 7 ਮੈਡਲ ਜਿੱਤੇ ਹਨ। ਪਰ ਉਨ੍ਹਾਂ ਖੇਡਾਂ ਦੇ ਬਜਟ ’ਚ ਕੀਤੀ ਕਟੌਤੀ ਤੇ ਕੋਈ ਅਫਸੋਸ ਜ਼ਾਹਰ ਨਾ ਕੀਤਾ ਤੇ ਨਾ ਹੀ ਅੱਗੇ ਤੋਂ ਖੇਡਾਂ ਲਈ ਵੱਡੇ ਪੱਧਰ ਤੇ ਰਕਮ ਖਰਚ ਕਰਨ ਦਾ ਕੋਈ ਭਰੋਸਾ ਹੀ ਦਿਵਾਇਆ ।
ਆਰਥਿਕਤਾ ਬਾਰੇ ਵੀ ਪ੍ਰਧਾਨ ਮੰਤਰੀ ਜੀ ਨੇ ਬੜੇ ਹਵਾਈ ਕਿਲੇ ਉਸਾਰੇ ਹਨ। ਪਰ ਪਿਛਲੇ ਸਾਲ ਦੀ 7.3% ਦੀ ਦਰ ਨਾਲ ਸੁੰਗੜੀ ਜੀ.ਡੀ.ਪੀ. ਦਾ ਕੋਈ ਜ਼ਿਕਰ ਨਹੀਂ ਕੀਤਾ।
ਸਾਲ 2014 ਤੋਂ ਲੈ ਕੇ ਹਰ ਸਾਲ ਕੀਤੇ ਐਲਾਨਾਂ ’ਤੇ ਝਾਤ ਮਾਰੀਏ ਤਾਂ ਸਾਰੇ ਪਿੰਡਾਂ ਦਾ 100% ਬਿਜਲੀਕਰਨ, ਸਵੱਛ ਭਾਰਤ ਅਭਿਆਨ , ਜਲ ਜੀਵਨ ਰਾਹੀਂ ਹਰ ਘਰ ਪਾਣੀ ਦੀ ਟੂਟੀ ਦੇਣਾ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ, 5 ਸਾਲਾਂ ’ਚ ਆਰਥਿਕਤਾ 5 ਟਿ੍ਰਲੀਅਨ ਡਾਲਰ ਕਰਨਾ ਵਗ੍ਹੈਰਾ ਦੇ ਝੂਠੇ ਦਾਅਵਿਆਂ ਨਾਲ ਸ਼ਿਗਾਰੇ ਪ੍ਰਧਾਨ ਮੰਤਰੀ ਜੀ ਦੇ ਇਨ੍ਹਾਂ ਅਕਾਊ ਭਾਸ਼ਣਾਂ ਦਾ ਜ਼ਮੀਨੀ ਹਕੀਕਤਾਂ ਮੂੰਹ ਚਿੜਾਉਂਦੀਆਂ ਹਨ। ਵਿਵੇਕ ਪਾਂਡੇ ਜੀ ਅਨੁਸਾਰ ਪ੍ਰਧਾਨ ਮੰਤਰੀ ਜੀ ਨੇ ਕੋਰੋਨਾ ਦੀ ਸੰਭਾਵਤ ਤੀਜੀ ਲਹਿਰ ਦੇ ਸੰਭਾਵਿਤ ਖ਼ਤਰਿਆਂ ਤੇ ਉਸ ਨਾਲ ਨਜਿੱਠਣ ਲਈ ਤਿਆਰੀ ਬਾਰੇ ਚੁੱਪੀ ਵੱਟਣਾ ਹੀ ਬਿਹਤਰ ਸਮਝਿਆ ਹੈ। ਲੋਕਾਂ ਦਾ ਜੀਵਨ ਦੁੱਭਰ ਕਰਨ ਵਾਲੀ ਮਹਿੰਗਾਈ ਬਾਰੇ ਤੇ ਇਸ ਨੂੰ ਰੋਕਣ ਬਾਰੇ ਵੀ ਉਹ ਚੁੱਪ ਹੀ ਰਹੇ ਹਨ ਕਿਉਂਕਿ ਇਹ ਉਨ੍ਹਾਂ ਦੀਆਂ ਆਪਣੀਆਂ ਨੀਤੀਆਂ ਦੀ ਦੇਣ ਹੈ। ਬੇਰੁਜ਼ਗਾਰੀ ਦੇ ਦੈਂਤ ਦੇ ਮੂੰਹ ’ਚ ਆਏ ਕਰੋੜਾਂ ਲੋਕਾਂ ਬਾਰੇ ਬੋਲਣ ਤੋਂ ਵੀ ਉਨ੍ਹਾਂ ਗੁਰੇਜ਼ ਹੀ ਕੀਤਾ ਹੈ ਕਿਉਂਕਿ ਇਸ ਬਾਰੇ ਉਹ ਵਾਅਦਾ-ਖਿਲਾਫ਼ੀਆਂ ਦੇ ਚੈਂਪੀਅਨ ਦੀ ਹੈਸੀਅਤ ਰੱਖਦੇ ਹਨ। ਅਖੀਰ ਦੇਸ਼ ਦੀਆਂ ਵੱਡੀਆਂ ਤੇ ਮੂਲ ਸਮੱਸਿਆਵਾਂ ’ਤੇ ਨਾ ਬੋਲਣਾ ਉਨ੍ਹਾਂ ਵੱਲੋਂ ਲੋਕਾਂ ਵੱਲ ਪਿੱਠ ਖੜ੍ਹੀ ਕਰਨ ਦੇ ਤੁੱਲ ਹੈ। ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਲ ਦਾ ਜ਼ਿਕਰ ਤੱਕ ਵੀ ਨਾ ਕਰਨਾ ਬੜਾ ਮੁਜ਼ਰਮਾਨਾ ਗੁਨਾਹ ਹੈ। ਖੈਰ! ਉਹ ਦਰਸ਼ਕ, ਜੋ ਮੋਦੀ ਦਾ ਚਿਹਰਾ ਦੇਖਣ ਸਾਰ ਹੀ ਚੈਨਲ ਬਦਲ ਲੈਂਦੇ ਹਨ, ਉਨ੍ਹਾਂ ਨੂੰ ਸਾਡਾ ਕੋਟਿ-ਕੋਟਿ ਪ੍ਰਣਾਮ।
ਝੂਠ ਤੇ ਲਾਰਿਆਂ ਦਾ ਪੁਲੰਦਾ ਮੋਦੀ ਦਾ ਖੋਖਲਾ ਆਜ਼ਾਦੀ ਦਿਵਸ ਭਾਸ਼ਣ