
ਜਲੰਧਰ, 7 ਫਰਵਰੀ – ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਪੰਜਾਬ ਭਰ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਗੁਰਦਾਸਪੁਰ, ਅਟਾਰੀ ਅੰਮ੍ਰਿਤਸਰ, ਅਬੋਹਰ, ਜਗਰਾਉਂ, ਮਜੀਠਾ, ਮਾਨਸਾ ਆਦਿ ਤਹਿਸੀਲ ਕੇਂਦਰਾਂ ‘ਤੇ ਰੋਹ ਭਰਭੂਰ ਧਰਨੇ ਲਾਏ ਗਏ। ਕਿਸਾਨ ਮੰਗ ਕਰ ਰਹੇ ਸਨ ਕਿ ਕਿਸਾਨਾਂ-ਮਜਦੂਰਾਂ ਸਿਰ ਚੜਿਆ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਬੰਬੀਆ ਉੱਪਰ ਮੀਟਰ ਲਾ ਕੇ ਬਿੱਲ ਲੈਣ ਦੀ ਤਜ਼ਵੀਜ ਰੱਦ ਕੀਤੀ ਜਾਵੇ। ਕਿਸਾਨਾਂ-ਮਜਦੂਰਾਂ ਨੂੰ ਖਾਦਾਂ, ਬਿੱਜਲੀ ਅਤੇ ਹੋਰ ਮਿਲਦੀਆ ਸਬਸਿਡੀ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਦਿਆਂ ਸਹਾਇਕ ਧੰਦਿਆ ਖੇਤੀ ਸੰਦਾ ‘ਤੇ ਸਬਸਿਡੀਆ ਵਧਾਈਆਂ ਜਾਣ, ਫਸਲਾਂ ਦੇ ਭਾਅ ਲਾਗਤ ਖਰਚੇ ਘੱਟ ਕਰਕੇ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਦਿੱਤੇ ਜਾਣ ਅਤੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ, ਕਿਸਾਨਾਂ ਦੀਆਂ ਜਮੀਨਾਂ ਕੰਪਨੀਆਂ ਹਵਾਲੇ ਕਰਨ ਦੀ ਤਜਵੀਜ਼ ਰੱਦ ਕਰਕੇ ਤਿੱਖੇ ਜਮੀਨੀ ਸੁਧਾਰਾਂ ਰਾਹੀ ਕਿਸਾਨਾਂ-ਮਜਦੂਰਾਂ ਦੀ ਜਮੀਨ ਵਿੱਚ ਵਾਧਾ ਕੀਤਾ ਜਾਵੇ। ਇਹ ਜਾਣਕਾਰੀ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦਿੱਤੀ। ਵੱਖ ਵੱਖ ਥਾਵਾਂ ਉੱਪਰ ਦਿੱਤੇ ਧਰਨਿਆ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਡਿਊਡੇ ਕਰਨ ਦੇ ਜੁਮਲੇ ਛੱਡ ਰਹੀ ਹੈ। ਦੂਸਰੇ ਪਾਸੇ ਖੁੱਲ੍ਹੀ ਮੰਡੀ ਦੀ ਨੀਤੀ ਉਪਰ ਚਲਦਿਆਂ ਕਿਸਾਨਾਂ ਦੀਆਂ ਜਮੀਨਾਂ ਕੰਪਨੀਆਂ ਹਵਾਲੇ ਕਰਨ ਅਤੇ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਨੂੰ ਹੌਲੀ ਹੌਲੀ ਖਤਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਕਾਰਨ ਚੜ੍ਹੇ ਕਰਜ਼ੇ ਦੇ ਭਾਰ ਹੇਠ ਕਿਸਾਨ ਮਜਦੂਰ ਖੁਦਕੁਸ਼ੀਆਂ ਕਰ ਰਹੇ ਹਨ ਸਰਕਾਰਾਂ ਕਰਜ਼ਾ ਮੁਆਫੀ ਤੋ ਭੱਜ ਰਹੀਆਂ ਹਨ।ਧਰਨਿਆਂ ਨੂੰ ਹੋਰਨਾਂ ਤੋਂ ਇਲਾਵਾ ਸੂਬਾਈ ਆਗੂ ਰਤਨ ਸਿੰਘ ਰੰਧਾਵਾ, ਰਘਬੀਰ ਸਿੰਘ ਬੈਨੀਪਾਲ, ਬਲਵਿੰਦਰ ਸਿੰਘ ਰਵਾਲ, ਬਾਬਾ ਅਰਜਨ ਸਿੰਘ, ਛੱਜੂ ਰਾਮ ਰਿਸ਼ੀ, ਅਮਰੀਕ ਸਿੰਘ ਫਫੜੇ ਭਾਈਕੇ ਆਦਿ ਆਗੂਆਂ ਨੇ ਸਬੋਧਨ ਕੀਤਾ।