Now Reading
ਜਨਵਾਦੀ ਇਸਤਰੀ ਸਭਾ ਤਹਿਸੀਲ ਅਜਨਾਲਾ ਨੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ

ਜਨਵਾਦੀ ਇਸਤਰੀ ਸਭਾ ਤਹਿਸੀਲ ਅਜਨਾਲਾ ਨੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ

ਅਜਨਾਲਾ – ਅੱਜ ਇਥੇ ਜਨਵਾਦੀ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਦੀ ਅਗਵਾਈ ‘ਚ ਅਤੇ ਤਹਿਸੀਲ ਪ੍ਰਧਾਨ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਦੀ ਪ੍ਰਧਾਨਗੀ ਹੇਠ ਸਭਾ ਦੀਆਂ ਸੈਂਕੜੇ ਕਾਰਕੁੰਨਾਂ ਨੇ ਕੈਪਟਨ ਸਰਕਾਰ ਦੇ ਇਕ ਸਾਲ ਦੇ ਸ਼ਾਸਨਕਾਲ ਨੂੰ ਔਰਤਾਂ ਲਈ ਪੁਲਸ ਤੇ ਸਮਾਜਿਕ ਜ਼ਬਰ, ਜਿਣਸੀ ਸੋਸ਼ਣ, ਜਬਰ ਜਨਾਹ, ਆਰਥਿਕ ਤੇ ਸਮਾਜਿਕ ਵਿਤਕਰੇ ਭਰਿਆ ਕਰਾਰ ਦਿੰਦਿਆਂ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਮੁਜਾਹਰਾ ਕੀਤਾ। ਰੋਸ ਮੁਜ਼ਾਹਰੇ ‘ਚ ਭਰਾਤਰੀ ਜਥੇਬੰਦੀਆਂ ਵੱਲੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਸਭਾ ਦੇ ਤਹਿਸੀਲ ਪੱਧਰੀ ਜਥੇਬੰਦਕ ਇਜਲਾਸ ਆਯੋਜਿਤ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਕਿਹਾ ਕਿ ਅਜ਼ਾਦੀ ਪਿੱਛੋਂ 70 ਸਾਲ ਦਾ ਲੰਮੇ ਸਮੇਂ ‘ਚ ਕੇਂਦਰ ਤੇ ਸੂਬੇ ‘ਚ ਰਾਜ ਕਰਨ ਵਾਲੀਆਂ ਹਾਕਮ ਜਮਾਤਾਂ ਨੇ ਔਰਤਾਂ ਨੂੰ ਸੰਵਿਧਾਨ ਦੇ ਮੱਦੇਨਜ਼ਰ ਆਤਮ ਸਨਮਾਨ ਅਤੇ ਸਭ ਦਾ ਸਨਮਾਨ ਦਾ ਰੁਤਬਾ ਦੇਣ ਦੀ ਬਜਾਏ ਮਰਦ ਪ੍ਰਧਾਨ ਸਮਾਜ ‘ਚ ਬਰਾਬਰ ਦੀ ਵਸੋਂ ਰੱਖਣ ਵਾਲੀ ਨਾਰੀ ਜਾਤੀ ਨਾਲ ਵਿਤਕਰੇ ਦੀ ਸ਼ਰੀਕੇਬਾਜ਼ੀ ਕਰਦਿਆਂ ਆਰਥਿਕ, ਸਮਾਜਿਕ, ਰਾਜਸੀ ਵਿਕਾਸ ਤੇ ਸਨਮਾਨ ਦੀ ਪੌੜੀ ਦੇ ਸਭ ਤੋਂ ਹੇਠਲੇ ਡੰਡੇ (ਦਰਜੇ) ‘ਤੇ ਧਕੇਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ, ਭਾਜਪਾ ਤੇ ਸੰਘ ਪਰਿਵਾਰ ਦੇ ਫਿਰਕੂਵਾਦ ਤੇ ਫਾਸ਼ਿਸਟ ਏਜੰਡੇ ਕਾਰਨ ਦੇਸ਼ ‘ਚ ਵਾਪਰ ਰਹੀ ਹਿੰਸਾ ਕਾਰਨ ਔਰਤ ਦੀ ਹੋਰ ਵੀ ਹਾਲਤ ਪਤਲੀ ਹੋ ਗਈ ਹੈ। ਇਸ ਮੌਕੇ ਸਹਿਯੋਗੀ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਉਮਰਪੁਰਾ, ਸੁਰਜੀਤ ਸਿੰਘ ਦੁਧਰਾਏ, ਸ਼ੀਤਲ ਸਿੰਘ ਤਲਵੰਡੀ ਆਦਿ ਨੇ ਵੀ ਸੰਬੋਧਨ ਕੀਤਾ। ਇਜਲਾਸ ਦੇ ਅੰਤ ‘ਚ ਸਭਾ ਦੀ ਤਹਿਸੀਲ ਇਕਾਈ ਦੇ ਆਹੁਦੇਦਾਰਾਂ ਦੀ ਹੋਈ ਚੋਣ ਦੌਰਾਨ ਸਰਬਸੰਮਤੀ ਨਾਲ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਮੁੜ ਤਹਿਸੀਲ ਪ੍ਰਧਾਨ ਚੁਣੇ ਗਏ ਜਦਕਿ ਸਰਬਜੀਤ ਕੌਰ ਜਸਰਾਊਰ ਜਨਰਲ ਸਕੱਤਰ, ਕਸ਼ਮੀਰ ਕੌਰ ਦੁਧਰਾਏ ਖਜ਼ਾਨਚੀ, ਸਿਮਰਨਜੀਤ ਕੌਰ ਕੋਟ ਰਜ਼ਾਦ ਸਹਾਇਕ ਸਕੱਤਰ, ਸਰਬਜੀਤ ਕੌਰ ਡੱਬਰ ਮੀਤ ਪ੍ਰਧਾਨ, ਸੁਖਵਿੰਦਰ ਕੌਰ ਕੋਹਾਲਾ ਮੀਤ ਪ੍ਰਧਾਨ ਅਤੇ ਕਾਰਜਕਾਰਨੀ ਕਮੇਟੀ ਦੇ ਰਾਜਵਿੰਦਰ ਕੌਰ ਭੁੱਲਰ, ਪ੍ਰਵੀਨ ਕੌਰ, ਰਾਜ ਕੌਰ ਜਸਰਾਊਰ, ਜਗੀਰ ਕੌਰ ਘੋਗਾ, ਰਜਨੀ ਕੁਮਾਰੀ ਚੜਤੇਵਾਲੀ, ਬਲਵਿੰਦਰ ਕੌਰ ਭਿੰਡੀ ਨੈਣ, ਬੀਬੀ ਸੀਮਾ ਗੁਝਾਪੀਰ, ਬੀਬੀ ਵੀਨਾ ਨਿਪਾਲ ਮੈਂਬਰ ਚੁਣੇ ਗਏ। ਇਸ ਮੌਕੇ ਗੁਰਜੀਤ ਕੌਰ ਜਸਰਾਊਰ, ਸੁਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਬੀਬੀ ਸ਼ਿੰਦੋ, ਮਨਜੀਤ ਕੌਰ ਭੂਰੇਗਿੱਲ, ਗੁਰਦੀਪ ਕੌਰ ਦੁਧਰਾਏ, ਦਲਜੀਤ ਕੌਰ ਕੋਹਾਲਾ, ਸਵਰਨ ਕੌਰ ਆਦਿ ਵੀ ਮੌਜੂਦ ਸਨ।

Scroll To Top