ਪਾਰਟੀ ਦੇ ਐਕਸ਼ਨ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੀ ਤਰਨ ਤਾਰਨ ਜਿਲ੍ਹਾ ਕਮੇਟੀ ਵੱਲੋਂ ਸ਼ਹਿਰ ਦੇ ਮਿਉਂਸਪਲ ਪਾਰਕ ਵਿਚ ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਵਿੱਚ, ਕਿਸਾਨ ਸੰਗਰਾਮ ਦੇ ਪੱਖ ਵਿੱਚ ਹਰ ਕਿਸਮ ਦੀ ਹਿਮਾਇਤ ਜੁਟਾਉਣ ਲਈ ਸ਼ਹੀਦ ਇ ਆਜਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਕਾਨਫਰੰਸ ਕੀਤੀ ਗਈ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸੰਬੋਧਨ ਕੀਤਾ। ਮੁਖਤਾਰ ਸਿੰਘ ਮੱਲ੍ਹਾ, ਜਸਪਾਲ ਝਬਾਲ, ਚਮਨ ਲਾਲ ਦਰਾਜ ਕੇ, ਦਲਜੀਤ ਸਿੰਘ ਦਿਆਲਪੁਰਾ, ਬਲਦੇਵ ਸਿੰਘ ਪੰਡੋਰੀ, ਨਰਿੰਦਰ ਕੌਰ ਪੱਟੀ, ਜਸਵੀਰ ਕੌਰ ਜੱਸ, ਸੁਲੱਖਣ ਸਿੰਘ ਤੁੜ ਅਤੇ ਹੋਰਾਂ ਨੇ ਵੀ ਵਿਚਾਰ ਰੱਖੇ। ਪਾਰਟੀ ਕਾਡਰ ਤੋਂ ਇਲਾਵਾ ਜਿਲ੍ਹੇ ਦੀਆਂ ਮੋਹਤਬਰ ਸ਼ਖਸੀਅਤਾਂ ਵੀ ਸ਼ਾਮਲ ਹੋਈਆਂ।
ਮਜ਼ਦੂਰਾਂ ਨੇ ਸਾਂਝੇ ਸੰਘਰਸ਼ ਸਦਕਾ ਅਹਿਮ ਮੰਗਾਂ ਮੰਨਵਾਈਆਂ
‘ਪੇਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਝੇ ਮੋਰਚੇ’ ਨੇ ਆਪਣੀਆਂ ਮੰਗਾਂ ਲਈ ਸੰਘਰਸ਼ ਹੋਰ ਤੇਜ਼ ਕਰਦਿਆਂ ਪੰਜਾਬ ਸਰਕਾਰ ਨੂੰ ਕੁਝ ਮਹੱਤਵਪੂਰਨ ਮੰਗਾਂ ਮੰਨਣ ਲਈ ਮਜਬੂਰ ਕੀਤਾ ਹੈ। ਸਾਂਝੇ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਦਿਹਾਤੀ ਮਜਦੂਰ ਸਭਾ ਪੰਜਾਬ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜਦੂਰ ਯੂਨੀਅਨ ਪੰਜਾਬ, ਪੰਜਾਬ ਖੇਤ ਮਜ਼ਦੂਰ ਸਭਾ, ਮਜਦੂਰ ਮੁਕਤੀ ਮੋਰਚਾ ਪੰਜਾਬ, ਕਰਾਂਤੀਕਾਰੀ ਪੇਂਡੂ ਮਜਦੂਰ ਪੰਜਾਬ ਅਤੇ ਇਕ ਹੋਰ ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਵਲੋਂ 9 ਤੋਂ 11 ਅਗਸਤ ਤੱਕ ਆਪਣੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਪਟਿਆਲੇ ਦੀ ਧਰਤੀ ਤੇ ਤਿੰਨ ਰੋਜਾ ਧਰਨਾ ਲਾਇਆ ਸੀ। ਇਸ ਧਰਨੇ ’ਚ ਵੱਡੀ ਗਿਣਤੀ ਵਿੱਚ ਪੁੱਜੇ ਕਿਰਤੀਆਂ ਦੇ ਦਿ੍ਰੜ ਇਰਾਦੇ ਨੇ ਸਰਕਾਰ ਨੂੰ ਜਚਾ ਦਿੱਤਾ ਸੀ ਇਹ ਆਪਣੀਆਂ ਮੰਗਾਂ ਲਈ ਆਰ-ਪਾਰ ਦੀ ਲੜਾਈ ਲੜਨ ਦੇ ਮੂਡ ’ਚ ਹਨ।
ਧਰਨੇ ਦੇ ਆਖਰੀ ਦਿਨ ਮੋਤੀ ਮਹਿਲ ਵੱਲ ਕੀਤੇ ਗਏ ਮਾਰਚ ਸਮੇਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨੇ ਪੰਜਾਬ ਸਰਕਾਰ ਨਾਲ 18 ਅਗਸਤ ਨੂੰ ਮੋਰਚਾ ਆਗੂਆਂ ਦੀ ਪੈਨਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ ਸੀ। ਇਹ ਮੀਟਿੰਗ ਬਦਲ ਕੇ 19 ਅਗਸਤ ਨੂੰ ਕਰ ਦਿੱਤੀ ਗਈ। ਜਦੋਂ ਮਜ਼ਦੂਰ ਆਗੂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਘਰ ਮੀਟਿੰਗ ਲਈ ਪੁੱਜੇ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਤਾਂ ਇਸ ਮੀਟਿੰਗ ਦਾ ਪਤਾ ਹੀ ਨਹੀਂ। ਪੁਲਿਸ ਤੇ ਸਿਵਿਲ ਅਫ਼ਸਰਾਂ ਦੇ ਮਲਵੀਂ ਜਿਹੀ ਜੀਭ ਨਾਲ ਇਹ ਕਹਿਣ ’ਤੇ ਕਿ ਮੀਟਿੰਗ ਤਾਂ ਤੁਹਾਡੇ ਨਾਲ ਹੀ ਤੈਅ ਹੋਈ ਸੀ ਅਤੇ ਮਜ਼ਦੂਰ ਆਗੂਆਂ ਦੇ ਗੁੱਸੇ ਨੂੰ ਦੇਖਦੇ ਹੋਏ ਮੀਟਿੰਗ ਦਾ ਸਮਾਂ 25 ਅਗਸਤ ਰੱਖਿਆ ਗਿਆ। 25 ਅਗਸਤ ਦੀ ਮੀਟਿੰਗ ਵਿਚ ਮੰਤਰੀ ਤੋਂ ਇਲਾਵਾ ਉੱਚ ਅਧਿਕਾਰੀ ਵੀ ਸ਼ਾਮਲ ਹੋਏ। ਵਿਚਾਰ ਵਿਟਾਂਦਰਾ ਕਰਨ ਤੋਂ ਬਾਅਦ ਕੁਝ ਮੰਗਾਂ ਜਿਵੇਂ ਬਿਜਲੀ ਬਿੱਲਾਂ ਦੇ ਪੁਰਾਣੇ ਬਕਾਏ ਰੋਕ ਦੇਣ, ਪੁੱਟੇ ਮੀਟਰ ਜੋੜਨ ਅਤੇ ਅੱਗੇ ਤੋਂ ਮੀਟਰ ਪੁੱਟਣੇ ਬੰਦ ਕਰਨ, ਨੀਲੇ ਕਾਰਡਾਂ ਚੋਂ ਕੱਟੇ ਨਾਮ ਮੁੜ ਦਰਜ਼ ਕਰਨ ਅਤੇ ਨੀਲੇ ਕਾਰਡਾਂ ਤੋਂ ਵਾਂਝੇ ਰਹਿ ਗਏ ਮਜਦੂਰਾਂ ਦੇ ਕਾਰਡ ਬਣਾਉਣ ਲਈ ਬੰਦ ਪੋਰਟਲ ਮੁੜ ਤੋਂ ਖੋਲ੍ਹਣ ਆਦਿ ’ਤੇ ਸਹਿਮਤੀ ਬਣ ਗਈ। ੇ ਰਿਹਾਇਸ਼ੀ ਪਲਾਟਾਂ, ਪੰਚਾਇਤੀ ਜਮੀਨਾਂ ਵਿਚੋਂ ਦਲਿਤਾਂ ਦਾ 1/3 ਹਿੱਸਾ ਦੇਣ, ਡੰਮੀ ਬੋਲੀਆਂ ਬੰਦ ਕਰਨ ਆਦਿ ਲਈ 7 ਸਤੰਬਰ ਨੂੰ ਡਾਇਰੈਕਟਰ ਪੰਚਾਇਤ ਵਿਭਾਗ ਨਾਲ ਮੀਟਿੰਗ ਤੈਅ ਕੀਤੀ ਗਈ। ਬਾਕੀ ਮੰਗਾਂ ਕਰਜਾ ਮੁਆਫੀ, ਬੁਢਾਪਾ-ਵਿਧਵਾ ਪੈਨਸ਼ਨਾਂ 5000 ਰੁਪਏ ਕਰਨ ਅਤੇ ਉਮਰ ਦੀ ਹੱਦ ਔਰਤਾਂ ਲਈ 55 ਅਤੇ ਮਰਦਾਂ ਲਈ 58 ਸਾਲ ਕਰਨ, ਪੱਕੇ ਰੁਜਗਾਰ ਦਾ ਪ੍ਰਬੰਧ ਕਰਨ ਅਤੇ ਮਨਰੇਗਾ ਤਹਿਤ ਸਾਰਾ ਸਾਲ ਕੰਮ ਅਤੇ 600 ਰੁਪਏ ਦਿਹਾੜੀ ਦੇਣ, ਦਲਿਤਾਂ ਨਾਲ ਸਮਾਜਿਕ ਵਿਤਕਰਾ ਬੰਦ ਕਰਨ, ਕਿਰਤ ਕਾਨੂੰਨਾਂ ’ਚ ਕੀਤੀਆਂ ਸੋਧਾਂ ਰੱਦ ਕਰਵਾਉਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਆਦਿ ਮੰਗਾਂ ਤੇ 26 ਅਗਸਤ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਵਿਚਾਰ ਕਰ ਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪਰ 26 ਅਗਸਤ ਦੀ ਕੈਬਨਿਟ ਮੀਟਿੰਗ ਵਿਚ ਮਜ਼ਦੂਰ ਮਸਲੇ ਵਿਚਾਰੇ ਹੀ ਨਹੀਂ ਗਏ ਅਤੇ ਵਿਧਾਨ ਸਭਾ ਦਾ ਇੱਕ ਦਿਨਾ ਸੈਸ਼ਨ ਸੱਦਣ ਦਾ ਡੰਗ ਟਪਾਊ ਫ਼ੈਸਲਾ ਲੈ ਲਿਆ ਗਿਆ। ਇਸਦੇ ਵਿਰੋਧ ਵਿਚ 1 ਤੋਂ 3 ਸਤੰਬਰ ਤੱਕ ਦੇ ਮੰਤਰੀਆਂ ਦੇ ਘਰਾਂ ਮੂਹਰੇ ਮਾਰੇ ਜਾਣ ਵਾਲੇ ਧਰਨੇ ਵਿਧਾਨ ਸਭਾ ਸੈਸ਼ਨ ਵਾਲੇ ਦਿਨ ਮਾਰਨ ਦਾ ਫੈਸਲਾ ਕੀਤਾ ਗਿਆ। 3 ਸਤੰਬਰ ਨੂੰ ਜਲੰਧਰ ਅਤੇ ਬਠਿੰਡਾ ਜ਼ਿਲ੍ਹਾ ਕੇਂਦਰਾਂ ਤੋਂ ਇਲਾਵਾ ਸੈਂਕੜੇ ਪਿੰਡਾਂ ਵਿਚ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। 7 ਸਤੰਬਰ ਨੂੰ ਡਾਇਰੈਕਟਰ ਪੰਚਾਇਤ ਵਿਭਾਗ ਨਾਲ ਬਰਨਾਲਾ ਦੇ ਰੈਡੀਐਂਟ ਪਲਾਜ਼ਾ ਹੋਟਲ ਵਿਚ ਚੰਗੇ ਮਹੌਲ ਵਿਚ ਮੀਟਿੰਗ ਹੋਈ। ਮੀਟਿੰਗ ਵਿੱਚ ਡਾਇਰੈਕਟਰ ਮਨਪ੍ਰੀਤ ਸਿੰਘ ਛੱਤਵਾਲ ਤੋਂ ਬਿਨਾਂ ਡਿਪਟੀ ਡਾਇਰੈਕਟਰ , ਜਿਲ੍ਹਿਆਂ ਦੇ ਏ ਡੀ ਸੀ ਵਿਕਾਸ ਅਤੇ ਡੀ ਡੀ ਪੀ ਓਜ ਸ਼ਾਮਲ ਹੋਏ ਅਤੇ ਮਜ਼ਦੂਰ ਮੋਰਚੇ ਵਲੋਂ 15 ਸਾਥੀ ਸ਼ਾਮਲ ਸਨ। ਮਨਪ੍ਰੀਤ ਸਿੰਘ ਛੱਤਵਾਲ ਨੇ ਭਰੋਸਾ ਦਿੱਤਾ ਕਿ ਜਿਹੜੇ ਪਲਾਟ ਕੱਟੇ ਹੋਏ ਹਨ ਤੇ ਕਬਜੇ ਨਹੀਂ ਮਿਲੇ ਉਨ੍ਹਾਂ ਦੇ ਕਬਜ਼ੇ ਇਕ ਮਹੀਨੇ ਵਿੱਚ ਦਿੱਤੇ ਜਾਣਗੇ। ਜਿਨ੍ਹਾਂ ਪੰਚਾਇਤਾਂ ਨੇ ਮਤੇ ਪਾਏ ਹਨ ਪਰ ਪਲਾਟ ਨਹੀਂ ਮਿਲੇ ਉਹ ਅਤੇ ਬਾਕੀ ਪੰਚਾਇਤਾਂ ਤੋਂ ਮਤੇ ਪਵਾਕੇ ਇਕ ਮਹੀਨੇ ’ਚ ਸਾਰੇ ਪਲਾਟ ਦਿੱਤੇ ਜਾਣਗੇ ਅਤੇ ਡੰਮੀ ਬੋਲੀਆਂ ਰੱਦ ਕੀਤੀਆਂ ਜਾਣਗੀਆਂ। ਪੰਚਾਇਤੀ ਜਮੀਨ ਵਿੱਚੋਂ ਦਲਿਤਾਂ ਦਾ 1/3 ਹਿੱਸਾ ਦਲਿਤਾਂ ਨੂੰ ਹੀ ਦਿੱਤਾ ਜਾਵੇਗਾ। ਇਨ੍ਹਾਂ ਮੰਨੀਆਂ ਮੰਗਾਂ ਬਾਰੇ ਕੋਈ ਵੀ ਚਿੱਠੀ ਪੱਤਰ ਨਾ ਭੇਜਣ ਤੇ 26 ਅਗਸਤ ਦੀ ਕੈਬਨਿਟ ਮੀਟਿੰਗ ਵਿੱਚ ਮੰਗਾਂ ਤੇ ਵਿਚਾਰ ਨਾ ਕਰਨਾ ਅਤੇ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਇਕ ਦਿਨ ਦਾ ਕਰਨਾ, ਇਸ ਤੋਂ ਪੰਜਾਬ ਸਰਕਾਰ ਦੀ ਨੀਅਤ ਸਾਫ ਨਹੀਂ ਲੱਗ ਰਹੀ ਸੀ। ਇਸ ਟਕਰਾਊ ਨੀਤੀ ਨੂੰ ਦੇਖਦਿਆਂ 13 ਸਤੰਬਰ ਨੂੰ ਦੋਬਾਰਾ ਪਟਿਆਲੇ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। 13 ਸਤੰਬਰ ਨੂੰ ਪਟਿਆਲੇ ਪਾਵਰਕੌਮ ਦੇ ਦਫਤਰ ਸਾਹਮਣੇ 11 ਵਜੇ ਤੋਂ ਹੀ ਮਜ਼ਦੂਰਾਂ ਦੇ ਵੱਡੇ-ਵੱਡੇ ਕਾਫਲੇ ਸੂਬੇ ਭਰ ’ਚੋਂ ਆਉਣੇ ਸ਼ੁਰੂ ਹੋ ਗਏ। ਦੋਹਾਂ ਪਾਸਿਆਂ ਤੋਂ ਸੜਕ ਜਾਮ ਕਰ ਦਿੱਤੀ ਗਈ। ਮੋਢਿਆਂ ਤੇ ਲਾਲ ਝੰਡੇ ਚੁੱਕੀ ਜੋਸ਼ੀਲੇ ਨਾਅਰੇ ਮਾਰਦੇ ਅੱਤ ਦੀ ਗਰਮੀ ਅਤੇ ਹੁੰਮਸ ਦੇ ਬਾਵਜੂਦ ਕਿਰਤੀ ਲੋਕ ਤਪਦੀ ਸੜਕ ਤੇ ਬੈਠੇ ਰਹੇ। ਵੱਖ-ਵੱਖ ਬੁਲਾਰਿਆਂ ਦਰਸ਼ਨ ਨਾਹਰ, ਜੋਰਾ ਸਿੰਘ ਨਸਰਾਲੀ, ਤਰਸੇਮ ਪੀਟਰ, ਗੁਲਜ਼ਾਰ ਗੋਰੀਆ, ਭਗਵੰਤ ਸਮਾਓ, ਪ੍ਰਗਟ ਸਿੰਘ ਕਾਲਾਝਾੜ, ਅਤੇ ਸੰਜੀਵ ਮਿੰਟੂ ਨੇ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ। ਮਜਦੂਰਾਂ ਦਾ ਇਕੱਠ ਤੇ ਰੋਹ ਦੇਖ ਕੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਭਾਂਜੜਾਂ ਪੈ ਗਈਆਂ ਅਤੇ ਮੋਰਚੇ ਦੇ ਆਗੂਆਂ ਦੀਆਂ ਗੱਲਬਾਤ ਕਰਨ ਲਈ ਲੇਲ੍ਹੜੀਆਂ ਕੱਢਣ ਲੱਗੇ। ਪ੍ਰਸ਼ਾਸਨ ਨਾਲ ਲੰਮੀ ਗੱਲਬਾਤ ਤੋਂ ਬਾਅਦ ਤਹਿਸੀਲਦਾਰ ਅਤੇ ਪੁਲੀਸ ਅਫਸਰਾਂ ਨੇ ਸਟੇਜ ’ਤੇ ਆ ਕੇ ਮੰਨੀਆਂ ਮੰਗਾਂ ਜਿਵੇਂ ਬਿਜਲੀ ਬਿੱਲਾਂ ਦੇ ਪੁਰਾਣੇ ਬਕਾਏ ਰੋਕਣ, ਪੁੱਟੇ ਮੀਟਰ ਜੋੜਨ, ਅੱਗੇ ਤੋਂ ਮੀਟਰ ਨਾ ਪੁੱਟਣ, ਡਾਇਰੈਕਟਰ ਪੰਚਾਇਤ ਵਿਭਾਗ ਨਾਲ ਹੋਈ ਮੀਟਿੰਗ ਦੇ ਫੈਸਲਿਆਂ ਦੀ ਕਾਪੀ ਅਤੇ ਬਾਕੀ ਰਹਿੰਦੀਆਂ ਮੰਗਾਂ ਬਾਰੇ 23 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੈਕਟਰ 2 ਚੰਡੀਗੜ੍ਹ 12 ਵਜੇ ਤੈਅ ਕੀਤੀ ਗਈ ਪੈਨਲ ਮੀਟਿੰਗ ਦੀਆਂ ਲਿਖਤੀ ਚਿੱਠੀਆਂ ਮੋਰਚੇ ਦੇ ਆਗੂਆਂ ਨੂੰ ਸੌਪੀਆਂ। ਮਜਦੂਰਾਂ ਵਲੋਂ ਇਸ ਜਿੱਤ ਦਾ ਜੋਸ਼ ਭਰੇ ਨਾਅਰਿਆਂ ਨਾਲ ਸਵਾਗਤ ਕਰਦਿਆਂ ਧਰਨੇ ਦੀ ਸਮਾਪਤੀ ਇਸ ਚਿਤਾਵਨੀ ਨਾਲ ਕੀਤੀ ਗਈ ਕਿ ਜੇ ਸਰਕਾਰ ਨੇ ਕੋਈ ਢਿੱਲ ਦਿਖਾਈ ਤਾਂ ਹੋਰ ਵੀ ਤਿੱਖਾ ਸੰਘਰਸ਼ ਛੇੜਿਆ ਜਾਵੇਗਾ। ਸਟੇਜ ਦਾ ਸੰਚਾਲਨ ਬਲਦੇਵ ਸਿੰਘ ਨੂਰਪੁਰੀ ਅਤੇ ਲਖਵੀਰ ਸਿੰਘ ਲੌਂਗੋਵਾਲ ਨੇ ਕੀਤਾ। ਚਮਨ ਲਾਲ ਦਰਾਜਕੇ, ਲਛਮਣ ਸਿੰਘ ਸੇਵੇਵਾਲਾ, ਕਸ਼ਮੀਰ ਘੁੱਗਸ਼ੋਰ, ਦੇਵੀ ਕੁਮਾਰੀ, ਮੱਖਣ ਸਿੰਘ ਰਾਮਗੜ, ਕੁਲਵੰਤ ਸਿੰਘ, ਬਿਮਲ ਕੌਰ ਨੇ ਵੀ ਸੰਬੋਧਨ ਕੀਤਾ।
ਰੀਪੋਰਟ : ਬਲਦੇਵ ਸਿੰਘ ਨੂਰਪੁਰੀ
ਕਿਲ੍ਹਾ ਰਾਏਪੁਰ ਮੋਰਚੇ ਦੀਆਂ ਸਰਗਰਮੀਆਂ
ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁੱਧ ਜਾਰੀ ਦੇਸ ਵਿਆਪੀ ਜਨ ਅੰਦੋਲਨ ਦੀ ਕੜੀ ਵਿੱਚ ਅਡਾਨੀਆਂ ਦੀ ਖੁਸਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਵੀ ਪਿਛਲੇ 9 ਮਹੀਨਿਆਂ ਤੋਂ ਜਾਰੀ ਪੱਕੇ ਮੋਰਚੇ ਨੇ ਅਗਸਤ-ਸਤੰਬਰ ਮਹੀਨੇ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵੱਖ-ਵੱਖ ਸੰਘਰਸ਼ੀ ਸੱਦਿਆਂ ਨੂੰ ਬਾਕਮਾਲ ਸ਼ਮੂਲੀਅਤ ਕਰਵਾਉਂਦਿਆਂ ਲਾਗੂ ਕੀਤਾ ਹੈ। 31 ਜੁਲਾਈ ਨੂੰ ਜਦੋਂ ਦਿੱਲੀ ਵਿਖੇ ਪਾਰਲੀਮੈਂਟ ਸੈਸਨ ਦੇ ਸਮਾਨ-ਅੰਤਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਸੰਸਦ ਚਲਾਈ ਜਾ ਰਹੀ ਸੀ ਤਾਂ ਕਿਲਾ ਰਾਏਪੁਰ ਮੋਰਚੇ ’ਤੇ ਵੀ ਕਿਸਾਨ ਸੰਸਦ ਸੱਦੀ ਗਈ ਕਿਸਾਨ ਬਾਬਿਆਂ ਤੇ ਹਰ ਉਮਰ/ਵਰਗ ਦੀਆਂ ਔਰਤਾਂ ਵੱਲੋਂ ਚਲਾਈ ਗਈ। ਕਿਸਾਨ ਸੰਸਦ ਵੱਲੋਂ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ। 1 ਅਗਸਤ ਨੂੰ ਇਸ ਮੋਰਚੇ ਦੇ 7 ਮਹੀਨੇ ਪੂਰੇ ਹੋਣ ਦੇ ਮੌਕੇ ’ਤੇ ਵਿਸ਼ੇਸ਼ ਇਕੱਤਰਤਾ ਕਰਕੇ ਇਲਾਕੇ ਦੇ ਸਮੂਹ ਪਿੰਡਾਂ ਵੱਲੋਂ ਦਿੱਤੇ ਜਾ ਰਹੇ ਅਨਮੋਲ ਸਹਿਯੋਗ ਲਈ ਪ੍ਰਬੰਧਕਾਂ ਨੇ ਵਿਸੇਸ ਧੰਨਵਾਦ ਕੀਤਾ। 4 ਅਗਸਤ ਨੂੰ ਇੱਥੇ ਫਿਰ ਕਿਸਾਨ ਸੰਸਦ ਜੁੜੀ ਜਿਸ ਵਿੱਚ ਸੰਸਦ ਮੈਂਬਰਾਂ ਨੇ ਕਾਲੇ ਕਾਨੂੰਨ ਦੀਆਂ ਕਾਪੀਆਂ ਨੂੰ ਪਾੜ ਕੇ ਸਪੀਕਰ ਵੱਲ ਸੁੱਟ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। 10 ਅਗਸਤ ਨੂੰ ਸੀ.ਟੀ.ਯੂ. ਪੰਜਾਬ ਦੇ ਮੀਤ ਪ੍ਰਧਾਨ ਅਤੇ ਦੇਸ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰਸਟੀ ਮੰਗਤ ਰਾਮ ਪਾਸਲਾ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਅਤੇ ਸਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਵਿਸੇਸ ਤੌਰ ਤੇ ਇੱਥੇ ਹਾਜਰੀ ਭਰੀ। ਉਹਨਾਂ ਕਿਹਾ ਕਿ ਇਸ ਅਡਾਨੀਆਂ ਦੀ ਖੁਸਕ ਬੰਦਰਗਾਹ ਤੇ ਲੱਗੇ ਮੋਰਚੇ ਨੇ ਕਾਰਪੋਰੇਟ ਘਰਾਣਿਆਂ ਦੀਆ ਜੜ੍ਹਾਂ ਪੋਲੀਆਂ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ। 11 ਅਗਸਤ ਨੂੰ ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਸਾਉਣ ਮਹੀਨੇ ਦਾ ਤਿਉਹਾਰ ਤੀਆਂ ਪੂਰੇ ਇਨਕਲਾਬੀ ਰੰਗਾਂ ਵਿੱਚ ਮਨਾਇਆ ਗਿਆ। ਇੱਥੇ ਔਰਤਾਂ ਵੱਲੋਂ ਇਨਕਲਾਬੀ ਬੋਲੀਆਂ ਜਿਵੇਂ “ਕਿੱਕਲੀ ਕਲੀਰ ਦੀ, ਖੇਤੀ ਮੇਰੇ ਵੀਰ ਦੀ, ਧਰਨਾ ਕਿਸਾਨੀ ਦਾ, ਫਿੱਟੇ ਮੂੰਹ ਅਡਾਨੀ ਦਾ!” ਆਦਿ ਪਾ ਕੇ ਖੂਬ ਗਿੱਧਾ, ਭੰਗੜਾ ਪਾਇਆ। ਭੈਣਾਂ ਵੱਲੋਂ ਇਨਕਲਾਬੀ ਗੀਤ, ਦੋਹੇ, ਸਿੱਠਣੀਆਂ ਵੀ ਪੇਸ ਕੀਤੀਆਂ ਗਈਆਂ। 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਕਿਰਤੀ-ਕਿਸਾਨਾਂ ਤੇ ਭੈਣਾਂ ਨੇ ਰੇਲਵੇ ਸਟੇਸਨ ਤੱਕ ਤਿਰੰਗਾ ਮਾਰਚ ਕੀਤਾ। ਅੰਦੋਲਨਕਾਰੀਆਂ ਨੇ ਜੋਸੀਲੇ ਨਾਹਰਿਆਂ ਰਾਹੀਂ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਲੱਖਾਂ ਕੁਰਬਾਨੀਆਂ ਰਾਹੀਂ ਹਾਸਲ ਕੀਤੀ ਆਜਾਦੀ ਨੂੰ ਸਾਮਰਾਜੀਆਂ ਅਤੇ ਕਾਰਪੋਰੇਟ ਘਰਾਣਿਆਂ ਤੋਂ ਗੰਭੀਰ ਖਤਰਾ ਹੈ, ਇਸ ਲਈ ਮਹਿੰਗੇ ਮੁੱਲ ਲਈ ਆਜਾਦੀ ਦੀ ਰਾਖੀ ਖਾਤਰ ਸੰਘਰਸ਼ਾਂ ਵਿੱਚ ਨਿੱਤਰੋ। 17 ਅਗਸਤ ਨੂੰ ਅਮਰ ਸ਼ਹੀਦ ਮਦਨ ਲਾਲ ਢੀਂਗਰਾਂ ਦਾ ਸ਼ਹੀਦੀ ਦਿਨ ਇਨਕਲਾਬੀ ਜੋਸ ਨਾਲ ਮਨਾਇਆ ਗਿਆ ਅਤੇ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦੀ ਬਦੌਲਤ ਮਿਲੀ ਆਜਾਦੀ ਦੀ ਰਾਖੀ ਕਰਨ ਲਈ ਹਰ ਕੁਰਬਾਨੀ ਕਰਨ ਦਾ ਅਹਿਦ ਕੀਤਾ ਗਿਆ। 27 ਅਗਸਤ ਨੂੰ ਮੋਰਚੇ ਦੇ ਆਗੂਆਂ ਦੀ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਧਰਨਾ ਚੁੱਕਣ ਸੰਬੰਧੀ ਮੀਟਿੰਗ ਹੋਈ। ਕਿਸਾਨ ਆਗੂਆਂ ਨੇ ਪ੍ਰਸਾਸਨ ਦੀ ਧਰਨਾ ਚੁੱਕਣ ਦੀ ਅਪੀਲ ਰੱਦ ਕਰ ਦਿੱਤੀ ਅਤੇ ਕਿਹਾ ਕਿ ਜਿਨਾ ਚਿਰ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨਾ ਚਿਰ ਇਹ ਲਗਾਤਾਰ ਧਰਨਾ ਜਾਰੀ ਰਹੇਗਾ। ਹਰਿਆਣਾ ਦੀ ਖੱਟਰ ਸਰਕਾਰ ਵੱਲੋਂ 28 ਅਗਸਤ ਨੂੰ ਕਰਨਾਲ ਵਿੱਚ ਕਿਸਾਨਾਂ ਉੱਪਰ ਕੀਤੇ ਗਏ ਵਹਿਸ਼ੀਆਨਾ ਲਾਠੀਚਾਰਜ ਦੇ ਵਿਰੋਧ ਵਿੱਚ ਮੋਰਚੇ ਤੇ ਇਕੱਤਰ ਕਿਰਤੀ-ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੀ ਅਰਥੀ ਫੂਕੀ। 31 ਅਗਸਤ ਨੂੰ ਖੱਟਰ ਵੱਲੋਂ ਲਾਠੀਚਾਰਜ ਨੂੰ ਸਹੀ ਠਹਿਰਾਉਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਮੋਰਚੇ ਦੇ ਸਾਹਮਣੇ ਮੇਨ ਸੜਕ ਤੇ ਖੜ੍ਹੇ ਹੋ ਕੇ ਰੋਸ ਪ੍ਰਦਰਸਨ ਕੀਤਾ। 1 ਸਤੰਬਰ ਨੂੰ ਮੋਰਚੇ ਦੇ 8 ਮਹੀਨੇ ਪੂਰੇ ਹੋਣ ਮੌਕੇ ਅਡਾਨੀਆਂ ਦੇ ਖੁਸ਼ਕ ਬੰਦਰਗਾਹ ਪ੍ਰਾਜੈਕਟ ਲਈ ਹੈਵੀ ਮਸ਼ੀਨਾਂ ਮੁਹੱਈਆ ਕਰਾਉਣ ਵਾਲੀ ‘ਪੀ.ਸੀ.ਐਸ. ਕੰਪਨੀ’ ਵੱਲੋਂ ਆਪਣੀਆਂ ਮਸੀਨਾਂ ਵਾਪਸ ਲਿਜਾ ਕੇ ਅੱਗੇ ਤੋਂ ਅਡਾਨੀ ਗਰੁਪ ਨਾਲ ਕੋਈ ਵੀ ਵਪਾਰਕ ਸਾਂਝ ਨਾ ਰੱਖਣ ਦਾ ਐਲਾਨ ਕੀਤਾ। 3 ਸਤੰਬਰ ਨੂੰ ਕਿਸਾਨਾ ਉਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕੀਤੇ ਲਾਠੀਚਾਰਜ ਵਿਰੁੱਧ ਰੋਸ ਪ੍ਰਦਰਸਨ ਕੀਤਾ। 4 ਸਤੰਬਰ ਨੂੰ ਮੁਜੱਫਰਨਗਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾ ਰਹੀ ਮਹਾ ਰੈਲੀ ਵਿੱਚ ਸਾਮਲ ਹੋਣ ਲਈ ਵੱਡਾ ਜਥਾ ਰਵਾਨਾ ਹੋਇਆ। 9 ਸਤੰਬਰ ਨੂੰ ਕੇਂਦਰ ਸਰਕਾਰ ਵੱਲੋਂ ਕਣਕ ਦੇ ਖਰੀਦ ਮੁੱਲ ਵਿੱਚ 40 ਰੁਪਏ ਦੇ ਨਿਗੂਣੇ ਵਾਧੇ ਤੇ ਦੂਜੀਆਂ ਫਸਲਾਂ ਦੇ ਲਾਹੇਬੰਦ ਭਾਅ ਨਾ ਐਲਾਨੇ ਜਾਣ ਕਰਕੇ ਕੇਂਦਰ ਸਰਕਾਰ ਵਿਰੁੱਧ ਨਾਹਰੇਬਾਜੀ ਕਰਕੇ ਸਖ਼ਤ ਰੋਸ ਪ੍ਰਗਟਾਇਆ। 14 ਸਤੰਬਰ ਨੂੰ ਵਿਸ਼ਾਲ ਇਕੱਠ ਕਰਕੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨ ਵਿਰੋਧੀ ਬਿਆਨ ਦੀ ਸਖਤ ਨਿਖੇਧੀ ਕੀਤੀ। 16 ਸਤੰਬਰ ਨੂੰ ਸਿਹਤ ਮਹਿਕਮੇ ਦੇ ਸਹਿਯੋਗ ਨਾਲ ਕਰੋਨਾ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਕੈਂਪ ਲਗਾਇਆ ਤੇ ਹਾਜਰ ਲੋਕਾਂ ਦੇ ਟੀਕੇ ਲਗਵਾਏ। 17 ਸਤੰਬਰ ਨੂੰ ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ, 27 ਸਤੰਬਰ ਦੇ ‘ਭਾਰਤ ਬੰਦ’ ਦੇ ਸੱਦੇ ਦੀ ਕਾਮਯਾਬ ਲਈ ਨਾਰੰਗਵਾਲ ਤੇ ਗੁੱਜਰਵਾਲ ਪਿੰਡਾਂ ਵਿਚ ਪੈਦਲ ਮਾਰਚ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਔਰਤਾਂ ਨੇ ਹਿੱਸਾ ਲਿਆ। 22 ਸਤੰਬਰ ਨੂੰ ਮੋਰਚੇ ਵੱਲੋਂ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਤੋਂ ਵ੍ਹੀਕਲ ਮਾਰਚ ਸ਼ੁਰੂ ਕਰਕੇ ਅੱਬੂਵਾਲ, ਰੱਤੋਵਾਲ, ਟੂਸੇ, ਚਮਿੰਡਾ, ਬੱਲੋਵਾਲ, ਗੁੱਜਰਵਾਲ, ਨਾਰੰਗਵਾਲ, ਆਸੀ ਆਦਿ ਪਿੰਡਾਂ ਵਿੱਚ ਰੈਲੀਆਂ ਕਰਕੇ ਲੋਕਾਈ ਨੂੰ ਸ਼ਹੀਦ ਸਰਾਭਾ ਦੇ ਵਿਚਾਰਾਂ ਤੇ ਪਹਿਰਾ ਦੇਣ ਦਾ ਹੋਕਾ ਦਿੱਤਾ ਗਿਆ। 25 ਸਤੰਬਰ ਨੂੰ ਕਿਲ੍ਹਾ ਰਾਏਪੁਰ, ਜੜਤੌਲੀ, ਘੁੰਗਰਾਣਾ, ਧੂਰਕੋਟ, ਛਪਾਰ, ਕਾਲਖ, ਗੋਪਾਲਪੁਰ, ਡੇਹਲੋਂ, ਗੁਰਮ, ਮੁਕੰਦਪੁਰ, ਸੰਕਰ, ਸਾਇਆ ਆਦਿ ਪਿੰਡਾਂ ਵਿੱਚ ਵੀ ਅਜਿਹਾ ਹੀ ਮਾਰਚ ਕਰਕੇ ‘ਭਾਰਤ ਬੰਦ’ ਦੇ ਸੱਦੇ ਨੂੰ ਇਤਿਹਾਸਕ ਸਫਲ ਬਨਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਗਈ। 26 ਸਤੰਬਰ ਨੂੰ ਦਿੱਲੀ ਦੇ ਬਾਹਡਰਾਂ ਉੱਪਰ ਲੱਗੇ ਮੋਰਚਿਆਂ ਦੇ 10 ਮਹੀਨੇ ਪੂਰੇ ਹੋਣ ’ਤੇ ਮੋਦੀ ਸਰਕਾਰ ਤੇ ਸੰਘ-ਭਾਜਪਾ ਨੂੰ ਲਾਹਨਤਾਂ ਪਾਈਆਂ। 27 ਸਤੰਬਰ ਨੂੰ ਦਿੱਤੇ ਗਏ ‘ਭਾਰਤ ਬੰਦ’ ਦੇ ਸੱਦੇ ਤਹਿਤ ਕਿਲ੍ਹਾ ਰਾਏਪੁਰ ਮੋਰਚੇ ਵੱਲੋਂ ਕਸਬਾ ਜੋਧਾਂ ਤੇ ਡੇਹਲੋਂ ਦੇ ਮੇਨ ਬਜ਼ਾਰ ਵਿੱਚ ਜਾਮ ਲਗਾਇਆ ਗਿਆ। 28 ਸਤੰਬਰ ਨੂੰ, ਮੋਰਚੇ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।
ਰੀਪੋਰਟ: ਹਰਨੇਕ ਸਿੰਘ ਗੁੱਜਰਵਾਲ
ਜਨਸੰਗਠਨਾਂ ਦੀਆਂ ਸਰਗਰਮੀਆਂ
ਜੇ.ਪੀ.ਐਮ.ਓ. : ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਅਤੇ ਭਾਈਚਾਰਕ ਸਾਂਝ ਨੂੰ ਖੇਂਰੂੰ-ਖੇਰੂੰ ਕਰਨ ਦੇ ਫਿਰਕੂ-ਫਾਸ਼ੀ ਦੇ ਮਨਸੂਬਿਆਂ ਨੂੰ ਰੱਦ ਕਰਨ ਲਈ ਸੰਗਰਾਮਾਂ ਦਾ ਸੱਦਾ ਦੇਣ ਲਈ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਦੇ ਡਾਕਟਰ ਬੀ.ਆਰ ਅੰਬੇਦਕਰ ਪਾਰਕ ਵਿਖੇ ਜਿਲ੍ਹਾ ਪੱਧਰੀ ਕਨਵੈਨਸ਼ਨ ਸੱਦੀ ਗਈ। ਇਸ ਪ੍ਰਭਾਵਸ਼ਾਲੀ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਸੀ.ਟੀ.ਯੂ.ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਅਤੇ ਦਿਹਾਤੀ ਮਜਦੂਰ ਸਭਾ ਪੰਜਾਬ ਦੇ ਵਿੱਤ ਸਕੱਤਰ ਸਾਥੀ ਮਹੀਪਾਲ ਉਚੇਚੇ ਸ਼ਾਮਲ ਹੋਏ। ਪ੍ਰਧਾਨਗੀ ਭੀਮ ਸਿੰਘ ਆਲਮਪੁਰ, ਦੇਵ ਰਾਜ ਵਰਮਾ, ਮੱਖਣ ਸਿੰਘ ਜਖੇਪਲ, ਕਾਕਾ ਸਿੰਘ ਭੱਟੀਵਾਲ, ਬੀਰਬਲ ਸਿੰਘ ਲੇਹਲ ਕਲਾਂ, ਹਰੀ ਸਿੰਘ ਕੋਟੜਾ ਲਹਿਲ, ਤੇਜਾ ਸਿੰਘ ਬੇਨੜਾ, ਹਰਦੇਵ ਸਿੰਘ ਘਣੌਰੀ ਨੇ ਕੀਤੀ। ਕਾਰਵਾਈ ਊਧਮ ਸਿੰਘ ਸੰਤੋਖਪੁਰਾ ਨੇ ਚਲਾਈ। ਦਿਹਾਤੀ ਮਜਦੂਰ ਸਭਾ ਦੀ ਜਿਲ੍ਹਾ ਟੀਮ ਵੱਲੋਂ ਸੂਬਾਈ ਬੁਲਾਰਿਆਂ ਦਾ ਸਨਮਾਨ ਵੀ ਕੀਤਾ ਗਿਆ।
ਚੰਡੀਗੜ੍ਹ ਵਿਖੇ ਟਰੇਡ ਯੂਨੀਅਨਾਂ ਦਾ ਸਾਂਝਾ ਵਿਸ਼ਾਲ ਧਰਨਾ : ਪੰਜਾਬ ਸਰਕਾਰ ਵੱਲੋਂ ਘੱਟੋ-ਘੱਟ ਉਜ਼ਰਤਾਂ ਦਾ ਵਾਧਾ ਨਾ ਕੀਤੇ ਜਾਣ ਖਿਲਾਫ ਅਤੇ ਹੋਰ ਮੰਗਾਂ ਲਈ ਸੀ.ਟੀ.ਯੂ.ਪੰਜਾਬ, ਏਟਕ, ਇੰਟਕ ਅਤੇ ਹਿੰਦ ਮਜਦੂਰ ਸਭਾ( ਐਚ.ਐਮ.ਐਸ.) ਦੇ ਸੱਦੇ ‘ਤੇ ਪੁੱਜੇ ਹਜਾਰਾਂ ਕਿਰਤੀਆਂ ਨੇ ਕਿਰਤ ਕਮਿਸ਼ਨਰ ਪੰਜਾਬ ਦੇ ਚੰਡੀਗੜ੍ਹ ਸਥਿਤ ਦਫਤਰ ਦਾ ਘਿਰਾਓ ਕਰਦਿਆਂ ਰੋਹ ਭਰਪੂਰ ਧਰਨਾ ਮਾਰਿਆ। ਧਰਨਾਕਾਰੀਆਂ ਵਿੱਚ ਭਾਰੀ ਗਿਣਤੀ ਔਰਤਾਂ ਵੀ ਸ਼ਾਮਲ ਸਨ। ਵਿਜੈ ਮਿਸ਼ਰਾ, ਨੱਥਾ ਸਿੰਘ, ਬੰਤ ਬਰਾੜ, ਨਿਰਮਲ ਸਿੰਘ ਧਾਲੀਵਾਲ, ਸ਼ਿਵ ਕੁਮਾਰ ਪਠਾਨਕੋਟ, ਗੁਲਜ਼ਾਰ ਗੋਰੀਆ, ਦੇਵ ਰਾਜ ਵਰਮਾ, ਦੇਵੀ ਕੁਮਾਰੀ, ਜਗਦੀਸ਼ ਚੰਦ, ਜਗਤਾਰ ਸਿੰਘ ਕਰਮਪੁਰਾ, ਗੁਰਦੀਪ ਸਿੰਘ ਕਲਸੀ, ਗੰਗਾ ਪ੍ਰਸਾਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਹੋਰ ਤਿੱਖਾ ਸੰਘਰਸ਼ ਛੇੜਿਆ ਜਾਵੇਗਾ। ਸੀ.ਟੀ.ਯੂ.ਪੰਜਾਬ ਦੀ ਗੁਰਦਾਸਪੁਰ ਜਿਲ੍ਹਾ ਕਮੇਟੀ ਦੀ ਅਗਵਾਈ ਵਿੱਚ ਇਕੱਤਰ ਹੋਏ ਸੈਂਕੜੇ ਆਟੋ ਚਾਲਕਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਪ੍ਰਸ਼ਾਸ਼ਨ ਨਾਲ ਹੋਈ ਮੀਟਿੰਗ ਵਿੱਚ ਆਟੋ ਚਾਲਕਾਂ ਦੇ ਫੌਰੀ ਮਸਲੇ ਮੌਕੇ ’ਤੇ ਹੱਲ ਕਰਵਾਏ ਗਏ।
ਬਲਰਾਜ ਸਿੰਘ ਭੂੰਦਲ ਯਾਦਗਾਰੀ ਕਾਲਜ ਸਰਦੂਲਗੜ੍ਹ ਦੀ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਇਕਾਈ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਕਾਲਜ ਵਾਲੇ ਕੰਡੇ ਤੋਂ ਲੈ ਕੇ ਐਸ.ਡੀ.ਐੱਮ. ਦਫਤਰ ਤੱਕ ਰੋਹ ਭਰਪੂਰ ਮਾਰਚ ਕਰਕੇ ਬੱਸ ਅੱਡੇ ਤੋਂ ਕਾਲਜ ਤੱਕ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਅਤੇ ਕਾਲਜ ਮੂਹਰੇ ਪੀ.ਆਰ.ਟੀ.ਸੀ. ਦਾ ਬੱਸ ਸਟਾਪ ਬਨਾਉਣ ਲਈ ਮੰਗ ਪੱਤਰ ਦਿੱਤਾ। ਨਿਰਮਲ ਕੌਰ ਲੋਹਗੜ੍ਹ, ਨਵਦੀਪ ਕੌਰ ਅਤੇ ਰਮਨਦੀਪ ਕੌਰ ਨੇ ਕਿਹਾ ਕਿ ਕਾਲਜ ਵਿਚ ਪੜ੍ਹਦੇ ਵਿਦਿਆਰਥੀ 40 ਤੋਂ 60 ਰੁਪਏ ਖਰਚ ਕੇ ਕਾਲਜ ਤੱਕ ਪਹੁੰਚ ਰਹੇ ਨੇ ਤੇ ਜੋ ਵਿਦਿਆਰਥੀ ਕਿਰਾਇਆ ਦੇਣ ਤੋਂ ਅਸਮੱਰਥ ਹਨ ਉਹ ਕਾਲਜ ਨਹੀਂ ਆ ਸਕਦੇ ਤੇ ਜਾਂ ਫੇਰ 5-6 ਕਿਲੋ ਮੀਟਰ ਦਾ ਸਫਰ ਪੈਦਲ ਤਹਿ ਕਰਕੇ ਪਹੁੰਚਦੇ ਹਨ। ਖੁਸ਼ਪ੍ਰੀਤ ਕੌਰ ਅਤੇ ਗਗਨਦੀਪ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਟਰਾਂਸਪੋਰਟ ਦਾ ਭੱਠਾ ਬਿਠਾ ਕੇ ਪੇਂਡੂ ਬੱਸ ਸਰਵਿਸ ਖਤਮ ਕਰ ਦਿੱਤੀ ਹੈ ਜਿਸ ਨਾਲ ਵਿਦਿਆਰਥੀਆਂ ਦਾ ਸਿੱਖਿਆ ਦਾ ਹੱਕ ਅਸਿਧੇ ਤੌਰ ਉਪਰ ਖੋਹਿਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਪੇਂਡੂ ਲਿੰਕ ਰੂਟਾਂ ਉੱਪਰ ਸਰਕਾਰੀ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ। ਐਸ.ਡੀ.ਐਮ. ਨੇ ਮਸਲੇ ਨੂੰ ਜਲਦ ਸੁਲਝਉਣ ਦਾ ਭਰੋਸਾ ਦਿੱਤਾ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਸਰਕਾਰੀ ਸਕੂਲ ਸਰਦੂਲਗੜ੍ਹ (ਲੜਕੇ) ਦੀ ਪੀ.ਐੱਸ.ਐੱਫ. ਦੀ ਯੂਨਿਟ ਨੇ ਵੀ ਸ਼ਿਰਕਤ ਕੀਤੀ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ : ਜਲੰਧਰ ਜਿਲ੍ਹਾ ਇਕਾਈ ਵੱਲੋਂ ਨਕੋਦਰ ਤਹਿਸੀਲ ਦੇ ਪਿੰਡ ਆਧੀ ਵਿਖੇ ਸ਼ਹੀਦ ਇ ਆਜਮ ਭਗਤ ਸਿੰਘ ਦੇ 114 ਵਾਂ ਜਨਮ ਦਿਵਸ ਮੌਕੇ ਕਿਸਾਨ ਸੰਘਰਸ਼ ਨੂੰ ਸਮਰਪਿਤ ਨਾਟਕ ਮੇਲੇ ਅਤੇ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਉੱਘੇ ਬੁੱਧੀਜੀਵੀ ਪ੍ਰੋਫੈਸਰ ਜੈਪਾਲ ਸਿੰਘ, ਧਰਮਿੰਦਰ ਸਿੰਘ, ਮਨਜਿੰਦਰ ਸਿੰਘ ਢੇਸੀ, ਹਰਨੇਕ ਸਿੰਘ ਗੁੱਜਰਵਾਲ, ਕੁਲਦੀਪ ਕੌਰ, ਮਨੋਹਰ ਸਿੰਘ ਗਿੱਲ ਅਤੇ ਨਿਰਮਲ ਆਧੀ ਨੇ ਵਿਚਾਰ ਰੱਖੇ। ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਹੁਸ਼ਿਆਰਪੁਰ ਜਿਲ੍ਹਾ ਇਕਾਈ ਦੇ ਮਾਰਗ ਦਰਸ਼ਨ ਵਿੱਚ ਪਿੰਡ ਸਿੰਬਲੀ ਨੌਸ਼ਹਿਰਾ ਦੀ ਲੋਕਲ ਕਮੇਟੀ ਨੇ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ। ਸੂਬਾਈ ਜਨਰਲ ਸਕੱਤਰ ਸਾਥੀ ਧਰਮਿੰਦਰ ਸਿੰਘ ਪ੍ਰਬੰਧਕਾਂ ਦਾ ਉਤਸ਼ਾਹ ਵਧਾਉਣ ਲਈ ਉਚੇਚੇ ਪਹੁੰਚੇ। ਉਨ੍ਹਾਂ ਸੱਦਾ ਦਿੱਤਾ ਕਿ ਪਿੰਡ-ਪਿੰਡ ਅਜਿਹੀਆਂ ਬਹੁਪੱਖੀ ਉਸਾਰੂ ਸਰਗਰਮੀਆਂ ਕਰਵਾਈਆਂ ਜਾਣ।
ਸਰਦੂਲਗੜ੍ਹ ਤਹਿਸੀਲ ਕਮੇਟੀ ਵੱਲੋਂ ਵੀ ਅਜਿਹਾ ਹੀ ਸਫਲ ਟੂਰਨਾਮੈਂਟ ਕਸਬਾ ਸਰਦੂਲਗੜ੍ਹ ਵਿਖੇ ਕਰਵਾਇਆ। ਗਗਨਦੀਪ, ਬੰਸੀ ਲਾਲ, ਮਨਪ੍ਰੀਤ ਸਿੰਘ, ਰਵਿੰਦਰ ਸਿੰਘ ਲੋਹਗੜ੍ਹ, ਭਾਰਤੀ ਸੰਘਾ ਨੇ ਸਮੁੱਚੀ ਦੇਖ-ਰੇਖ ਕੀਤੀ।
ਜਨਵਾਦੀ ਇਸਤਰੀ ਸਭਾ ਪੰਜਾਬ : ਲੁਧਿਆਣਾ ਇਕਾਈ ਵੱਲੋਂ ਗੁੱਜਰਵਾਲ ਅਤੇ ਨਾਰੰਗਵਾਲ ਪਿੰਡਾਂ ਵਿੱਚ 27 ਸਤੰਬਰ ਦੇ ਭਾਰਤ ਬੰਦ ਦੀ ਕਾਮਯਾਬੀ ਦੌਰਾਨ ਪੈਦਲ ਮਾਰਚ ਕੀਤਾ ਗਿਆ। ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਵ੍ਹੀਕਲ ਮਾਰਚ ਵੀ ਕੀਤਾ ਗਿਆ।
ਤਰਨਤਾਰਨ ਜਿਲ੍ਹਾ : ਪੱਟੀ ਸ਼ਹਿਰ ਅਤੇ ਲਾਗਲੇ ਪਿੰਡਾਂ ਵਿੱਚ ਵੀ ਅਜਿਹੇ ਹੀ ਮਾਰਚ ਕੀਤੇ ਗਏ।
ਕੋਟਕਪੂਰਾ ਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਦੀਆਂ ਗਲੀਆਂ ਅਤੇ ਗੰਦੇ ਪਾਣੀ ਦੇ ਨਿਕਾਸ ਦੇ ਨਾਕਸ ਪ੍ਰਬੰਧਾਂ ਖਿਲਾਫ਼ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਕੇ ਐਸ ਡੀ ਐਮ ਨੂੰ ਮੰਗ ਪੱਤਰ ਦਿੱਤਾ ਗਿਆ।
ਬਠਿੰਡਾ ਵਿਖੇ ਜਿਲ੍ਹਾ ਇਕਾਈ ਦਾ ਭਰਵਾਂ ਅਜਲਾਸ ਕਰਕੇ ਨਵੀਂ ਟੀਮ ਦੀ ਚੋਣ ਕੀਤੀ ਗਈ ਜਿਸ ਦਾ ਕਨਵੀਨਰ ਦਰਸ਼ਨਾ ਜੋਸ਼ੀ ਨੂੰ ਚੁਣਿਆ ਗਿਆ। ਉਪਰੰਤ ਸ਼ਹਿਰ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਰੋਸ ਮੁਜਾਹਰਾ ਕੀਤਾ। ਸਾਰੇ ਪ੍ਰੋਗਰਾਮ ਨੂੰ ਸੇਧ ਦੇਣ ਲਈ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਜੈਪਾਲ ਉਚੇਚੇ ਪਹੁੰਚੇ।
ਰਿਪੋਰਟ : ਰਮੇਸ਼ ਚੰਦਰ