ਬਟਾਲਾ : ਚਾਰ ਖੱਬੀਆਂ ਪਾਰਟੀਆਂ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਪਿੰਡਾਂ ‘ਚ ਰੋਸ ਮਾਰਚ ਕੀਤੇ ਗਏ। ਸੀਪੀਆਈ, ਸੀਪੀਆਈ (ਐਮ), ਆਰਐਮਪੀਆਈ, ਸੀਪੀਆਈ (ਐਮਐਲ) ਲਿਬਰੇਸ਼ਨ ਦੀ ਅਗਵਾਈ ‘ਚ ਆਗੂਆਂ ਨੇ ਨਸ਼ੇ ਦੇ ਵਿਰੋਧ ‘ਚ ਕਾਲੇ ਝੰਡੇ, ਕਾਲੀ ਪਟਕੀਆਂ ਬੰਨ੍ਹ ਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ (ਹਲਕਾ ਫ਼ਤਿਹਗੜ੍ਹ ਚੂੜੀਆਂ), ਸੁਖਜਿੰਦਰ ਸਿੰਘ ਰੰਧਾਵਾ (ਹਲਕਾ ਡੇਰਾ ਬਾਬਾ ਨਾਨਕ) ਤੇ ਹਲਕਾ ਬਟਾਲਾ ਦੇ ਅਨੇਕਾਂ ਪਿੰਡਾਂ ਅੰਦਰ ਰੋਸ ਮਾਰਚ ਕੀਤਾ ਗਿਆ। ਆਗੂਆਂ ਨੇ 7 ਜੁਲਾਈ ਨੂੰ ਐਸਐਸਪੀ ਬਟਾਲਾ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਰੋਸ ਧਰਨੇ ਨੂੰ ਕਾਮਯਾਬ ਕਰਨ ਲਈ ਜ਼ੋਰਦਾਰ ਸੱਦਾ ਵੀ ਦਿੱਤਾ। ਆਗੂਆਂ ਨੇ ਨਸ਼ੇ ਦੇ ਕਾਰਨਾਂ ਅਤੇ ਇਸ ਦੇ ਹੱਲ ਬਾਰੇ ਲੋਕਾਂ ਨਾਲ ਵਿਚਾਰ ਵੀ ਸਾਂਝੇ ਕੀਤੇ।