ਪਠਾਨਕੋਟ : ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਪਿੰਡ ਨਵਾਂ ਗੁਗਰਾਂ ਵਿੱਚ ਰੂਪ ਰਾਣੀ ਅਤੇ ਸੀਮਾ ਦੇਵੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਯੂਨੀਅਨ ਦੇ ਚੇਅਰਮੈਨ ਮਾਸਟਰ ਸੁਭਾਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਅਸੰਗਠਿਤ ਖੇਤਰ ਵਿੱਚ ਕੰਮ ਕਰ ਰਹੇ ਘਰੇਲੂ ਮਜ਼ਦੂਰਾਂ ਦੇ ਉਥਾਨ ਲਈ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ। ਘਰੇਲੂ ਮਜ਼ਦੂਰ ਬਹੁਤ ਹੀ ਘੱਟ ਆਮਦਨ ’ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਆਨ-ਲਾਈਨ ਆਰਗੇਨਾਈਜ਼ਿੰਗ ਵਰਕਰ ਸੋਸ਼ਲ ਸਕਿਓਰਿਟੀ ਐਕਟ 2008 ਲਾਗੂ ਹੋ ਚੁੱਕਾ ਹੈ। ਹੁਣ ਛੇਤੀ ਹੀ ਇਨ੍ਹਾਂ ਘਰੇਲੂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨੂੰ ਸ਼ੁਰੂ ਕੀਤਾ ਜਾਵੇ ਅਤੇ ਪੰਜਾਬ ਸਟੇਟ ਸੋਸ਼ਲ ਸਕਿਓਰਿਟੀ ਬੋਰਡ ਵਿੱਚ ਉਨ੍ਹਾਂ ਦੀ ਯੂਨੀਅਨ ਦੇ ਅਹੁਦੇਦਾਰਾਂ ਨੂੰ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਵੀ ਨਿਰਮਾਣ ਮਜ਼ਦੂਰਾਂ ਦੀ ਤਰ੍ਹਾਂ ਫੈਮਲੀ ਪੈਨਸ਼ਨ, ਮੈਡੀਕਲ ਸਹੂਲਤ, ਦੁਰਘਟਨਾ ਲਾਭ, ਬੱਚਿਆਂ ਨੂੰ ਵਜ਼ੀਫ਼ਾ, ਸ਼ਗਨ ਸਕੀਮ ਆਦਿ ਯੋਜਨਾਵਾਂ ਦਾ ਲਾਭ ਮਿਲ ਸਕੇ। ਇਸ ਮੌਕੇ ਸਤਪਾਲ, ਜੋਤੀ ਬਾਲਾ, ਊਸ਼ਾ ਰਾਣੀ, ਸੀਮਾ ਦੇਵੀ, ਸਵਰਣਾ, ਤ੍ਰਿਪਤਾ, ਲਤਾ, ਪੂਜਾ, ਸੰਤੋਸ਼ ਰਾਣੀ, ਮਮਤਾ ਕੁਮਾਰੀ, ਤਨੂ, ਪੂਨਮ, ਨੀਲਮ, ਪ੍ਰਿਆ, ਸ਼ੀਲਾ, ਮੀਨਾ ਆਦਿ ਮੌਜੂਦ ਸਨ।