ਅਜਨਾਲਾ : ਅੱਜ ਸਥਾਨਕ ਸ਼ਹਿਰ ‘ਚ ਦਿਹਾਤੀ ਮਜਦੂਰ ਸਭਾ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ ਤੇ ਤਹਿਸੀਲ ਜਨਰਲ ਸਕੱਤਰ ਜਸਬੀਰ ਸਿੰਘ ਜਸਰਾਊਰ ਦੀ ਸਾਂਝੀ ਪ੍ਰਧਾਨਗੀ ‘ਚ ਦਿਹਾਤੀ ਮਜ਼ਦੂਰਾਂ ਨੇ ਤਹਿਸੀਲ ਪੱਧਰੀ ਰੋਸ ਮੁਜ਼ਾਹਰਾ ਕਰਕੇ ਕੈਪਟਨ ਸਰਕਾਰ ਦਾ ਪੁਤਲਾ ਫੂਕ ਪਿੱਟ ਸਿਆਪਾ ਕੀਤਾ| ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਵਲੋਂ ਦਿਹਾਤੀ ਮਜਦੂਰਾਂ ਨੂੰ 10-10 ਮਰਲੇ ਦੇ ਮੁਫ਼ਤ ਪਲਾਟ ਦੇਣ ਅਤੇ ਹੋਰ ਚੋਣ ਵਾਅਦੇ ਪੂਰੇ ਕਰਨ ਦੀ ਬਜਾਏ ਸਰਕਾਰ ਦੇ ਪ੍ਰਸ਼ਾਸਨ ਨੇ ਮੁਕਤਸਰ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਦਿਹਾਤੀ ਮਜਦੂਰ ਸਭਾ ਦੇ ਆਗੂਆਂ ਵਿਰੁੱਧ ਕਥਿਤ ਝੂਠੇ ਮੁਕਦਮੇ ਦਰਜ ਕਰਕੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸਨੂੰ ਸਭਾ ਸਹਿਣ ਨਹੀਂ ਕਰੇਗੀ | ਸਰਕਾਰ ‘ਤੇ ਜ਼ੋਰ ਦਿੱਤਾ ਗਿਆ ਕਿ ਦਿਹਾਤੀ ਮਜਦੂਰਾਂ ਨਾਲ ਕੀਤੇ ਗਏ ਚੋਣ ਵਾਅਦੇ ਕੈਪਟਨ ਸਰਕਾਰ ਫੌਰੀ ਤੌਰ ‘ਤੇ ਪੂਰੇ ਕਰੇ ਤੇ ਸੰਘਰਸ਼ੀਲ ਮਜਦੂਰ ਆਗੂਆਂ ਤੇ ਦਰਜ ਝੂਠੇ ਮੁਕਦਮੇ ਵਾਪਸ ਲਵੇ| ਇਸ ਮੌਕੇ ਸੁਰਜੀਤ ਸਿੰਘ ਦੁਧਰਾਏ, ਮੁਖਤਾਰ ਸਿੰਘ ਬਿੱਲਾ, ਬਲਕਾਰ ਸਿੰਘ, ਸੁੱਚਾ ਸਿੰਘ ਘੋਗਾ, ਜੋਗਿੰਦਰ ਸਿੰਘ ਭਿੰਡੀਆਂ, ਬਲਵੰਤ ਸਿੰਘ ਭਿੰਡੀ ਨੈਣ, ਜੱਸਾ ਸਿੰਘ ਅਜਨਾਲਾ, ਸੰਤੋਖ ਸਿੰਘ, ਕਰਨੈਲ ਸਿੰਘ ਆਦਿ ਆਗੂ ਮੌਜੂਦ ਸਨ|