ਪ੍ਰੋ. ਜੈਪਾਲ ਸਿੰਘ
ਸਾਡੇ ਸਮਾਜ ਅੰਦਰ ਮੌਤ ਨੂੰ ਲੁਕਾਉਣਾ ਬਹੁਤ ਘਿਨੌਣਾ ਜ਼ੁਰਮ ਮੰਨਿਆ ਜਾਂਦਾ ਹੈ। ਪ੍ਰੰਤੂ ਮੋਦੀ ਸਰਕਾਰ ਇਹ ਸੰਗੀਨ ਅਪਰਾਧ ਲਗਾਤਾਰ ਕਰਦੀ ਜਾ ਰਹੀ ਹੈ। ਮੋਦੀ ਸਰਕਾਰ ਦਰਅਸਲ, ਹਿਟਲਰ ਦੇ ਪ੍ਰਚਾਰ ਮੰਤਰੀ ਗੋਇਬਲਜ ਦੀਆਂ ਸਿਖਿਆਵਾਂ ‘ਚੋਂ ਗ੍ਰਹਿਣ ਕੀਤੇ ਆਰ.ਐੱਸ.ਐੱਸ. ਦੇ ਨੀਤੀ ਵਾਕਾਂ ਚੋਂ ਇਕ ਲਗਾਤਾਰ ਝੂਠ ਬੋਲਦੇ ਜਾਣ ‘ਤੇ ਬੇਰੋਕ ਪਹਿਰਾ ਦੇ ਰਹੀ ਹੈ।
ਸੰਸਾਰ ਪ੍ਰਸਿੱਧ ਨਾਵਲ ‘ਦ ਵਿੰਸੀ ਕੋਡ’ ਦੇ ਲੇਖਕ ਡੈਨ ਬ੍ਰਾਊਨ ਨੇ ਆਪਣੇ ਇਕ ਹੋਰ ਨਾਵਲ ‘ਫਰਿਸ਼ਤੇ ਤੇ ਦੈਂਤ’ ‘ਚ ਉਨ੍ਹਾਂ ਵਿਗਿਆਨੀਆਂ ਨੂੰ ਫਰਿਸ਼ਤੇ ਦਰਸਾਇਆ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਜ਼ੋਖਮ ‘ਚ ਪਾ ਕੇ ਕੁਦਰਤ ਦੇ ਭੇਤ ਜਾਨਣ ਦੀ ਸਦਾ ਕੋਸ਼ਿਸ਼ ਕੀਤੀ ਹੈ ਤਾਂ ਕਿ ਮਨੁੱਖਤਾ ਗਿਆਨ ਦੇ ਚਾਨਣ ਨਾਲ ਲੈਸ ਹੋ ਕੇ ਅਗਿਆਨ ਦੇ ਹਰ ਤਰ੍ਹਾਂ ਦੇ ਨ੍ਹੇਰੇ ਦਾ ਮੁਕਾਬਲਾ ਕਰ ਸਕੇ। ਨਾਵਲਕਾਰ ਨੇ ਉਨ੍ਹਾਂ ਧਾਰਮਿਕ ਕੱਟੜਵਾਦੀਆਂ ਨੂੰ ਦੈਂਤ ਕਿਹਾ ਹੈ ਜਿਹੜੇ ਲੋਕਾਂ ਨੂੰ ਗਿਆਨ ਵਿਹੂਣੇ ਰੱਖਣ ਲਈ ਵਿਗਿਆਨ ਤੇ ਵਿਗਿਆਨਕ ਨਜ਼ਰੀਏ ਵਿਰੁੱਧ ਲਗਾਤਾਰ ਪ੍ਰਚਾਰ ਕਰਕੇ ਲੋਕਾਂ ਨੂੰ ਹਨ੍ਹੇਰੇ ‘ਚ ਰੱਖ ਕੇ ਸਦਾ ਭੁੱਖਮਰੀ, ਕੰਗਾਲੀ ਤੇ ਬਿਮਾਰੀ ਦੀ ਦਲਦਲ ‘ਚ ਸੁੱਟੀ ਰੱਖਣਾ ਚਾਹੁੰਦੇ ਹਨ। ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੀ ਘਿਰਣਾ ਕੁਠਾਲੀ ‘ਚ ਢਲੀ ਬੀ.ਜੇ.ਪੀ. ਦੀ ਮੋਦੀ ਸਰਕਾਰ ਦੇ ਮੰਤਰੀ, ਐੱਮ.ਪੀ., ਸੰਘ-ਭਾਜਪਾ ਅਹੁਦੇਦਾਰ ਤੇ ਸਮੁੱਚਾ ‘ਨਾਗਪੁਰੀ ਓੜਮਾ-ਕੋੜਮਾ’ ਕੋਰੋਨਾ ਬਿਮਾਰੀ ਨਾਲ ਨਜਿੱਠਣ ਲਈ ਦੁਨੀਆ ਭਰ ‘ਚ ਪਰਖੇ ਵਿਗਿਆਨਕ ਤੌਰ ਤਰੀਕਿਆਂ ਦੇ ਉਲਟ ਗਊ ਮੂਤਰ ਤੇ ਗੋਬਰ ਦੇ ਸੇਵਨ ਅਤੇ ਲੇਪ, ਸਾਧੂ ਭੇਖ ‘ਚ ਲੁਕੇ ਠੱਗ ਰਾਮਦੇਵ ਦੀ ਕੋਰੋਨਲ ਜਾਂ ਅਜਿਹੀਆਂ ਹੋਰ ਮਨੋਕਲਪਿਤ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਅਤੇ ਟੂਣੇ-ਟੋਟਕਿਆਂ ਨੂੰ ਹੀ ਇਸ ਭਿਆਨਕ ਮਹਾਮਾਰੀ ਦਾ ‘ਰਾਮ ਬਾਣ’ ਇਲਾਜ ਦੱਸਦੇ ਹਨ। ਮੋਦੀ ਸਰਕਾਰ ਦੀ ਸ਼ਹਿ ‘ਤੇ ਹੰਕਾਰੇ, ਪੈਸੇ ਦੇ ਪੀਰ ਤੇ ਨੌਸਰਬਾਜ ਰਾਮਦੇਵ ਨੇ ਤਾਂ ਵਿਗਿਆਨ ਅਤੇ ਮੈਡੀਕਲ ਸਾਇੰਸ ਨੂੰ ਫਜ਼ੂਲ ਦੱਸਣ ਦੀ ਹਿਮਾਕਤ ਵੀ ਕੀਤੀ ਹੈ। ਇਹ ਵੱਖਰੀ ਗੱਲ ਹੈ ਕਿ ਪਿਸ਼ਾਬ ਪੀਣ ਜਾਂ ਗੋਬਰ ਦਾ ਲੇਪ ਕਰਨ ਆਦਿ ਦਾ ਭੱਦਾ ਵਿਖਾਵਾ ਕਰਨ ਵਾਲਿਆਂ ‘ਚੋਂ ਵੀ ਕਈ ਕੋਰੋਨਾ ਦੇ ਮਰੀਜ਼ ਪਾਏ ਗਏ ਹਨ ਅਤੇ ਇਨ੍ਹਾਂ ਦੰਭੀਆਂ ਦਾ ਇਲਾਜ਼ ਵੀ ਵਿਗਿਆਨਕ ਖੋਜਾਂ ਅਤੇ ਆਧੁਨਿਕ ਚਿਕਿਤਸਾ ਪ੍ਰਣਾਲੀ ਰਾਹੀਂ ਹੋ ਰਿਹਾ ਹੈ।
ਉੱਤਰਾਖੰਡ ਚੋਂ ਬੀ.ਜੇ.ਪੀ. ਨੇ ਆਪਣੇ ਪਹਿਲੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਇਸੇ ਲਈ ਹਟਾ ਦਿੱਤਾ ਕਿਉਂਕਿ ਉਸ ਨੇ ਹਰਿਦੁਆਰ ਵਿਖੇ ਹੋਣ ਵਾਲੇ ਕੁੰਭ ਮੇਲੇ ਲਈ ਕੁਝ ਪਾਬੰਦੀਆਂ ਲਾਉਣ ਤੇ ਜ਼ੋਰ ਦਿੱਤਾ ਸੀ। ਉਸ ਦੀ ਥਾਂ ਤੀਰਥ ਸਿੰਘ ਰਾਵਤ ਨੂੰ ਕਾਹਲੀ ਨਾਲ ਮੁੱਖ ਮੰਤਰੀ ਬਣਾਇਆ ਗਿਆ। ਇਸ ‘ਨਵ-ਤੁਗਲਕ’ ਨੇ ਕੋਈ ਪਾਬੰਦੀ ਤਾਂ ਕੀ ਲਾਉਣੀ ਸੀ ਉਲਟਾ ਦੇਸ ਭਰ ਦੇ ਸ਼ਰਧਾਲੂਆਂ ਨੂੰ ਕੁੰਭ ਮੇਲੇ ਵਿੱਚ ਪੁੱਜਣ ਦਾ ਸੱਦਾ ਦੇ ਮਾਰਿਆ। ਆਪਣੀ ਅਕਲ ਦਾ ਜ਼ਨਾਜਾ ਕੱਢਿਦਿਆਂ ਇਸ ਨੇ ਸ਼ਰ੍ਹੇਆਮ ਐਲਾਨ ਕੀਤਾ ਕਿ ‘ਗੰਗਾ ਮਈਆ’ ਕੋਰੋਨਾ ਸਮੇਤ ਸਭ ਬੀਮਾਰੀਆਂ ਨੂੰ ਧੋ ਦੇਵੇਗੀ। ਨਿਰੋਲ ਫਿਰਕੂ ਲਾਹਾ ਲੈਣ ਦੇ ਆਤਮ ਘਾਤੀ ਉਦੇਸ਼ ਤਹਿਤ ਕੀਤੇ ਗਏ ਇਸ ਅਹਿਮਕਾਨਾ ਫੈਸਲੇ ਕਾਰਣ ਕਰੋਨਾ ਬਿਮਾਰੀ ਦਾ ਵੱਡੀ ਪੱਧਰ ‘ਤੇ ਸਾਰੇ ਦੇਸ਼, ਖਾਸ ਕਰਕੇ ਉੱਤਰੀ ਖਿੱਤੇ ਵਿੱਚ ਭਾਰੀ ਫੈਲਾਅ ਹੋਇਆ ਤੇ ਲਗਾਤਾਰ ਅਣਗਿਣਤ ਮੌਤਾਂ ਹੋ ਰਹੀਆਂ ਹਨ। ਅਸੀਂ ਸਾਫ ਕਹਿਣਾ ਚਾਹੁੰਦੇ ਹਾਂ ਕਿ ਇਨ੍ਹਾਂ ਮੌਤਾਂ ਲਈ ਕੇਂਦਰੀ ਅਤੇ ਉੱਤਰਾਖੰਡ ਦੀਆਂ ਸਰਕਾਰਾਂ ਜਿੰਮੇਵਾਰ ਹਨ।
ਆਓ ਜ਼ਰਾ ਮੌਤਾਂ ਦੀ ਅਸਲੀ ਗਿਣਤੀ ਤੇ ਸਰਕਾਰਾਂ ਵੱਲੋਂ ਦੱਸੀ ਗਿਣਤੀ ਦੇ ਕੁਝ ਨਮੂਨੇ ਦੇਖੀਏ। ਗੁਜਰਾਤੀ ਭਾਸ਼ਾ ‘ਚ ਛਪਦੇ ਅਖਬਾਰ ‘ਦਿਵਿਆ ਭਾਸਕਰ’ ਨੇ ਆਪਣੇ 14 ਮਈ 2021 ਦੇ ਅੰਕ ‘ਚ ਲਿਖਿਆ ਕਿ ਇੱਕ ਮਾਰਚ ਤੋਂ ਦੱਸ ਮਈ 2021 ਤੱਕ ਦੇ 71 ਦਿਨਾਂ ਵਿਚ ਗੁਜਰਾਤ ਦੇ ਸਾਰੇ ਜ਼ਿਲ੍ਹਿਆਂ ਵਿੱਚ ਇੱਕ ਲੱਖ ਤੇਈ ਹਜਾਰ ਮੌਤਾਂ ਹੋਈਆਂ ਹਨ ਜਿਨ੍ਹਾਂ ਦੇ ਬਾਕਾਇਦਾ ਸਰਟੀਫਿਕੇਟ ਜਾਰੀ ਹੋਏ ਹਨ। ਪਿਛਲੇ ਸਾਲ ਇਨ੍ਹਾਂ ਹੀ 71 ਦਿਨਾਂ ਚ ਸਿਰਫ਼ 58000 ਮ੍ਰਿਤੂ ਸਰਟੀਫ਼ਿਕੇਟ ਜਾਰੀ ਹੋਏ ਸਨ; ਭਾਵ, ਇਸੇ ਅਰਸੇ ਦਰਮਿਆਨ, ਇਸ ਸਾਲ, ਪਿਛਲੇ ਸਾਲ ਨਾਲੋਂ 65000 ਮੌਤਾਂ ਵੱਧ ਹੋਈਆਂ ਹਨ। ਜਦਕਿ ਗੁਜਰਾਤ ਦੀ ਬੀਜੇਪੀ ਸਰਕਾਰ ਕਹਿ ਰਹੀ ਹੈ ਕਿ ਇਨ੍ਹਾਂ ਦਿਨਾਂ ਵਿੱਚ ਕੋਰੋਨਾ ਬਿਮਾਰੀ ਕਾਰਨ ਸਿਰਫ਼ 4218 ਮੌਤਾਂ ਹੀ ਹੋਈਆਂ ਹਨ। ਇਹ ਖ਼ਬਰ ਗੁਜਰਾਤੀ ਤੋਂ ਉਲੱਥਾ ਹੋਕੇ ਅੱਡੋ-ਅੱਡ ਭਾਸ਼ਾਵਾਂ ਦੇ ਹੋਰਨਾਂ ਅਖਬਾਰਾਂ ਵਿੱਚ ਛਪੀ ਤਾਂ ਤੁਰੰਤ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੀ ਨਾਮੀ ਯੂਨੀਵਰਸਿਟੀ ‘ਚ ਪੀ.ਐਚ.ਡੀ. ਕਰ ਰਹੇ ਖੋਜਾਰਥੀ ਆਸ਼ੀਸ਼ ਗੁਪਤਾ ਨੇ 2015-18 ਦੇ ਸਮੇਂ ਦੌਰਾਨ ਮੌਤ ਦਰ ਅਤੇ ਜਨਮ ਦਰ ਦਾ ਹਿਸਾਬ-ਕਿਤਾਬ ਲਗਾ ਕੇ ਗੁਜਰਾਤ ਦੀ ਕੁੱਲ ਜਨਸੰਖਿਆ ਦੇ ਅੰਕੜੇ ਫਰੋਲ ਕੇ ਨਤੀਜਾ ਕੱਢਿਆ ਕਿ ਇਨ੍ਹਾਂ 71 ਦਿਨਾਂ ‘ਚ ਹੋਈਆਂ ਮੌਤਾਂ ਸਰਕਾਰ ਵੱਲੋਂ ਦੱਸੇ ਗਏ ਅੰਕੜੇ 4218 ਤੋਂ ਘੱਟੋ-ਘੱਟ ਦਸ ਗੁਣਾ ਵੱਧ ਹਨ। ਇਸ ਤੋਂ ਤੁਸੀਂ ਸਰਕਾਰੀ ਝੂਠ ਦਾ ਅੰਦਾਜ਼ਾ ਲਾ ਸਕਦੇ ਹੋ। ਆਸ਼ੀਸ਼ ਗੁਪਤਾ ਨੇ ਇਸ ਸਬੰਧੀ ਕੀਤੇ ਹਿਸਾਬ-ਕਿਤਾਬ ਦੀ ਕਾਪੀ ਵੀ ਨਾਲ ਨੱਥੀ ਕੀਤੀ ਹੈ ਅਤੇ ਮੌਤਾਂ ਦੇ ਜ਼ਿਲ੍ਹਾਵਾਰ ਅੰਕੜੇ ਵੀ ਜਾਰੀ ਕੀਤੇ ਹਨ।
ਝੂਠ ਦੀ ਦੂਜੀ ਫੈਕਟਰੀ ਉੱਤਰ ਪ੍ਰਦੇਸ਼ (ਯੂ.ਪੀ.) ਦੀ ਆਰ.ਐੱਸ.ਐੱਸ. ਬਰਾਂਡ ਯੋਗੀ ਆਦਿੱਤਿਆਨਾਥ ਸਰਕਾਰ ਹੈ। ਇਸ ਸੂਬੇ ਵਿੱਚ ਅਪ੍ਰੈਲ ਮਹੀਨੇ ਵਿੱਚ ਪੰਚਾਇਤ ਚੋਣਾਂ ਕਰਵਾਈਆਂ ਗਈਆਂ। ਇੱਥੋਂ ਦੇ ਅਧਿਆਪਕਾਂ ਦੀ ਜਥੇਬੰਦੀ ‘ਯੂ.ਪੀ. ਪ੍ਰਾਥਮਿਕ ਸਿਕਸ਼ਾ ਸੰਘ’ ਦੇ ਪ੍ਰਧਾਨ ਦਿਨੇਸ਼ ਸ਼ਰਮਾ ਨੇ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਕੋਰੋਨਾ ਮਹਾਮਾਰੀ ਦੇ ਵਧਦੇ ਖਤਰੇ ਨੂੰ ਦੇਖਦਿਆਂ ਇਹ ਚੋਣਾਂ ਫ਼ਿਲਹਾਲ ਟਾਲ ਦਿੱਤੀਆਂ ਜਾਣ। ‘ਪਰ ਪੱਥਰ ‘ਤੇ ਪਾਣੀ ਪਿਆ ਨਾ ਪਿਆ ਇੱਕ ਬਰਾਬਰ’ ਵਾਲੀ ਕਹਾਵਤ ਐਨ ਢੁੱਕਵੀਂ ਸਿੱਧ ਹੋਈ ਯੋਗੀ ‘ਜੀ’ ਦੇ ਵਤੀਰੇ ਤੋਂ ਅਤੇ ਉਹ ਚੋਣਾਂ ਕਰਵਾਉਣ ਤੋਂ ਨਾ ਟਲੇ। ਚੋਣਾਂ ਉਪਰੰਤ ਵੱਡੀ ਪੱਧਰ ਤੇ ਜਿੱਥੇ ਆਮ ਲੋਕ ਕੋਰੋਨਾ ਤੋਂ ਪੀੜਤ ਹੋਏ ਉੱਥੇ ਅਧਿਆਪਕ ਤੇ ਹੋਰ ਮੁਲਾਜ਼ਮ ਵੀ ਯੋਗੀ ਸਰਕਾਰ ਦੇ ਗੈਰ-ਮਨੁੱਖੀ, ਅੜੀਅਲ ਵਤੀਰੇ ਦਾ ਸ਼ਿਕਾਰ ਹੋਏ। ਅਧਿਆਪਕਾਂ ਦੀ ਜਥੇਬੰਦੀ ਨੇ ਪੂਰੀ ਡਿਟੇਲ ਬਣਾ ਕੇ ਉਨ੍ਹਾਂ 1621 ਅਧਿਆਪਕਾਂ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਦੀ ਮੌਤ ਪੰਚਾਇਤ ਚੋਣਾਂ ਚ ਡਿਊਟੀ ਦੌਰਾਨ ਕੋਰੋਨਾ ਦੀ ਚਪੇਟ ‘ਚ ਆਉਣ ਕਰਕੇ ਹੋਈ ਹੈ। ਜਥੇਬੰਦੀ ਨੇ ਲਿਸਟ ਵਿੱਚ ਅਧਿਆਪਕਾਂ ਦਾ ਨਾਂ, ਉਨ੍ਹਾਂ ਦਾ ਨਿਯੁਕਤੀ ਵਾਲਾ ਸਟੇਸ਼ਨ, ਚੋਣ ਡਿਊਟੀ ਦਾ ਸਥਾਨ, ਚੋਣ ਦੀ ਮਿਤੀ, ਮੌਤ ਹੋਣ ਦੀ ਮਿਤੀ ਤੇ ਉਨ੍ਹਾਂ ਦੇ ਵਾਰਸਾਂ ਦੇ ਵੇਰਵੇ, ਮੋਬਾਈਲ ਨੰਬਰ ਸਮੇਤ ਲਿਖੇ ਹਨ। ਇੰਨੀ ਜਾਣਕਾਰੀ ਦੇਣ ਦੇ ਬਾਵਜੂਦ ਵੀ ਯੂ.ਪੀ. ਦਾ ਮੁੱਖ ਮੰਤਰੀ, ਵਿੱਦਿਆ ਮੰਤਰੀ ਤੇ ਸਿੱਖਿਆ ਮਹਿਕਮਾ ਬੜੀ ਬੇਸ਼ਰਮੀ ਤੇ ਢੀਠਤਾਈ ਨਾਲ ਕਹਿ ਰਿਹਾ ਹੈ ਕਿ ਚੋਣਾਂ ਦੌਰਾਨ, ਕੋਰੋਨਾ ਕਰਕੇ ਸਿਰਫ ਤਿੰਨ ਅਧਿਆਪਕਾਂ ਦੀ ਹੀ ਮੌੌਤ ਹੋਈ ਹੈ। ਜਦਕਿ ਸੂਬਾਈ ਚੋਣ ਕਮਿਸ਼ਨ 7 ਮਈ ਨੂੰ ਅਲਾਹਾਬਾਦ ਹਾਈ ਕੋਰਟ ਵਿਚ ਸਿਰਫ 28 ਜ਼ਿਲ੍ਹਿਆਂ ਚ 77 ਪੋਲਿੰਗ ਅਧਿਕਾਰੀਆਂ ਦੀਆਂ ਮੌਤਾਂ ਹੋਣ ਦੀ ਲਿਖਤੀ ਜਾਣਕਾਰੀ ਕੇ ਦੇ ਚੁੱਕਾ ਹੈ। ਯੂ.ਪੀ. ਸਰਕਾਰ ਦੀ ਨਿਰਦਈ ਅਤੇ ਅਮਾਨਵੀ ਪਹੁੰਚ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਕਰਮਚਾਰੀ ਦੇ ਚੋਣ ਡਿਊਟੀ ਲਈ ਘਰੋਂ ਤੁਰਨ ਤੋਂ ਲੈ ਕੇ ਵਾਪਸ ਘਰ ਮੁੜਨ ਤਕ ਹੋਈ ਮੌਤ ਨੂੰ ਹੀ ਚੋਣ ਡਿਊਟੀ ਦੌਰਾਨ ਹੋਈ ਮੌਤ ਮੰਨਿਆ ਜਾ ਰਿਹਾ ਹੈ। ਜਦਕਿ ਸਾਰਾ ਜੱਗ-ਜਹਾਨ ਇਹ ਜਾਣਦਾ ਹੈ ਕਿ ਕੋਰੋਨਾ ਦੀ ਲਾਗ ਲੱਗਣ ਤੇ ਮੌਤ ਹੋਣ ਦਰਮਿਆਨ ਅਕਸਰ ਹੀ ਕਈ-ਕਈ ਦਿਨਾਂ ਦਾ ਵਕਫਾ ਹੁੰਦਾ ਹੈ।
ਝੂਠ ਤੇ ਫ਼ਰੇਬ ਦੀ ਤੀਜੀ ਉਦਾਹਰਣ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਹੋਈਆਂ ਡਾਕਟਰਾਂ, ਨਰਸਾਂ ਤੇ ਹੋਰ ਸਹਾਇਕ ਸਟਾਫ ਦੀਆਂ ਮੌਤਾਂ ਨਾਲ ਸਬੰਧਤ ਹੈ। ਮੋਦੀ ਸਰਕਾਰ ਦੇ ਪਾਖੰਡ ਦਾ ਅੰਦਾਜ਼ਾ ਲਾਓ! ਪਿਛਲੇ ਸਾਲ ਤਿੱਨ ਮਈ ਨੂੰ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਤੇ ਸਮੁੰਦਰੀ ਫੌਜ ਦੇ ਹੈਲੀਕਾਪਟਰਾਂ ਨੇ ਸਾਰੇ ਦੇਸ਼ ‘ਚ ਫਲਾਈ ਪਾਸਟ ਕੀਤਾ ਅਤੇ ਵੱਡੇ-ਵੱਡੇ ਹਸਪਤਾਲਾਂ ਦੇ ਡਾਕਟਰਾਂ ਤੇ ਦੂਜੇ ਅਮਲੇ ‘ਤੇ ਫੁੱਲਾਂ ਦੀ ਵਰਖਾ ਕੀਤੀ ਤੇ ਫੌਜੀ ਬੈਂਡ ਹਸਪਤਾਲਾਂ ਮੂਹਰੇ ਧੁਨਾਂ ਵਜਾਉਂਦੇ ਰਹੇ। ਇਸ ਬਾਰੇ, ਫੌਜ ਦੇ ਤਿੰਨਾਂ ਮੁਖੀਆਂ ਦੀ ਸੀ.ਡੀ.ਐੱਸ. ਬਿਪਨ ਰਾਵਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ ਤਾਂ ਕਿ ਕੋਰੋਨਾ ਖ਼ਿਲਾਫ਼ ਅੱਗੇ ਹੋ ਕੇ ਲੜ ਰਹੇ ਡਾਕਟਰਾਂ ਤੇ ਦੂਜੇ ਸਟਾਫ ਦੀ ‘ਹੌਸਲਾ ਅਫਜਾਈ’ ਕੀਤੀ ਜਾ ਸਕੇ। ਇਸ ਨੌਟੰਕੀ ਪੂਰਨ ਤਾਮਝਾਮ ਤੋਂ ਖਿਝੇ ਏਮਜ ਦੇ ਜੂਨੀਅਰ ਡਾਕਟਰਾਂ ਦੀ ਜਥੇਬੰਦੀ ਨੇ ਕਿਹਾ ਸੀ ਕਿ ਸਾਨੂੰ ‘ਪੁਸ਼ਪ ਵਰਖਾ’ ਦੀ ਲੋੜ ਨਹੀਂ ਬਲਕਿ ਪੀ.ਪੀ. ਕਿੱਟਾਂ ਤੇ ਦੂਜਾ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਸਾਡੀ ਜਾਨ ਨੂੰ ਕੋਈ ਖਤਰਾ ਨਾ ਹੋਵੇ। ‘ਇੰਡੀਆ ਡਾੱਟ ਕਾੱਮ’ ਦੀ ਰਿਪੋਰਟ ਮੁਤਾਬਕ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.), ਜਿਸ ਦੇ ਦੇਸ਼ ਦੇ ਕੁੱਲ 12 ਲੱਖ ਡਾਕਟਰਾਂ ਚੋਂ 3.5 ਲੱਖ ਡਾਕਟਰ ਮੈਂਬਰ ਹਨ, ਨੇ ਸਿਹਤ ਮੰਤਰੀ ਡਾ ਹਰਸ਼ਵਰਧਨ ਦੇ 16 ਸਤੰਬਰ 2020 ਨੂੰ ਪਾਰਲੀਮੈਂਟ ਚ ਦਿੱਤੇ ਉਸ ਲੰਮੇ-ਚੌੜੇ ਭਾਸ਼ਣ ਦੀ ਸਖਤ ਨਿਖੇਧੀ ਕੀਤੀ ਸੀ ਜਿਸ ਵਿਚ ਉਹਨਾਂ ਨੇ ਪਾਰਲੀਮੈਂਟ ਦੇ ਦੋਵੇਂ ਸਦਨਾਂ ਚ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਦੀ ਮੌਤ ਦਾ ਜ਼ਿਕਰ ਤੱਕ ਵੀ ਨਹੀਂ ਸੀ ਕੀਤਾ। ਆਈ.ਐਮ.ਏ. ਨੇ ਕੇਂਦਰੀ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਦੇ ਉਸ ਬਿਆਨ ਨੂੰ ਵੀ ਲੰਮੇ ਹੱਥੀਂ ਲਿਆ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਸਿਹਤ ਸੇਵਾਵਾਂ ਸੂਬਿਆਂ ਦੇ ਅਧਿਕਾਰ ਖੇਤਰ ‘ਚ ਆਉਂਦੀਆਂ ਹਨ। ਇਨ੍ਹਾਂ ਬਿਆਨਾਂ ਨੇ ਸਰਕਾਰ ਦੇ ਫੁੱਲਾਂ ਦੀ ਵਰਖਾ ਆਦਿ ਜਿਹੇ ਸਾਰੇ ਖੇਖਣ ਨੰਗੇ ਕਰਕੇ ਰੱਖ ਦਿੱਤੇ। ਦੂਜੇ ਪਾਸੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਨੇ ਕਰੋਨਾ ਦੀ ਭੇਟ ਚੜ੍ਹੇ 382 ਡਾਕਟਰਾਂ ਦੀ ਉਨ੍ਹਾਂ ਦੇ ਐਡਰੈੱਸ ਸਮੇਤ ਲਿਸਟ ਜਾਰੀ ਕਰ ਦਿੱਤੀ ਸੀ। ਬੀਜੇਪੀ ਦੇ ਇਹ ਮੰਤਰੀ ਕਿੰਨੇ ਢੀਠ ਹੋ ਸਕਦੇ ਹਨ ਇਸ ਦੀ ਵੰਨਗੀ ਵੀ ਦੇਖ ਲਵੋ! ਜਾਨਾਂ ਗੁਆਉਣ ਵਾਲੇ 382 ਡਾਕਟਰਾਂ ਦੀ ਲਿਸਟ, ਸਤੰਬਰ 2020 ‘ਚ ਜਨਤਕ ਹੋਣ ਦੇ ਬਾਵਜੂਦ ਵੀ ਇਸ ਸਾਲ ਫਰਵਰੀ ਦੇ ਸ਼ੁਰੂ ਚ ਕੇਂਦਰੀ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਰਾਜ ਸਭਾ ਨੂੰ ਦੱਸਿਆ ਕਿ ਕੇਵਲ 162 ਡਾਕਟਰਾਂ ਦੀ ਹੀ ਕੋਰੋਨਾ ਕਾਰਨ ਮੌਤ ਹੋਈ ਹੈ। ਆਈਐੱਮਏ ਦੇ ਪ੍ਰਧਾਨ ਡਾ. ਜੇ.ਏ.ਜੈਆਲਾਲ ਤੇ ਜਨਰਲ ਸਕੱਤਰ ਜੈਯੇਸ਼ ਐਮ. ਲੇਲੇ ਨੇ ਮੰਤਰੀ ਦੇ ਬਿਆਨ ‘ਤੇ ਸਖ਼ਤ ਇਤਰਾਜ਼ ਜਤਾਇਆ ਤੇ ਦੱਸਿਆ ਕਿ ਪਹਿਲੀ ਲਹਿਰ ਦੌਰਾਨ 748 ਡਾਕਟਰ ਜਾਨ ਗੁਆ ਚੁੱਕੇ ਸਨ, ਜਿਨ੍ਹਾਂ ਚੋਂ 25 ਡਾਕਟਰ 35 ਸਾਲ ਤੋਂ ਵੀ ਘੱਟ ਉਮਰ ਦੇ ਸਨ। ਹੁਣ ਦੂਜੀ ਲਹਿਰ ਦੌਰਾਨ ਵੀ ਸੈਂਕੜੇ ਡਾਕਟਰ ਜਾਨ ਗੁਆ ਚੁੱਕੇ ਹਨ ਜਿਨ੍ਹਾਂ ਚ ਆਈਐੱਮਏ ਦੇ ਸਾਬਕਾ ਪ੍ਰਧਾਨ ਤੇ ਦਿਲ ਦੇ ਰੋਗਾਂ ਦੇ ਮਸ਼ਹੂਰ ਡਾ ਕੇ.ਕੇ.ਅਗਰਵਾਲ ਵੀ ਸ਼ਾਮਲ ਹਨ। ਪਰ ਸਰਕਾਰ ਇਨ੍ਹਾਂ ਅੰਕੜਿਆਂ ਤੋਂ ਵੀ ਅੱਖਾਂ ਮੀਟੀ ਬੈਠੀ ਹੈ।
ਆਪਣੇ ਆਪ ਨੂੰ ਧਰਮ ‘ਤੇ ਨੈਤਿਕਤਾ ਦੀ ਆਲੰਬਰਦਾਰ ਦੱਸਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਜਪਾ ਦੀਆਂ ਸੂਬਾਈ ਸਰਕਾਰਾਂ ਦਾ ਬੇਹਦ ਘਿਰਣਾ ਯੋਗ ਚਿਹਰਾ, ਮੌਤਾਂ ਦੇ ਅੰਕੜਿਆਂ ਨਾਲ ਛੇੜਛਾੜ ਤੋਂ ਹੋਰ ਵੀ ਬੇਪਰਦ ਹੋਇਆ ਹੈ। ਕੁਝ ਜ਼ਿੰਮੇਵਾਰ ਚੈਨਲਾਂ ਜਿਵੇਂ ਐੱਨਡੀਟੀਵੀ ਵਗੈਰਾ ਦੇ ਜ਼ਿੰਮੇਵਾਰ ਪੱਤਰਕਾਰਾਂ ਨੇ ਸ਼ਮਸ਼ਾਨ ਘਾਟਾਂ ਤੇ ਕਬਰਸਤਾਨਾਂ ‘ਚ ਜਾ ਕੇ ਉੱਥੇ ਲੱਗੇ ਰਜਿਸਟਰ ਦੇਖ ਕੇ ਖੁਲਾਸੇ ਕੀਤੇ ਹਨ ਕਿ ਮੌਤਾਂ ਦੀ ਗਿਣਤੀ ਸਿਰਫ਼ ਇਕ-ਦੋ ਨਹੀਂ ਬਲਕਿ ਸਾਰੀਆਂ ਥਾਵਾਂ ਦੀ ਹੀ ਸਰਕਾਰੀ ਅੰਕੜਿਆਂ ਤੋਂ ਵੱਧ ਹੈ। ਗ਼ਾਜ਼ੀਪੁਰ, ਬਲੀਆ, ਚੰਦੌਲੀ ਆਦਿ ਥਾਵਾਂ ਤੇ ਗੰਗਾ ਨਦੀ ਚ ਤੈਰਦੀਆਂ, ਗੰਗਾ ਕਿਨਾਰੇ ਅੱਧ ਸੜੀਆਂ ਤੇ ਅੱਧ ਦਫਨਾਈਆਂ ਲਾਸ਼ਾਂ ਨੇ ਸਾਰੀ ਦੁਨੀਆਂ ਦੇ ਸੰਵੇਦਨਸ਼ੀਲ ਲੋਕਾਂ ਦੇ ਹਿਰਦੇ ਵਲੂੰਧਰੇ ਹਨ। ਯੂ.ਪੀ. ਦੇ ਨਾਲ ਲਗਦੇ ਬਿਹਾਰ ਦੇ ਬਕਸਰ ਦੇ ਮਹਾਂਦੇਵ ਘਾਟ ‘ਤੇ 70 ਤੋਂ ਵੱਧ ਲਾਸ਼ਾਂ ਮਿਲੀਆਂ ਹਨ। ਹਾਲਾਤ ਇਹ ਹੈ ਕਿ ਗਲਦੀਆਂ ਲਾਸ਼ਾਂ ਦੀ ਬਦਬੂ ਕਾਰਨ ਬਹੁਤੇ ਮਛੇਰੇ, ਮੱਛੀਆਂ ਫੜਨ ਤੋਂ ਤੋਬਾ ਕਰ ਗਏ ਹਨ। ਇਨ੍ਹਾਂ ਲਾਸ਼ਾਂ ਕਾਰਨ ਬਹੁਤ ਸਾਰੇ ਲੋਕਾਂ ਦੀ ਸਰੀਰਕ ਤੇ ਮਾਨਸਿਕ ਸਿਹਤ ‘ਤੇ ਬੁਰਾ ਅਸਰ ਪੈ ਰਿਹਾ ਹੈ। ‘ਮਹਾਮਾਰੀਆਂ ਦਾ ਯੁਗ’ ਨਾਂ ਦੀ ਕਿਤਾਬ ਦੇ ਲੇਖਕ ਚਿਨਮਯ ਤੂੰਬੇ ਨੇ ਗੰਗਾ ਨਦੀ ‘ਚ ਪਈਆਂ ਲਾਸ਼ਾਂ ਦੀ ਤੁਲਨਾ 1918 ਦੀ ਪਲੇਗ ਦੀ ਬੀਮਾਰੀ ਕਾਰਨ ਹੋਈਆਂ ਮੌਤਾਂ ਵੇਲੇ ਰੁਲਦੀਆਂ ਲਾਵਾਰਸ ਲਾਸ਼ਾਂ ਨਾਲ ਕੀਤੀ ਹੈ। ਭੁਪਾਲ ਗੈਸ ਲੀਕ ਕਾਂਡ ਵਾਪਰਨ ਸਮੇਂ ਥੋਕ ‘ਚ ਹੋਈਆਂ ਮੌਤਾਂ ਵੇਲੇ ਵੀ ਅਣਗਿਣਤ ਲਾਸ਼ਾਂ ਇਉਂ ਹੀ ਨਰਮਦਾ ਨਦੀ ਚ ਰੋਹੜੀਆਂ ਗਈਆਂ ਸਨ। ਜਾਗਦੀਆਂ ਜਮੀਰਾਂ ਵਾਲੇ, ਮਾਨਵੀ ਸੰਵੇਦਨਾਵਾਂ ਨਾਲ ਸਰਾਬੋਰ ਹਿੰਦੂ ਭਾਈਚਾਰੇ ਦੇ ਲੋਕ ਮੁਸਲਮਾਨਾਂ ਦੀਆਂ ਲਾਸ਼ਾਂ ਦਫ਼ਨਾ ਰਹੇ ਹਨ, ਜਦਕਿ ਮੁਸਲਮਾਨ ਭਰਾ ਆਪਣੇ ਹਿੰਦੂ ਹਮਸਾਇਆਂ ਦਾ ਸਸਕਾਰ ਕਰ ਰਹੇ ਹਨ। 2014 ‘ਚ ਲੋਕ ਸਭਾ ਦੀ ਚੋਣ ਜਿੱਤਣ ਲਈ ਨਰਿੰਦਰ ਮੋਦੀ ਗੁਜਰਾਤ ਤੋਂ ਚੱਲ ਕੇ ਵਾਰਾਨਸੀ ਗਿਆ ਤੇ ਪਖੰਡ ਕਰਦਿਆਂ ਕਿਹਾ, “ਮੁਝੇ ਗੰਗਾ ਮਈਆ ਨੇ ਬੁਲਾਇਆ ਹੈ।” ਪਰ ਹੁਣ ਉਹੀ ਮਾਂ ਗੰਗਾ ਜਦੋਂ ਹਰ ਥਾਂ ਲਾਸ਼ਾਂ ਨਾਲ ਭਰੀ ਪਈ ਹੈ ਤਾਂ ਮੋਦੀ ‘ਮਈਆ’ ਦਾ ਨਾਂਅ ਵੀ ਲੈਣ ਨੂੰ ਤਿਆਰ ਨਹੀਂ। ਇੱਥੋਂ ਤਕ ਕਿ ਮੋਦੀ ਵੱਲੋਂ 2018 ਚ ਗੋਦ ਲਏ ਪਿੰਡ ਦੋਮੜੀ ਦੇ ਨੇੜੇ ਸੂਜਾਬਾਦ ਵਿੱਚ ਵੀ ਗੰਗਾ 7 ਲਾਸ਼ਾਂ ਚੁੱਕੀ ਫਿਰਦੀ ਕੂਕਦੀ-ਪੁਕਾਰਦੀ ਰਹੀ, ਪਰ ਗੰਗਾ ਦਾ ਇਹ ਨਕਲੀ ਪੁੱਤਰ ਨਾਂ ‘ਗੰਗਾ ਮਈਆ’ ਦੀ ਸਾਰ ਲੈਣ ਆਇਆ ਅਤੇ ਨਾ ਹੀ ‘ਗੰਗਾ ਪੁੱਤਰਾਂ’ ਦੀਆਂ ਰੁਲਦੀਆਂ ਲਾਸ਼ਾਂ ਦਾ ਉਸ ਵੱਲੋਂ ਕੋਈ ਇੰਤਜ਼ਾਮ ਹੀ ਕੀਤਾ ਗਿਆ। ਗੁਜਰਾਤ ਦੀ ਹੀ ਇੱਕ ਸੰਵੇਦਨਸ਼ੀਲ ਕਵਿੱਤਰੀ ਪਾਰੁਲ ਖੱਖਰ ਦਾ ਦਿਲ ਪਿਘਲਿਆ ਤੇ ਉਸਨੇ ਸਿਰਫ 14 ਲਾਈਨਾਂ ਦੀ ਕਵਿਤਾ ਲਿਖੀ ਜਿਸ ਤੋਂ ਖਿੱਝੇ ਮੋਦੀ ਭਗਤਾਂ ਨੇ ਉਸ ਵਿਰੁੱਧ ਗੰਦੀਆਂ ਗਾਲ੍ਹਾਂ ਦੀ ਬੌਛਾਰ ਕਰ ਦਿੱਤੀ। ਪਰ ਉਸ ਕਵਿਤਾ ਦੇ ਭਾਵਾਂ ਦੇ ਵਸੀਹ ਪ੍ਰਭਾਵ ਦਾ ਆਲਮ ਇਹ ਹੈ ਕਿ ਉਸ ਕਵਿਤਾ ਦਾ ਅਨੇਕਾਂ ਭਾਸ਼ਾਵਾਂ ‘ਚ ਉਲੱਥਾ ਹੋਇਆ ਹੈ।
ਰਹਿੰਦੀ ਕਸਰ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੱਢ ਦਿੱਤੀ। ਜਦ ਉਸ ਨੂੰ ਮੌਤਾਂ ਦੇ ਘਟਾ ਕੇ ਦੱਸੇ ਅੰਕੜਿਆਂ ਬਾਰੇ ਪੁੱਛਿਆ ਤਾਂ ਉਲਟਾ ਉਸ ਨੇ ਬੇਹਯਾਈ ਨਾਲ ਪੁੱਛਿਆ, “ਕੀ ਸਹੀ ਅੰਕੜੇ ਦੇਣ ਨਾਲ ਮੁਰਦੇ ਵਾਪਸ ਆ ਜਾਣਗੇ?” ਅਫਵਾਹਾਂ ਫੈਲਾ ਕੇ ਦੰਗੇ ਭੜਕਾਉਣ ਅਤੇ ਨਿਰਦੋਸ਼ ਲੋਕਾਂ ਨੂੰ ਵੱਢ ਸੁੱਟਣ ਵਾਲੇ, ‘ਨਾਗਪੁਰੀ ਯੂਨੀਵਰਸਿਟੀ’ ਤੋਂ ‘ਦੀਕਸ਼ਾ’ ਲੈਣ ਵਾਲੇ ਫਿਰਕੂ ਰਾਕਸ਼ਾਂ ਤੋਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ? ਬਹਰਹਾਲ ਅਸੀਂ ਇਹ ਜਰੂਰ ਕਹਾਂਗੇ ਕਿ ਜੇ ਕੇਂਦਰੀ ਅਤੇ ਸੂਬਾ ਸਰਕਾਰਾਂ ਦੀ ਪ੍ਰਸ਼ਾਸਕੀ ਮਸ਼ੀਨਰੀ ਵੇਲੇ-ਸਿਰ ਜਾਗ ਕੇ ਹਰਕਤ ‘ਚ ਆਉਂਦੀ ਤਾਂ ਜੀਉਂਦੇ-ਜਾਗਦੇ, ਹੱਸਦੇ-ਖੇਡਦੇ ਇਸਤਰੀ-ਪੁਰਸ਼ਾਂ ਤੇ ਮਾਸੂਮ ਬਾਲਾਂ ਨੂੰ ਮੁਰਦੇ ਬਣਨ ਤੋਂ ਅਤੇ ਉਨ੍ਹਾਂ ਦੇ ਮ੍ਰਿਤਕ ਸਰੀਰਾਂ ਦੀ ਹੋਈ ਬੇਹੁਰਮਤੀ ਨੂੰ ਰੋਕਿਆ ਜ਼ਰੂਰ ਜਾ ਸਕਦਾ ਸੀ।
ਮੋਦੀ ਸਰਕਾਰ ਨੂੰ ਸਹੀ ਅੰਕੜਿਆਂ ਤੋਂ ਡਰ ਕਿਉਂ ਲੱਗਦਾ ਹੈ? ਇਸ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰੀ ਦੇ ਅੰਕੜੇ ਜਾਰੀ ਕਰਨ ਤੋਂ ਵੀ ਇਨਕਾਰ ਕੀਤਾ ਸੀ, ਜਿਸ ਕਾਰਨ ਅੰਕੜਾ ਵਿਗਿਆਨ ਵਿਭਾਗ ਦੇ ਮੁਖੀ ਨੇ ਅਸਤੀਫਾ ਦੇ ਦਿੱਤਾ ਸੀ। ਚੋਣ ਨਤੀਜੇ ਆਉਣ ਤੋਂ ਬਾਅਦ ਇਹ ਹਕੀਕਤ ਜਗ ਜ਼ਾਹਿਰ ਹੋਈ ਕਿ ਭਾਰਤ ‘ਚ ਬੇਰੁਜਗਾਰੀ ਦੀ ਦਰ ਪਿਛਲੇ 45 ਸਾਲਾਂ ‘ਚ ਸਭ ਤੋਂ ਵੱਧ ਹੈ। ਅੰਕੜੇ ਇਕੱਠੇ ਕਰਨ ਵਾਲੀ ਸੰਸਥਾ ਐਨ.ਐਸ.ਐਸ.ਓ. ਵੱਲੋਂ ਇਹ ਅੰਕੜੇ ਇਕੱਠੇ ਕਰਨੇ ਬੰਦ ਕਰ ਦਿੱਤੇ ਗਏ ਹਨ। ਹੁਣ ਕਰੋਨਾ ਮਹਾਮਾਰੀ ਦੌਰਾਨ ਵਿਸ਼ਾਣੂੰ ਰੋਗਾਂ ਦੇ ਮਾਹਰ ਡਾਕਟਲ ਸ਼ਾਹਿਦ ਜਮੀਲ (ਵੈਰਾਲੋਜਿਸਟ) ਨੇ ਕੋਵਿਡ-19 ਨਾਲ ਸਬੰਧਤ ਖੋਜ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸਦਾ ਕਾਰਨ ਉਨ੍ਹਾਂ ਨੇ ਨੀਤੀ ਘਾੜਿਆਂ ਵੱਲੋਂ ਸੁਣਵਾਈ ਨਾ ਹੋਣਾ ਦੱਸਿਆ ਹੈ। ਉਨ੍ਹਾਂ ਸਮੇਤ 800 ਮਾਹਿਰਾਂ/ਡਾਕਟਰਾਂ ਨੇ ਸਰਕਾਰ ਤੋਂ ਕੋਵਿਡ ਕੇਸਾਂ ਤੇ ਇਸ ਕਾਰਨ ਹੋ ਰਹੀਆਂ ਮੌਤਾਂ ਬਾਰੇ ਸਹੀ-ਸਹੀ ਜਾਣਕਾਰੀ ਮੰਗੀ ਸੀ। ਡਾਕਟਰ ਸ਼ਾਹਿਦ ਦਾ ਮੰਨਣਾ ਹੈ ਕਿ ਕੋਵਿੱਡ ਦੀ ਦੂਜੀ ਲਹਿਰ ਨਿਰੋਲ ਸਰਕਾਰੀ ਲਾਪ੍ਰਵਾਹੀ ਦਾ ਨਤੀਜਾ ਹੈ। ਹਰ ਕਿਸਮ ਦੇ ਵਿਗਿਆਨੀ ਤੇ ਵਿਗਿਆਨਕ ਪਹੁੰਚ ਰੱਖਣ ਵਾਲੇ ਵਿਅਕਤੀਆਂ ਨਾਲ ਸਰਕਾਰ ਦੀ ਖੜਕਦੀ ਰਹਿੰਦੀ ਹੈ ਕਿਉਂਕਿ ‘ਨਾਗਪੁਰ ਯੂਨੀਵਰਸਿਟੀ ਆਫ ਝੂਠ-ਤੂਫ਼ਾਨ’ ਤੋਂ ਟ੍ਰੇਨਿੰਗ ਪ੍ਰਾਪਤ ਇਹ ਵਿਅਕਤੀ ਚਾਹੇ ਮੰਤਰੀ ਹੋਣ ਚਾਹੇ ਸੰਤਰੀ, ਸਾਰੇ ਹੀ ਵਿਗਿਆਨ ਤੋਂ ਡਰਦੇ ਹਨ ਤੇ ਮਿਥਿਹਾਸ ਨੂੰ ਇਤਿਹਾਸ ਬਣਾਉਣ ਤੇ ਹਰ ਸਮੱਸਿਆ ਦਾ ਹੱਲ ਪੂਜਾ-ਪਾਠ ਜਾਂ ਪੁਰਾਣੀਆਂ ਮਾਨਤਾਵਾਂ ਨਾਲ ਕਰਨ ਦੇ ਆਦੀ ਹਨ ਤੇ ਆਪਣੇ ਅਖੌਤੀ ਗਿਆਨ ਤੇ 200% ਯਕੀਨ ਕਰਦੇ ਹਨ। ਇਸ ਦੀ ਤਾਜ਼ਾ ਉਦਾਹਰਨ ਵੱਡੇ ਵਪਾਰੀ ਰਾਮਦੇਵ ਵੱਲੋਂ ਦੇਸ਼ ਦੇ ਹੈਲਥ ਮਨਿਸਟਰ ਦੀ ਹਾਜ਼ਰੀ ਵਿੱਚ ਸਮੁੱਚੇ ਮੈਡੀਕਲ ਢਾਂਚੇ ਨੂੰ ਸਮੇਤ ਡਾਕਟਰਾਂ ਤੇ ਦਵਾਈਆਂ ਦੇ ਨਿੰਦਣਾ ਹੈ ਤਾਂ ਕਿ ਉਹ ਆਪਣੀਆਂ ਗੈਰ ਵਿਗਿਆਨਕ ਦਵਾਈਆਂ ਦਾ ਵਪਾਰ ਚਲਾ ਸਕੇ ਤੇ ਲੋਕਾਂ ਦੀ ਮਜ਼ਬੂਰੀ ਦਾ ਇਸ ਮਹਾਂਮਾਰੀ ਦੌਰਾਨ ਪੂਰਾ ਫ਼ਾਇਦਾ ਉਠਾ ਸਕੇ। ਰਾਮਦੇਵ ਵਲੋਂ ਮਾਰੀਆਂ ਜਾ ਰਹੀਆਂ ਬੇਥਵੀਆਂ, ਦਰਅਸਲ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਮੋਦੀ ਸਰਕਾਰ ਦੀ ਘੋਰ ਨਾਕਾਮੀ ਤੋਂ ਧਿਆਨ ਹਟਾਉਣ ਦੀ ਕਵਾਇਦ ਦਾ ਹੀ ਹਿੱਸਾ ਹੈ। ਇਹ ਗੱਲ ਇਨ੍ਹਾਂ ਮੰਦਬੁੱਧੀਆਂ ਦੀ ਸਮਝ ਦਾ ਹਿੱਸਾ ਹੀ ਨਹੀਂ ਕਿ ਸਹੀ ਅੰਕੜੇ ਕਿਸੇ ਸਮੱਸਿਆ ਦਾ ਸਟੀਕ ਹੱਲ ਕੱਢਣ, ਭਵਿੱਖ ਵਿੱਚ ਸਮੱਸਿਆ ਤੋਂ ਬਚਾਅ ਕਰਨ ਤੇ ਲੋੜ ਪੈਣ ਤੇ ਯੋਜਨਾਬੰਦੀ ਲਈ ਅਤਿਅੰਤ ਜ਼ਰੂਰੀ ਹੁੰਦੇ ਹਨ।
‘ਇੰਡੀਆ ਸਪੈਂਡ’ ਨੇ ਆਪਣੇ 26 ਅਪ੍ਰੈਲ ਦੇ ਅੰਕ ‘ਚ ਲਿਖਿਆ ਹੈ, “ਕੋਵਿਡ ਕੇਸਾਂ ਅਤੇ ਮੌਤਾਂ ਦੀ ਗਿਣਤੀ ਘੱਟ ਦਿਖਾਉਣਾ ਦੇਸ਼ ਦੇ ਲੋਕਾਂ ਨੂੰ ਬੇਹਥਿਆਰੇ ਬਨਾਉਣਾ ਹੈ।” ਇਕ ਇੰਟਰਵਿਊ ਵਿਚ ਮਹਾਂਮਾਰੀਆਂ ਦੇ ਮਾਹਰ ਡਾਕਟਰ ਗਿਰਧਰ ਬਾਬੂ, ਜੋ ਕਿ ਬੰਗਲੌਰ ਸਥਿਤ “ਭਾਰਤੀ ਪਬਲਿਕ ਹੈਲਥ ਫਾਊਂਡੇਸ਼ਨ” ਦੇ ਪ੍ਰੋਫੈਸਰ ਤੇ ਮੁਖੀ ਹਨ, ਨੇ ਕਿਹਾ ਹੈ ਕਿ ਜੇਕਰ ਸਾਡੇ ਕੋਲ ਅਜਿਹੇ ਅੰਕੜੇ ਨਹੀਂ ਜੋ ਗੈਰਬਰਾਬਰੀ ਨੂੰ ਘਟਾਉਣ ਲਈ ਕੰਮ ਆ ਸਕਣ ਤਾਂ ਕਿ ਸਾਰੀਆਂ ਸੇਵਾਵਾਂ ਦੀ ਸਭ ਨੂੰ ਸੁਚੱਜੀ ਉਪਲੱਬਧਤਾ ਕਰਾਈ ਜਾ ਸਕੇ, ਤਾਂ ਫ਼ਿਰ ਅੰਕੜੇ ਇਕੱਠੇ ਹੀ ਕਿਉਂ ਕਰਨੇ ਹਨ? ਇਹੀ ਡਰ ਹੈ ਜਿਸ ਕਾਰਨ ਮੋਦੀ ਸਰਕਾਰ ਸਹੀ ਅੰਕੜੇ ਇਕੱਠੇ ਕਰਨ ਤੋਂ ਡਰਦੀ ਹੈ। ਇਸੇ ਇੰਟਰਵਿਊ ਚ ਮੈਥੇਮੈਟੀਕਲ ਮਾਡਲਾਂ ਦੇ ਵਿਕਾਸ ਕਰਨ ਦੇ ਮਾਹਰ ਡਾਕਟਰ ਮੁਰਾਦ ਬਾਨਾਜੀ, ਜੋ ਇੰਗਲੈਂਡ ਦੀ ਲੰਡਨ ਸਥਿਤ ‘ਮਿਡਲਸੈਕਸ ਯੂਨੀਵਰਸਿਟੀ’ ‘ਚ ਪੜ੍ਹਾਉਂਦੇ ਹਨ, ਨੇ ਕਿਹਾ ਹੈ ਕਿ ਸਹੀ ਅੰਕੜੇ ਸਾਨੂੰ ਦੂਜੀ ਜਾਂ ਤੀਜੀ ਲਹਿਰ ਤੋਂ ਹੋਣ ਵਾਲੇ ਸੰਭਾਵਿਤ ਨੁਕਸਾਨ ਬਾਰੇ ਅਗਾਊਂ ਦੱਸਦੇ ਹਨ ਤੇ ਅਸੀਂ ਸਮਾਂ ਰਹਿੰਦੇ ਲੋੜੀਂਦੀ ਯੋਜਨਾਬੰਦੀ ਕਰ ਲੈਂਦੇ ਹਾਂ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਹੀ ਅੰਕੜੇ ਸਾਹਮਣੇ ਆਉਣ ਨਾਲ ਕਿਸੇ ਸੂਬੇ ਜਾਂ ਦੇਸ਼ ਦੀ ਸਫਲਤਾ-ਅਸਫਲਤਾ ਨਹੀਂ ਮਿਣੀ ਜਾਣੀ ਚਾਹੀਦੀ ਬਲਕਿ ਅਜਿਹੇ ਅੰਕੜਿਆਂ ਨਾਲ ਸਮੱਸਿਆ ਦਾ ਸਹੀ ਹੱਲ ਕੱਢਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ‘ਤੇ, ਜੇਕਰ ਕੇਂਦਰ ਸਰਕਾਰ ਵਿਗਿਆਨੀਆਂ, ਚਿਕਿਤਸਾ ਮਾਹਿਰਾਂ ਤੇ ਅੰਕੜਾ ਵਿਗਿਆਨੀਆਂ ਦੁਆਰਾ ਦੂਜੀ ਲਹਿਰ ਸਬੰਧੀ ਦਿੱਤੀਆਂ ਚਿਤਾਵਨੀਆਂ ‘ਤੇ ਕੰਨ ਧਰਦੀ ਤਾਂ ਰਾਜਾਂ ਦੀਆਂ ਚੋਣਾਂ ਥੋੜ੍ਹੇ ਸਮੇਂ ਵਿੱਚ ਤੇ ਵੱਡੀਆਂ ਰੈਲੀਆਂ ਦੀ ਬਜਾਏ ਦੂਸਰੇ ਢੰਗਾਂ ਰਾਹੀਂ ਕਰਾਈਆਂ ਜਾ ਸਕਦੀਆਂ ਸਨ ਅਤੇ ਹਸਪਤਾਲਾਂ, ਬੈੱਡਾਂ, ਆਕਸੀਜਨ ਸਿਲੰਡਰਾਂ, ਵੈਂਟੀਲੇਟਰਾਂ ਵਗੈਰਾ ਨੂੰ ਤਰਸਦੇ ਲੋਕਾਂ ਨੂੰੂ ਰਾਹਤ ਦਿੱਤੀ ਜਾ ਸਕਦੀ ਸੀ ਤੇ ਹੋਰ ਲੋੜੀਂਦੇ ਇੰਤਜ਼ਾਮ ਕੀਤੇ ਜਾ ਸਕਦੇ ਸਨ। ਇਸੇ ਇੰਟਰਵਿਊ ਵਿੱਚ ਅੰਕੜਾ ਪੱਤਰਕਾਰ ਰੁਕਮਣੀ ਸ੍ਰੀਨਿਵਾਸਨ, ਜੋ ਚੇਨੱਈ ਵਿਖੇ ਕੰਮ ਕਰਦੀ ਹੈ, ਦਾ ਕਹਿਣਾ ਹੈ ਕਿ ਮੈਡੀਕਲ ਖੋਜ ਸਬੰਧੀ ਭਾਰਤੀ ਕੌਂਸਲ, ਜੋ ਵਿਸਵ ਸਿਹਤ ਸੰਸਥਾ (ਡਬਲਿਯੂ.ਐਚ.ਓ.) ਦੀਆਂ ਗਾਈਡਲਾਈਨਜ਼ ਜਾਰੀ ਕਰਦੀ ਹੈ, ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਮੰਨਿਆ ਜਾਣਾ ਚਾਹੀਦਾ ਹੈ। ਉਹ ਇਹ ਵੀ ਕਹਿੰਦੀ ਹੈ ਕਿ ਜਾਂ ਤਾਂ ਟੈਸਟ ਕੀਤੇ ਹੀ ਨਹੀਂ ਜਾਂਦੇ ਤੇ ਜਾਂ ਫਿਰ ਉਨ੍ਹਾਂ ਦੇ ਰਿਜ਼ਲਟ ਸਮੇਂ ਸਿਰ ਨਹੀਂ ਦਿੱਤੇ ਜਾਂਦੇ। ਲੇਟ ਜਾਰੀ ਕੀਤੇ ਅੰਕੜੇ ਵੀ ਸਮੱਸਿਆ ਨੂੰ ਉਲਝਾਉਂਦੇ ਹਨ। ਕੋਵਿਡ ਮੌਤਾਂ ਸਬੰਧੀ ਇੰਡੀਅਨ ਕਾਊਂਸਲ ਆਫ ਮੈਡੀਕਲ ਰੀਸਰਚ (ਆਈ.ਸੀ.ਐਮ. ਆਰ.) ਦੀਆਂ ਗਾਈਡ ਲਾਈਨਜ਼ ਇਸ ਤਰ੍ਹਾਂ ਹਨ :-
d ਬਿਨਾਂ ਕੋਵਿਡ ਦੇ ਲੱਛਣਾਂ ਤੋਂ ਵੀ ਜੇਕਰ ਕਿਸੇ ਦਾ ਟੈਸਟ ਪਾਜ਼ੀਟਿਵ ਹੋਵੇ ਤਾਂ ਉਸ ਦੀ ਮੌਤ ਕੋਵਿਡ ਮੌਤ ਮੰਨੀ ਜਾਵੇਗੀ ।
d ਬਿਨਾਂ ਟੈਸਟ ਕੀਤੇ ਜਾਂ ਨੈਗੇਟਿਵ ਟੈਸਟ ਵਾਲੇ ਵਿਅਕਤੀ ਦੇ ਜੇ ਲੱਛਣ ਕੋਵਿਡ ਵਾਲੇ ਹੋਣ ਤਾਂ ਉਸ ਦੀ ਮੌਤ ਨੂੰ ਕੋਵਿਡ ਦੀ ਸ਼ੱਕੀ ਮੌਤ ਲਿਖਿਆ ਜਾਵੇ ਤੇ ਸਾਰੀ ਦੁਨੀਆਂ ਚ ਇਸ ਦਾ ਕੋਡ ਹੈ 07.1
d ਜੇ ਪਾਜ਼ੇਟਿਵ ਕੇਸ ਵਾਲਾ ਕੁਝ ਦਿਨਾਂ ਬਾਅਦ ਚਾਹੇ ਨੈਗੇਟਿਵ ਆ ਜਾਵੇ ਤੇ ਜੇ ਉਸ ਦੇ ਫੇਫੜੇ ਖਰਾਬ ਸਨ ਤਾਂ ਵੀ ਉਸ ਦੀ ਮੌਤ ਕੋਵਿਡ ਕਾਰਨ ਮੰਨੀ ਜਾਵੇ ।
d ਕਿਸੇ ਕੋਵਿਡ ਮਰੀਜ ਨੂੰ ਜੇਕਰ ਹੋਰ ਬੀਮਾਰੀਆਂ ਵੀ ਹੋਣ ਤਾਂ ਡਾਕਟਰਾਂ ਦਾ ਬੋਰਡ ਤੈਅ ਕਰੇਗਾ ਕਿ ਉਸ ਦੀ ਮੌਤ ਕੋਵਿਡ ਨਾਲ ਹੋਈ ਹੈ ਜਾਂ ਕਿਸੇ ਦੂਸਰੇ ਕਾਰਨਾਂ ਕਰਕੇ ।
ਪਰ ਸਾਡੇ ਦੇਸ਼ ਦਾ ਤਾਂ ਬਾਬਾ ਆਦਮ ਹੀ ਨਿਰਾਲਾ ਹੈ! ਇੱਥੇ ਟੈਸਟ ਕਰਨ ਦਾ ਤਾਂ ਬਹੁਤ ਥਾਵਾਂ ‘ਤੇ ਇੰਤਜ਼ਾਮ ਹੀ ਨਹੀਂ ਤੇ ਮੌਤਾਂ ਵੀ ਘਰਾਂ ‘ਚ, ਸੜਕਾਂ ‘ਤੇ ਹਸਪਤਾਲਾਂ ਦੇ ਗੇਟਾਂ ‘ਤੇ ਹੋ ਰਹੀਆਂ ਹਨ। ਜਿਹੜੀਆਂ ਲਾਸ਼ਾਂ ਨਦੀਆਂ ਚ ਰੁੜ੍ਹੀਆਂ ਜਾਂਦੀਆਂ ਹਨ ਜਾਂ ਕਿਨਾਰਿਆਂ ਤੇ ਦਫਨਾ ਦਿੱਤੀਆਂ ਜਾਂ ਸਸਕਾਰ ਕਰ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਦਾ ਤਾਂ ਕਿਤੇ ਵੀ ਕੋਈ ਰਿਕਾਰਡ ਹੀ ਨਹੀਂ ਹੁੰਦਾ। ਰੁਕਮਣੀ ਸ੍ਰੀਨਿਵਾਸਨ ਦਾ ਕਹਿਣਾ ਹੈ ਕਿ ਕੇਰਲਾ ਦਾ ਸਾਰਾ ਸੂਬਾ ਤੇ ਮੁੰਬਈ ਦਾ ਸ਼ਹਿਰ ਇਸ ਗੱਲੋਂ ਪਹਿਲੇ ਨੰਬਰ ਤੇ ਹਨ ਕਿ ਉਨ੍ਹਾਂ ਕੋਲ ਸਾਰੇ ਕਾਰਨਾਂ ਕਰਕੇ ਮਰਨ ਵਾਲਿਆਂ ਦੇ ਅੰਕੜਿਆਂ ਦਾ ਪੂਰਾ ਤੇ ਸਹੀ ਰਿਕਾਰਡ ਮੌਜੂਦ ਹੈ। ਹੋਰ ਕਈ ਗੱਲਾਂ ਦੇ ਨਾਲ-ਨਾਲ ਸ਼ਾਇਦ ਇਸੇ ਕਾਰਨ ਉਹ ਇਸ ਬਿਮਾਰੀ ਨੂੰ ਵੱਧ ਵਿਗਿਆਨਕ ਤਰੀਕੇ ਨਾਲ ਨਜਿੱਠ ਰਹੇ ਹਨ।
ਅਸ਼ੀਸ਼ ਗੁਪਤਾ, ਰੁਕਮਣੀ ਸ੍ਰੀਨਿਵਾਸ ਤੇ ਧਾਨਿਆ ਰਜਿੰਦਰਨ ਨੇ ਹੇਠ ਲਿਖੇ ਸੁਝਾਅ ਦਿੱਤੇ ਹਨ :-
d ਕੇਸਾਂ ਤੇ ਮੌਤਾਂ ਸਬੰਧੀ ”ਵਿਸ਼ਵ ਸਿਹਤ ਸੰਸਥਾ” ਦੇ ਕੋਡ ਸਖਤੀ ਨਾਲ ਅਪਣਾਏ ਜਾਣ।
d ਲੋਕਲ ,ਸੂਬਾ ਤੇ ਕੇਂਦਰੀ ਸਰਕਾਰਾਂ ਆਪਣੇ ਸਿਵਲ ਰਜਿਸਟਰਾਂ ਦਾ ਮੌਤ ਦੇ ਸਾਰੇ ਕਾਰਨਾਂ ਦਾ ਅੰਕੜਾ ਲਗਾਤਾਰ ਜਾਰੀ ਕਰਨ ਤੇ ਉਸ ਦਾ ਪੱਕਾ ਰਿਕਾਰਡ ਰੱਖਣ।
d ਪੱਤਰਕਾਰ ਆਪਣੇ ਪੇਸ਼ੇ ਦੀਆਂ ਸਰਵ ਉਤਮ ਰਵਾਇਤਾਂ ਅਪਨਾਉਣ ਤੇ ਸਿਰਫ਼ ਅੰਕੜਿਆਂ ਦੇ ਆਧਾਰ ਤੇ ਹੀ ਕਿਸੇ ਸਰਕਾਰ ਦੀ ਭੰਡੀ ਜਾਂ ਤਰੀਫ਼ ਨਾ ਕਰਨ।
d ਗ਼ੈਰ ਵਿਗਿਆਨਕ ਅੰਦਾਜ਼ੇਬਾਜੀ ਤੋਂ ਬਚਿਆ ਜਾਵੇ।
d ਜਮਹੂਰੀ ਤੇ ਵਿਗਿਆਨਕ ਪੱਖ ਤੋਂ ਦਸਤਾਵੇਜ਼ ਭਰਪੂਰ ਯੋਗਦਾਨ ਦੇਣਾ ਬਹੁਤ ਕਾਰਗਰ ਸਾਬਤ ਹੋਵੇਗਾ।
d ਨਾਗਰਿਕਾਂ, ਮੀਡੀਆ, ਅਕਾਦਮੀਸ਼ੀਅਨਾਂ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਜਿਹੇ ਅੰਕੜਿਆਂ ਦੀ ਲਗਾਤਾਰ ਮੰਗ ਕਰਦੇ ਰਹਿਣਾ ਚਾਹੀਦਾ ਹੈ।
ਮੋਦੀ ਸਰਕਾਰ ਉਕਤ ਸਾਰੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਆਪਣੀਆਂ ਨਾਕਾਬਿਲੇ ਮੁਆਫ ਅਸਫਲਤਾਵਾਂ ਨੂੰ ਕੱਜਣ ਲਈ ਮਾਨਵਤਾ ਖਿਲਾਫ਼ ਬਹੁਤ ਘਿਨੌਣਾ ਜੁਰਮ ਕਰ ਰਹੀ ਹੈ। ਬਹਰਹਾਲ, ਦੇਸ਼ ਤੇ ਦੁਨੀਆਂ ਦੀ ਲੋਕਾਈ ਤੋਂ ਕੁੱਝ ਵੀ ਨਹੀਂ ਲੁਕਿਆ।