ਮੈਨੇਜਰ ਪਾਂਡੇਯ
ਸ਼੍ਰੋਮਣੀ ਭਗਤ ਕਬੀਰ ਜੀ ਦੀ ਜੈਯੰਤੀ ਨੂੰ ਸਮਰਪਤ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਹਿੰਦੀ ਵਿਭਾਗ ਦੇ ਪਰਾਧਿਆਪਕ ਡਾਕਟਰ ਮੈਨੇਜਰ ਪਾਂਡੇ ਜੀ ਦਾ ਲਿਖਿਆ ਲੇਖ ਛਾਪਣ ਦੀ ਖੁਸ਼ੀ ਲੈ ਰਹੇ ਹਾਂ। ਇਹ ਲੇਖ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ”ਸੰਤ ਕਬੀਰ ਚੇਅਰ” ਦੇ ਪ੍ਰੋਫੈਸਰ, ਡਾਕਟਰ ਸੇਵਾ ਸਿੰਘ ਵੱਲੋਂ ਸੰਪਾਦਿਤ ਅਤੇ ਇਸੇ ਯੂਨੀਵਰਸਿਟੀ ਦੇ ਪ੍ਰਕਾਸ਼ਨ ਵਿਭਾਗ ਵਲੋਂ ਛਾਪੀ ਗਈ ਪੁਸਤਕ ”ਕਬੀਰ ਬਾਣੀ ਪਾਠ ਤੇ ਪ੍ਰਸੰਗ” ਵਿੱਚੋਂ ਲਿਆ ਗਿਆ ਹੈ – ਸੰਪਾਦਕੀ ਮੰਡਲ)
ਅੱਜ ਦੇ ਭਾਰਤੀ ਸਮਾਜ ਵਿਚ ਭਿਆਨਕ ਸੰਪਰਦਾਇਕਤਾ ਦੀ ਹਨ੍ਹੇਰੀ ਝੁਲ ਰਹੀ ਹੈ। ਧਰਮ ਦੇ ਨਾਂ ਤੇ ਈਰਖਾ, ਨਫਰਤ ਅਤੇ ਪਾਗਲਪਨ ਦਾ ਪ੍ਰਚਾਰ-ਪਸਾਰ ਹੋ ਰਿਹਾ ਹੈ। ਜਾਤ-ਭੇਦ, ਖੂੰਖਾਰ ਜਾਤ-ਯੁੱਧ ਬਣ ਰਹੇ ਹਨ, ਤਰ੍ਹਾਂ-ਤਰ੍ਹਾਂ ਦੀ ਹਠਧਰਮੀ, ਕੱਟੜਤਾ ਅਤੇ ਤੰਗਦਿਲੀ ਦਾ ਬੋਲਬਾਲਾ ਹੈ। ਇਹ ਸਭ ਵੇਖ ਕੇ ਮਨ ਵਿਚ ਕਈ ਸਵਾਲ ਉਠਦੇ ਹਨ : ਕੀ ਇਹ ਉਹੀ ਸਮਾਜ ਹੈ, ਜਿਸ ਵਿਚ ਕਦੀ ਕਬੀਰ ਪੈਦਾ ਹੋਏ ਸਨ? ਜਾਂ ਕੀ ਇਹ ਕਬੀਰ ਦਾ ਉਤਰਵਰਤੀ ਸਮਾਜ ਹੈ? ਇਸ ਸਮੇਂ ਕਬੀਰ ਨੂੰ ਯਾਦ ਕਰਨਾ ਸੁਭਾਵਿਕ ਵੀ ਹੈ ਅਤੇ ਜ਼ਰੂਰੀ ਵੀ।
ਕਬੀਰ ਜਿਸ ਸਮੇਂ ਭਾਰਤੀ ਸਮਾਜ ਵਿਚ ਪੈਦਾ ਹੋਏ ਸਨ ਉਹ ਬਹੁਤ ਉਥਲ-ਪੁਥਲ ਦਾ ਸਮਾਂ ਸੀ। ਉਸ ਵਿਚ ਸੰਸਕ੍ਰਿਤੀ, ਧਰਮ ਅਤੇ ਵਿਚਾਰਾਂ ਦੀਆਂ ਅਨੇਕ ਤਿੱਖੀਆਂ ਲਹਿਰਾਂ ਆਪਸ ਵਿਚ ਟਕਰਾਉਂਦੀਆਂ ਹੋਈਆਂ ਵਹਿ ਰਹੀਆਂ ਸਨ। ਇਕ ਪਾਸੇ ਹਿੰਦੂ ਸਮਾਜ ਦੀ ਭੇਦ-ਭਾਵ ਤੇ ਆਧਾਰਿਤ ਜਾਤ-ਵਿਵਸਥਾ ਦੀ ਸੰਰਚਨਾ ਸੀ। ਇਸ ਸੰਰਚਨਾ ਦੀ ਸ਼ਕਤੀ ਦਾ ਸਰੋਤ ਸ਼ਾਸਤਰੀ ਧਰਮ ਸੀ। ਇਸ ਸੰਰਚਨਾ ਅਤੇ ਧਰਮ ਦੇ ਵਿਰੁੱਧ ਵਿਦਰੋਹ ਕਰਦੇ, ਅੱਗੇ ਆਏ ਹੋਏ ਬੌਧ, ਜੈਨ, ਸ਼ਾਕਤ, ਸਿੱਧ ਅਤੇ ਨਾਥ ਆਦਿ ਧਰਮ ਅਤੇ ਮੱਤ ਸਨ। ਦੂਜੇ ਪਾਸੇ ਇਸਲਾਮ ਸੀ, ੳਸ ਵਿਚ ਕੱਟੜਤਾ ਸੀ ਅਤੇ ਧਾਰਮਿਕ ਪੱਧਰ ਤੇ ਸਮਾਨਤਾ ਦੇ ਬਾਵਜੂਦ ਸਾਮਾਜਿਕ ਵਿਸ਼ਮਤਾ ਸੀ, ਜਿਸਦੇ ਬਰਾਬਰ ਪ੍ਰੇਮ ਦੀ ਪੀੜ ਦਾ ਸੰਦੇਸ਼ ਦੇਣ ਵਾਲੇ ਸੂਫੀ ਸੰਤ ਸਨ। ਆਮ ਜਨਤਾ ਇਸ ਭੰਵਰ ਜਾਲ ਵਿਚ ਫਸੀ ਹੋਈ ਸੀ। ਹਿੰਦੂ ਜਨਤਾ ਜਿਸ ਤਰ੍ਹਾਂ ਜਾਤ-ਵਿਵਸਥਾ ਦੇ ਭੇਦ-ਭਾਵ ਅਤੇ ਧਾਰਮਿਕ ਕਰਮ-ਕਾਂਡ ਦੀ ਚੱਕੀ ਵਿਚ ਪੀਸੀ ਜਾ ਰਹੀ ਸੀ; ਉਸੇ ਤਰ੍ਹਾਂ ਮੁਸਲਿਮ ਜਨਤਾ ਇਸਲਾਮ ਦੀ ਕੱਟੜਤਾ ਅਤੇ ਕਰਮਕਾਂਡ ਦੀ ਚੱਕੀ ਵਿਚ ਪੀਸੀ ਜਾ ਰਹੀ ਸੀ। ਇਨ੍ਹਾਂ ਦੋਹਾਂ ਦੇ ਉਪਰ ਰਾਜਸੱਤਾ ਦੇ ਸ਼ੋਸ਼ਨ ਦਾ ਚੱਕਰ ਚਲ ਰਿਹਾ ਸੀ। ਇਸ ਤਰ੍ਹਾਂ ਦੀ ਸਭ ਕੁੱਝ ਨਿਗਲ ਜਾਣ ਵਾਲੀ ਚੱਕੀ ਵਿਚ ਪੀਸੀ ਜਾਂਦੀ ਹੋਈ ਜਨਤਾ ਨੂੰ ਵੇਖ ਕੇ ਕਬੀਰ ਨੇ ਕਿਹਾ ਸੀ :
ਚਲਤੀ ਚਾਕੀ ਦੇਖ ਕਰ, ਦਿਯਾ ਕਬੀਰਾ ਰੋਏ।
ਦੋ ਪਾਟਨ ਕੇ ਬੀਚ ਮੇਂ, ਸਾਬਤ ਬਚਾ ਨਾ ਕੋਏ॥
ਉਸ ਕਠਿਨ ਸਮੇਂ ਭਾਰਤੀ ਮਨੁੱਖਤਾ ਖਤਰੇ ਵਿਚ ਸੀ। ਉਸ ਸਮੇਂ ਹਿੰਦੂ ਜਾਂ ਮੁਸਲਮਾਨ ਹੋ ਕੇ, ਆਪਣੀ ਚੇਤਨਾ ਅਤੇ ਸੰਵੇਦਨਾ ਨੂੰ ਧਰਮ ਦੇ ਹੱਥਾਂ ਵਿਚ ਗਿਰਵੀ ਰੱਖ ਕੇ ਹੀ ਬਚਿਆ ਜਾ ਸਕਦਾ ਸੀ। ਮਨੁੱਖ ਦੀ ਸੁਤੰਤਰਤਾ ਅਤੇ ਮਨੁੱਖਤਾ ਦੀ ਰੱਖਿਆ ਦਾ ਕੋਈ ਰਸਤਾ ਨਹੀਂ ਸੀ। ਸ਼ਾਸਤਰੀਅਤਾ ਤੋਂ ਸੁਤੰਤਰ ਜੋ ਧਾਰਮਿਕ ਮਤ ਅਤੇ ਸੰਪਰਦਾ, ਲੋਕ ਧਰਮ ਦੇ ਰੂਪ ਵਿਚ ਪ੍ਰਚਲਿਤ ਸਨ, ਉਹ ਵੀ ਅਨੇਕ ਤਰ੍ਹਾਂ ਦੇ ਭਰਮਾਂ ਦਾ ਨਿਰਮਾਣ ਕਰਦੇ ਸਨ।
ਇਸ ਤਰ੍ਹਾਂ ਦੇ ਸਮੇਂ ਵਿਚ ਇਕ ਅਜਿਹੇ ਵਿਅਕਤੀ ਦੀ ਜ਼ਰੂਰਤ ਸੀ ਜੋ ਉਸ ਕਾਲ ਵਿਚ ਭਾਰਤੀ ਸਮਾਜ ਦੀ ਜਟਿਲ ਸਥਿਤੀ ਨੂੰ ਪੂਰੀ ਤਰ੍ਹਾਂ ਪਛਾਣਦਾ ਹੋਵੇ, ਜੋ ਹਿੰਦੂ ਅਤੇ ਇਸਲਾਮ ਦੋਹਾਂ ਧਰਮਾਂ ਦੀ ਵਾਸਤਵਿਕਤਾ ਨੂੰ ਜਾਣਦਾ ਹੋਵੇ, ਜੋ ਲੋਕ ਧਰਮ ਦੇ ਭਰਮਾਂ ਨਾਲ ਵੀ ਵਾਕਿਫ਼ ਹੋਵੇ ਅਤੇ ਨਾਲ ਹੀ ਮਨੁੱਖ ਦੀ ਮਨੁੱਖਤਾ ਵਿਚ ਜਿਸ ਦਾ ਅਟੁੱਟ ਵਿਸ਼ਵਾਸ਼ ਹੋਵੇ, ਇਸ ਤਰ੍ਹਾਂ ਦੇ ਹੀ ਵਿਅਕਤੀ ਸਨ, ਕਬੀਰ। ਉਨ੍ਹਾਂ ਦੇ ਜੀਵਨ, ਭਗਤੀ ਅਤੇ ਕਾਵਿ ਵਿਚ ਉਸ ਸਮੇਂ ਦੀ ਜਟਿਲ ਸਥਿਤੀ ਦਾ ਬੋਧ ਹੈ ਅਤੇ ਉਸ ਵਿਚੋਂ ਆਪਣੀ ਸੁਤੰਤਰ ਦ੍ਰਿਸ਼ਟੀ ਅਤੇ ਨਵੀਂ ਰਾਹ ਬਨਾਉਣ ਦਾ ਸਾਹਸ, ਸੰਕਲਪ ਅਤੇ ਵਿਵੇਕ ਵੀ ਹੈ। ਉਨ੍ਹਾਂ ਵਿਚ ਹਿੰਦੂ ਅਤੇ ਇਸਲਾਮ ਦੀਆਂ ਰੁੜ੍ਹੀਆਂ, ਸੌੜੇਪਨ ਅਤੇ ਕੱਟੜਤਾਵਾਂ ਦੇ ਵਿਰੁੱਧ ਖੜੇ ਹੋਣ ਦੀ ਜਿਸ ਤਰ੍ਹਾਂ ਦੀ ਦ੍ਰਿੜ੍ਹਤਾ ਸੀ, ਉਸੇ ਤਰ੍ਹਾਂ ਦੀ ਹੀ ਸੱਚ ਨੂੰ ਕਹਿਣ ਅਤੇ ਕਰਨ ਦੀ ਨਿਡਰਤਾ ਵੀ ਸੀ। ਉਨ੍ਹਾਂ ਨੇ ਠੀਕ ਹੀ ਕਿਹਾ ਸੀ :
ਸਾਚ ਹੀ ਕਹਤ ਔਰ ਸਾਚ ਹੀ ਗਹਤ ਹੈ,
ਕਾਚ ਕੂ ਤਿਆਗ ਕਰ ਸਾਚ ਲਾਗਾ।
ਕਹੈ ਕਬੀਰ ਯੂੰ ਭਕਤ ਨਿਰਭਯ ਹੂਆ,
ਜਨਮ ਅੋਰ ਮਰਣ ਕਾ ਭ੍ਰਮ ਭਾਗਾ॥
ਕਬੀਰ ਜਿਸ ਸੱਚ ਨੂੰ ਕਹਿਣ ਅਤੇ ਗਹਿਣ ਦੀ ਘੋਸ਼ਣਾ ਕਰਦੇ ਹਨ ਉਹ ਮਨੁੱਖੀ ਸੱਚ ਹੈ ਤੇ ਉਹੀ ਮਨੁੱਖੀ ਸੱਚ ਸੰਪੂਰਨ ਭਗਤੀ ਅੰਦੋਲਨ ਦਾ ਕੇਂਦਰੀ ਸੱਚ ਹੈ : ਇਸੇ ਲਈ ਚੰਡੀਦਾਸ ਨੇ ਕਿਹਾ ਸੀ :
ਸੁਨਤ ਮਾਨੁਖ ਭਾਈ
ਸ਼ਬਾਰੇ ਉਪਰੇ ਮਾਨੁਖ ਸਤਯ
ਤਾਹਾਰ ਉਪਰ ਨਾਈ।
ਕਬੀਰ ਨੂੰ ਇਹ ਸੱਚ ਕਿਸੇ ਗ੍ਰੰਥ, ਵੇਦ ਜਾਂ ਕੁਰਾਨ ਤੋਂ ਪ੍ਰਾਪਤ ਨਹੀਂ ਸੀ ਹੋਇਆ। ਉਹ ਉਨ੍ਹਾਂ ਨੇ ਆਪਣੇ ਸਮੇਂ ਅਤੇ ਸਮਾਜ ਦੇ ਮਾਨਵੀ ਜੀਵਨ ਦੇ ਅਨੁਭਵ ਤੋਂ ਪ੍ਰਾਪਤ ਕੀਤਾ ਸੀ। ਇਸ ਲਈ ਉਸ ਨੂੰ ਉਹ ‘ਅਨਭੈ ਸਾਚਾ’ ਕਹਿੰਦੇ ਹਨ। ਆਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ ਦੇ ਅਨੁਸਾਰ ‘ਅਨਭੈ ਸਾਚਾ’ ਦਾ ਅਰਥ ਹੈ ਅਨੁਭਵ ਦਾ ਸੱਚ। ਜੀਵਨ ਦੇ ਵਿਭਿੰਨ ਪ੍ਰਸੰਗਾਂ ਵਿਚ ਸੱਚ ਦਾ ਅਨੁਭਵ ਤਾਂ ਬਹੁਤ ਲੋਕਾਂ ਨੂੰ ਹੁੰਦਾ ਹੈ, ਲੇਕਿਨ ਕਦੀ ਸਾਸ਼ਤਰ ਦੇ ਭੈਅ, ਕਦੀ ਲੋਕਾਂ ਦੇ ਡਰ ਨਾਲ ਉਸ ਨੂੰ ਕਹਿਣ ਦਾ ਸਾਹਸ ਸਾਰਿਆਂ ਵਿਚ ਨਹੀਂ ਹੁੰਦਾ। ਵਿਰਲਾ ਹੀ ਕੋਈ ਨਿਰਭੈ ਹੋ ਕੇ ਆਪਣੇ ਅਨੁਭਵ ਦਾ ਸੱਚ ਸਭ ਨੂੰ ਕਹਿੰਦਾ ਹੈ। ਉਹੀ ਕਬੀਰ ਹੁੰਦਾ ਹੈ : ਕਲ, ਅੱਜ ਅਤੇ ਭਲਕੇ ਵੀ।
ਕਬੀਰ ਆਪਣੇ ਅਨੁਭਵ ਦੇ ਸੱਚ ਦੇ ਰੂਪ ਵਿਚ ਆਦੇਸ਼ ਨੂੰ ਸਾਸ਼ਤਰ ਦੇ ਸੱਚ ਤੋਂ ਵਖਰਾਉਂਦਿਆਂ ਹੋਇਆਂ ਕਹਿੰਦੇ ਹਨ :
ਮੇਰਾ ਤੋਰਾ ਮਨੁਵਾ ਕੈਸੇ ਏਕ ਹੋਯ ਰੇ।
ਮੈ ਕਹਤਾ ਹੂੰ ਆਂਖਿਨ ਦੇਖੀ, ਤੂੰਂ ਕਹਤਾ ਕਾਗਦ ਕੀ ਲੇਖੀ।
ਮੈ ਕਹਤਾ ਸੁਰਝਾਵਨਹਾਰੀ, ਤੂੰ ਰਾਖਾ ਉਰਝਾਇ ਰੇ।
ਮੈ ਕਹਤਾ ਤੂੰ ਜਾਗਤ ਰਹਨਾ, ਤੂ ਰਹਤਾ ਹੈ ਸੋਇ ਰੇ।
ਮੈ ਕਹਤਾ ਨਿਰਮੋਹੀ ਰਹੀਯੋ, ਤੂੰ ਜਾਤਾ ਹੈ ਮੋਹਿ ਰੇ।
ਇਸ ਤਰ੍ਹਾਂ ਦੇ ਸੱਚ ਨੂੰ ਪ੍ਰਾਪਤ ਕਰਨ ਲਈ ਕਬੀਰ ਨੇ ਉਸ ਸਮੇਂ ਦੇ ਭਾਰਤੀ ਸਮਾਜ ਵਿਚ ਮਨੁੱਖ ਦੀ ਪਹਿਲਾਂ ਤੋਂ ਬਣੀ-ਬਣਾਈ ਪਛਾਣ ਨੂੰ ਅਸਵੀਕਾਰ ਕੀਤਾ ਹੈ। ਉਸ ਸਮੇਂ ਦੇ ਸਮਾਜ ਵਿਚ ਮਨੁੱਖ ਦੀ ਪਛਾਣ ਦੇ ਦੋ ਆਧਾਰ ਸਨ : ਇਕ ਸੀ ਧਰਮ ਜਿਸਦੇ ਆਧਾਰ ‘ਤੇ ਹਰ ਇਕ ਮਨੁੱਖ ਹਿੰਦੂ ਜਾਂ ਮੁਸਲਮਾਨ ਸੀ, ਦੂਸਰਾ ਆਧਾਰ ਸੀ ਜਾਤ-ਭੇਦ ਜਾਂ ਜਿਸ ਦੇ ਅਨੁਸਾਰ ਮਨੁੱਖ ਬ੍ਰਾਹਮਣ, ਖੱਤਰੀ, ਵੈਸ਼ ਜਾਂ ਸ਼ੂਦਰ ਸੀ। ਕਬੀਰ ਨੇ ਨਾ ਤਾਂ ਧਰਮ ਨੂੰ ਆਪਣੀ ਪਛਾਣ ਦਾ ਆਧਾਰ ਮੰਨਿਆ ਅਤੇ ਨਾ ਹੀ ਜਾਤ ਨੂੰ। ਉਨ੍ਹਾਂ ਕੇਵਲ ਮਨੁੱਖ ਦੇ ਰੂਪ ਵਿਚ ਆਪਣੀ ਪਛਾਣ ਸਮਾਜ ਦੇ ਸਨਮੁੱਖ ਰੱਖਦੇ ਹੋਏ ਕਿਹਾ :
ਹਿੰਦੂ ਕਹੋ ਤੋ ਮੈ ਨਾਹੀਂ, ਮੁਸਲਮਾਨ ਭੀ ਨਾਹੀਂ।
ਪਾਂਚ ਤਤਵ ਕਾ ਪੁਤਲਾ, ਗੈਬੀ ਖੇਲੈ ਮਾਹੀਂ॥
ਨਾਲ ਹੀ ਉਹ ਇਹ ਵੀ ਘੋਸ਼ਣਾ ਕਰਦੇ ਹਨ :
ਹਮ ਬਾਸੀ ਉਸ ਦੇਸ ਕੇ, ਜਹਾਂ ਜਾਤ ਬਰਨ ਕੁਲ ਨਾਹੀਂ।
ਕਬੀਰ ਨੇ ਮਨੁੱਖ ਨੂੰ ਮਨੁੱਖ ਦੇ ਰੂਪ ਵਿਚ ਪਛਾਣਨ ਵਾਲੀ ਮੂਲਗਾਮੀ ਦ੍ਰਿਸ਼ਟੀ ਨਾਲ ਹੀ ਹਿੰਦੂ ਅਤੇ ਮੁਸਲਮਾਨ ਦੋਹਾਂ ਧਰਮਾਂ, ਉਨ੍ਹਾਂ ਦੇ ਆਧਾਰ ਗ੍ਰੰਥਾਂ, ਉਨ੍ਹਾਂ ਗ੍ਰੰਥਾਂ ਤੋਂ ਨਿਕਲੀਆਂ ਸਾਮਾਜਿਕ ਵਿਵਸਥਾਵਾਂ ਅਤੇ ਉਨ੍ਹਾਂ ਵਿਵਸਥਾਵਾਂ ਦੀਆਂ ਰੂੜ੍ਹੀਆਂ ਦੀ ਆਲੋਚਨਾ ਕੀਤੀ ਹੈ : ਕਿਉਂਕਿ ਇਨ੍ਹਾਂ ਸਭ ਨਾਲ ਮਨੁੱਖੀ ਸਮਾਜ ਵਿਚ ਤਰ੍ਹਾਂ-ਤਰ੍ਹਾਂ ਦੇ ਭੇਦ ਪੈਦਾ ਹੁੰਦੇ ਹਨ :
ਐਸਾ ਭੇਦ ਵਿਗੂਚਨਿ ਭਾਰੀ।
ਵੇਦ ਕਤੇਬ ਦੀਨ ਅਰੁ ਦੁਨੀਯਾਂ ਕੌਨ ਪੁਰਖਿ ਕੌਨ ਨਾਰੀ।
ਏਕ ਰੁਧਿਰ ਏਕੈ ਮਲ-ਮੂਤਰ ਏਕ ਚਾਮ ਏਕ ਗੂਦਾ।
ਏਕ ਬੂੰਦ ਤੈ ਸ੍ਰਿਸ਼ਟਿ ਰਚੀ ਹੈ ਕੌਨ ਬਾਹਮਨ ਕੌਨ ਸੂਦਾ।
ਰਜ ਗੁਨ ਬ੍ਰਹਮਾ ਤਮ ਗੁਨ ਸੰਕਰ ਸਤ ਗੁਨ ਹਰਿ ਹੈ ਸੋਈ।
ਕਹੈ ਕਬੀਰ ਏਕ ਰਾਮ ਜਪਹੁ ਰੇ ਹਿੰਦੂ ਤੁਰਕ ਨਾ ਕੋਈ।
ਕਬੀਰ ਦੀ ਇਹ ਮੂਲਗਾਮੀ ਆਲੋਚਨਾ ਜਨਤਾ ਨੂੰ ਜਗਾਉਣ ਵਾਲੀ ਹੈ ਅਤੇ ਰੂੜ੍ਹੀਵਾਦੀਆਂ ਨੂੰ ਚ੍ਹਿੜਾਉਣ ਵਾਲੀ। ਇਸ ਆਲੋਚਨਾ ਦੀ ਇਕ ਵੱਡੀ ਵਿਸ਼ੇਸ਼ਤਾ ਹੈ, ਪ੍ਰਸ਼ਨ ਕਰਨ ਦੀ ਪ੍ਰਵਿਰਤੀ। ਇਹ ਪ੍ਰਵਿਰਤੀ ਜਿਤਨੀ ਤਿੱਖੀ ਕਬੀਰ ਦੀ ਬਾਣੀ ਵਿਚ ਹੈ ਉਤਨੀ ਉਸ ਕਾਲ ਦੇ ਕਿਸੇ ਕਵੀ ਦੀ ਰਚਨਾ ਵਿਚ ਨਹੀਂ। ਉਸ ਸਮੇਂ ਦੇ ਸਮਾਜ, ਧਰਮ ਅਤੇ ਵਿਵਸਥਾ ਦਾ ਕੋਈ ਐਸਾ ਪੱਖ ਨਹੀਂ ਹੈ ਜੋ ਕਬੀਰ ਦੇ ਪ੍ਰਸ਼ਨਾਂ ਦੀ ਝੜੀ ਤੋਂ ਬਚ ਸਕਿਆ ਹੋਵੇ। ਉਹ ਭੌਤਿਕ ਯਥਾਰਥ ਤੇ ਵੀ ਪ੍ਰਸ਼ਨ ਉਠਾਉਂਦੇ ਹਨ ਅਤੇ ਅਧਿਆਤਮਕ ਸੰਭਾਵਨਾਵਾਂ ਤੇ ਵੀ, ਸਮਾਜਿਕ ਵਿਵਸਥਾ ਨਾਲ ਜੁੜੇ ਪ੍ਰਸ਼ਨ ਵੀ ਪੁੱਛਦੇ ਹਨ ਅਤੇ ਮਾਨਸਿਕ ਅਵਸਥਾ ਨਲ ਜੁੜੇ ਪ੍ਰਸ਼ਨ ਵੀ। ਕਦੀ-ਕਦੀ ਉਹ ਧਾਰਮਿਕ ਆਸਥਾ ਦੀਆਂ ਰੂੜ੍ਹੀਆਂ ਨੂੰ ਆਪਣੇ ਪ੍ਰਸ਼ਨਾਂ ਦੇ ਘੇਰੇ ਵਿਚ ਲੈ ਕੇ ਸਵਾਲ-ਦਰ-ਸਵਾਲ ਪੁੱਛਦੇ ਹੋਏ ਉਨ੍ਹਾਂ ਦੇ ਅੰਤਰ ਵਿਰੋਧਾਂ ਨੂੰ ਖੋਲ੍ਹਦੇ ਹਨ :
ਜੋ ਖੁਦਾਯਾ ਮਸਜਿਦ ਬਸਤੁ ਹੈ, ਔਰ ਮੁਲੁਕ ਕੇਹਿ ਕੇਰਾ?
ਤੀਰਥ ਮੂਰਤ ਰਾਮ ਨਿਵਾਸੀ, ਬਾਹਰ ਕਹੈ ਕੋ ਹੇਰਾ?
ਕਬੀਰ ਦੇ ਪ੍ਰਸ਼ਨ ਉਚ ਵਰਗ ਅਤੇ ਉਨ੍ਹਾਂ ਦੀਆਂ ਨੈਤਿਕ ਮਾਨਤਾਵਾਂ ਨੂੰ ਚੁਣੌਤੀ ਦੇਣ ਵਾਲੇ, ਉਨ੍ਹਾਂ ਦੇ ਬਖੀਏ ਉਧੇੜਨ ਵਾਲੇ ਹਨ। ਉਹ ਮਾਨਤਾਵਾਂ ਭਾਵੇਂ ਕਬੀਰ ਦੇ ਯੁੱਗ ਦੀਆਂ ਹੋਣ ਜਾਂ ਅੱਜ ਦੀਆਂ। ਨਾਲ ਹੀ ਉਹ ਨਵੀਂ ਭੌਤਿਕ ਚੇਤਨਾ ਦੀ ਜ਼ਰੂਰਤ ਦਾ ਅਹਿਸਾਸ ਜਗਾਉਣ ਵਾਲੇ ਹਨ। ਉਨ੍ਹਾਂ ਪ੍ਰਸ਼ਨਾਂ ਦਾ ਲਿਸ਼ਕਾਰਾ ਲੋਕਾਂ ਦੇ ਦਿਮਾਗ ਤੇ ਛਾਏ ਭਰਮ ਭਰਪੂਰ ਵਿਚਾਰਾਂ ਦੀ ਧੁੰਦ ਨੂੰ ਹਟਾਉਣ ਵਾਲਾ ਹੈ। ਕਬੀਰ ਦੇ ਪ੍ਰਸ਼ਨ ਜਿਤਨੇ ਸਹਿਜ ਅਤੇ ਬੇਲਾਗ ਹਨ, ਉਤਨੇ ਹੀ ਤਿਲਮਿਲਾ ਦੇਣ ਵਾਲੇ ਵੀ ਹਨ। ਉਹ ਕਦੀ-ਕਦੀ ਸੁਕਰਾਤ ਦੀ ਤਰ੍ਹਾਂ ਅਗਿਆਨੀ ਬਣ ਕੇ ਪ੍ਰਸ਼ਨ ਕਰਦੇ ਹਨ ਅਤੇ ਵੱਡੇ-ਵੱਡੇ ਪੰਡਿਤਾਂ ਅਤੇ ਮੌਲਾਨਿਆਂ ਦੇ ਗਿਆਨ ਦੀ ਪੋਲ ਖੋਲ੍ਹ ਦਿੰਦੇ ਹਨ। ਕਬੀਰ ਦੀ ਪ੍ਰਸ਼ਨ ਪੁੱਛਣ ਦੀ ਪ੍ਰਕਿਰਤੀ ਵਿਅੰਗ ਨੂੰ ਵਿਸ਼ੇਸ਼ ਸਮਾਜਿਕ ਕਲਾ ਬਣਾਉਂਦੀ ਹੈ। ਉਹ ਸਾਧਾਰਨ ਜਨਤਾ ਨੂੰ ਸੱਤਾ ਅਤੇ ਧਰਮ ਦੇ ਠੇਕੇਦਾਰਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਪ੍ਰਸ਼ਨ ਪੁੱਛਣ ਦੀ ਪ੍ਰੇਰਨਾ ਵੀ ਦਿੰਦੇ ਹਨ।
ਕਬੀਰ ਦੀ ਮੂਲਗਾਮੀ ਆਲੋਚਨਾ ਦ੍ਰਿਸ਼ਟੀ ਕੇਵਲ ਪ੍ਰਸ਼ਨ ਕਰਨ ਤੱਕ ਸੀਮਤ ਨਹੀਂ ਹੈ, ਕਿੳਂਕਿ ਉਹ ਕੇਵਲ ਅਸਹਿਮਤੀ ਅਤੇ ਵਿਰੋਧ ਦੇ ਕਵੀ ਨਹੀਂ ਹਨ। ਉਨ੍ਹਾਂ ਦੀ ਦ੍ਰਿਸ਼ਟੀ ਸਮਾਜ ਵਿਚ ਮਨੁੱਖਤਾ ਦੀ ਭਾਵਨਾ ਵਿਕਸਿਤ ਕਰਨ ਦੇ ਉਦੇਸ਼ ਉਪਰ ਟਿਕੀ ਰਹਿੰਦੀ ਹੈ। ਪ੍ਰਸ਼ਨ ਦਾ ਢੰਗ ਉਸ ਉਦੇਸ਼ ਦਾ ਸਾਧਨ ਹੈ। ਕਬੀਰ ਸਮਾਜ ਵਿਚ ਮਨੁੱਖਤਾ ਦੇ ਵਿਕਾਸ ਲਈ ਮਨੁੱਖੀ ਭਾਵਾਂ ਨੂੰ ਲੋਕ ਧਰਮ ਬਨਾਉਣ ‘ਤੇ ਜ਼ੋਰ ਦਿੰਦੇ ਹਨ। ਇਸ ਲਈ ਉਹ ਇਕ ਪਾਸੇ ਈਰਖਾ, ਕਰੂਰਤਾ, ਕਾਮੁਕਤਾ, ਕਪਟ, ਅਹੰਕਾਰ ਆਦਿ ਦੀ ਆਲੋਚਨਾ ਕਰਦੇ ਹਨ ਤਾਂ ਦੂਜੇ ਪਾਸੇ ਪ੍ਰੇਮ, ਉਦਾਰਤਾ, ਅਹਿੰਸਾ ਅਤੇ ਸਮਾਨਤਾ ਦਾ ਵਿਕਾਸ ਚਾਹੁੰਦੇ ਹਨ।
ਕਬੀਰ ਦੀ ਇੱਛਾ ਹੈ ਕਿ ਇਨ੍ਹਾਂ ਮਾਨਵੀ ਭਾਵਾਂ ਅਤੇ ਗੁਣਾਂ ਦੇ ਅਨੁਸਾਰ ਮਨੁੱਖ ਖ਼ੁਦ ਆਚਰਣ ਕਰੇ ਨਾ ਕਿ ਉਸ ਲਈ ਕੋਈ ਅਵਤਾਰੀ ਰਾਮ ਜਾਂ ਕ੍ਰਿਸ਼ਨ। ਉਹ ਅਵਤਾਰਵਾਦੀਆਂ ਦੀ ਆਲੋਚਨਾ ਕਰਦੇ ਹਨ; ਕਿਉਂਕਿ ਅਵਤਾਰਵਾਦੀ ਮਨੁੱਖ ਦੀ ਬੇਬਸੀ ਅਤੇ ਪਰਨਿਰਭਰਤਾ ਦੀ ਮੰਗ ਕਰਦਾ ਹੈ। ਕਬੀਰ ਮਨੁੱਖ ਦੀ ਸੁਤੰਤਰਤਾ ਦੇ ਕਵੀ ਹਨ। ਉਹ ਚਾਹੁੰਦੇ ਹਨ ਕਿ ਮਨੁੱਖ ਆਪਣੀ ਆਸਥਾ, ਵਿਸ਼ਵਾਸ਼ ਅਤੇ ਸਮਰੱਥਾ ਦੇ ਅਨੁਸਾਰ ਆਪਣਾ ਜੀਵਨ ਜੀਵੇ ਜਾਂ ਭਗਤੀ ਕਰੇ। ਉਹ ਮਨੁੱਖ ਦੀ ਸੁੰਦਰਤਾ ਨੂੰ ਸੀਮਿਤ ਕਰਨ ਵਾਲੀ ਹਰ ਗੱਲ ਦਾ ਵਿਰੋਧ ਕਰਦੇ ਹਨ, ਭਾਵੇਂ ਉਹ ਸਮਾਜਕ ਹੋਵੇ ਜਾਂ ਧਾਰਮਕ। ਉਹ ਗੌਤਮ ਬੁੱਧ ਦੀ ਤਰ੍ਹਾਂ ਕਹਿੰਦੇ ਹਨ ਕਿ ‘ਆਪਣਾ ਦੀਪਕ ਆਪ ਬਣੋ।’
ਮਨੁੱਖ ਦੀ ਸੁਤੰਤਰਤਾ ਲਈ ਖ਼ਤਰਾ ਕੇਵਲ ਸ਼ਾਸਤਰੀ ਧਰਮ ਦਾ ਭੈਅ ਹੀ ਨਹੀਂ ਹੁੰਦਾ, ਲੋਕ ਧਰਮ ਦਾ ਭਰਮ ਵੀ ਹੁੰਦਾ ਹੈ। ਕਬੀਰ ਸ਼ਾਸਤਰੀ ਧਰਮ ਦੀ ਵਾਰ-ਵਾਰ ਆਲੋਚਨਾ ਕਰਦੇ ਹਨ, ਉਹ ਭਾਵੇਂ ਵੇਦ ਪੁਰਾਣ ਦੇ ਸਹਾਰੇ ਚੱਲਣ ਵਾਲਾ ਹੋਵੇ ਜਾਂ ਕੁਰਾਨ ਦੇ ਸਹਾਰੇ।
ਲੇਕਿਨ ਉਹ ਇਹ ਵੀ ਜਾਣਦੇ ਹਨ ਕਿ ਸਮਾਜ ਵਿਚ ਲੋਕ ਧਰਮ ਦੇ ਨਾਂ ‘ਤੇ ਭਰਮ-ਜਾਲ ਵੀ ਫੈਲਿਆ ਹੁੰਦਾ ਹੈ ਜਿਸ ਨੂੰ ਲੋਕ ਆਚਾਰ ਕਿਹਾ ਜਾਂਦਾ ਹੈ। ਉਹ ਕਈ ਵਾਰ ਲੋਕ ਮਤ ਵਿਚ ਸਮੋਇਆ ਹੋਇਆ ਸ਼ਾਸਤਰੀ ਵਿਵਹਾਰ ਹੁੰਦਾ ਹੈ। ਕਬੀਰ ਦਾ ਵਿਵੇਕ ਇਸ ਧੋਖੇ ਨੂੰ ਪਛਾਣਦਾ ਹੈ। ਇਸ ਲਈ ਉਹ ਕਹਿੰਦੇ ਹਨ :
ਤਾਬੈ ਕਹਇਏ ਲੋਕਾਚਾਰ, ਵੇਦ ਕਤੇਬ ਕਥੇ ਬਯੋਹਾਰ।
ਕਬੀਰ ਲੋਕ ਜੀਵਨ ਵਿਚ ਪ੍ਰਚਲਿਤ ਅਜਿਹੇ ਅੰਧ-ਵਿਸ਼ਵਾਸਾਂ ਦਾ ਵੀ ਖੰਡਨ ਕਰਦੇ ਹਨ ਜੋ ਮਨੁੱਖ ਦੇ ਆਤਮ ਵਿਸ਼ਵਾਸ਼ ਦਾ ਨਾਸ਼ ਕਰਦੇ ਹਨ। ਉਨ੍ਹਾਂ ਦੇ ਸਮੇਂ ਇਹ ਅੰਧ ਵਿਸ਼ਵਾਸ਼ ਪ੍ਰਚਲਿਤ ਸੀ ਕਿ ਜੋ ਕਾਸ਼ੀ ਵਿਚ ਮਰਦਾ ਹੈ ਉਹ ਮੁਕਤੀ ਪ੍ਰਾਪਤ ਕਰਦਾ ਹੈ, ਜੋ ਮਗਹਰ ਵਿਚ ਮਰਦਾ ਹੈ ਉਹ ਅਗਲੇ ਜਨਮ ਵਿਚ ਗਧਾ ਜਾਂ ਖੋਤਾ ਬਣਦਾ ਹੈ। ਇਸ ਅੰਧਵਿਸ਼ਵਾਸ਼ ਨੂੰ ਮੰਨਣ ਦਾ ਅਰਥ ਸੀ ਇਕ ਤਾਂ ਭਗਤੀ ਦਾ ਨਿਰਾਦਰ ਅਤੇ ਦੂਜੇ ਆਤਮ ਸ਼ਕਤੀ ਦਾ ਅੰਤ। ਕਬੀਰ ਨੇ ਸਪੱਸ਼ਟ ਸ਼ਬਦਾਂ ਵਿਚ ਇਸ ਅੰਧ-ਵਿਸ਼ਵਾਸ਼ ਦਾ ਖੰਡਨ ਕੀਤਾ ਹੈ:
ਲੋਕਾ ਮਤਿ ਕਰੇ ਭੋਰਾ ਰੇ।
ਜੋ ਕਾਸੀ ਤਨ ਤਜੈ ਸਰੀਰ ਤੋਂ ਰਾਮਹਿ ਕੌਨ ਨਿਹੋਰਾ ਰੇ।
ਕਹੈ ਕਬੀਰ ਸੁਨਹੁ ਰੇ ਸੰਤੋ, ਭ੍ਰਮ ਪਰੈ ਜਿਨਿ ਕੋਈ ਰੇ।
ਜਸ ਕਾਸ਼ੀ ਤਸ ਮਗਰਾਹ ਊਸਰ, ਹਿਰਦੇ ਰਾਮ ਸਤਿ ਹੋਈ ਰੇ।
ਕਬੀਰ ਨੇ ਕੇਵਲ ਕਵਿਤਾ ਵਿਚ ਹੀ ਇਸ ਅੰਧ-ਵਿਸ਼ਵਾਸ਼ ਦਾ ਖੰਡਨ ਨਹੀਂ ਕੀਤਾ, ਉਨ੍ਹਾਂ ਆਪਣੇ ਜੀਵਨ ਵਿਵਹਾਰ ਨਾਲ ਵੀ ਇਸਦਾ ਖੰਡਨ ਕੀਤਾ। ਉਹ ਜੀਵਨ ਭਰ ਕਾਸ਼ੀ ਵਿਚ ਰਹੇ, ਲੇਕਿਨ ਅਖ਼ੀਰਲੇ ਸਮੇਂ ਮਗਹਰ ਚਲੇ ਗਏ ਅਤੇ ਉਥੇ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਕਥਨੀ ਅਤੇ ਕਰਨੀ ਦੀ ਇਸ ਦੁਰਲੱਭ ਏਕਤਾ ਦੇ ਕਾਰਣ ਹੀ ਕਬੀਰ ਆਪਣੇ ਯੁੱਗ ਦੇ ਮਾਰਗ-ਦਰਸ਼ਕ ਬਣੇ ਅਤੇ ਅੱਜ ਵੀ ਉਹ ਸਾਮਾਜਿਕ ਵਿਵੇਕ ਦੇ ਪ੍ਰਤੀਕ ਬਣੇ ਹੋਏ ਹਨ।
ਕਬੀਰ ਦੀ ਭਗਤੀ ਭਾਵਨਾ, ਮੂਲਗਾਮੀ, ਦਾਰਸ਼ਨਿਕ ਦ੍ਰਿਸ਼ਟੀ ਅਤੇ ਸਾਮਾਜਿਕ ਚੇਤਨਾ ਦੇ ਮਹੱਤਵ ਦੀ ਸਭ ਤੋਂ ਪਹਿਲਾਂ ਪਛਾਣ ਕਰਦੇ ਹੋਏ ਨਾਭਾਦਾਸ ਨੇ ਭਗਤ ਮਾਲ ਵਿਚ ਠੀਕ ਹੀ ਲਿਖਿਆ ਸੀ :
ਭਗਤੀ ਵਿਮੁਖ ਜੋ ਧਰਮ ਸੁਸਬ ਅਧਰਮ ਕਰਿ ਗਾਇਓ।
ਯੋਗ, ਯੱਗ, ਵਰਤ ਦਾਨ, ਭਜਨ ਬਿਨੁ ਤੁਛ ਦਿਖਾਇਓ।
ਹਿੰਦੂ ਤੁਰਕ ਪ੍ਰਮਾਣ ਰਮੈਨੀ ਸਬਦੀ ਸਾਖੀ
ਪੱਖਪਾਤ ਨਹਿ ਬਚਨ ਸਬਨ ਕੇ ਹਿਤ ਕੀ ਭਾਖੀ॥
ਆਰੂੜ੍ਹ ਦਸ਼ਾ ਹੈ ਜਗਤ ਪਰ, ਮੁਖ ਦੇਖੀ ਨਾਹਿਨ ਭਨੀ।
ਕਬੀਰ ਕਾਨਿ ਰਾਖੀ ਨਹੀਂ, ਵਰਣਾਸ੍ਰਮ ਸ਼ਟਦਰਸ਼ਨੀ॥
ਕਬੀਰ ਦੀ ਭਗਤੀ ਭਾਵਨਾ, ਨੈਤਿਕ ਚੇਤਨਾ ਅਤੇ ਸਾਮਾਜਿਕ ਵਿਵੇਕ ਵਿਚ ਬੌਧਾਂ, ਸਿੱਧਾਂ ਅਤੇ ਨਾਥਾਂ, ਸੂਫੀਆਂ ਦੀਆਂ ਵਿਚਾਰ ਧਾਰਾਵਾਂ ਆ ਕੇ ਮਿਲਦੀਆਂ ਹਨ ਅਤੇ ਉਸ ਤੋਂ ਨਿਰਗੁਣ ਅਤੇ ਸਰਗੁਣ ਭਗਤੀ ਦੀਆਂ ਅਨੇਕ ਧਾਰਾਵਾਂ ਨਿਕਲਦੀਆਂ ਹਨ। ਕਬੀਰ ਨੂੰ ਸੂਫੀ ਕਵੀ ਅੱਜ ਵੀ ਆਦਰ ਨਾਲ ਯਾਦ ਕਰਦੇ ਹਨ ਅਤੇ ਗੁਰੂ ਰਵੀਦਾਸ, ਭਗਤ ਦਾਦੂ, ਧੰਨਾ ਭਗਤ ਆਦਿ ਉਨ੍ਹਾਂ ਦਾ ਮਹੱਤਵ ਸਵੀਕਾਰ ਕਰਦੇ ਹਨ। ਮੀਰਾਂ ਬਾਈ ਦੀ ਭਗਤੀ ਭਾਵਨਾ ਅਤੇ ਕਵਿਤਾ ‘ਤੇ ਕਬੀਰ ਦਾ ਗਹਿਰਾ ਪ੍ਰਭਾਵ ਪਿਆ ਹੈ। ਇਨ੍ਹਾਂ ਸਾਰਿਆਂ ਦੇ ਨਾਲ ਹੀ ਉਤਰੀ ਭਾਰਤ ਦੀ ਸੰਤ ਕਾਵਿ ਪਰੰਪਰਾ ਦੇ ਸਭ ਤੋਂ ਪੁਰਾਣੇ ਅਤੇ ਮਹੱਤਵਪੂਰਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਿਭਿੰਨ ਭਗਤਾਂ ਦੀ ਬਾਣੀ ਵਿਚੋਂ ਕਬੀਰ ਦੀ ਬਾਣੀ ਸਭ ਤੋਂ ਵਧੇਰੇ ਹੈ।
ਕਬੀਰ ਭਗਤੀ ਕਾਵਿ ਦੇ ਇਕੱਲੇ ਅਜਿਹੇ ਸੰਤ ਹਨ ਜਿੰਨ੍ਹਾਂ ਨੂੰ ਹਿੰਦੂ, ਮੁਸਲਮਾਨ, ਸਿੱਖ, ਈਸਾਈ ਅਤੇ ਬੌਧ ਸਾਰੇ ਆਪਣਾ ਮੰਨਦੇ ਹਨ। ਇਹੀ ਕਾਰਣ ਹੈ ਕਿ ਰਵਿੰਦਰ ਨਾਥ ਟੈਗੋਰ ਨੇ ਕਬੀਰ ਨੂੰ ਮੁਕਤੀਦੂਤ ਅਤੇ ਰਾਜਾਰਾਮ ਮੋਹਨ ਰਾਇ ਦਾ ਪ੍ਰੇਰਕ ਕਿਹਾ ਸੀ। ਕਬੀਰ ਕੇਵਲ ਆਪਣੇ ਯੁੱਗ ਦੀ ਨਵੀਂ ਚੇਤਨਾ ਦੇ ਜਾਗਰਣ ਦੇ ਪ੍ਰੇਰਣਾ ਸ੍ਰੋਤ ਹੀ ਨਹੀਂ ਸਨ, ਬਲਕਿ ਆਧੁਨਿਕ ਭਾਰਤੀ ਨਵ-ਜਾਗਰਣ ਦੀ ਚਿੰਤਨਧਾਰਾ ਵਿਚ ਜੋ ਕੁਝ ਦੇਸੀ, ਉਦਾਰ, ਅਗਰਗਾਮੀ ਅਤੇ ਲੋਕਮੁਖੀ ਹੈ ਉਸਦੇ ਨਿਰਮਾਣ ਵਿਚ ਕਬੀਰ ਦੀ ਵਿਰਾਸਤ ਦੀ ਮਹੱਤਵਪੂਰਨ ਭੂਮਿਕਾ ਹੈ।
ਕਬੀਰ ਇਕ ਮਹਾਨ ਸੰਤ ਅਤੇ ਸਮਾਜ ਸੁਧਾਰਕ ਹੀ ਨਹੀਂ ਅਨੋਖੇ ਕਵੀ ਵੀ ਹਨ। ਭਾਰਤ ਵਿਚ ਤਿੰਨ ਤਰ੍ਹਾਂ ਦੇ ਕਵੀ ਹੋਏ ਹਨ। ਇਕ ਉਹ ਹਨ ਜਿਨ੍ਹਾਂ ਨੂੰ ‘ਸ੍ਰਸ਼ਠਾ’ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣਾ ਕਾਵਿ ਸੰਸਾਰ ਆਪ ਰਚਿਆ ਹੈ। ਅਜਿਹੇ ਕਵੀ ਹਨ ਬਲਮੀਕਿ ਅਤੇ ਵਿਆਸ। ਦੂਜੀ ਤਰ੍ਹਾਂ ਦੇ ਕਵੀ ਉਹ ਹਨ ਜਿਨ੍ਹਾਂ ਨੇ ਸ੍ਰਸ਼ਠਾਂ ਕਵੀਆਂ ਦੇ ਕਾਵਿ ਸੰਸਾਰ ਤੋਂ ਆਪਣੀ ਰਚਨਾ ਦੀ ਮੂਲ ਸਮੱਗਰੀ ਲੈ ਕੇ ਉਸਨੂੰ ਨਵੀਂ ਕਲਾ ਦੇ ਨਾਲ ਨਵੇਂ ਰੂਪ ਵਿਚ ਰਚਿਆ ਹੈ। ਉਨ੍ਹਾਂ ਨੂੰ ਕਲਾਕਾਰ ਕਵੀ ਕਹਿਣਾ ਉਚਿਤ ਹੋਵੇਗਾ। ਅਜਿਹੇ ਕਵੀ ਹਨ ਕਾਲੀਦਾਸ, ਤੁਸਲੀਦਾਸ ਅਤੇ ਸੂਰਦਾਸ। ਇਨ੍ਹਾਂ ਦੋਵਾਂ ਤਰ੍ਹਾਂ ਤੋਂ ਵੱਖਰਾ ਇਕ ਅਜਿਹਾ ਵੀ ਕਵੀ ਹੈ ਜੋ ਨਾ ਹੀ ਬਾਲਮੀਕਿ ਅਤੇ ਵਿਆਸ ਦੀ ਤਰ੍ਹਾਂ ਸ੍ਰਸ਼ਠਾ ਹੈ ਨਾ ਹੀ ਕਾਲੀਦਾਸ ਅਤੇ ਸੂਰਦਾਸ ਦੀ ਤਰ੍ਹਾਂ ਕਲਾਕਾਰ। ਉਹ ਆਪਣੇ ਸਮੇਂ ਦੇ ਸਮਾਜ ਦੇ ਸੱਚ ਨੂੰ ਵੇਖਦਾ ਹੈ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਵੀ ਉਸੇ ਵੇਖੇ ਹੋਏ ਦੀ ਕਵਿਤਾ ਅੰਦਰ ਲਿਖਦਾ ਹੈ। ਉਸ ਨੂੰ ਦ੍ਰਿਸ਼ਟਾ ਕਵੀ ਵੀ ਕਿਹਾ ਜਾ ਸਕਦਾ ਹੈ। ਉਹ ਕਵੀ ਹੈ, ਕਬੀਰ। ਭਾਰਤੀ ਕਵਿਤਾ ਦੇ ਇਤਿਹਾਸ ਦਾ ਆਪਣੇ ਯੁਗ ਦਾ ਪਹਿਲਾ ਕਵੀ ਅਤੇ ਸ਼ਾਇਦ ਇਕੱਲਾ ਅਜਿਹਾ ਕਵੀ ਜੋ ਕਵੀ ਹੋਣ ਅਤੇ ਬਣਨ ਦੀ ਪਹਿਲਾਂ ਤੋਂ ਬਣੀ-ਬਣਾਈ ਕੋਈ ਵੀ ਸ਼ਰਤ ਨੂੰ ਨਾ ਪੂਰਾ ਕਰਦਾ ਹੋਵੇ ਅਤੇ ਨਾ ਮੰਨਦਾ ਹੋਵੇ। ਉਹ ‘ਕਾਗਦ ਲੇਖੀ’ ਤੇ ਵਿਸ਼ਵਾਸ਼ ਨਹੀਂ ਕਰਦਾ ਅਤੇ ਆਪਣੇ ਬਾਰੇ ਇਹ ਘੋਸ਼ਣਾ ਕਰਦਾ ਹੈ ਕਿ :
ਮਸਿ ਕਾਗਦ ਛੁਯੋ ਨਹੀਂ ਕਲਮ ਗਹਿਯੋ ਨਹੀਂ ਹਾਥ’
ਇਹੀ ਨਹੀਂ ਉਹ ਇਹ ਵੀ ਕਹਿੰਦਾ ਹੈ ਕਿ ਪੜ੍ਹਨ ਨਾਲ ਸੱਚਾਈ ਨੂੰ ਵੇਖਣ ਵਾਲੀ ਦ੍ਰਿਸ਼ਟੀ ਆਉਂਦੀ ਨਹੀਂ ਸਗੋਂ ਚਲੀ ਜਾਂਦੀ ਹੈ :
ਪੜਿ ਪੜਿ ਕੇ ਪੱਥਰ ਭਯਾ, ਲਿਖਿ ਭਯਾ ਜੁ ਈਟ।
ਕਹੈ ਕਬੀਰਾ ਪ੍ਰੇਮ ਕੀ, ਲਗੀ ਨਾ ਏਕੋ ਛੀਂਟ।।
ਕਬੀਰ ਨੇ ਧਰਮਾਂ, ਜਾਤਾਂ ਅਤੇ ਸੰਪਰਦਾਵਾਂ ਵਿਚ ਫੈਲੇ ਊਚ-ਨੀਚ ਦੇ ਭੇਦ-ਭਾਵਾਂ ਅਤੇ ਉਸ ਨਾਲ ਜੁੜੇ ਈਰਖਾ ਅਤੇ ਨਫਰਤ ਦੇ ਭਿਆਨਕ ਸੱਚ ਨੂੰ ਖ਼ੁਦ ਵੇਖਿਆ ਸੀ, ਘਰ ਵਿਚ ਰਹਿ ਕੇ ਜਾਂ ਜੰਗਲ ਵਿਚ ਜਾ ਕੇ ਨਹੀਂ। ਬਾਜ਼ਾਰ ਵਿਚ ਖੜ੍ਹੇ ਹੋ ਕੇ ਉਸ ਸੱਚ ਨੂੰ ਅਤੇ ਉਸਦੀਆਂ ਭਿਆਨਕ ਸੰਭਾਵਨਾਵਾਂ ਨੂੰ ਖ਼ੁਦ ਮਹਿਸੂਸਿਆ। ਇਸ ਲਈ ਉਹ ਦੁਖੀ ਸਨ :
ਸੁਖਿਯਾ ਸਾਰਾ ਜਹਾਨ ਹੈ ਖਾਵੈ ਅਰੁ ਸੋਵੈ।
ਦੁਖੀਆ ਦਾਸ ਕਬੀਰ ਹੈ ਜਾਗੈ ਅਰੁ ਰੋਵੇ।
ਉਹ ਇਸ ਗੱਲ ਤੋਂ ਵੀ ਦੁਖੀ ਸਨ ਕਿ ਕੋਈ ਉਨ੍ਹਾਂ ਦੇ ਅਨੁਭਵ ਕੀਤੇ ਹੋਏ ਸੱਚ ਨੂੰ ਸੁਣਨਾ ਨਹੀਂ ਚਾਹੁੰਦਾ। ਲੋਕ ਸੱਚ ਸੁਣ ਕੇ ਮਾਰਨ ਨੂੰ ਦੌੜਦੇ ਹਨ ਅਤੇ ਝੂਠ ਉਤੇ ਵਿਸ਼ਵਾਸ਼ ਕਰਦੇ ਹਨ :
ਸਾਧੋ, ਦੇਖੋ ਜਗ ਬੋਰਾਨਾ।
ਸਾਚੀ ਕਹੈ ਤੋਂ ਮਾਰਨ ਆਵੇ
ਝੂਠੇ ਜਗ ਪਤਿਆਨਾ।
ਇਸ ਤਰ੍ਹਾਂ ਦਾ ਦੁੱਖ ਉਸ ਨੂੰ ਹੀ ਹੁੰਦਾ ਹੈ ਜੋ ਆਪਣੇ ਸਮੇਂ ਅਤੇ ਸਮਾਜ ਬਾਰੇ ਸੰਵੇਦਨਸ਼ੀਲ ਅਤੇ ਜਾਗਰੂਕ ਹੁੰਦਾ ਹੈ। ਉਸੇ ਜਾਗਰੂਕਤਾ ਤੋਂ ਉਪਜੀ ਹੈ ਕਬੀਰ ਦੀ ਕਵਿਤਾ, ਜੋ ਕਾਲਜੀਵੀ ਵੀ ਹੈ ਅਤੇ ਪਾਰਗਾਮੀ ਵੀ। ਉਹ ਆਪਣੇ ਸਮੇਂ ਵਿਚ ਜਿਤਨੀ ਸਾਰਥਕ ਸੀ ਉਤਨੀ ਅੱਜ ਵੀ ਹੈ। ਰਵਿੰਦਰ ਨਾਥ ਟੈਗੋਰ ਨੇ ਇਸ ਤਰ੍ਹਾਂ ਦੀ ਕਵਿਤਾ ਨੂੰ ਚਿਰ ਆਧੁਨਿਕ ਠੀਕ ਹੀ ਕਿਹਾ ਸੀ। ਕਬੀਰ ਨੇ ਜਿਸ ਸੱਚ ਅਤੇ ਉਸ ਦੀਆਂ ਸੰਭਾਵਨਾਵਾਂ ਨੂੰ ਮੂਰਤੀਮਾਨ ਕੀਤਾ ਸੀ, ਉਸਨੂੰ ਬਚਾਉਣ ਲਈ ਉਹ ਇਕ ਅਜਿਹੇ ਲੋਕ ਧਰਮ ਦਾ ਵਿਕਾਸ ਚਾਹੁੰਦੇ ਸਨ ਜਿਸ ਦਾ ਆਧਾਰ ਪ੍ਰੇਮ ਹੋਵੇ; ਕਿਉਂਕਿ ਪ੍ਰੇਮ ਇਕ ਅਜਿਹਾ ਭਾਵ ਹੈ ਜੋ ਮਨੁੱਖ ਨੂੰ ਹਰ ਤਰ੍ਹਾਂ ਦੇ ਭੇਦ-ਭਾਵ ਅਤੇ ਕਰਮਕਾਂਡ ਤੋਂ ਸੁਤੰਤਰ ਕਰਦਾ ਹੈ। ਪ੍ਰੇਮ ਮਨੁੱਖ ਦੀ ਮਨੁੱਖਤਾ ਅਤੇ ਸੁਤੰਤਰਤਾ ਦਾ ਸਿਰਜਕ ਭਾਵ ਹੈ। ਇਸ ਲਈ ਕਬੀਰ ਦੀ ਕਵਿਤਾ ਵਿਚ ਪ੍ਰੇਮ ਦਾ ਆਧਾਰ ਵਿਸਥਾਰ ਹੈ ਅਤੇ ਇਸਦਾ ਅਸੀਮ ਮਹੱਤਵ ਵੀ ਹੈ। ਸਚ ਪੁਛੋ ਤਾਂ ਕਬੀਰ ਮੂਲ ਰੂਪ ਵਿਚ ਪ੍ਰੇਮ ਦੇ ਹੀ ਕਵੀ ਹਨ, ਉਨ੍ਹਾਂ ਦੀ ਕਵਿਤਾ ਵਿਚ ਪ੍ਰੇਮ ਦਾ ਸਰੂਪ ਲੌਕਿਕ ਵੀ ਹੈ ਅਤੇ ਅਧਿਆਤਮਿਕ ਵੀ, ਉਹ ਸਾਮਾਜਿਕ ਬਰਾਬਰੀ ਦਾ ਪ੍ਰੇਰਕ ਅਤੇ ਵਿਅਕਤੀ ਦੀ ਨੈਤਿਕ ਚੇਤਨਾ ਦਾ ਮਾਰਗ ਦਰਸ਼ਕ ਹੈ। ਕਬੀਰ ਦੀ ਬਾਣੀ ਵਿਚ ਪ੍ਰੇਮ ਦਾ ਅਨੁਭਵ ਜਦੋਂ ਭਾਰਤੀ ਇਸਤਰੀ ਦੇ ਪਰਿਵਾਰਕ ਪਰਿਵੇਸ਼ ਅਤੇ ਉਸਦੇ ਮਨੁੱਖੀ ਸੰਬੰਧਾਂ ਦੀ ਭਾਸ਼ਾ ਵਿਚ ਵਿਅਕਤ ਹੁੰਦਾ ਹੈ ਤਦ ਉਹ ਵਧੇਰੇ ਠੋਸ ਅਤੇ ਸੰਵੇਦਨਸ਼ੀਲ ਹੋ ਨਿਬੜਦਾ ਹੈ। ਕਬੀਰ ਦੀ ਪ੍ਰੇਮ ਅਨੁਭੂਤੀ ਕਿਤੇ-ਕਿਤੇ ਰਹੱਸਮਈ ਲੱਗਦੀ ਹੈ, ਲੇਕਿਨ ਲੌਕਿਕ ਜੀਵਨ ਵਿਚ ਪ੍ਰੇਮ ਦੀ ਅਨੁਭੂਤੀ ਪੂਰੀ ਤਰ੍ਹਾਂ ਰਹੱਸ-ਰਹਿਤ ਹੈ।
ਭਗਤੀ ਅੰਦੋਲਨ ਦੀ ਨਿਰਗੁਣਧਾਰਾ ਦੀ ਕਵਿਤਾ ਭਾਰਤ ਦੀ ਮਿਹਨਤਕਸ਼ ਜਨਤਾ ਦੇ ਜੀਵਨ ਦੀਆਂ ਵਾਸਤਵਿਕਤਾਵਾਂ ਅਤੇ ਇਛਾਵਾਂ ਦੀ ਕਵਿਤਾ ਹੈ, ਜਿਸਦੇ ਪਰਵਰਤਕ ਅਤੇ ਪ੍ਰਤੀਨਿਧੀ ਕਵੀ ਹਨ ਕਬੀਰ। ਉਹ ਵਾਰ-ਵਾਰ ਕਹਿੰਦੇ ਹਨ ‘ਮੈਂ ਜੁਲਾਹਾ ਮੈਂ ਜੁਲਾਹਾ’। ਉਨ੍ਹਾਂ ਦੀ ਰਚਨਾ ਦਾ ਤਾਣਾ-ਬਾਣਾ ਵੀ ਕਹਿੰਦਾ ਹੈ ਕਿ ਉਹ ਇਕ ਬੁਨਕਰ ਬਾਣੀਕਾਰ ਹਨ। ਉਨ੍ਹਾਂ ਦਾ ਪੂਰਾ ਕਾਵਿ ਲੋਕ ਇਕ ਜੁਲਾਹੇ ਦੇ ਜੀਵਨ ਯਥਾਰਥ ਦੇ ਅਨੁਭਵਾਂ ਤੋਂ ਬਣਿਆ ਹੋਇਆ ਹੈ। ਇਥੋਂ ਤੱਕ ਕਿ ਕਬੀਰ ਦੀ ਭਗਤੀ ਭਾਵਨਾ ਦਾ ਅਧਿਆਤਮਕ ਲੋਕ ਵੀ ਉਨ੍ਹਾਂ ਹੀ ਅਨੁਭਵਾਂ ਤੇ ਨਿਰਮਿਤ ਹੈ। ਕਬੀਰ ਦੇ ਜੀਵਨ ਤੋਂ ਉਨ੍ਹਾਂ ਦੀ ਭਗਤੀ ਦੇ ਅੰਦਰੂਨੀ ਸੰਬੰਧਾਂ ਨੂੰ ਪਛਾਣ ਕੇ ਹੀ ਜਾਇਸੀ ਨੇ ਉਨ੍ਹਾਂ ਦੇ ਬਾਰੇ ਵਿਚ ਲਿਖਿਅ ਹੈ :
ਪ੍ਰੇਮ ਤੂੰ ਤੂੰ ਨਿਤ ਤਾਨਾ ਤਨੀ।
ਜਪ ਤਪ ਸਾਧਿ ਸੈਕਰਾ ਭਰਈ॥
ਕਬੀਰ ਹਰੇਕ ਲੌਕਿਕ ਅਤੇ ਅਲੌਕਿਕ ਚੀਜ਼ ਨੂੰ ਜੁਲਾਹੇ ਦੀ ਨਜ਼ਰ ਨਾਲ ਵੇਖਦੇ ਹਨ, ਉਨ੍ਹਾਂ ਲਈ ਈਸ਼ਵਰ ਵੀ ਇਕ ਬੁਨਕਰ ਹੈ ਅਤੇ ਉਸ ਦੀ ਦੁਨੀਆਂ ਅਤੇ ਮਨੁੱਖੀ ਕਾਇਆ ‘ਝੀਨੀ ਝੀਨੀ ਬੀਨੀ ਚਦਰਿਯਾ’ ਹੈ। ਕਬੀਰ ਆਪਣੇ ਜੀਵਨ ਦੇ ਅਨੁਭਵ ਦਾ ਤਾਣਾ ਤਣਕੇ ਉਸ ਵਿਚ, ਭਗਤੀ ਦਾ ਬਾਣਾ ਬੁਣਦੇ ਹਨ।
ਹਰਿ ਮੋਰ ਰਹੜ੍ਹਾ ਮੈ ਰਤਨ ਪਿਉਰਿਯਾ।
ਹਰਿ ਕੈ ਨਾਮ ਲੈ ਕਾਤਲ ਬਹੁਰਿਯਾ॥
ਕਬੀਰ ਦੀ ਦ੍ਰਿਸ਼ਟੀ ਵਿਚ ਜੀਵਨ ਦੇ ਕਰਮ ਤੋਂ ਧਰਮ ਦਾ ਜੀਵਨ ਵੱਖਰਾ ਨਹੀਂ ਹੈ। ਉਨ੍ਹਾਂ ਨੇ ਕਵੀ ਕਰਮ ਅਤੇ ਜੀਵਨ ਕਰਮ ਵਿਚ ਅਦਭੁਤ ਏਕਤਾ ਹੈ। ਕਬੀਰ ਦੇ ਜੀਵਨ ਦੀ ਕਲਾ ਉਨ੍ਹਾਂ ਦੀ ਕਵਿਤਾ ਦੀ ਕਲਾ ਹੈ।
ਕਬੀਰ ਦੀ ਰਚਨਾ ਏਨੀ ਅਦੁੱਤੀ ਹੈ ਕਿ ਉਹ ਸ਼ਿਸ਼ਟ ਅਤੇ ਲੋਕ-ਕਾਵਿ ਦੇ ਭੇਦ ਨੂੰ ਮਿਟਾਉਂਦੀ ਹੈ। ਉਹ ਮੌਖਿਕ ਕਵਿਤਾ ਦੀ ਸੰਸਕ੍ਰਿਤੀ ਦੀ ਦੇਣ ਹੈ ਅਤੇ ਲੋਕ ਪ੍ਰਤਿਭਾ ਦੀ ਸਿਰਜਨਸ਼ੀਲਤਾ ਦਾ ਵਿਲੱਖਣ ਉਦਾਹਰਣ। ਉਹ ਲੋਕ ਜੀਵਨ ਦੇ ਅਨੁਭਵਾਂ ਤੋਂ ਬਣੀ ਹੋਈ ਹੈ ਇਸ ਲਈ ਜਨਤਾ ਦੇ ਜੀਵਨ ਅਤੇ ਸਿਮਰਤੀ ਵਿਚ ਟਿਕੀ ਹੋਈ ਹੈ। ਦੁਨੀਆਂ ਦਾ ਹਰੇਕ ਕਵੀ ਚਾਹੁੰਦਾ ਹੈ ਕਿ ਉਸਦੀ ਕਵਿਤਾ ਮੁੱਠੀ ਭਰ ਪਾਠਕਾਂ ਤੱਕ ਸੀਮਤ ਨਾ ਰਹਿ ਕੇ ਵਿਆਪਕ ਜਨ-ਜੀਵਨ ਵਿਚ ਰਚ ਮਿਚ ਜਾਵੇ। ਲੇਕਿਨ ਅਜਿਹਾ ਸੁਭਾਗ ਘੱਟ ਹੀ ਕਵੀਆਂ ਨੂੰ ਪ੍ਰਾਪਤ ਹੁੰਦਾ ਹੈ। ਕਬੀਰ ਉਨ੍ਹਾਂ ਥੋੜ੍ਹੇ ਜਿਹੇ ਭਾਗਸ਼ਾਲੀ ਕਵੀਆਂ ਵਿਚੋਂ ਹਨ। ਉਨ੍ਹਾਂ ਦੀ ਕਵਿਤਾ ਦੀਆਂ ਅਣਗਿਣਤ ਪੰਕਤੀਆਂ ਲੋਕ ਅਖਾਣ ਬਣ ਕੇ ਲੋਕ ਜੀਵਨ ਵਿਚ ਪ੍ਰਚਲਤ ਹਨ।
ਕਬੀਰ ਦੀ ਕਵਿਤਾ ਨੂੰ ਜਨਤਾ ਸੁਣਦੀ ਹੀ ਨਹੀਂ ਜੀਉਂਦੀ ਵੀ ਹੈ। ਉਨ੍ਹਾਂ ਦੀ ਕਵਿਤਾ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਹ ਸਾਧਾਰਣ ਜਨਤਾ ਨੂੰ ਵੀ ਕਵੀ ਬਣਾਉਂਦੀ ਹੈ। ਇਸ ਲਈ ਕਬੀਰ ਦੇ ਨਾਂ ਉਤੇ ਅਣਗਿਣਤ ਅਜਿਹੇ ਪਦ ਅਤੇ ਸਾਖੀਆਂ ਜਨ-ਜੀਵਨ ਵਿਚ ਮਿਲਦੀਆਂ ਹਨ ਜੋ ਕਬੀਰ ਦੀਆਂ ਨਹੀਂ, ਜਨਤਾ ਦੁਆਰਾ ਨਿਰਮਿਤ ਹਨ।
ਕਬੀਰ ਦੀ ਕਵਿਤਾ ਦੀ ਅਪਾਰ ਲੋਕ ਪ੍ਰਿਯਤਾ ਦਾ ਇਕ ਕਾਰਣ ਉਨ੍ਹਾਂ ਦੇ ਬੋਲਚਾਰ ਅਤੇ ਰੋਜ਼ਮੱਰਾ ਦੀ ਭਾਸ਼ਾ ਦੀ ਵਰਤੋਂ ਹੈ। ਉਸ ਦੀ ਬਣਤਰ ਅਜਿਹੀ ਹੈ ਕਿ ਉਹ ਹਿੰਦੂ ਅਤੇ ਮੁਸਲਮਾਨ ਸਾਧੂ ਅਤੇ ਗ੍ਰਹਿਸਥ, ਸ਼ਹਿਰੀ ਅਤੇ ਪੇਂਡੂ, ਪੜ੍ਹੇ-ਲਿਖੇ ਅਤੇ ਅਨਪੜ੍ਹ, ਇਸਤਰੀ ਅਤੇ ਪੁਰਸ਼ ਸਭ ਨੂੰ ਆਪਣੀ ਭਾਸ਼ਾ ਲੱਗਦੀ ਹੈ। ਉਹ ਜਿੰਨੀ ਸਹਿਜ ਹੈ, ਓਨੀਂ ਹੀ ਅਰਥਪੂਰਨ ਵੀ।
ਕਬੀਰ ਨੇ ਕਿਹਾ ਸੀ ‘ਸੰਸਕ੍ਰਿਤ ਹੈ ਕੂਪ ਜਲ, ਭਾਸ਼ਾ ਬਹਤਾ ਨੀਰ’, ਉਨ੍ਹਾਂ ਨੇ ਕਵਿਤਾ ਨੂੰ ਸੰਸਕ੍ਰਿਤ ਦੇ ‘ਕੂਪ-ਜਲ’ ਵਿਚੋਂ ਕੱਢ ਕੇ ਜਨ ਜੀਵਨ ਦੀ ਭਾਸ਼ਾ ਦੇ ਐਨ ਕਰੀਬ ਲੈ ਆਂਦਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਕਵਿਤਾ ਨੂੰ ਹੀ ਨਹੀਂ ਜਨਤਾ ਨੂੰ ਵੀ ਸੰਸਕ੍ਰਿਤ ਦੇ ਆਤੰਕ ਤੋਂ ਮੁਕਤ ਕੀਤਾ। ਇਹ ਹੀ ਨਹੀਂ ਉਨ੍ਹਾਂ ਨੇ ਜਨ ਭਾਸ਼ਾ ਅਤੇ ਜਨ ਸੰਸਕ੍ਰਿਤੀ ਨੂੰ ਮੁਕਤੀ ਦਾ ਮਾਰਗ ਬਣਾਇਆ, ਕਿਉਂਕਿ ਸੰਸਕ੍ਰਿਤ ਕੇਵਲ ਇਕ ਭਾਸ਼ਾ ਹੀ ਨਹੀਂ ਹੈ, ਉਹ ਉੱਚ ਵਰਗੀ ਸੰਸਕ੍ਰਿਤੀ ਦੀ ਪ੍ਰਭੁਤਾ ਦਾ ਸਾਧਨ ਵੀ ਹੈ।
ਕਬੀਰ ਕੇਵਲ ਆਪਣੇ ਯੁਗ ਦੀ ਚਿੰਤਾ ਦੇ ਕਵੀ ਨਹੀਂ ਹਨ, ਉਹ ਭਾਰਤ ਦੇ ਅਤੀਤ ਦੀ ਤੇਜੱਸਵੀ ਗਿਆਨਧਾਰਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦੇ ਵੀ ਕਵੀ ਹਨ। ਇਹੋ ਹੀ ਕਾਰਨ ਹੈ ਕਿ ਉਹ ਆਧੁਨਿਕ ਭਾਰਤੀ ਸਾਹਿਤ ਅਤੇ ਸੰਸਕ੍ਰਿਤੀ ਦੀ ਅਗਾਂਹਵਧੂ ਪ੍ਰੰਪਰਾ ਵਿਚ ਹਨ। ਉਨ੍ਹਾਂ ਨੇ ਅਜਿਹੇ ਸਾਹਿਤ ਦੀ ਰਚਨਾ ਕੀਤੀ ਹੈ ਜਿਸ ਤੋਂ ਸਾਧਾਰਣ ਜਨਤਾ ਹਜ਼ਾਰ ਕਠਿਨਾਈਆਂ ਵਿਚ ਵੀ ਜੀਉਣ ਦੀ ਸ਼ਕਤੀ ਪ੍ਰਾਪਤ ਕਰਦੀ ਹੈ, ਜੋ ਆਪਣੇ ਸਮੇਂ ਦੀਆਂ ਵਿਸੰਗਤੀਆਂ ਨੂੰ ਪਛਾਣਨ, ਸਾਧਾਰਣ ਜਨਤਾ ਦੇ ਦੁੱਖ-ਦਰਦ ਨਾਲ ਹਮਦਰਦੀ ਦਾ ਅਨੁਭਵ ਕਰਨ ਅਤੇ ਹਰ ਤਰ੍ਹਾਂ ਦੀ ਕੱਟੜਤਾ ਨਾਲ ਸੰਘਰਸ਼ ਕਰਨ ਦੀ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ। ਅੱਜ ਦੀਆਂ ਰਾਜਨੀਤਕ, ਸਮਾਜਿਕ ਅਤੇ ਸਾਂਸਕ੍ਰਿਤਕ ਸਥਿਤੀਆਂ ਨੂੰ ਵੇਖ ਕੇ ਭਾਵੇਂ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਉੱਤਰ ਕਬੀਰ ਯੁਗ ਵਿਚ ਜੀਉ ਰਹੇ ਹਾਂ, ਲੇਕਿਨ ਜੇਕਰ ਅਸੀਂ ਕਬੀਰ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਰਚਨਾ ਵਿਚ ਅੱਜ ਦੇ ਸਮੇਂ ਦੀਆਂ ਸਮੱਸਿਆਵਾਂ ਦੇ ਉੱਤਰ ਵਿਦਮਾਨ ਹਨ।