ਜਲੰਧਰ, 13 ਫਰਵਰੀ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.Îਪੀ.ਆਈ.) ਦੇ ਸੱਦੇ ‘ਤੇ ਅੱਜ ਏਥੇ ਦੇਸ਼ ਭਗਤ ਯਾਦਗਾਰ ਦੇ ਬਾਬਾ ਜਵਾਲਾ ਸਿੰਘ ਹਾਲ ਵਿਖੇ ‘ਜਮਹੂਰੀਅਤ ਅਤੇ ਧਰਮ ਨਿਰਪੱਖਤਾ ਦੀ ਰਾਖੀ’ ਦੇ ਵਿਸ਼ੇ ‘ਤੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਕੀਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ ਵਿਚ ਉਘੇ ਵਿਦਵਾਨ ਤੇ ਜਮਹੂਰੀਅਤ ਪਸੰਦ ਬੁੱਧੀਜੀਵੀ ਡਾ. ਰਾਮ ਪੁਨਿਆਨੀ ਨੇ ਕੁੰਜੀਵਤ ਭਾਸ਼ਣ ਦਿੱਤਾ। ਨੱਕੋ-ਨੱਕ ਭਰੇ ਹਾਲ ਵਿਚ, ਆਪਣੇ ਲਗਭਗ 90 ਮਿੰਟ ਦੇ ਭਾਸ਼ਨ ਵਿਚ ਡਾ. ਰਾਮ ਪੁਨਿਆਨੀ ਨੇ ਭਾਰਤ ਅੰਦਰ ਜਮਹੂਰੀਅਤ ਲਈ ਵਧੇ ਗੰਭੀਰ ਖਤਰਿਆਂ ਉਪਰ ਵਿਸਥਾਰ ਸਹਿਤ ਚਾਨਣਾ ਪਾਇਆ। ਉਹਨਾਂ ਕਿਹਾ ਕਿ ਆਰ.ਐਸ.ਐਸ. ਦੀ ਕਮਾਂਡ ਹੇਠ ਚਲ ਰਹੀ ਮੋਦੀ ਸਰਕਾਰ ਵਲੋਂ ਸੱਤਾ ਸੰਭਾਲਣ ਨਾਲ ਦੇਸ਼ ਅੰਦਰ ਫਿਰਕੂ-ਫਾਸ਼ੀਵਾਦ ਬੇਰੋਕ-ਟੋਕ ਵਧਿਆ ਹੈ। ਜਿਸ ਨਾਲ ਦੇਸ਼ ਦੇ ਸੰਵਿਧਾਨ ਵਿਚ ਦਰਜ ਸਾਰੀਆਂ ਹੀ ਜਮਹੂਰੀ ਵਿਵਸਥਾਵਾਂ ਤੇ ਸੰਸਥਾਵਾਂ ਬੜੀ ਬੇਰਹਿਮੀ ਨਾਲ ਖੁਰਦ-ਬੁਰਦ ਕੀਤੀਆਂ ਜਾ ਰਹੀਆਂ ਹਨ। ਏਥੋਂ ਤੱਕ ਕਿ ਸਰਕਾਰ ਦੀ ਕਿਸੇ ਵੀ ਨੀਤੀ ਦਾ ਵਿਰੋਧ ਕਰਨਾ ਇਕ ਜ਼ੁਰਮ ਸਮਝਿਆ ਜਾਣ ਲੱਗਾ ਹੈ। ਲਿਖਣ-ਬੋਲਣ ਦੀ ਆਜਾਦੀ ਉਪਰ ਵੀ ਫਿਰਕੂ ਧਾੜਾਂ ਦੇ ਪਹਿਰੇ ਬਿਠਾ ਦਿੱਤੇ ਗਏ ਹਨ ਅਤੇ ਸਰਕਾਰ ਦੀ ਨੁਕਤਾਚੀਨੀ ਕਰਨ ਵਾਲੇ ਨੂੰ ਝੱਟ ਹੀ ਦੇਸ਼ ਧਰੋਹੀ ਕਰਾਰ ਦੇ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਫਿਰਕੂ ਤੱਤਾਂ ਨੇ ਲੋਕ ਪੱਖੀ, ਜਮਹੂਰੀ ਤੇ ਵਿਗਿਆਨਕ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਬੁੱਧੀਜੀਵੀਆਂ ਦੇ ਕਤਲ ਵੀ ਕੀਤੇ ਹਨ, ਉਹਨਾਂ ਉਪਰ ਝੂਠੇ ਕੇਸ ਵੀ ਬਣਾਏ ਹਨ ਅਤੇ ਉਹਨਾਂ ਨੂੰ ਦੇਸ਼ ਛੱਡ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਹ ਸਾਰੇ ਹਮਲੇ ਦੇਸ਼ ਦਾ ਜਮਹੂਰੀ ਤਾਣਾ-ਬਾਣਾ ਤਬਾਹ ਕਰਨ ਵੱਲ ਹੀ ਸੇਧਤ ਹਨ। ਅਜੇਹੇ ਦੇਸ਼ ਧਰੋਹੀ ਹਮਲਿਆਂ ਨੂੰ ਰੋਕਣ ਦੀ ਬਜਾਏ ਸਰਕਾਰ ਸੰਘ ਪਰਿਵਾਰ ਨਾਲ ਜੁੜੇ ਹੋਏ ਅਜੇਹੇ ਪਿਛਾਖੜੀ ਤੱਤਾਂ ਦੀ ਹਮੇਸ਼ਾ ਹੀ ਪਿੱਠ ਪੂਰਦੀ ਦਿਖਾਈ ਦਿੰਦੀ ਹੈ। ਡਾ. ਪੁਨਿਆਨੀ ਨੇ ਕਿਹਾ ਕਿ ਆਰ.ਐਸ.ਐਸ. ਵਲੋਂ ਦੇਸ਼ ਅੰਦਰ ਧਰਮ ਅਧਾਰਿਤ ਹਿੰਦੂ ਰਾਸ਼ਟਰ ਸਥਾਪਤ ਕਰਨ ਦੇ ਆਪਣੇ ਪਿਛਾਖੜੀ ਉਦੇਸ਼ ਦੀ ਪੂਰਤੀ ਲਈ ਘੱਟ ਗਿਣਤੀ ਮੁਸਲਿਮ ਭਾਈਚਾਰੇ ਵਿਰੁੱਧ ਵਿਆਪਕ ਰੂਪ ਵਿਚ ਨਫਰਤ ਫੈਲਾਉਣ ਵਾਸਤੇ ਭਾਰਤ ਦੇ ਇਤਿਹਾਸ ਨੂੰ ਬੁਰੀ ਤਰ੍ਹਾਂ ਤੋੜਿਆ-ਮਰੋੜਿਆ ਜਾ ਰਿਹਾ ਹੈ। ਉਹਨਾਂ ਬਹੁਤ ਹੀ ਤਰਕਸੰਗਤ ਤੱਥ ਪੇਸ਼ ਕਰਕੇ ਸੰਘ ਪਰਿਵਾਰ ਦੀ ਅਜੇਹੇ ਕੁਕਰਮਾਂ ਨੂੰ ਬੇਪਰਦ ਕੀਤਾ। ਉਹਨਾਂ ਕਿਹਾ ਕਿ ਫਿਰਕੂ ਤੱਤਾਂ ਦਾ ਇਹ ਪੈਂਤੜਾ ਦੇਸ਼ ਦੀ ਏਕਤਾ-ਅਖੰਡਤਾ ਲਈ ਬਹੁਤ ਹੀ ਖਤਰਨਾਕ ਸਿੱਧ ਹੋ ਸਕਦਾ ਹੈ। ਕਿਉਂਕਿ ਇਕ ਬਹੁ-ਨਸਲੀ, ਬਹੁ-ਧਰਮੀ ਤੇ ਬਹੁ-ਭਾਸ਼ਾਈ ਦੇਸ਼ ਨੂੰ ਇਕਜੁੱਟ ਰੱਖਣ ਵਾਸਤੇ ਧਰਮ ਤੇ ਰਾਜਨੀਤੀ ਨੂੰ ਵੱਖ-ਵੱਖ ਰੱਖਣਾ ਅਤੇ ਏਥੇ ਜਮਹੂਰੀਅਤ ਤੇ ਸੈਕੂਲਰਿਜ਼ਮ ਨੂੰ ਮਜ਼ਬੂਤ ਬਨਾਉਣਾ ਮੁਢਲੀਆਂ ਲੋੜਾਂ ਹਨ। ਉਹਨਾਂ ਕਿਹਾ ਕਿ ਆਉਂਦੀਆਂ ਪਾਰਲੀਮਾਨੀ ਚੋਣਾਂ ਦੌਰਾਨ ਵੀ ਇਹਨਾਂ ਮੁੱਦਿਆਂ ਨੂੰ ਰਿੜਕਿਆ ਜਾਣਾ ਚਾਹੀਦਾ ਹੈ ਅਤੇ ਜਮਹੂਰੀਅਤ ਤੇ ਧਰਮ ਨਿਰਪੱਖਤਾ ਦੇ ਦੁਸ਼ਮਣਾਂ ਨੂੰ ਭਾਂਜ ਦਿੱਤੀ ਜਾਣੀ ਚਾਹੀਦੀ ਹੈ। ਅੰਤ ਵਿਚ ਕਾਮਰੇਡ ਮੰਗਤ ਰਾਮ ਪਾਸਲਾ ਨੇ ਆਪਣੇ ਸੰਖੇਪ ਭਾਸ਼ਨ ਵਿਚ ਕਿਹਾ ਕਿ ਜਮਹੂਰੀਅਤ ਤੇ ਧਰਮ ਨਿਰਪੱਖਤਾ ਦੇ ਇਹ ਜੁੜਵੇਂ ਮੁੱਦੇ ਚੋਣਾਂ ਤੱਕ ਹੀ ਸੀਮਤ ਨਹੀਂ ਰਹਿਣੇ ਚਾਹੀਦੇ, ਬਲਕਿ ਦੇਸ਼ ਦੇ ਚੰਗੇਰੇ ਭਵਿੱਖ ਲਈ ਇਹਨਾਂ ਦੋਵਾਂ ਵੱਡਮੁੱਲੇ ਰਾਜਨੀਤਕ ਅਸੂਲਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੋਣ ਦੀ ਲੋੜ ਹੈ ਅਤੇ ਇਸ ਸੈਮੀਨਾਰ ਦਾ ਸੁਨੇਹਾ ਘਰ-ਘਰ ਤੱਕ ਲਿਜਾਣ ਦੀ ਵੀ ਭਾਰੀ ਲੋੜ ਹੈ। ਪਾਰਟੀ ਦੇ ਸੂਬਾਈ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਡਾ. ਰਾਮ ਪੁਨਿਆਨੀ ਅਤੇ ਸੈਮੀਨਾਰ ਵਿਚ ਸ਼ਾਮਲ ਹੋਏ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।