Now Reading
ਲੋਕ ਜਗਾਓ-ਲੁਟੇਰੇ ਭਜਾਓ ਜਥਾ ਮਾਰਚ ਦਾ 5ਵਾਂ ਦਿਨ ਸ਼ਹੀਦ ਸਰਾਭਾ ਨੂੰ ਸਮਰਪਿਤ

ਲੋਕ ਜਗਾਓ-ਲੁਟੇਰੇ ਭਜਾਓ ਜਥਾ ਮਾਰਚ ਦਾ 5ਵਾਂ ਦਿਨ ਸ਼ਹੀਦ ਸਰਾਭਾ ਨੂੰ ਸਮਰਪਿਤ

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਨੇ ਆਪਣੇ ‘ਲੋਕ ਜਗਾਓ -ਲੁਟੇਰੇ ਭਜਾਓ ਜਥਾ ਮਾਰਚ’ ਦਾ ਪੰਜਵਾਂ ਦਿਨ ਗਦਰ ਲਹਿਰ ਦੇ ਮਹਾ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਤ ਕਰਦਿਆਂ ਇਸ ਮਹਾ ਨਾਇਕ ਵਲੋਂ ਚਿਤਵੇ ਜਾਤ, ਜਮਾਤ ਤੇ ਲਿੰਗਕ ਵਿਤਕਰੇ ਤੋਂ ਰਹਿਤ ਇਕ ਸੈਕੂਲਰ ਸਮਾਜ ਦੀ ਉਸਾਰੀ ਲਈ ਕੋਈ ਕਸਰ ਬਾਕੀ ਨਾ ਛੱਡਣ ਦਾ ਅਹਿਦ ਲਿਆ।
ਸੂਬਾਈ ਕੇਂਦਰ ਪਹੁੰਚੀਆਂ ਰਿਪੋਰਟਾਂ ਦੇ ਆਧਾਰ ’ਤੇ ਪਾਰਟੀ ਦੇ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਦੱਸਿਆ ਕਿ ਅੱਜ ਮਹਾਨ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਹੈ, ਜਿਨ੍ਹਾ ਨੂੰ ਪਾਰਟੀ ਦੇ ਦੋਹਾਂ ਜਥਿਆਂ ਨੇ ਵੱਖ ਵੱਖ ਥਾਵਾਂ ’ਤੇ ਕੀਤੇ ਜਲਸਿਆਂ-ਰੈਲੀਆਂ ਦੌਰਾਨ ਭਰਪੂਰ ਇਨਕਲਾਬੀ ਸ਼ਰਧਾਂਜਲੀਆਂ ਭੇਟ ਕੀਤੀਆਂ।
ਆਰ. ਐੱਮ. ਪੀ. ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲੇ ਜਥੇ ਨੇ ਜ਼ਿਲ੍ਹਾ ਪਠਾਨਕੋਟ ਦੇ ਪਿੰਡਾਂ ’ਚ ਮਾਰਚ ਕਰਦਿਆਂ ਡਿਬਕੂ ਧਲੌਰੀਆਂ, ਸੁਜਾਨਪੁਰ ਅਤੇ ਪੁਰਾਣੀ ਕਚਹਿਰੀ ਪਠਾਨਕੋਟ ਵਿਖੇ ਜਲਸੇ ਰੈਲੀਆਂ ਕਰਕੇ ਲੋਕਾਂ ਨੂੰ ਯਾਦ ਕਰਵਾਇਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਜਿਹਨਾ ਸਾਮਰਾਜੀ ਤਾਕਤਾਂ ਵਿਰੁੱਧ ਲੜਦਿਆਂ ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦਿੱਤੀ ਸੀ, ਸਾਡੇ ਹੁਕਮਰਾਨ ਉਹਨਾਂ ਸਾਮਰਾਜੀ ਤਾਕਤਾਂ ਦੇ ਇਸ਼ਾਰਿਆਂ ’ਤੇ ਨੀਤੀਆਂ ਲਾਗੂ ਕਰਕੇ ਦੇਸ਼ ਦੀ ਆਜ਼ਾਦੀ ਲਈ ਮੁੜ ਖਤਰੇ ਖੜੇ ਕਰ ਰਹੇ ਹਨ।ਉਹਨਾ ਲੋਕਾਂ, ਖਾਸਕਰ ਨੌਜਵਾਨਾਂ ਨੂੰ ਵੰਗਾਰਿਆ ਕਿ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਿਰਸੇ ਨੂੰ ਪਿੱਠ ਨਾ ਦਿਖਾਉਣ ਤੇ ਇਕਮੁੱਠ ਹੋ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਨਿੱਤਰ ਕੇ ਹਾਕਮ ਜਮਾਤ ਦੀ ਚੁਣੌਤੀ ਸਵੀਕਾਰ ਕਰਨ। ਸਾਥੀ ਪਾਸਲਾ ਦੇ ਨਾਲ ਨਾਲ ਸਰਵ ਸਾਥੀ ਲਾਲ ਚੰਦ ਕਟਾਰੂਚੱਕ, ਸ਼ਿਵ ਪਠਾਨਕੋਟ, ਨੱਥਾ ਸਿੰਘ, ਰਵੀ ਕੁਮਾਰ, ਗੁਰਦਰਸ਼ਨ ਬੀਕਾ ਤੇ ਹੋਰਨਾ ਆਗੂਆਂ ਨੇ ਵੀ ਰੈਲੀਆਂ ਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਜਲੰਧਰ ’ਚ ਕੀਤੀ ਜਾ ਰਹੀ ਵਿਸ਼ਾਲ ਅਧਿਕਾਰ ਰੈਲੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਾਲੇ ਜਥੇ ਨੇ ਜਿਲ੍ਹਾ ਮੁਕਤਸਰ ਦੇ ਕਈ ਪਿੰਡਾਂ ’ਚ ਮਾਰਚ ਕੀਤਾ ਅਤੇ ਜੱਸੇਆਣਾ ਤੇ ਚੱਕ ਮਦਰੱਸਾ ’ਚ ਪ੍ਰਭਾਵਸ਼ਾਲੀ ਰੈਲੀਆਂ ਕਰਨ ਤੋਂ ਬਾਅਦ ਫਾਜ਼ਿਲਕਾ ਜਿਲ੍ਹੇ ’ਚ ਖੂਈਆਂ ਸਰਵਰ ਵਿਖੇ ਵਿਸ਼ਾਲ ਜਲਸਾ ਕੀਤਾ ਗਿਆ।
ਵੱਖ-ਵੱਖ  ਜਲਸਿਆਂ ਨੂੰ  ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਉਦ ਨੇ ਗਦਰ ਲਹਿਰ ਦੇ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਤੇ ਭਰਪੂਰ ਚਾਨਣਾ ਪਾਇਆ। ਸਾਥੀ ਦਾਉਦ ਨੇ ਕਿਹਾ ਕੇਂਦਰ ਦੀ ਬੀ.ਜੇ.ਪੀ.ਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਵਿੱਚ ਕੋਈ ਅੰਤਰ ਨਹੀਂ, ਦੋਨੋਂ ਹੀ ਲੋਕ ਵਿਰੋਧੀ ਹਨ। ਇਨ੍ਹਾਂ ਦੀਆਂ ਨੀਤੀਆਂ ਕਾਰਨ ਮਹਿੰਗਾਈ, ਬੇਰੁਜ਼ਗਾਰੀ, ਅਨਪੜ੍ਹਤਾ, ਭਰਿਸ਼ਟਾਚਾਰ ਵਿੱਚ ਬੇ-ਸ਼ੁਮਾਰ ਵਾਧਾ ਹੋਇਆ ਹੈ। ਵਿਦਿਆ, ਸਿਹਤ ਸਹੂਲਤਾਂ ਗਰੀਬ ਵਰਗ ਕੋਲੋਂ ਖੁੱਸਦੀਆ ਜਾ ਰਹੀਆਂ ਹਨ । ਸਾਥੀ ਦਾਉਦ ਨੇ ਕਿਹਾ ਕਿ ਅੱਜ ਦੇ ਦਿਨ ’ਤੇ ਸਭ ਤੋਂ ਛੋਟੀ ਉਮਰ ’ਚ ਦੇਸ਼ ਨੂੰ ਆਜਾਦ ਕਰਾਉਣ ਵਾਲੇ ਲੋਕਾਂ ਦੇ ਮਹਾਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਜਿਸ ਨੌਜਵਾਨ ਨੇ 19 ਸਾਲ ਦੀ ਉਮਰ ਵਿੱਚ ਹਸਦੇ ਹਸਦੇ ਫਾਂਸੀ ਦਾ ਰੱਸਾ ਗਲੇ ਲਾਇਆ ਸੀ । ਰੈਲੀਆਂ ਨੂੰ ਹੋਰਨਾਂ ਤੋਂ ਇਲਾਵਾ ਸਰਬਸਾਥੀ ਬਲਦੇਵ ਸਿੰਘ ਪੰਡੋਰੀ, ਜਗਜੀਤ ਸਿੰਘ  ਜੱਸੇਆਣਾ, ਹਰਜੀਤ ਸਿੰਘ ਮਦਰੱਸਾ ਨੇ ਵੀ ਸੰਬੋਧਨ ਕੀਤਾ ਅਤੇ ਪਾਰਟੀ ਵਲੋਂ ਜਲੰਧਰ ’ਚ ਕੀਤੀ ਜਾ ਰਹੀ ਵਿਸ਼ਾਲ ਅਧਿਕਾਰ ਰੈਲੀ ’ਚ ਕਿਰਤੀ ਲੋਕਾਂ ਨੂੰ ਪ੍ਰਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ।

Scroll To Top