Now Reading
ਲੋਕ ਜਗਾਓ-ਲੁਟੇਰੇ ਭਜਾਓ ਜਥਾ ਮਾਰਚ ਦਾ 6ਵਾਂ ਦਿਨ ਕੰਢੀ ਤੇ ਮਾਲਵੇ ਦੇ ਲੋਕਾਂ ਦੇ ਨਾਂਅ

ਲੋਕ ਜਗਾਓ-ਲੁਟੇਰੇ ਭਜਾਓ ਜਥਾ ਮਾਰਚ ਦਾ 6ਵਾਂ ਦਿਨ ਕੰਢੀ ਤੇ ਮਾਲਵੇ ਦੇ ਲੋਕਾਂ ਦੇ ਨਾਂਅ

ਰੇਤ-ਬੰਜਰੀ ਮਾਫੀਆ ਨੇ ਕੰਢੀ ਨੂੰ ਨਰਕ ਬਣਾ ਕੇ ਰੱਖ ਦਿੱਤਾ : ਪਾਸਲਾ

ਪ੍ਰਵਾਸ ਦੇ ਨਾਂਅ ’ਤੇ ਕਿਰਤੀਆਂ ’ਚ ਵੰਡੀਆਂ ਦਾ ਵਿਰੋਧ ਕਰੋ: ਦਾਊਦ
ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਸ਼ੁਰੂ ਕੀਤਾ ਗਿਆ ‘ਲੋਕ ਜਗਾਓ-ਲੁਟੇਰੇ ਭਜਾਓ ਜਥਾ ਮਾਰਚ’ ਨਿੱਤ ਦਿਨ ਨਵੀਆਂ ਪੈੜਾਂ ਛੱਡਦਿਆਂ ਅੱਗੇ ਵੱਧ ਰਿਹਾ ਹੈ। ਪਾਰਟੀ ਦੇ ਦੋ ਜਥੇ ਸੂਬੇ ਅੰਦਰ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ’ਚ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੀ ਜੜ੍ਹ ਨੂੰ ਪਛਾਣਨ ਤੇ ਉਨ੍ਹਾਂ ਦੇ ਹਲ ਲਈ ਇਕ ਵਿਆਪਕ ਜਥੇਬੰਦਕ ਸੰਘਰਸ਼ ਸ਼ੁਰੂ ਕਰਨ ਲਈ ਪ੍ਰੇਰ ਰਹੇ ਹਨ। ਜਥਾ ਮਾਰਚ ਦਾ ਛੇਵਾਂ ਦਿਨ ਕੰਢੀ ਅਤੇ ਮਾਲਵੇ ਦੇ ਲੋਕਾਂ ਨੂੰੂ ਸਮਰਪਿਤ ਕੀਤਾ ਗਿਆ।
ਪਾਰਟੀ ਦੇ ਸੂਬਾ ਕੇਂਦਰ ’ਚ ਪੁੱਜੀਆਂ ਰਿਪੋਰਟਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਫਤਰ ਸਕੱਤਰ ਸਾਥੀ ਰਵੀ ਕੰਵਰ ਨੇ ਦੱਸਿਆ ਕਿ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲੇ ਜਥੇ ਨੇ ਛੇਵੇਂ ਦਿਨ ਕੰਢੀ ਦੇ ਇਲਾਕੇ ’ਚ ਮਾਰਚ ਕੀਤਾ। ਇਸ ਜਥੇ ਦਾ ਸਵਾਗਤ ਹੁਸ਼ਿਆਰਪੁਰ-ਜੰਮੂ ਹਾਈਵੇ ’ਤੇ ਮਾਨਸਰ ਟੋਲ ਪਲਾਜ਼ਾ ’ਤੇ ਕੀਤਾ ਗਿਆ। ਇਹ ਜਥਾ ਵੱਖ ਵੱਖ ਪਿੰਡਾਂ ’ਚੋਂ ਹੁੰਦਾ ਹੋਇਆ ਹਾਜ਼ੀਪੁਰ ਪੁੱਜਾ ਜਿੱਥੇ ਇਕ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ। ਬਾਅਦ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਲੱਗਦੇ ਪਿੰਡਾਂ ’ਚੋਂ ਹੁੰਦਾ ਹੋਇਆ ਇਹ ਜਥਾ ਦਸੂਹਾ ਪਹੁੰਚਿਆ। ਦਸੂਹੇ ਦੇ ਬਜਾਰਾਂ ਵਿਚ ਮਾਰਚ ਕਰਨ ਤੋਂ ਬਾਅਦ ਹੁਸ਼ਿਆਰਪੁਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਕੱਕੋਂ ’ਚ ਜਲਸਾ ਕੀਤਾ ਗਿਆ। ਇਹ ਜਥਾ ਹੁਸ਼ਿਆਰਪੁਰ ਸ਼ਹਿਰ ਦੇ ਬਜ਼ਾਰਾਂ ’ਚ ਮਾਰਚ ਕਰਦਾ ਚੱਬੇਵਾਲ ਪੁੱਜਾ ਜਿੱਥੇ ਇਕ ਭਰਵੀਂ ਰੈਲੀ ਕੀਤੀ ਗਈ। ਇਸ ਤੋਂ ਅੱਗੇ ਮਾਹਿਲਪੁਰ ਹੁੰਦੇ ਹੋਏ ਸ਼ਾਮ ਨੂੰ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਪੋਸੀ ਪਹੁੰਚੇਗਾ ਜਿੱਥੇ ਇਕ ਜਲਸਾ ਕਰਨ ਤੋਂ ਬਾਅਦ ਜਥਾ ਰਾਤ ਇੱਥੇ ਆਰਾਮ ਕਰਨ ਤੋਂ ਬਾਅਦ ਅਗਲੇ ਦਿਨ ਸਵੇਰੇ ਮਾਰਚ ਸ਼ੁਰੂ ਕਰੇਗਾ। ਇਸ ਜਥੇ ਵਲੋਂ ਕੀਤੀਆਂ ਗਈਆਂ ਰੈਲੀਆਂ-ਜਲਸਿਆਂ ਨੂੰ ਸੰਬੋਧਨ ਦੌਰਾਨ ਸਾਥੀ ਮੰਗਤ ਰਾਮ ਪਾਸਲਾ ਨੇ ਕੰਢੀ ਖੇਤਰ ਦੇ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਚਲ ਰਹੇ ਸੰਘਰਸ਼ਾਂ ਵਿਚ ਪਾਰਟੀ ਵਲੋਂ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਨ ਦੀ ਗੱਲ ਕਰਦਿਆਂ ਇਲਾਕੇ ’ਚ ਹੋ ਰਹੀ ਨਜਾਇਜ਼ ਮਾਈਨਿੰਗ ਦਾ ਵਿਸ਼ੇਸ਼ ਰੂਪ ਵਿਚ ਜ਼ਿਕਰ ਕੀਤਾ ਅਤੇ ਕਿਹਾ ਕਿ ਰੇਤ-ਬੱਜਰੀ ਮਾਫੀਆ ਨੇ ਕੰਢੀ ਦੇ ਲੋਕਾਂ ਦੀ ਜ਼ਿੰਦਗੀ ਨੂੰੂ ਨਰਕ ਬਣਾ ਕੇ ਰੱਖ ਦਿੱਤਾ ਹੈ। ਬੇਰੋਕਟੋਕ ਹੋ ਰਹੀ ਮਾਈਨਿੰਗ ਲੋਕਾਂ ਲਈ ਨਿੱਤ ਦਿਨ ਨਵੀਆਂ ਸਮੱਸਿਆਵਾਂ ਖੜੀਆਂ ਕਰ ਰਹੀ ਹੈ ਪਰ ਹੁਕਮਰਾਨ ਅੱਖਾਂ ਮੀਟੀ ਬੈਠੇ ਹਨ ਅਤੇ ਇਸ ਮਾਫੀਆ ਨੂੰ ਹਰ ਤਰ੍ਹਾਂ ਨਾਲ ਸ਼ਹਿ ਦੇ ਰਹੇ ਹਨ। ਜੋ ਵੀ ਇਸ ਮਾਫੀਆ ਖਿਲਾਫ਼ ਆਵਾਜ਼ ਉਠਾਉਂਦਾ ਹੈ, ਉਸ ਖਿਲਾਫ਼ ਝੂਠੇ ਕੇਸ ਦਰਜ ਕਰਕੇ ਉਸਨੂੰ ਜੇਲ੍ਹ ’ਚ ਡੱਕ ਦਿੱਤਾ ਜਾਂਦਾ ਹੈ।
ਸਾਥੀ ਪਾਸਲਾ ਤੋਂ ਇਲਾਵਾ ਇਨ੍ਹਾਂ ਇਕੱਠਾਂ ਨੂੰ ਪਾਰਟੀ ਦੇ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ, ਪਿ੍ਰੰਸੀਪਲ ਪਿਆਰਾ ਸਿੰਘ, ਸ਼ਿਵ ਅਮਰੋਹੀ, ਗਿਆਨ ਸਿੰਘ ਗੁਪਤਾ, ਸਵਰਨ ਸਿੰਘ, ਅਮਰਜੀਤ ਸਿੰਘ ਕਾਨੂਗੋ, ਪਿਆਰਾ ਸਿੰਘ ਪਰਖ, ਦੀਪਕ ਠਾਕਰ, ਧਰਮਿੰਦਰ, ਗੰਗਾ ਪ੍ਰਸ਼ਾਦ, ਦਵਿੰਦਰ ਕੱਕੋਂ, ਸਤਪਾਲ ਲੱਠ, ਸ਼ਾਦੀ ਲਾਲ ਕਪੂਰ, ਸ਼ਿੰਗਾਰਾ ਰਾਮ ਭੱਜਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਲੋਕਾਂ ਨੂੰ ਕੇਂਦਰ ’ਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀਆਂ ਫਿਰਕੂ-ਫਾਸ਼ੀਵਾਦੀ ਨੀਤੀਆਂ ਤੋਂ ਸੁਚੇਤ ਕਰਦਿਆਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਜਥੇਬੰਦਕ ਸੰਘਰਸ਼ ਦਾ ਰਾਹ ਅਖਤਿਆਰ ਕਰਨ ਦਾ ਸੱਦਾ ਦਿੱਤਾ।
ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਾਲੇ ਜਥੇ ਨੇ ਮਾਲਵੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਉਨ੍ਹਾਂ ਇਸ ਇਲਾਕੇ ’ਚੋਂ ਹੋਰਨਾਂ ਸੂਬਿਆਂ ’ਚ ਪ੍ਰਵਾਸ ਕਰ ਗਏ ਨਰਮਾ ਮਜ਼ਦੂਰਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਮਨੁੱਖ ਆਪਣੀ ਜ਼ਿੰਦਗੀ ਨੂੰ ਬੇਹਤਰ ਬਨਾਉਣ ਲਈ ਵੱਖ ਵੱਖ ਇਲਾਕਿਆਂ ’ਚ ਪ੍ਰਵਾਸ ਕਰਦਾ ਰਹਿੰਦਾ ਹੈ ਤੇ ਇਹ ਕੋਈ ਮਾੜੀ ਗੱਲ ਨਹੀਂ ਪਰ ਇਸ ਪ੍ਰਵਾਸ ਨੂੰ ਲੈ ਕੇ ਗਿਰੀ ਹੋਈ ਸਿਆਸਤ ਕਰਨਾ ਅਤੇ ਵੱਖ ਵੱਖ ਸੂਬਿਆਂ ਦੇ ਕਿਰਤੀਆਂ ’ਚ ਵੰਡੀਆਂ ਪਾਉਣਾ ਸਭ ਤੋਂ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਬਠਿੰਡਾ/ਮਾਨਸਾ ਦੇ ਅਨੇਕਾਂ ਪਿੰਡਾਂ ਦੇ ਦਲਿਤ ਵਿਹੜੇ ਖਾਲੀ ਪਏ ਹਨ ਕਿਉਂਕਿ ਇਹ ਮਜ਼ਦੂਰ ਨਰਮਾ ਚੁਗਣ ਲਈ ਦੂਸਰੇ ਸੂਬਿਆਂ ’ਚ ਚਲੇ ਗਏ ਹਨ। ਸਾਥੀ ਦਾਊਦ ਨੇ ਕਿਹਾ ਕਿ ਜੇ ਇਹਨਾਂ ਮਜ਼ਦੂਰਾਂ ਵਿਰੁੱਧ ਉਨ੍ਹਾਂ ਸੂਬਿਆਂ ’ਚ ਕੋਈ ਆਵਾਜ਼ ਉਠਾਵੇਗਾ ਤਾਂ ਸਾਨੂੰ ਦੁੱਖ ਪਹੰੁਚੇਗਾ ਅਤੇ ਸਾਨੂੰ ਵੀ ਬਿਹਾਰ, ਯੂ.ਪੀ. ਦੇ ਪ੍ਰਵਾਸੀ ਮਜ਼ਦੂਰਾਂ ਖਿਲਾਫ਼ ਆਵਾਜ਼ ਉਠਾਉਣ ਵਾਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਜਥੇ ਵਲੋਂ ਸੰਗਤ ਮੰਡੀ ਅਤੇ ਬਠਿੰਡਾ ਵਿਚ ਕੀਤੇ ਗਏ ਇਕੱਠਾਂ ਨੂੰ ਸਰਵਸਾਥੀ ਮਹੀਪਾਲ, ਡਾ. ਸਤਨਾਮ ਸਿੰਘ, ਲਾਲ ਚੰਦ ਸਰਦੂਲਗੜ੍ਹ, ਮਿੱਠੂ ਸਿੰਘ ਘੁੱਦਾ, ਮਾਸਟਰ ਛੱਜੂ ਰਾਮ ਰਿਸ਼ੀ, ਜਗਜੀਤ ਸਿੰਘ ਜੱਸੇਆਣਾ, ਪ੍ਰਕਾਸ਼ ਸਿੰਘ, ਦਰਸ਼ਨ ਸਿੰਘ ਫੁੱਲੋਮਿਠੀ, ਅਮਰੀਕ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਪਾਰਟੀ ਵਲੋਂ ਜਲੰਧਰ ’ਚ ਕੀਤੀ ਜਾਣ ਵਾਲੀ ਵਿਸ਼ਾਲ ਅਧਿਕਾਰ ਰੈਲੀ ਵਿਚ ਹੁੰਮ ਹੁੰਮਾ ਕੇ ਪੁੱਜਣ ਦਾ ਸੱਦਾ ਦਿੱਤਾ।

Scroll To Top