Now Reading
ਰੇਲ ਹਾਦਸੇ ਦੀ ਨਿਆਂਇਕ ਜਾਂਚ ਕਰਾਉਣ ਦੇ ਹੱਕ ’ਚ ਪ੍ਰਦਰਸ਼ਨ

ਰੇਲ ਹਾਦਸੇ ਦੀ ਨਿਆਂਇਕ ਜਾਂਚ ਕਰਾਉਣ ਦੇ ਹੱਕ ’ਚ ਪ੍ਰਦਰਸ਼ਨ

ਅੰਮ੍ਰਿਤਸਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਦਸਹਿਰੇ ਮੌਕੇ ਜੌੜਾ ਫਾਟਕ ਨੇੜੇ ਵਾਪਰੇ ਰੇਲ ਹਾਦਸੇ ਦੀ ਨਿਆਂਇਕ ਜਾਂਚ ਕਰਾਉਣ ਦੀ ਮੰਗ ਕੀਤੀ। ਇਸ ਹਾਦਸੇ ਵਿਚ 57 ਪੁਰਸ਼, ਔਰਤਾਂ ਤੇ ਬੱਚੇ ਮਾਰੇ ਗਏ ਸਨ।
ਪਾਰਟੀ ਦੀ ਸ਼ਹਿਰੀ ਕਮੇਟੀ ਵੱਲੋਂ ਕਾਮਰੇਡ ਜਗਤਾਰ ਸਿੰਘ ਕਰਮਪੁਰਾ ਸਿਟੀ ਸਕੱਤਰ, ਬਲਵਿੰਦਰ ਛੇਹਰਟਾ, ਕੰਵਲਜੀਤ ਕੌਰ, ਬੀਬੀ ਸ਼ਵਿੰਦਰ ਕੌਰ ਗੁਮਟਾਲਾ, ਗੁਰਮੀਤ ਮਾਨ ਵੇਰਕਾ, ਬੀਬੀ ਅੰਜੂ ਅਤੇ ਸਪਨਾ ਦੀ ਅਗਵਾਈ ਵਿਚ ਅੱਜ ਹਾਦਸੇ ਦਾ ਸ਼ਿਕਾਰ ਲੋਕਾਂ ਨੂੰ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਲਾਲ ਝੰਡੇ ਫੜ ਕੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਲੋਹਗੜ੍ਹ ਚੌਕ ਤੋਂ ਹਾਲ ਗੇਟ ਤਕ ਮਾਰਚ ਕੀਤਾ।
ਪਾਰਟੀ ਦੇ ਆਲ ਇੰਡੀਆ ਸੈਕਟਰੀ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਰੇਲ ਹਾਦਸੇ ’ਤੇ ਘਟੀਆ ਰਾਜਨੀਤੀ ਨਾ ਕੀਤੀ ਜਾਵੇ ਸਗੋਂ ਅੱਗੇ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਜਾਣ। ਉਨ੍ਹਾਂ ਮ੍ਰਿਤਕ ਪਰਿਵਾਰਾਂ ਦੇ ਇਕ-ਇਕ ਜੀਅ ਨੂੰ ਰੇਲਵੇ ਵਿਚ ਪੱਕੀ ਨੌਕਰੀ ਦੇਣ, 2019 ਦੀ ਐਕਸਗ੍ਰੇਸ਼ੀਆ ਗਰਾਂਟ ਮੁਹੱਈਆ ਕਰਵਾਉਣ ਅਤੇ ਜ਼ਖਮੀਆਂ ਨੂੰ ਮੁਫਤ ਇਲਾਜ ਤੋਂ ਇਲਾਵਾ 5 ਲੱਖ ਰੁਪਏ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਸਰਮਾਏਦਾਰਾਂ ਤੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਤਿਉਹਾਰਾਂ ਨੂੰ ਸਿਆਸੀ ਹਿੱਤਾਂ ਵਾਸਤੇ ਨਾ ਵਰਤਣ। ਉਨ੍ਹਾਂ ਘਟਨਾ ਦੀ ਨਿਆਂਇਕ ਜਾਂਚ ਕਰਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਵੀ ਕੀਤੀ।

 

Scroll To Top