ਸ਼ਾਹਪੁਰ ਕੰਢੀ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਸੂਬਾ ਸਕੱਤਰੇਤ ਦੀ ਅੱਜ ਇੱਥੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਮੋਦੀ ਸਰਕਾਰ ਦੀਆਂ ਜਮਹੂਰੀਅਤ ਨੂੰ ਢਾਹ ਲਾਉਣ ਵਾਲੀਆਂ ਤੇ ਮਨੂੰਵਾਦੀ ਗੁਲਾਮੀ ਨੂੰ ਵਧਾਉਣ ਵਾਲੀਆਂ ਨੀਤੀਆਂ ਵਿਰੁੱਧ 23 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕ ਵਿਸ਼ਾਲ ਕਨਵੈਨਸ਼ਨ ਅਤੇ ਸ਼ਹਿਰ ‘ਚ ਮੁਜ਼ਾਹਰਾ ਕੀਤਾ ਜਾਵੇਗਾ।
ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਦੱਸਿਆ ਕਿ ਇਸ ਕਨਵੈਨਸ਼ਨ ਦਾ ਮੁੱਖ ਮਨੋਰਥ ਮਨੂੰਵਾਦੀ ਮਾਨਸਿਕਤਾ ਅਧੀਨ ਐਸ.ਸੀ./ਐਸ.ਟੀ. ਅੱਤਿਆਚਾਰ ਰੋਕੂ ਐਕਟ ਵਿਚ ਸੋਧਾਂ ਕਰਕੇ ਉਸਨੂੰ ਨਕਾਰਾ ਬਨਾਉਣ ਦੀ ਸਾਜਿਸ਼ ਨੂੰ ਭਾਂਜ ਦੇਣਾ, ਦਲਿਤਾਂ ਨਾਲ ਪੀਣ ਵਾਲੇ ਪਾਣੀ ਦੇ ਸੋਮਿਆਂ ਦੀ ਵਰਤੋਂ, ਧਾਰਮਿਕ ਸਥਾਨਾਂ ਅੰਦਰ ਦਾਖਲੇ ਅਤੇ ਵੱਖਰੇ ਸ਼ਮਸ਼ਾਨਘਾਟਾਂ ਖਤਮ ਕਰਾਉਣ ਲਈ ਪ੍ਰਾਂਤ ਅੰਦਰ ਵਿਸ਼ਾਲ ਜਨਤਕ ਪ੍ਰਤਰੋਧ ਉਸਾਰਨਾ ਹੈ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਦੀ ਪਿਛਾਖੜੀ ਵਿਚਾਰਧਾਰਾ ਤੋਂ ਅਗਵਾਈ ਲੈ ਰਹੀ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਭਰ ਵਿਚ ਘੱਟ ਗਿਣਤੀਆਂ ਤੇ ਆਦਿਵਾਸੀਆਂ ਦੇ ਨਾਲ ਨਾਲ ਦਲਿਤਾਂ ਅਤੇ ਔਰਤਾਂ ਉਪਰ ਵੀ ਹਮਲੇ ਤਿੱਖੇ ਹੋਏ ਹਨ।
ਆਰ.ਐਮ.ਪੀ.ਆਈ. ਸਰਕਾਰ ਦੀ ਇਸ ਫਿਰਕੂ ਫਾਸ਼ੀਵਾਦੀ ਪਹੁੰਚ ਅਤੇ ਜਮਹੂਰੀਅਤ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਵੀ ਪੂਰੀ ਸ਼ਕਤੀ ਨਾਲ ਟਾਕਰਾ ਕਰੇਗੀ ਅਤੇ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਕਾਰਨ ਕਿਰਤੀ ਲੋਕਾਂ ਦੀਆਂ ਵੱਧ ਰਹੀਆਂ ਸਮਾਜਕ ਆਰਥਕ ਸਮੱਸਿਆਵਾਂ ਦਾ ਨਿਪਟਾਰਾ ਕਰਾਉਣ ਲਈ ਵੀ ਜ਼ੋਰਦਾਰ ਸੰਘਰਸ਼ ਕਰੇਗੀ।
ਕਾਮਰੇਡ ਮੰਗਤ ਰਾਮ ਪਾਸਲਾ ਨੇ ਭਾਜਪਾ ਵਲੋਂ ਕਰਨਾਟਕ ਵਿਚ ਧੱਕੇ ਨਾਲ ਘੱਟ ਗਿਣਤੀ ਸਰਕਾਰ ਠੋਸਣ ਦੀ ਨੀਤੀ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਸ ਨੂੰ ਲੋਕ ਤੰਤਰ ਨਾਲ ਖਿਲਵਾੜ ਕਰਾਰ ਦਿੱਤਾ।
ਆਰ.ਐਮ.ਪੀ.ਆਈ. ਇਹ ਵੀ ਮੰਗ ਕਰਦੀ ਹੈ ਕਿ ਇਸਾਈ ਭਾਈਚਾਰੇ ਅਤੇ ਮੁਸਲਮਾਨਾਂ ਲਈ ਲੋੜ ਅਨੁਸਾਰ ਕਬਰਿਸਤਾਨਾਂ ਦੀ ਵੀ ਵਿਵਸਥਾ ਕੀਤੀ ਜਾਵੇ।