ਸੰਗਰੂਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਅਤੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਕਾਰਕੁੰਨ ਜ਼ਿਲ੍ਹਾ ਸਕੱਤਰ ਸੀਪੀਆਈਐਲਲਿਬਰੇਸ਼ਨ ਅਤੇ ਸੂਬਾ ਕਮੇਟੀ ਮੈਂਬਰ ਗੋਬਿੰਦ ਸਿੰਘ ਛਾਜਲੀ ਜ਼ਿਲ੍ਹਾ ਕਮੇਟੀ ਮੈਂਬਰ ਬੀਰਬਲ ਸਿੰਘ, ਫੱਲੜ ਸਿੰਘ ਲੱਡਾ ਅਤੇ ਤਹਿਸੀਲ ਸਕੱਤਰ ਧੂਰੀ ਮੁਕੰਦ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਸ਼ਹਿਰ ਵਿੱਚ ਮਾਰਚ ਕਰਦੇ ਡੀਸੀ ਦਫਤਰ ਪੁੱਜੇ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਸੂਬਾ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਪੱਤਰ ਵਿੱਚ ਕਿਹਾ ਕਿ ਅੱਜ ਨਸ਼ਿਆਂ ਦੇ ਬੇਤਹਾਸ਼ਾ ਪ੍ਰਚਲਨ ਨੇ ਸੂਬੇ ਦੀ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਸਰੋਕਾਰਾਂ ਨੂੰ ਭਾਰੀ ਸੱਟ ਮਾਰੀ ਹੈ ਜਿਸ ਨਾਲ ਪਰਿਵਾਰਾਂ ਦੇ ਪਰਿਵਾਰ ਇਸ ਦੀ ਭੇਟ ਚੜ੍ਹ ਗਏ। ਆਗੂਆਂ ਨੇ ਮੰਗ ਪੱਤਰ ਰਾਹੀਂ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੀਆਂ ਪੁਸ਼ਤਪਨਾਹੀ ਕਰਨ ਵਾਲੇ ਅਧਿਕਾਰੀਆਂ ਤੇ ਸਿਆਸਤਦਾਨਾਂ ਵਿਰੁੱਧ ਬਾਦਲ ਸਰਕਾਰ ਦੇ ਸਾਸ਼ਨ ਅਤੇ ਮੌਜੂਦਾ ਹਕੂਮਤ ਦੇ 14 ਮਹੀਨਿਆਂ ਦੇ ਕਾਰਜਕਾਲ ਦੌਰਾਨ ਲਗਦੇ ਰਹੇ ਦੋਸ਼ਾਂ ਦੀ ਸੀਬੀਆਈ ਤੋਂ ਪੜ੍ਹਤਾਲ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਨਸ਼ਾ ਸੌਦਾਗਰਾਂ ਨਾਲ ਮਿਲੀਭੁਗਤ ਦੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਲਗਾਤਾਰ ਉਜਾਗਰ ਹੁੰਦੇ ਆ ਰਹੇ ਮਾਮਲਿਆਂ ਦੇ ਮੱਦੇਨਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਖਾਸ ਕਰ ਕੇ ਪੁਲੀਸ ਅਤੇ ਸਿਹਤ ਵਿਭਾਗ ਦੇ ਸਬੰਧਤ ਮੁਲਾਜ਼ਮਾਂ ਦੀ ਵੱਡੀ ਪੱਧਰ ਤੇ ਸਕਰੀਨਿੰਗ ਕੀਤੀ ਜਾਵੇ। ਸਿਧਾਰਥ ਚਟੋਪਾਧਿਆਇ ਅਤੇ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ‘ਚ ਕਾਇਮ ਹੋਏ ਵਿਸ਼ੇਸ਼ ਕਾਰਵਾਈ ਦਲ ਦੀਆਂ ਰਿਪੋਰਟਾਂ ਦੇ ਸਮੁੱਚੇ ਵੇਰਵੇ ਜਨਤਕ ਕੀਤੇ ਜਾਣ, ਨਸ਼ੇ ਕਾਰਨ ਹੋ ਰਹੀਆਂ ਮੌਤਾਂ ਸਬੰਧੀ ਸਬੰਧਤ ਥਾਣੇ ਦੇ ਐਸਐਚਓ ਦੀ ਜ਼ਿਮੇਂਵਾਰੀ ਫ਼ਿਕਸ ਕਰਦਿਆਂ ਉਸਨੂੰ ਦੋਸ਼ੀ ਠਹਿਰਾਇਆ ਜਾਵੇ। ਇਸ ਤੋਂ ਇਲਾਵਾ ਨਸ਼ਾਖੋਰੀ ਦੇ ਆਦੀ ਬਣ ਚੁੱਕੇ ਨੌਜਵਾਨਾਂ ਦੇ ਮੁੜਵਸੇਬੇ ਲਈ ਸਿੱਖਿਆ ਅਤੇ ਸਥਾਈ ਗੁਜ਼ਾਰੇ ਲਈ ਰੁਜ਼ਗਾਰ ਦੀ ਵਿਵਸਥਾ ਕਰਨ ਦੀ ਵੀ ਮੰਗ ਕੀਤੀ ਗਈ।