Now Reading
ਫੂਡ ਸਪਲਾਈ ਦਫ਼ਤਰ ਨਕੋਦਰ ਨੂੰ ਘੇਰ ਕੇ ਧਰਨੇ, ਮੁਜ਼ਾਹਰੇ ਕੀਤੇ

ਫੂਡ ਸਪਲਾਈ ਦਫ਼ਤਰ ਨਕੋਦਰ ਨੂੰ ਘੇਰ ਕੇ ਧਰਨੇ, ਮੁਜ਼ਾਹਰੇ ਕੀਤੇ

ਨਕੋਦਰ – ਦਿਹਾਤੀ ਮਜ਼ਦੂਰ ਸਭਾ ਤਹਿਸੀਲ ਦੀ ਅਗਵਾਈ ਹੇਠ ਅੱਤ ਦੇ ਰੁਝੇਵਿਆਂ ਭਰੇ ਦਿਨਾਂ ਅਤੇ ਅੱਤ ਦੀ ਗਰਮੀ ਦੇ ਬਾਵਜੂਦ ਸੈਂਕੜਿਆਂ ਦੀ ਗਿਣਤੀ ‘ਚ ਇਕੱਠੇ ਹੋ ਕੇ ਮਜ਼ਦੂਰਾਂ ਨੇ ਪਹਿਲਾਂ ਐਸ. ਡੀ. ਐਮ. ਦਫ਼ਤਰ ਨਕੋਦਰ ਤੇ ਉਸ ਤੋਂ ਬਾਅਦ ਫੂਡ ਸਪਲਾਈ ਦਫ਼ਤਰ ਨਕੋਦਰ ਨੂੰ ਘੇਰ ਕੇ ਧਰਨੇ, ਮੁਜ਼ਾਹਰੇ ਕੀਤੇ | ਇਨ੍ਹਾਂ ਦੋਵਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਸੂਬਾਈ ਆਗੂ ਨਿਰਮਲ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਲੋੜਵੰਦ ਗਰੀਬਾਂ ਦੇ ਨੀਲੇ ਕਾਰਡ ਬਿਨਾਂ ਵਜ੍ਹਾ ਕੱਟ ਦਿੱਤੇ ਗਏ ਹਨ, ਜੋ ਕਿ ਗਰੀਬ ਲੋਕਾਂ ਨਾਲ ਸਰਾਸਰ ਧੱਕਾ ਹੈ | ਆਗੂਆਂ ਨੇ ਦੋਸ਼ ਲਗਾਇਆ ਕਿ ਇਲਾਕੇ ਦੇ ਕਾਂਗਰਸੀ ਆਗੂਆਂ ਦੇ ਕਹਿਣ ‘ਤੇ ਫੂਡ ਸਪਲਾਈ ਅਧਿਕਾਰੀ ਪਹਿਲਾਂ ਬਣੇ ਨੀਲੇ ਕਾਰਡਾਂ ਦੀਆਂ ਲਿਸਟਾਂ ਉਨ੍ਹਾਂ ਕਾਂਗਰਸੀ ਆਗੂਆਂ ਦੇ ਘਰ ਪਹੁੰਚਾਉਂਦੇ ਹਨ, ਫਿਰ ਸਰਕਾਰੀ ਲੀਡਰ ਆਪਣੀ ਮਰਜ਼ੀ ਨਾਲ ਅਸਲ ਲੋੜਵੰਦਾਂ ਦੇ ਨੀਲੇ ਕਾਰਡ ‘ਤੇ ਕਾਂਟਾ ਮਾਰ ਦਿੰਦੇ ਹਨ ਤੇ ਆਪਣੇ ਚਹੇਤਿਆਂ ਨੂੰ ਜਿਨ੍ਹਾਂ ਨੂੰ ਆਟਾ-ਦਾਲ ਸਕੀਮ ਦੀ ਲੋੜ ਵੀ ਨਹੀਂ ਹੁੰਦੀ, ਉਨ੍ਹਾਂ ਦੇ ਕਾਰਡ ਬਣਾਏ ਜਾਂਦੇ ਹਨ | ਸਾਥੀ ਨਾਹਰ ਅਤੇ ਸਾਥੀ ਆਧੀ ਨੇ ਅੱਗੇ ਕਿਹਾ ਕਿ ਜਦੋਂ ਫੂਡ ਸਪਲਾਈ ਅਧਿਕਾਰੀ ਜਾਂ ਡੀਪੂ ਹੋਲਡਰ ਪਿੰਡਾਂ ਵਿਚ ਕਿਤੇ ਦਾਣੇ ਵੰਡਣ ਜਾਂਦੇ ਹਨ ਤਾਂ ਸਥਾਨਕ ਕਾਂਗਰਸੀ ਆਗੂ ਅਧਿਕਾਰੀਆਂ ਪਾਸੋਂ ਲਿਸਟਾਂ ਫੜ ਕੇ ਆਪਣੇ ਚਹੇਤਿਆਂ ਨੂੰ ਦਾਣਿਆਂ ਦੀ ਵੰਡ-ਵੰਡਾਈ ਕਰਦੇ ਹਨ | ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਵਿਤਕਰੇਬਾਜ਼ੀ ਨੂੰ ਬੰਦ ਕਰ ਕੇ ਗਰੀਬ ਲੋਕਾਂ ਦੇ ਕੱਟੇ ਨੀਲੇ ਕਾਰਡ ਤੁਰੰਤ ਬਹਾਲ ਕਰ ਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ | ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਨੇ ਸਾਡੀਆਂ ਇਨ੍ਹਾਂ ਜਾਇਜ਼ ਤੇ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸ਼ਾਹਕੋਟ ਹਲਕੇ ਦੀ ਜ਼ਿਮਨੀ ਚੋਣ ਸਮੇਂ ਹਲਕੇ ਵਿਚ ਮਜ਼ਦੂਰਾਂ ਦਾ ਵੱਡਾ ਇਕੱਠ ਕਰ ਕੇ ਪੰਜਾਬ ਸਰਕਾਰ ਨੂੰ ਵੰਗਾਰਿਆ ਜਾਵੇਗਾ | ਇਸ ਮੌਕੇ ਨਕੋਦਰ ਦੇ ਐਸ. ਡੀ. ਐਮ. ਅੰਮਿ੍ਤ ਸਿੰਘ ਅਤੇ ਜ਼ਿਲ੍ਹਾ ਫੂਲ ਸਪਲਾਈ ਅਫ਼ਸਰ ਨੇ ਮਜ਼ਦੂਰਾਂ ਨੂੰ ਯਕੀਨ ਦਿਵਾਇਆ ਕਿ ਸਹੀ ਲੋੜਵੰਦਾਂ ਦੇ ਕੱਟੇ ਨੀਲੇ ਕਾਰਡ ਤੁਰੰਤ ਬਹਾਲ ਕਰ ਕੇ ਉਨ੍ਹਾਂ ਨੂੰ ਆਟਾ-ਦਾਲ ਸਕੀਮ ਅਧੀਨ ਕਣਕ ਦਿੱਤੀ ਜਾਵੇਗੀ | ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸਾਥੀ ਮੱਖਣ ਨੂਰਪੁਰੀ, ਬਲਕਾਰ ਸਿੰਘ ਨੂਰਪੁਰ, ਬਖਸ਼ੀ ਰਾਮ ਕੰਗ ਸਾਹਿਬ ਰਾਏ, ਸਰਵਣ ਸਿੰਘ, ਜਸਪਾਲ ਸਿੰਘ, ਮਨੋਹਰ ਸਿੰਘ ਗਿੱਲ, ਰਾਮ ਸਿੰਘ ਕਾਇਮਵਾਲਾ, ਬਲਵੰਤ ਸਿੰਘ ਕਾਇਮਵਾਲਾ, ਜਰਨੈਲ ਸਿੰਘ ਸਹੋਤਾ, ਭਾਰਤੀ ਸਹੋਤਾ, ਬੀਬੀ ਜੀਤੋ, ਬੀਬੀ ਜਸਵਿੰਦਰ ਕੌਰ ਮਾਹੂਵਾਲ, ਬੀਬੀ ਜਗੀਰ ਕੌਰ ਆਧੀ ਤੇ ਬੀਬੀ ਦਰਸ਼ਨ ਕੌਰ ਆਦਿ ਨੇ ਸੰਬੋਧਨ ਕੀਤਾ |

Scroll To Top