
ਕਪੂਰਥਲਾ- ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਸੀ.ਟੀ.ਯੂ. ਪੰਜਾਬ ਦੇ ਝੰਡੇ ਹੇਠ ਆਨ-ਲਾਈਨ ਦੇ ਨਾਲ-ਨਾਲ ਆਫ-ਲਾਈਨ ਸਿਸਟਮ ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੋਸ਼ ਰੈਲੀ ਅਤੇ ਪ੍ਰਦਰਸ਼ਨ਼ ਕਰਨ ਉਪਰੰਤ ਲੇਬਰ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਅਤੇ ਪ੍ਰਿੰਸੀਪਲ ਸਕੱਤਰ “ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਚੰਡੀਗੜ੍ਹ” ਦੇ ਨਾਮ ਮੰਗ ਪੱਤਰ ਦਿਤਾ। ਨਿਰਮਾਣ ਮਜ਼ਦੂਰਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਗਸਤ 2017 ਨੂੰ ਲੇਬਰ ਵਿਭਾਗ ਨੂੰ ਨਿਰਮਾਣ ਮਜ਼ਦੂਰਾਂ ਦਾ ਸਾਰਾ ਕੰਮ ਆਨ-ਲਾਈਨ ਕਰਨ ਦੇ ਹੁਕਮ ਜਾਰੀ ਕਰ ਦਿਤੇ ਸਨ। ਜਿਸ ਕਾਰਨ ਨਿਰਮਾਣ ਮਜ਼ਦੂਰਾਂ ਦੀ ਨਵੀ ਰਜਿਸ਼ਟ੍ਰੇਸ਼ਨ, ਨਵੀਨੀਕਰਨ ਅਤੇ ਲਾਭ ਸਕੀਮਾਂ ਸਬੰਧੀ ਫਾਰਮ ਭਰਨ ਦਾ ਲਗਭਗ ਠੱਪ ਹੋ ਕੇ ਕੇਵਲ ਮਾਤਰ 10 ਪ੍ਰਤੀਸ਼ਤ ਕੰਮ ਹੀ ਹੋਇਆ ਹੈ। ਸਰਕਾਰ ਦਾ ਆਨ-ਆਲੀਨ ਦਾ ਕੰਮ ਫੇਲ ਸਾਬਿਤ ਹੋਇਆ ਹੈ। ਸਾਲ 2017 ਵਿਚ ਨਿਰਮਾਣ ਮਜ਼ਦੂਰਾਂ ਨੂੰ ਲੇਬਰ ਅਫ਼ਸਰ ਦੇ ਦਫ਼ਤਰ ਸਮੇਤ ਪੰਜਾਬ ਦੇ ਸਾਰੇ 23 ਸਰਕਲਾਂ ਅੰਦਰ ਸਿਵਾਏ ਗੇੜਿਆਂ ਅਤੇ ਲਾਰਿਆਂ ਦੇ ਕੁੱਝ ਪੱਲੇ ਨਹੀ ਪਿਆ। ਇਸੇ ਕਰਕੇ ਪੰਜਾਬ ਦੇ ਸਾਰੇ ਸਰਕਲਾਂ ਅੰਦਰ 25 ਜਨਵਰੀ ਤਕ ਵਿਸ਼ਾਲ ਧਰਨੇ ਦਿਤੇ ਜਾ ਰਹੇ ਹਨ। ਪੰਜਾਬ ਸਰਕਾਰ ਦੀ ਪਹਿਲੇ ਸਾਲ ਦੀ ਕਾਰੁਜਗਾਰੀ ਨੇ ਮਜ਼ਦੂਰ ਨੂੰ ਕੁੱਝ ਦੇਣ ਦੀ ਬਜਾਏ ਪਹਿਲਾਂ ਮਿਲਦੀਆਂ ਸਹੂਲਤਾਂ ਤੋਂ ਵੀ ਵਾਝਿਆਂ ਮਜ਼ਦੂਰ ਵਿਰੋਧੀ ਹੋਣਾ ਸਾਬਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਵਾਂਗ ਹੀ ਜੁੁਮਲੇਬਾਜ ਸਰਕਾਰ ਸਾਬਿਤ ਹੋ ਰਹੀ ਹੈ। ਉਹਨਾਂ ਚਿਤਾਵਨੀ ਭਰੇ ਲਹਿਜੇ ਵਿਚ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ ਪੰਜਾਬ ਦੇ ਲੱਖਾਂ ਨਿਰਮਾਣ ਮਜ਼ਦੂਰਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਆਨ-ਲਾਈਨ ਦੇ ਨਾਲ-ਨਾਲ ਆਫ-ਲਾਈਨ ਸਿਸਟਮ ਤੁਰੰਤ ਜਾਰੀ ਨਾ ਕੀਤਾ ਤਾਂ ਆਉਂਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿਖਾ ਕੀਤਾ ਜਾਵੇਗਾ। ਨਿਰਮਾਣ ਮਜ਼ਦੂਰਾਂ ਦੇ ਇੱਕਠ ਨੂੰ ਯੂਨੀਅਨ ਦੇ ਆਗੂ ਗੁਰਮੇਜ ਸਿੰਘ, ਸਰਵਣ ਸਿੰਘ ਟਿੱਬਾ, ਬਚਨ ਯਾਦਵ, ਨਿਰਮਲ ਸਿੰਘ, ਇਕਬਾਲ ਮੁਹੰਮਦ ਆਦਿ ਆਗੂਆਂ ਨੇ ਸੰਬੋਧਨ ਕੀਤਾ। ਵਟਸਐਪ ‘ਤੇ sangramilehar.com ਦੀਆਂ ਖ਼ਬਰਾਂ ਮੰਗਵਾਉਣ ਲਈ ਫ਼ੋਨ ਨੰਬਰ 9814364723 ਸੇਵ ਕਰਨ ਉਪਰੰਤ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ SL START ਵਟਸਐਪ ‘ਤੇ ਭੇਜੋ ਜੀ।