Now Reading
ਪੁਲੀਸ ਵਧੀਕੀਆਂ ਖ਼ਿਲਾਫ਼ ਥਾਣੇ ਸਾਹਮਣੇ ਪ੍ਰਦਰਸ਼ਨ

ਪੁਲੀਸ ਵਧੀਕੀਆਂ ਖ਼ਿਲਾਫ਼ ਥਾਣੇ ਸਾਹਮਣੇ ਪ੍ਰਦਰਸ਼ਨ

ਝਬਾਲ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਅੱਜ ਥਾਣਾ ਝਬਾਲ ਸਾਹਮਣੇ ਪੁਲੀਸ ਵਧੀਕੀਆਂ ਖਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਵਿਖਾਵਾਕਾਰੀਆਂ ਦੀ ਅਗਵਾਈ ਜਨਤਕ ਆਗੂ ਕਰਮ ਸਿੰਘ ਫਤਿਹਬਾਦ, ਹਰਦੀਪ ਸਿੰਘ ਰਸੂਲਪੁਰ, ਜਸਬੀਰ ਸਿੰਘ ਵੈਰੋਵਾਲ ਅਤੇ ਜਰਨੈਲ ਸਿੰਘ ਨੇ ਕੀਤੀ। ਇਸ ਮੌਕੇ ਪਾਰਟੀ ਆਗੂ ਪਰਗਟ ਸਿੰਘ ਜਾਮਾਰਾਏ, ਬਲਦੇਵ ਸਿੰਘ ਭੈਲ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ ਨੇ ਸੰਬੋਧਨ ਕਰਦਿਆਂ ਥਾਣੇ ਵਿਚ ਭ੍ਰਿਸ਼ਟਾਚਾਰ ਫੈਲੇ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲੀਸ ਵਲੋਂ ਹਾਕਮ ਧਿਰ ਦੇ ਇਸ਼ਾਰਿਆਂ ’ਤੇ ਕੰਮ ਕਰਨ ਕਰਕੇ ਭੋਲੇ ਭਾਲੇ ਲੋਕਾਂ ਨੂੰ ਨਿਆਂ ਨਹੀਂ ਦਿੱਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਪਿੰਡਾਂ ਅੰਦਰ ਛੋਟੇ ਮੋਟੇ ਮਸਲਿਆਂ ਲਈ ਹਾਕਮ ਧਿਰ ਦੇ ਆਗੂਆਂ ਦੀ ਦਖਲਅੰਦਾਜ਼ੀ ਕਰਕੇ ਮਸਲਿਆਂ ਨੂੰ ਜਾਣ ਬੁਝ ਕੇ ਉਲਝਾਇਆ ਜਾ ਰਿਹਾ ਹੈ। ਆਗੂਆਂ ਨੇ ਪਿੰਡ ਐਮਾਕਲਾਂ ਵਿਚ ਕੋਈ ਦੋ ਮਹੀਨੇ ਪਹਿਲਾਂ ਹੋਏ ਝਗੜੇ ਸਬੰਧੀ ਪੀੜਤ ਧਿਰ ਦੀ ਅੱਜ ਤੱਕ ਵੀ ਸੁਣਵਾਈ ਨਾ ਕੀਤੇ ਜਾਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਅਜਿਹੇ ਹੀ ਮਸਲੇ ਇਲਾਕੇ ਦੇ ਕਈ ਹੋਰਨਾਂ ਪਿੰਡਾਂ ਅੰਦਰ ਲਮਕ ਅਵਸਥਾ ਵਿਚ ਚਲ ਰਹੇ ਹਨ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਹਾਕਮ ਧਿਰ ਦੇ ਇਸ਼ਾਰਿਆਂ ’ਤੇ ਚਲਦਿਆਂ ਲੋਕਾਂ ਨਾਲ ਵਧੀਕੀਆਂ ਜਾਰੀ ਰੱਖੀਆਂ ਤਾਂ ਪਾਰਟੀ ਹੋਰਨਾਂ ਜਨਤਕ ਜਥੇਬੰਦੀਆਂ ਨੂੰ ਨਾਲ ਲੈ ਕੇ ਪੁਲੀਸ ਨੂੰ ਆਪਣੀ ਕਾਰਜ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਮਜਬੂਰ ਕਰੇਗੀ। ਵਿਖਾਵਾਕਾਰੀਆਂ ਨੂੰ ਡੀਐਸਪੀ ਸੁੱਚਾ ਸਿੰਘ ਨੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਪ੍ਰਦਰਸ਼ਨ ਸਮਾਪਤ ਕੀਤਾ ਗਿਆ।

Scroll To Top